ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਮਾਮਲੇ ਵਿੱਚ ਧਾਂਦਲੀ ਦਾ ਦੋਸ਼
On 11 February 2010 in ਸੰਪਾਦਕੀ
ਅੰਮ੍ਰਿਤਸਰ
ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ‘ਈ ਟੀ ਸੀ ਚੈਨਲ’ ਤੋਂ ‘ਪੀ ਟੀ ਸੀ ਚੈਨਲ’ ਵਿੱਚ ਕਰਨ ਦੀ ਪ੍ਰਕਿਰਿਆ ਵਿੱਚ ਧਾਂਦਲੀ ਦਾ ਦੋਸ਼ ਲਾਉਂਦੇ ਹੋਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਐਸ ਐਸ ਪੀ, ਪੀ ਕੇ ਰਾਇ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਵਿੱਚ ਐਸ ਜੀ ਪੀ ਸੀ ਦੇ ਮੁਖੀ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਸਿੱਧੇ ਰੂਪ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਉਂਦੇ ਹੋਏ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਐਸ ਐਸ ਪੀ ਨੂੰ ਲਿਖੇ ਪੱਤਰ ਵਿੱਚ ਸੰਗਠਨ ਦੇ ਪ੍ਰਧਾਨ ਜਸਟਿਸ ਅਜੀਤ ਸਿੰਘ ਬੈਂਸ ਨੇ ਕਿਹਾ ਕਿ ਐਸ ਜੀ ਪੀ ਸੀ ਦੀ ਉਸ ਵੇਲੇ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ 15 ਸਤੰਬਰ 2000 ਨੂੰ ਈ ਟੀ ਸੀ ਚੈਨਲ ਨਾਲ ਸਮਝੌਤਾ ਕੀਤਾ ਸੀ। ਇਸ ਦੇ ਅਧੀਨ ਈ ਟੀ ਸੀ ਚੈਨਲ ਨੇ 11 ਸਾਲ ਲਈ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਸੀ। ਸਮਝੌਤੇ ਦੀ ਕਿਸੇ ਵੀ ਸ਼ਰਤ ਨੂੰ ਬਦਲਣ ਦਾ ਅਧਿਕਾਰ ਦੋਵਾਂ ਧਿਰਾਂ ਨੂੰ ਨਹੀਂ ਸੀ। 30 ਅਕੂਤਬਰ 2007 ਨੂੰ ਈ ਟੀ ਸੀ ਨੈੱਟਵਰਕ ਦੇ ਰਾਜੀਵ ਸ਼ਰਮਾ ਨੇ ਐਸ ਜੀ ਪੀ ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਇੱਕ ਪੱਤਰ ਲਿਖ ਕੇ ਐਸ ਜੀ ਪੀ ਸੀ ਅਤੇ ਈ ਟੀ ਸੀ ਚੈਨਲ ਵਿਚਕਾਰ ਹੋਏ ਸਮਝੌਤੇ ਦੀ ਧਾਰਾ 10 ਨੂੰ ਬਦਲਣ ਦੀ ਮੰਗ ਕੀਤੀ।
ਪੱਤਰ ਵਿੱਚ ਕਿਹਾ ਗਿਆ ਕਿ ਗੁਰਬਾਣੀ ਦੇ ਪ੍ਰਸਾਰਣ ਦੇ ਅਧਿਕਾਰ ਕਿਸੇ ਹੋਰ ਨੂੰ ਸੌਂਪ ਦਿੱਤੇ ਜਾਣ। ਜਥੇਦਾਰ ਮੱਕੜ ਨੇ ਇੱਸ ਪੱਤਰ ਨੂੰ ਆਧਾਰ ਬਣਾ ਕੇ ਐਸ ਜੀ ਪੀ ਸੀ ਕਾਰਜਕਾਰਨੀ ਦੀ ਆਗਿਆ ਦੇ ਬਿਨਾਂ ਸਿੱਧੇ ਪ੍ਰਸਾਰਣ ਦੇ ਅਧਿਕਾਰ ਈ ਟੀ ਸੀ ਤੋਂ ਪੀ ਟੀ ਸੀ ਚੈਨਲ ਨੂੰ ਦੇਣ ਦੀ ਆਗਿਆ ਦੇ ਦਿੱਤੀ। ਈ ਟੀ ਸੀ ਨੈੱਟਵਰਕ ਲਿਮਟਿਡ ਨੇ ਇਸ ਤੋਂ ਪਹਿਲਾਂ 27 ਅਕਤੂਬਰ 2007 ਨੂੰ ਸਿੱਧੇ ਪ੍ਰਸਾਰਣ ਦੇ ਅਧਿਕਾਰ ਜੀ ਨੇਸਟ ਮੀਡੀਆ ਪ੍ਰਾਈਵੇਟ ਲਿਮਟਿਡ ਨੂੰ ਇੱਕ ਕਰੋੜ 50 ਲੱਖ ਰੁਪਏ ਵਿੱਚ ਵੇਚ ਦਿੱਤੇ ਸਨ। ਈ ਟੀ ਸੀ ਕੰਪਨੀ ਨੇ ਜਿਸ ਦਿਨ ਸਿੱਧੇ ਪ੍ਰਸਾਰਣ ਦੇ ਅਧਿਕਾਰ ਵੇਚੇ, ਉਸੇ ਦਿਨ ਇਸ ਕੰਪਨੀ ਨੇ ਐਸ ਜੀ ਪੀ ਸੀ ਨੂੰ ਕੈਨੇਡਾ ਤੇ ਅਮਰੀਕਾ ਵਿੱਚ ਸਿੱਧੇ ਪ੍ਰਸਾਰਣ ਦੇ ਅਧਿਕਾਰ ਲੈਣ ਲਈ ਐਸ ਜੀ ਪੀ ਸੀ ਨੂੰ 1.25 ਕਰੋੜ ਰੁਪਏ ਦੀ ਰਾਸ਼ੀ ਸੌਂਪੀ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਜਥੇਦਾਰ ਮੱਕੜ ਨੇ ਈ ਟੀ ਸੀ ਤੇ ਐਸ ਜੀ ਪੀ ਸੀ ਵਿਚਕਾਰ ਹੋਏ ਸਮਝੌਤੇ ਦੀਆਂ ਧੱਜੀਆਂ ਉਡਾਈਆਂ ਹਨ। ਇਸ ਲਈ ਉਸ ਦੇ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਏ।



