ਕੋਈ ਮੇਰੇ ਤੋਂ ਸਿੱਖੀ ਤਾਂ ਨਹੀਂ ਖੋਹ ਸਕਦਾ: ਪ੍ਰੋ. ਦਰਸ਼ਨ ਸਿੰਘ
On 3 February 2010 in ਸੰਪਾਦਕੀ
ਅੰਮ੍ਰਿਤਸਰ
ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ, ਜਿਨ੍ਹਾਂ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ ਹੈ, ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਲਕ ਗੁਰੂ ਸਾਹਿਬ ਦੇ ਨਾਂ ਇਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਕਿਸੇ ਹੋਰ ਕੋਲੋਂ ਸਿੱਖੀ ਦੀ ਦਾਤ ਲਈ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਕੋਈ ਸਿੱਖੀ ਖੋਹ ਸਕਦਾ ਹੈ।
ਇਸ ਪੱਤਰ ਦੀ ਜਾਰੀ ਕੀਤੀ ਗਈ ਕਾਪੀ ਵਿੱਚ ਸਾਬਕਾ ਜਥੇਦਾਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਫੈਸਲੇ ਤੋਂ ਉਹ ਖੁਸ਼ ਹਨ ਕਿ ਝੂਠ ਦੀ ਦੀਵਾਰ ਡਿੱਗ ਪਈ ਹੈ ਅਤੇ ਹੁਣ ਉਨ੍ਹਾਂ ਅਤੇ ਪ੍ਰਮਾਤਮਾ ਦੇ ਦਰਮਿਆਨ ਕੋਈ ਹੋਰ ਨਹੀਂ ਆਵੇਗਾ। ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੇ ਆਦੇਸ਼ ਮੁਤਾਬਕ 5 ਦਸੰਬਰ ਨੂੰ ਹਾਜ਼ਰ ਹੋਏ ਸੀ, ਪਰ ਉਨ੍ਹਾਂ ਦੇ ਹਾਜ਼ਰ ਹੋਣ ਦੇ ਬਾਵਜੂਦ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦੇ ਦਿੱਤਾ ਤੇ ਦੋਸ਼ ਲਾਇਆ ਕਿ ਸਾਬਕਾ ਜਥੇਦਾਰ ਸਪੱਸ਼ਟੀਕਰਨ ਦੇਣ ਲਈ ਆਏ ਹੀ ਨਹੀਂ, ਤੇ ਉਹ ਉਨ੍ਹਾਂ ਨੂੰ ਉਡੀਕਦੇ ਰਹੇ। ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਅਜਿਹਾ ਦੱਸ ਕੇ ਜਥੇਦਾਰਾਂ ਨੇ ਝੂਠ ਬੋਲਿਆ ਹੈ ਅਤੇ ਆਪਣੀ ਗੱਲ ਨੂੰ ਮੰਨਵਾਉਣ ਲਈ ਉਨ੍ਹਾਂ ‘ਤੇ ਜਾਨਲੇਵਾ ਹਮਲੇ ਕਰਵਾਏ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਤੋਂ ਮਿਲੀ ਦ੍ਰਿੜ੍ਹਤਾ ਕਾਰਨ ਉਹ ਝੂਠੇ ਵਿਅਕਤੀਆਂ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੇ, ਇਸ ਲਈ ਉਹ ਫੈਸਲੇ ਤੋਂ ਖੁਸ਼ ਹਨ। ਉਨ੍ਹਾਂ ਲਿਖਿਆ ਹੈ ਕਿ ਇਸ ਫੈਸਲੇ ਨਾਲ ਉਨ੍ਹਾਂ ਵਰਗੇ ਲੱਖਾਂ ਸਿੱਖ ‘ਬਚਿੱਤਰ ਨਾਟਕ’ ਵਾਲੇ ਦਸਮ ਗ੍ਰੰਥ ਨੂੰ ਮਾਨਤਾ ਦੇਣ ਵਾਲੇ ਪੰਥ ਦੇ ਮੈਂਬਰ ਹੀ ਨਹੀਂ ਰਹਿਣਾ ਚਾਹੁਣਗੇ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਗੁਰ-ਧਾਮ ਅਜਿਹੇ ਵਿਅਕਤੀਆਂ ਦੇ ਕਬਜ਼ੇ ਤੋਂ ਜਲਦੀ ਹੀ ਮੁਕਤ ਹੋਣਗੇ ਅਤੇ ਸਿੱਖ ਸੰਗਤਾਂ ਪਿਤਾ ਦੀ ਗੋਦ ਦਾ ਨਿੱਘ ਮਾਣ ਸਕਣਗੀਆਂ।



