ਅਡਵਾਨੀ ਹੁਣ ਐਨ ਡੀ ਏ ਦੇ ਕਾਰਜਕਾਰੀ ਚੇਅਰਮੈਨ ਬਣੇ
On 25 February 2010 in ਇੰਡੀਆ
ਨਵੀਂ ਦਿੱਲੀ
ਭਾਜਪਾ ਦੇ ਸੀਨੀਅਰ ਆਗੂ ਐਲ ਕੇ ਅਡਵਾਨੀ ਨੂੰ ਅੱਜ ਸਰਬ ਸੰਮਤੀ ਨਾਲ ਐਨ ਡੀ ਏ ਦਾ ਉਦੋਂ ਤੱਕ ਕਾਰਜਕਾਰੀ ਚੇਅਰਮੈਨ ਚੁਣ ਲਿਆ ਗਿਆ, ਜਦੋਂ ਤੱਕ ਵਰਤਮਾਨ ਚੇਅਰਮੈਨ ਅਟਲ ਬਿਹਾਰੀ ਵਾਜਪਾਈ ਤੰਦਰੁਸਤ ਨਹੀਂ ਹੋ ਜਾਂਦੇ। ਐਨ ਡੀ ਏ ਦੇ ਕਾਰਜਕਾਰੀ ਕਨਵੀਨਰ ਸ਼ਰਦ ਯਾਦਵ ਨੂੰ ਕਨਵੀਨਰ ਚੁਣ ਲਿਆ ਗਿਆ।
ਰਾਜ ਸਭਾ ‘ਚ ਭਾਜਪਾ ਦੇ ਡਿਪਟੀ ਆਗੂ ਐਸ ਐਸ ਆਹਲੂਵਾਲੀਆ ਨੇ ਦੱਸਿਆ ਕਿ ਐਨ ਡੀ ਏ ਦੇ ਸੰਸਦ ਵਿਚਲੇ ਦੋਵੇਂ ਸਦਨਾਂ ਦੇ ਮੈਂਬਰਾਂ ਦੀ ਅੱਜ ਸ਼ਾਮੀਂ ਬੈਠਕ ਬੁਲਾਈ ਗਈ। ਸ੍ਰੀ ਯਾਦਵ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਿਆਂ ਕਾਰਜਕਾਰੀ ਚੇਅਰਮੈਨ ਵਜੋਂ ਸ੍ਰੀ ਅਡਵਾਨੀ ਦੇ ਨਾਂ ਦਾ ਪ੍ਰਸਤਾਵ ਪੇਸ਼ ਕੀਤਾ। ਸ਼ਿਵ ਸੈਨਾ ਦੇ ਮਨੋਹਰ ਜੋਸ਼ੀ, ਅਕਾਲੀ ਦਲ ਦੇ ਨਰੇਸ਼ ਗੁਜਰਾਲ ਤੇ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਨੇ ਇਸ ਮਤੇ ਦੀ ਤਾਈਦ ਕੀਤੀ। ਮੀਟਿੰਗ ਵਿੱਚ ਸਾਰਿਆਂ ਨੇ ਸਰਬ ਸੰਮਤੀ ਨਾਲ ਇਹਦੀ ਪੁਸ਼ਟੀ ਕਰ ਦਿੱਤੀ। ਸ੍ਰੀ ਵਾਜਪਾਈ ਐਨ ਡੀ ਏ ਚੇਅਰਮੈਨ ਵਜੋਂ ਬਣੇ ਰਹਿਣਗੇ।
ਲੋਕ ਸਭਾ ‘ਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਜਨਤਾ ਦਲ (ਯੂ) ਦੇ ਪ੍ਰਧਾਨ ਸ਼ਰਦ ਯਾਦਵ ਨੂੰ ਐਨ ਡੀ ਏ ਦਾ ਕਨਵੀਨਰ ਲਾਏ ਜਾਣ ਦਾ ਇੱਕ ਮਤਾ ਪੇਸ਼ ਕੀਤਾ। ਇਹਦੀ ਤਾਈਦ ਵੀ ਮਨੋਹਰ ਜੋਸ਼ੀ, ਨਰੇਸ਼ ਗੁਜਰਾਲ ਤੇ ਗਡਕਰੀ ਨੇ ਕੀਤੀ। ਜਾਰਜ ਫਰਨਾਂਡੇਜ਼ ਦੀ ਸਿਹਤ ਖਰਾਬ ਹੋਣ ਮਗਰੋਂ ਸ੍ਰੀ ਯਾਦਵ ਐਨ ਡੀ ਏ ਦੇ ਕਾਰਜਕਾਰੀ ਕਨਵੀਨਰ ਚਲੇ ਆ ਰਹੇ ਸਨ।



