ਵਿਦੇਸ਼ ਭੇਜਣ ਦੇ ਨਾਂ ਤੇ ਪੰਜ ਨੌਜਵਾਨਾਂ ਨਾਲ ਠੱਗੀ ਕੀਤੀ
On 25 February 2010 in ਪੰਜਾਬ
ਜਗਰਾਉਂ
ਪੰਝੀ ਲੱਖ ਰੁਪਏ ਲੈ ਕੇ ਪੰਜ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਮ ‘ਤੇ ਠੱਗੀ ਮਾਰਨ ਦੇ ਦੋਸ਼ ਵਿੱਚ ਟਰੈਵਲ ਏਜੰਟ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਏਜੰਟ ਦੀ ਤਲਾਸ਼ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਪਿੰਡ ਫੇਰੂਰਾਈ ਨਿਵਾਸੀ ਸਰਬਜੀਤ ਸਿੰਘ, ਪੰਜਗਰਾਈਂ ਨਿਵਾਸੀ ਗੁਰਮੁਖ ਸਿੰਘ, ਝੋਰੜਾ ਨਿਵਾਸੀ ਜਗਜੀਤ ਸਿੰਘ, ਜੰਡ ਨਿਵਾਸੀ ਰਣਜੀਤ ਸਿੰਘ ਅਤੇ ਸੰਤੋਖ ਸਿੰਘ ਵਿਦੇਸ਼ ਜਾਣ ਦੇ ਇਛੁੱਕ ਸਨ। ਪੰਜਾਂ ਨੇ ਰਾਏਕੋਟ ਦੇ ਪਿੰਡ ਬੜੂੰਦੀ ਨਿਵਾਸੀ ਟਰੈਵਲ ਏਜੰਟ ਦਰਸ਼ਨ ਸਿੰਘ ਪੁੱਤਰ ਧਰਮ ਸਿੰਘ ਨਾਲ ਸੰਪਰਕ ਕੀਤਾ। ਏਜੰਟ ਨੇ ਪੰਜਾਂ ਨੂੰ ਅਮਰੀਕਾ ਭੇਜਣ ਦੇ ਨਾਮ ‘ਤੇ 25-25 ਲੱਖ ਰੁਪਏ ਵਿੱਚ ਸੌਦਾ ਤੈਅ ਕੀਤਾ। ਬਤੌਰ ਪੇਸ਼ਗੀ ਉਸ ਨੇ ਸਰਬਜੀਤ ਅਤੇ ਗੁਰਮੁਖ ਸਿੰਘ ਤੋਂ 5-5 ਲੱਖ ਰੁਪਏ ਅਤੇ ਬਾਕੀ ਤਿੰਨਾਂ ਤੋਂ 6-6 ਲੱਖ ਰੁਪਏ ਲਏ। ਰੁਪਏ ਲੈਣ ਦੇ ਤਿੰਨ ਮਹੀਨੇ ਬਾਅਦ ਏਜੰਟ ਨੇ ਨੌਜਵਾਨਾਂ ਨੂੰ ਅਮਰੀਕਾ ਭੇਜਣ ਤੋਂ ਮਨ੍ਹਾਂ ਕਰ ਦਿੱਤਾ। ਦੋਸ਼ ਹੈ ਕਿ ਏਜੰਟ ਨੇ ਪੈਸੇ ਵਾਪਸ ਦੇਣ ਤੋਂ ਵੀ ਸਾਫ ਇਨਕਾਰ ਕਰ ਦਿੱਤਾ। ਨੌਜਵਾਨਾਂ ਦੀ ਸ਼ਿਕਾਇਤ ਤੇ ਐਸ ਐਸ ਪੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਾਂਚ ਦੇ ਬਾਅਦ ਦੋਸ਼ੀ ਦੇ ਖਿਲਾਫ ਥਾਣਾ ਰਾਏਕੋਟ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।



