ਆਪਣੇ ਵਿਆਹ ‘ਚ ਲਾੜੇ ਨੂੰ ਨੱਚਣਾ ਮਹਿੰਗਾ ਪਿਆ
On 25 February 2010 in ਇੰਡੀਆ
ਪਟਨਾ
ਬਿਹਾਰ ਦੇ ਇਕ ਪਿੰਡ ਵਿੱਚ ਲਾੜੇ ਨੂੰ ਆਪਣੇ ਵਿਆਹ ਵਿੱਚ ਨੱਚਣਾ ਐਨਾ ਮਹਿੰਗਾ ਪਿਆ ਕਿ ਉਸ ਦਾ ਵਿਆਹ ਹੀ ਟੁੱਟ ਗਿਆ। ਸੂਬੇ ਦੇ ਸਮਸਤੀਪੁਰ ਜ਼ਿਲੇ ਵਿੱਚ ਹੋਮਿਉਪੈਥੀ ਦੇ ਡਾਕਟਰ ਰਵੀ ਕੁਮਾਰ ਦਾ ਵਿਆਹ ਬੈਂਕ ਵਿੱਚ ਕੰਮ ਕਰਦੀ ਸਰੀਤਾ ਕੁਮਾਰੀ ਨਾਲ ਤੈਅ ਹੋਇਆ ਸੀ, ਪਰ ਵਿਆਹ ਵਾਲੇ ਦਿਨ ਹੋਈ ਛੋਟੀ ਜਿਹੀ ਗਲਤੀ ਨੇ ਉਸ ਦੇ ਸੁਪਨੇ ਚੂਰ-ਚੂਰ ਕਰ ਦਿੱਤੇ।
ਬਰਾਤ ਜਦੋਂ ਸਰੀਤਾ ਦੇ ਘਰ ਪਹੁੰਚੀ ਤਾਂ ਲਾੜਾ ਵੀ ਬਰਾਤੀਆਂ ਨਾਲ ਨੱਚਣ ਲੱਗ ਪਿਆ। ਇਸ ਦਾ ਪਤਾ ਲਾੜੀ ਨੂੰ ਲੱਗ ਗਿਆ। ਸਭ ਕੁਝ ਸ਼ਾਂਤੀ ਨਾਲ ਚੱਲਦਾ ਰਿਹਾ, ਪਰ ਜਦੋਂ ਸੰਧੂਰ ਭਰਨ ਦੀ ਵਾਰੀ ਆਈ ਤਾਂ ਲਾੜੀ ਨੇ ਇਸ ਰਸਮ ਤੋਂ ਇਨਕਾਰ ਕਰ ਦਿੱਤਾ। ਸਰੀਤਾ ਦੇ ਪਿਤਾ ਦਾ ਕਹਿਣਾ ਹੈ ਕਿ ਜਿਹੜਾ ਮੁੰਡਾ ਬਰਾਤੀਆਂ ਨਾਲ ਸ਼ਰਾਬ ਦੇ ਨਸ਼ੇ ਵਿੱਚ ਨਾ ਸਿਰਫ ਨੱਚਦਾ ਹੈ, ਸਗੋਂ ਬਦਤਮੀਜ਼ੀ ਵੀ ਕਰਦਾ ਹੈ, ਉਸ ਨਾਲ ਆਪਣੀ ਬੇਟੀ ਦਾ ਵਿਆਹ ਉਹ ਨਹੀਂ ਕਰਨਗੇ। ਲਾੜੇ ਅਤੇ ਉਸ ਦੇ ਪਿਤਾ ਨੇ ਮਾਮਲਾ ਵਧਦਾ ਵੇਖ ਕੇ ਕੁੜੀ ਵਾਲਿਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਕੋਈ ਉਨ੍ਹਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਇਆ। ਬਾਅਦ ਵਿੱਚ ਬਾਰਾਤ ਬੇਰੰਗ ਪਰਤ ਗਈ।



