ਨੇਕ ਅਮਲ ਹੋਣ ਤਾਂ ਡੇਰਾਵਾਦ ਉਂਜ ਹੀ ਬੇਲੋੜਾ ਹੈ।
On 27 February 2010 in ਲੇਖ
-ਰਾਜਿੰਦਰ ਪਾਲ ਸ਼ਰਮਾ
ਡੇਰਾਵਾਦ ਦੇ ਫੈਲਾਅ ਦੀ ਚਰਚਾ ਕਈ ਵਾਰ ਛਿੜਦੀ ਹੈ। ਸੱਚਮੁੱਚ ਅਨੇਕਾਂ ਬਾਬੇ, ਬਾਪੂ, ਗੁਰੂ ਤੇ ਸੁਆਮੀ ਸਾਡੇ ਸਮਾਜ ਵਿੱਚ ਮਿਲਦੇ ਹਨ, ਜਿਨ੍ਹਾਂ ਪਿੱਛੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹੁੰਦੇ ਹਨ। ਇਹ ਹਾਲਤ ਇੱਕਲੇ ਪੰਜਾਬ ਵਿੱਚ ਨਹੀਂ, ਬਲਕਿ ਸਾਰੇ ਦੇਸ਼ ਵਿੱਚ ਹੈ। ਹੋ ਸਕਦਾ ਹੈ ਕਿ ਪੱਛਮੀ ਬੰਗਾਲ ਤੇ ਕੇਰਲਾ ਵਿੱਚ ਨਾ ਹੋਵੇ, ਕਿਉਂਕਿ ਉਥੇ ਕਾਮਰੇਡਾਂ ਦਾ ਜ਼ੋਰ ਹੈ। ਸਾਡੇ ਦੇਸ਼ ਵਿੱਚ ਸਮੁੱਚੇ ਤੌਰ ‘ਤੇ ਰੱਬ ਦੀ ਭਗਤੀ ਲਈ ਅਨੇਕਾਂ ਸਾਧਨ ਉਪਲਬਧ ਹਨ। ਸਥਾਪਤ ਸਾਧਨਾਂ ਵਿੱਚ ਮੰਦਰ, ਗੁਰਦੁਆਰਾ, ਮਸਜਿਦ ਤੇ ਚਰਚ ਜਾਣਾ ਸ਼ਾਮਲ ਹੈ। ਡੇਰਾਵਾਦ ਕਈਆਂ ਨੂੰ ਚੰਗਾ ਨਾ ਵੀ ਲੱਗੇ, ਪਰ ਚੱਲਦੇ ਤਾਂ ਰੱਬ ਦੀ ਭਗਤੀ ਆਸਰੇ ਹੀ ਹਨ। ਫਿਰ ਲੋਕ ਆਪ ਇਨ੍ਹਾਂ ਕੋਲ ਜਾਂਦੇ ਹਨ, ਮੱਲੋਜ਼ੋਰੀ ਤਾਂ ਕਿਸੇ ਨੂੰ ਨਾ ਕੋਈ ਲਿਜਾ ਸਕਦਾ ਹੈ ਤੇ ਨਾ ਕੋਈ ਜਾਂਦਾ ਹੈ।
ਇਸ ਫੈਲਾਅ ਦੇ ਅਨੇਕਾਂ ਕਾਰਨਾਂ ਵਿੱਚੋਂ ਇੱਕ ਇਹ ਹੈ ਕਿ ਅਸੀਂ ਸਮੁੱਚੇ ਤੌਰ ‘ਤੇ ਝੂਠ ਤੇ ਬੇਈਮਾਨੀ ਅਧਾਰਤ ਸਮਾਜ ਪੈਦਾ ਕਰ ਬੈਠੇ ਹਾਂ। ਨੈਤਿਕ ਸੋਚ ਤੇ ਸਦਾਚਾਰ ਬਹੁਤ ਘੱਟ ਗਏ ਹਨ। ‘ਜੈ ਬੋਲੇ ਬੇਈਮਾਨ ਦੀ’ ਵਾਲੀ ਭਾਰੀ ਬਹੁ-ਗਿਣਤੀ ਰੱਬ ਦੀ ਭਗਤੀ ਦਾ ਦਿਖਾਵਾ ਕਰਕੇ ਇੱਕ ਤਾਂ ਸਮਾਜਿਕ ਤੌਰ ‘ਤੇ ਸਤਿਕਾਰਤ ਹੋਣ ਦਾ ਯਤਨ ਕਰਦੀ ਹੈ ਤੇ ਦੂਜੇ ਆਪਣੇ ਮਨ ਦੇ ਬੋਝ ਨੂੰ ਹੌਲਾ ਕਰਕੇ ਮਨੋਬਲ ਉੱਚਾ ਰੱਖਦੀ ਹੈ। ਜਿਸ ਤਰ੍ਹਾਂ ਕਿਸੇ ਪ੍ਰਕਾਰ ਦੋ ਨੰਬਰ ਦਾ ਧੰਦਾ (ਸਮਗਲਿੰਗ ਆਦਿ) ਕਰਨ ਵਾਲਾ ਪੁਲਿਸ ਅਫ਼ਸਰ ਨਾਲ ਲਿਹਾਜ਼ੇ ਰੱਖ ਕੇ ਬਣਾਉਟੀ ਹੌਂਸਲੇ ਵਿੱਚ ਰਹਿੰਦਾ ਹੈ, ਇਸੇ ਤਰ੍ਹਾਂ ਸਾਡੇ ਲੋਕਾਂ ਦੀ ਭਾਰੀ ਬਹੁ-ਗਿਣਤੀ ਦੇ ਮਨ ਨੂੰ ਕਿਸੇ ਠੁੰਮ੍ਹਣੇ ਦੀ ਲੋੜ ਹੁੰਦੀ ਹੈ। ਇਸ ਅੰਦਰਲੀ ਮੈਲ ਜਾਂ ਕਮਜ਼ੋਰੀ ਕਾਰਨ ਲੋਕ ਧੜਾਧੜ ਕਿਸੇ ਦੇ ਲੜ ਲੱਗਦੇ ਹਨ।
ਜੇ ਬੰਦਾ ਕੰਮ ਚੰਗੇ ਕਰਦਾ ਹੋਵੇ, ਇਮਾਨਦਾਰੀ, ਸੱਚਾਈ ਤੇ ਪਿਆਰ’ਤੇ ਅਧਾਰਤ ਉਸ ਦਾ ਜੀਵਨ ਹੋਵੇ ਤਾਂ ਫ਼ਲਸਫ਼ੇ ਮੁਤਾਬਕ ਉਹ ਗਿਆਨੀ ਹੁੰਦਾ ਹੈ। ਅਜਿਹੇ ਬੰਦੇ ਨੂੰ ਕਿਸੇ ਧਾਰਮਿਕ ਕਰਮ-ਕਾਂਡ ਦੀ ਲੋੜ ਨਹੀਂ ਰਹਿੰਦੀ, ਚਾਹੇ ਉਹ ਰਸਮੀ ਤੌਰ ‘ਤੇ ਕਿਤੇ ਵੀ ਜਾਂਦਾ ਰਹੇ। ਹੁਣ ਸਾਡੇ ਹਾਲਤ ਹਾਸੋਹੀਣੀ ਹੈ। ‘ਰਾਮ-ਰਾਮ ਜਪਣਾ, ਪਰਾਇਆ ਮਾਲ ਆਪਣਾ’ ਤੋਂ ਉਪਰੰਤ ਦੋ ਨੰਬਰ ਦੀਆਂ ਕਰਤੂਤਾਂ ਦਾ ਪੂਰਾ ਜ਼ੋਰ ਹੈ। ਅਕਸਰ ਮਨ ਜਾਂ ਆਤਮਾ ਕਮਜ਼ੋਰ ਹੁੰਦੀ ਹੈ ਤੇ ਇਸ ਨੂੰ ਟੌਨਿਕ ਦੇਣ ਖਾਤਰ ਕਿਸੇ ਧਾਰਮਿਕ ਦਿਖਾਵੇ ਦੀ ਲੋੜ ਪੈਂਦੀ ਹੈ।
ਪੰਜਾਬ ਦੇ ਸੰਦਰਭ ਵਿੱਚ ਕੁਝ ਵਿਸ਼ੇਸ਼ ਕਾਰਨ ਵੀ ਹਨ। ਸਥਾਪਤ ਧਾਰਮਿਕ ਸੰਸਥਾਵਾਂ (ਮੰਦਰ, ਗੁਰਦੁਆਰੇ ਆਦਿ) ਕਿਸੇ ਹੱਦ ਤੱਕ ਸਵਰਨ ਜਾਤੀਆਂ ਦੇ ਅਸਰ ਹੇਠ ਹਨ। ਉਂਝ ਗਿਣਤੀ ਦੇ ਦਲਿਤ ਭੈਣ-ਭਰਾ ਵੀ ਜਾਂਦੇ ਹੋਣਗੇ, ਪਰ ਸੀਰਤ ਤੇ ਸੱਚਾਈ ਪੱਖੋਂ ਇਨ੍ਹਾਂ ਦੀ ਓਨੀ ਪੁੱਛ ਪ੍ਰਤੀਤ ਨਹੀਂ ਹੁੰਦੀ। ਨਤੀਜੇ ਵਜੋਂ ਭਗਤ ਰਵੀਦਾਸ ਤੇ ਰਿਸ਼ੀ ਬਾਲਮੀਕ ਜੀ ਜਾਂ ਹੋਰ ਸੰਤਾਂ ਆਦਿ ਦੇ ਨਾਂਅ’ਤੇ ਧਾਰਮਿਕ ਸਥਾਨ ਬਣ ਗਏ। ਇਸੇ ਪ੍ਰਕਾਰ ਰਾਧਾ ਸੁਆਮੀ, ਕਿਰਪਾਲ ਆਸ਼ਰਮ ਤੇ ਡੇਰਾ ਪ੍ਰੇਮੀ ਆਦਿ ਵੀ ਜਾਤ ਜਾਂ ਧਰਮ ‘ਤੇ ਅਧਾਰਤ ਨਾ ਹੋਣ ਕਾਰਨ ਲੋਕਾਂ ਨੂੰ ਖਿੱਚ ਰਹੇ ਹਨ। ਵਿਸ਼ੇਸ਼ ਕਰਕੇ ਪਛੜੇ ਤੇ ਦਲਿਤ ਭੈਣ-ਭਰਾ ਇਹਨਾਂ ਦੇ ਜ਼ਿਆਦਾ ਪੈਰੋਕਾਰ ਹਨ। ਹੁਣ ਆਸ਼ੂਤੋਸ਼, ਬਾਪੂ ਆਸਾ ਰਾਮ ਆਦਿ ਵੀ ਲੋਕਾਂ ਦੀ ਭੀੜ ਖਿੱਚੀ ਤੁਰੇ ਜਾਂਦੇ ਹਨ।
