ਮਾਂ ਬੋਲੀ ਪੰਜਾਬੀ ਦੀ ਤ੍ਰਾਸਦੀ ਅਤੇ ਅਣਗੌਲੇ ਮਸਲੇ
On 27 February 2010 in ਲੇਖ
ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਵਿਦਵਾਨਾਂ, ਲੇਖਕਾਂ ਵਲੋਂ ਇਸ ਦੀ ਹੋਂਦ ਨੂੰ ਲੈ ਕੇ ਅੱਜ ਕੱਲ੍ਹ ਵਧੇਰੇ ਚਿੰਤਾ ਦਾ ਜ਼ਾਹਰ ਕੀਤੀ ਜਾ ਰਹੀ ਹੈ। ਨਿਤ ਦਿਨ ਕੌਮੀ ਅਤੇ ਕੌਮਾਂਤਰੀ ਕਾਨਫਰੰਸਾਂ ਵਿੱਚ ਭਖਵੀਂ ਬਹਿਸ ਹੋ ਰਹੀ ਹੈ। ਪੰਜਾਬ ਸਰਕਾਰ ਵਲੋਂ ਵੀ ਪੰਜਾਬੀ ਬੋਲੀ ਪ੍ਰਤੀ ਸੰਜੀਦਗੀ ਦੀਆਂ ਖਬਰਾਂ ਨਿਤ ਦਿਨ ਛਪ ਰਹੀਆਂ ਹਨ। ਅੱਜ ਦੁਨੀਆ ਵਿੱਚ ਪੰਜਾਬੀਆਂ ਦੀ ਗਿਣਤੀ 12 ਕਰੋੜ ਦੇ ਕਰੀਬ ਹੈ, ਜਦ ਕਿ ਇਕੱਲੇ ਪਾਕਿਸਤਾਨ ਵਿੱਚ ਹੀ 8 ਕਰੋੜ ਦੇ ਕਰੀਬ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਗਿਣਤੀ 3 ਕਰੋੜ ਹੈ। ਵਿਦਵਾਨਾਂ ਵਲੋਂ ਖਦਸ਼ੇ ਜ਼ਾਹਰ ਕੀਤੇ ਜਾ ਰਹੇ ਹਨ ਕਿ ਆਉਣ ਵਾਲੇ 50 ਸਾਲਾਂ ਵਿੱਚ ਪੰਜਾਬੀ ਦਾ ਸਫਾਇਆ ਹੋ ਜਾਵੇਗਾ। ਜੇ ਪੰਜਾਬੀ ਬੋਲੀ ਨਾਲ ਸਬੰਧਤ ਤੱਥਾਂ ਉਪਰ ਚਰਚਾ ਕੀਤੀ ਜਾਵੇ ਤਾਂ ਇਹ ਖਦਸ਼ੇ ਨਿਰਮੂਲ ਨਹੀਂ ਜਾਪਦੇ।
ਸਾਡੇ ਸਮਾਜ ਵਿੱਚ ਉਨ੍ਹਾਂ ਹਾਲਾਤ ਦਾ ਜ਼ਿਕਰ ਕਰਨਾ ਜ਼ਰੂਰੀ ਹੈ, ਜਿਨ੍ਹਾਂ ਕਾਰਨ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ ਹਰ ਬੰਦਾ ਚਿੰਤਤ ਹੈ। ਪੰਜਾਬੀ ਬੋਲੀ ਨੂੰ ਖੋਰਾ ਲਾਉਣ ਵਾਲੀਆਂ ਤਾਕਤਾਂ, ਸੰਗਠਨਾਂ ਅਤੇ ਸੰਸਥਾਵਾਂ ਨੂੰ ਪਛਾਣਨਾ ਬੇਹੱਦ ਜ਼ਰੂਰੀ ਹੈ। ਅਕਸਰ ਕਾਨਫਰੰਸਾਂ, ਸੈਮੀਨਾਰਾਂ ਵਿੱਚ ਉਠਾਏ ਮੁੱਦੇ ਕਿਤਾਬਾਂ ਦੀ ਸ਼ੋਭਾ ਬਣ ਕੇ ਰਹਿ ਜਾਂਦੇ ਹਨ। ਇਨ੍ਹਾਂ ਮੁੱਦਿਆਂ ਨੂੰ ਅਮਲ ਵਿੱਚ ਲਿਆਉਣ ਲਈ ਗੰਭੀਰਤਾ ਨਹੀਂ ਵਿਖਾਈ ਜਾਂਦੀ।
