ਪਰਵਾਸੀ ਭਾਰਤੀ ਦੇ ਚੈੱਕ ਚੋਰੀ ਕਰ ਕੇ ਬੈਂਕ ਵਿੱਚੋਂ 53 ਲੱਖ ਰੁਪਏ ਕਢਵਾਏ
On 25 February 2010 in ਪੰਜਾਬ
ਮੁੱਲਾਂਪੁਰ ਦਾਖਾ
ਚੈੱਕ ਬੁੱਕ ਵਿੱਚੋਂ ਚੈੱਕ ਚੋਰੀ ਕਰ ਕੇ ਅਤੇ ਜਾਅਲੀ ਦਸਤਖਤ ਕਰ ਕੇ ਇੱਕ ਪਰਵਾਸੀ ਭਾਰਤੀ ਦੇ ਖਾਤੇ ਵਿੱਚੋਂ 52 ਲੱਖ 80 ਹਜ਼ਾਰ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਥਾਈਲੈਂਡ ਰਹਿੰਦੀ ਸੁਰਜੀਤ ਕੌਰ ਪਤਨੀ ਸ਼ੇਰ ਸਿੰਘ ਪੁੱਤਰ ਬਿਸ਼ਨ ਸਿੰਘ, ਵਾਸੀ ਬੋਪਾਰਾਏ ਵੱਲੋਂ ਪੁਲਸ ਚੌਕੀ ਵਿਖੇ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਉਸ ਨੇ ਆਪਣੀ ਜ਼ਮੀਨ ਵੇਚੀ ਸੀ, ਜਿਸ ਦੀ ਰਕਮ ਬੋਪਾਰਾਏ ਕਲਾਂ ਦੇ ਦਲੀਪ ਸਿੰਘ ਦੇ ਪੋਤੇ ਨੂੰ ਨਾਲ ਲੈ ਕੇ 52,80,000 ਰੁਪਏ ਐਕਸਿਸ ਬੈਂਕ ਵਿੱਚ ਜਮ੍ਹਾਂ ਕਰਾਏ ਸਨ। ਉਨ੍ਹਾਂ ਦਿਨੀਂ ਉਹ ਆਪਣੇ ਪੇਕੇ ਪਿੰਡ ਵੜੈਚ (ਥਾਣਾ ਦਾਖਾ) ਵਿਖੇ ਭਰਜਾਈ ਸੁਖਵਿੰਦਰ ਕੌਰ ਪਤਨੀ ਲਾਲ ਸਿੰਘ ਦੇ ਘਰ ਠਹਿਰੀ ਹੋਈ ਸੀ। ਸੁਖਵਿੰਦਰ ਕੌਰ ਅਤੇ ਉਸ ਦੇ ਭਤੀਜੇ ਲਖਵੀਰ ਸਿੰਘ ਨੇ ਉਸ ਦੀ ਚੈੱਕ ਬੁੱਕ ‘ਚੋਂ ਦੋ ਚੈੱਕ ਚੋਰੀ ਕਰ ਲਏ।
ਸੁਰਜੀਤ ਕੌਰ ਅਨੁਸਾਰ ਉਸ ਦੇ ਥਾਈਲੈਂਡ ਜਾਣ ਤੋਂ ਬਾਅਦ 17 ਸਤੰਬਰ 2009 ਨੂੰ ਹੀ ਹੰਸ ਰਾਜ ਵਾਸੀ ਸ਼ਹੀਦ ਭਗਤ ਸਿੰਘ ਨਗਰ ਮੁੱਲਾਂਪੁਰ ਨੇ ਉਸ ਦੀ ਭਰਜਾਈ ਸੁਖਵਿੰਦਰ ਕੌਰ ਅਤੇ ਭਤੀਜੇ ਲਖਵੀਰ ਸਿੰਘ ਅਤੇ ਹਰਵਿੰਦਰ ਸਿੰਘ ਵੜੈਚ ਨਾਲ ਮਿਲ ਕੇ ਬੈਂਕ ਵਿੱਚੋਂ 52,80,000 ਰੁਪਏ ਫਰਜ਼ੀ ਦਸਤਖਤ ਕਰ ਕੇ ਕੱਢਵਾ ਲਏ। ਇਸ ‘ਚੋਂ 25 ਲੱਖ ਰੁਪਏ ਹਰਵਿੰਦਰ ਦੇ ਖਾਤੇ ਵਿੱਚ ਚਲੇ ਗਏ ਅਤੇ 25 ਲੱਖ ਰੁਪਏ ਹੰਸ ਰਾਜ ਨੇ ਨਕਦ ਪ੍ਰਾਪਤ ਕਰ ਲਏ। ਦੋ ਲੱਖ ਰੁਪਿਆ ਵਿਦੇਸ਼ ਭੇਜਿਆ ਗਿਆ। ਬੈਂਕ ਅਧਿਕਾਰੀ ਨੇ ਉਸ ਨੂੰ ਚੈੱਕ ਦਿਖਾਇਆ, ਜਿਸ ਰਾਹੀਂ ਰਕਮ ਕਢਵਾਈ ਗਈ ਸੀ।
ਪੁਲਸ ਨੇ ਹਰਵਿੰਦਰ ਸਿੰਘ ਵੜੈਚ, ਹੰਸ ਰਾਜ ਮੰਡੀ ਮੁੱਲਾਂਪੁਰ, ਸੁਖਵਿੰਦਰ ਕੌਰ ਅਤੇ ਲਖਵੀਰ ਸਿੰਘ ਵਿਰੁੱਧ ਥਾਣਾ ਦਾਖਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