ਡੇਰਾਵਾਦ ਕਲੇਸ਼ ਦਾ ਆਧਾਰ ਵੀ ਕਈ ਵਾਰ ਬਣਦਾ ਹੈ। ਇਹ ਸਮਾਜ ਨੂੰ ਕਈ ਵਾਰ ਅਸ਼ਾਂਤੀ ਤੇ ਗੜਬੜ ਵੀ ਦਿੰਦਾ ਹੈ। ਇਨ੍ਹਾਂ ਨੂੰ ਚਾਹੀਦਾ ਹੈ ਕਿ ਕਿਸੇ ਦੇ ਜਜ਼ਬਾਤ ਨੂੰ ਠੇਸ ਪੁਚਾਉਣ ਤੋਂ ਪਰਹੇਜ਼ ਕਰਨ ਤੇ ਆਪਣੀਆਂ ਸਿੱਖਿਆਵਾਂ ਦਾ ਆਧਾਰ ਆਪਣਾ ਰੱਖਣ। ਦੂਜੀਆਂ ਧਾਰਮਿਕ ਪੁਸਤਕਾਂ ਦੀਆਂ ਸਿੱਖਿਆਵਾਂ ਨੂੰ ਬਦਲ ਕੇ ਜਾਂ ਨਵਾਂ ਰੂਪ ਦੇ ਕੇ ਨਾ ਚੱਲਣ। ਉਂਝ ਤਾਂ ਜੇ ਲੋਕ ਅਮਲ ਚੰਗੇ ਕਰਨ ਤਾਂ ਕਿਸੇ ਗੁਰੂ ਜਾਂ ਡੇਰੇ ਦੀ ਲੋੜ ਹੀ ਨਹੀਂ ਰਹਿੰਦੀ, ਪਰ ਅਜੇ ਦਿਖਾਵੇ ਤੇ ਹੇਰਾਫੇਰੀ ਦਾ ਜ਼ੋਰ ਹੋਣ ਕਾਰਨ ਗੁਰੂ ਤੇ ਡੇਰੇ ਖੂਬ ਚੱਲਦੇ ਰਹਿਣੇ ਹਨ, ਚਾਹੇ ਇਨ੍ਹਾਂ ਨੂੰ ਕੋਈ ਚੰਗਾ ਸਮਝੇ ਤੇ ਚਾਹੇ ਮਾੜਾ।
ਜਿੰਨੀ ਦੇਰ ਮੂਲ ਕਾਰਨ ਦੂਰ ਨਹੀਂ ਹੁੰਦੇ, ਓਨੀ ਦੇਰ ਡੇਰੇ ਪ੍ਰਫੁੱਲਤ ਹੀ ਰਹਿਣੇ ਹਨ। ਸਮਾਜ ਵਿੱਚ ਜਾਤ, ਧਰਮ’ਤੇ ਅਧਾਰਤ ਉੱਚ ਨੀਚ ਖਤਮ ਹੋਣਾ ਜ਼ਰੂਰੀ ਹੈ। ਇਸ ਤੋਂ ਉਪਰੰਤ ਨੈਤਿਕ ਤੇ ਸਦਾਚਾਰ ਸੋਚ ਪੈਦਾ ਹੋ ਜਾਵੇ ਤਾਂ ਡੇਰਾਵਾਦ ਤੋਂ ਖਹਿੜਾ ਛੁੱਟ ਸਕਦਾ ਹੈ ਤੇ ਚੰਗੇ ਤੇ ਇਮਾਨਦਾਰੀ ਅਧਾਰਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਜੇ ਇਹ ਨਹੀਂ ਹੁੰਦਾ ਤਾਂ ਕਿੰਨਾ ਵੀ ਰੌਲਾ ਪਈ ਜਾਵੇ, ਡੇਰਾਵਾਦ ਜ਼ਿੰਦਾਬਾਦ ਹੀ ਰਹਿਣਾ ਹੈ। ਲੋਕਾਂ ਨੂੰ ਇਨ੍ਹਾਂ ਦੀ ਲੋੜ ਮਹਿਸੂਸ ਹੁੰਦੀ ਰਹੇਗੀ ਤੇ ਇਹ ਸ਼ਾਨ ਨਾਲ ਚੱਲਦੇ ਰਹਿਣਗੇ।