ਇਹ ਸੱਚ ਹੈ ਕਿ ਅੱਜ ਸਿਰਫ ਗਰੀਬ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ। ਚੰਗੇ ਸਕੂਲਾਂ ਵਿੱਚ ਪੜ੍ਹਾਉਣ ਦੀ ਹੈਸੀਅਤ ਰੱਖਣ ਵਾਲੇ ਮਾਪਿਆਂ, ਅਧਿਆਪਕਾਂ, ਪ੍ਰੋਫੈਸਰਾਂ ਅਤੇ ਅਫਸਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਹ ਇੱਕ ਕੌੜੀ ਸੱਚਾਈ ਹੈ ਕਿ ਚੰਗੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਜਮਾਤ ਵਿੱਚ ਪੰਜਾਬੀ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ। ਜੇ ਕੋਈ ਬੱਚਾ ਪੰਜਾਬੀ ਵਿੱਚ ਗੱਲ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਹੈ। ਅਜਿਹੇ ਵਰਤਾਰੇ ਨਾਲ ਸਕੂਲ ਵਿੱਚ ਹੀ ਬੱਚੇ ਦੀ ਮਾਨਸਿਕਤਾ ਉਪਰ ਉੱਕਰਿਆ ਜਾਂਦਾ ਹੈ ਕਿ ਪੰਜਾਬੀ ਵਿੱਚ ਗੱਲ ਕਰਨਾ ਗੁਨਾਹ ਹੈ। ਗੱਲ ਸਿਰਫ ਏਥੇ ਹੀ ਖਤਮ ਨਹੀਂ ਹੁੰਦੀ, ਘਰ ਵਿੱਚ ਵੀ ਮਾਪਿਆਂ ਵਲੋਂ ਬੱਚਿਆਂ ਨੂੰ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ “ਬੇਟਾ ਸਕੂਲ ਵਿੱਚ ਤੁਸੀਂ ਪੰਜਾਬੀ ਵਿੱਚ ਗੱਲ ਤਾਂ ਨਹੀਂ ਕਰਦੇ?” ਜਿਸ ਸਕੂਲ ਵਿੱਚ ਬੱਚਿਆਂ ਦਾ ਜਮਾਤ ਵਿੱਚ ਅੰਗਰੇਜ਼ੀ ਬੋਲਣਾ ਲਾਜ਼ਮੀ ਨਾ ਹੋਵੇ, ਉਸ ਸਕੂਲ ਵਿੱਚੋਂ ਅਸੀਂ ਬੱਚਿਆਂ ਨੂੰ ਕੱਢ ਕੇ ਦੂਜੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਉਣ ਵਿੱਚ ਫਖਰ ਮਹਿਸੂਸ ਕਰਦੇ ਹਾਂ। ਘਰ ਵਿੱਚ ਵੀ ਜੇ ਬੱਚਾ ਆਪਣੇ ਦਾਦਾ-ਦਾਦੀ ਤੋਂ ਕੋਈ ਸ਼ਬਦ ਪੰਜਾਬੀ ਦਾ ਸਿੱਖਦਾ ਹੈ, ਝੱਟ ਮੰਮੀ ਵਲੋਂ ਚਮਚੇ ਨੂੰ ਸਪੂਨ, ਦੁੱਧ ਨੂੰ ਮਿਲਕ ਅਤੇ ਪਾਣੀ ਨੂੰ ਵਾਟਰ ਬੋਲਣਾ ਸਿਖਾ ਦਿੱਤਾ ਜਾਂਦਾ ਹੈ।
ਅੱਜ ਨੌਕਰੀਆਂ ਸਬੰਧੀ ਇਸ਼ਤਿਹਾਰ ਵੀ ਜ਼ਿਆਦਾਤਰ ਅੰਗਰੇਜ਼ੀ ਅਖਬਾਰਾਂ ਵਿੱਚ ਛਪਦੇ ਹਨ। ਚੰਗੀਆਂ ਅਸਾਮੀਆਂ ਲਈ, ਚਾਹੇ ਉਹ ਲੈਕਚਰਾਰ ਲਈ ਹੋਵੇ ਜਾਂ ਅਫਸਰ ਲਈ, ਟੈਸਟ ਅਤੇ ਇੰਟਰਵਿਊ ਅੰਗਰੇਜ਼ੀ ਵਿੱਚ ਹੀ ਹੋ ਰਹੇ ਹਨ। ਕਾਲਜਾਂ, ਯੂਨੀਵਰਸਿਟੀਆਂ ਦੇ ਦਾਖਲਾ ਫਾਰਮ ਜੇ ਅੰਗਰੇਜ਼ੀ, ਪੰਜਾਬੀ ਦੋਵਾਂ ਵਿੱਚ ਛਪਦੇ ਹਨ ਤਾਂ ਅਖੀਰ ਵਿੱਚ ਇੱਕ ਲਾਈਨ ਵਿੱਚ ਜ਼ਰੂਰ ਲਿਖਿਆ ਜਾਂਦਾ ਹੈ ਕਿ ਕਿਸੇ ਮਾਮਲੇ ਵਿੱਚ ਸਪੱਸ਼ਟਤਾ ਨਾ ਹੋਣ ਦੀ ਸੂਰਤ ਵਿੱਚ ਅੰਗਰੇਜ਼ੀ ਵਾਲੇ ਭਾਗ ਨੂੰ ਅੰਤਮ ਸਮਝਿਆ ਜਾਵੇਗਾ। ਪੰਜਾਬੀ ਯੂਨੀਵਰਸਿਟੀ ਪੰਜਾਬੀ ਬੋਲੀ ਦੀ ਖੋਜ ਤੇ ਵਿਕਾਸ ਲਈ ਬਣੀ ਹੈ, ਇਸ ਦਾ ਕੈਲੰਡਰ ਅੰਗਰੇਜ਼ੀ, ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਨਾਲੋ-ਨਾਲ ਛਪਦਾ ਹੈ, ਪਰ ਉਸ ਵਿੱਚ ਵੀ ਪਹਿਲ ਅੰਗਰੇਜ਼ੀ ਨੂੰ ਦਿੱਤੀ ਗਈ ਹੈ। ਇਸ ਕੈਲੰਡਰ ਵਿੱਚ ਪੜ੍ਹ ਕੇ ਹੀ ਯੂਨੀਵਰਸਿਟੀ ਦੇ ਵੱਖ-ਵੱਖ ਕਾਨੂੰਨ ਅਤੇ ਨਿਯਮਾਂ ਉਪਰ ਅਮਲ ਕੀਤਾ ਜਾਂਦਾ ਹੈ। ਅੰਗਰੇਜ਼ੀ ਨੂੰ ਪੰਜਾਬੀ ਤੋਂ ਵਧੇਰੇ ਕਿੰਨਾ ਪ੍ਰਮਾਣਕ ਮੰਨਿਆ ਜਾਂਦਾ ਹੈ, ਇਸ ਦੀ ਮਿਸਾਲ ਯੂਨੀਵਰਸਿਟੀ ਦੇ ਕੈਲੰਡਰ ਦੇ ਪਹਿਲੇ ਪੰਨੇ ਉਪਰ ਲਿਖੀ ਇਬਾਰਤ ਤੋਂ ਮਿਲ ਜਾਂਦੀ ਹੈ, ‘‘ਪੰਜਾਬੀ ਯੂਨੀਵਰਸਿਟੀ ਕੈਲੰਡਰ ਦਾ ਅੰਗਰੇਜ਼ੀ ਰੂਪਾਂਤਰ ਅਧਿਕਾਰਤ ਪਾਠ ਹੈ। ਇਸ ਦੇ ਅੰਗਰੇਜ਼ੀ ਰੂਪਾਂਤਰ ਅਤੇ ਪੰਜਾਬੀ ਰੂਪਾਂਤਰ ਵਿੱਚ ਵਿਰੋਧਤਾ ਦੀ ਸੂਰਤ ਵਿੱਚ ਅੰਗਰੇਜ਼ੀ ਰੂਪਾਂਤਰ ਠੀਕ ਮੰਨਿਆ ਜਾਵੇਗਾ।”
ਸਕੂਲਾਂ ਵਿੱਚ ਬੱਚਿਆਂ ਨੂੰ ਪਾਠ-ਪੁਸਤਕਾਂ ਅੰਗਰੇਜ਼ੀ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੀ ਜਮਾਤ ਨੂੰ ਛੱਡ ਕੇ ਸਾਰੇ ਪੇਪਰਾਂ ਲਈ ਮਾਧਿਅਮ ਅੰਗਰੇਜ਼ੀ ਹੈ। ਜੇ ਨੀਂਹ ਪੱਥਰ ਕਮਜ਼ੋਰ ਹੋਵੇਗਾ ਤਾਂ ਪੰਜਾਬੀ ਬੋਲੀ ਦੇ ਵਿਕਾਸ ਅਤੇ ਪ੍ਰਫੁੱਲਤਾ ਦੇ ਦਾਅਵੇ ਫੋਕੇ ਜਾਪਣ ਲੱਗਦੇ ਹਨ। ਜੇ ਬਚਪਨ ਵਿੱਚ ਹੀ ਬੱਚੇ ਨੂੰ ਲਿਖਣ ਪੜ੍ਹਨ ਦੀ ਆਦਤ ਅੰਗਰੇਜ਼ੀ ਵਿੱਚ ਪੈ ਜਾਵੇਗੀ ਤਾਂ ਵੱਡੇ ਹੋ ਕੇ ਉਨ੍ਹਾਂ ਲਈ ਪੰਜਾਬੀ ਵਿੱਚ ਪੜ੍ਹਨਾ ਲਿਖਣਾ ਮੁਸ਼ਕਲ ਹੁੰਦਾ ਹੈ। ਏਸੇ ਕਰ ਕੇ ਅੱਜ ਦੀ ਨੌਜਵਾਨ ਪੀੜ੍ਹੀ ਲਿਖਣ ਪੜ੍ਹਨ ਦਾ ਸਾਰਾ ਕੰਮ ਅੰਗਰੇਜ਼ੀ ਵਿੱਚ ਕਰਨਾ ਪਸੰਦ ਕਰਦੀ ਹੈ। ਜ਼ਰੂਰੀ ਹੈ ਕਿ ਸਕੂਲ ਪੱਧਰ ‘ਤੇ ਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ-ਨਾਲ ਲਿਖਣ ਪੜ੍ਹਨ ਦੀ ਆਦਤ ਪੰਜਾਬੀ ਵਿੱਚ ਵੀ ਪਾਈ ਜਾਵੇ।
ਪੰਜਾਬੀ ਬੋਲੀ ਨੂੰ ਲੋਕਾਂ ਦੇ ਦਿਲਾਂ ਦੀ ਬੋਲੀ ਬਣਾਉਣ ਲਈ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ। ਸਭ ਤੋਂ ਪਹਿਲੀ ਕੋਸਿ਼ਸ਼ ਪੰਜਾਬ ਦੇ ਸਕੂਲ ਦੇ ਪੱਧਰ ‘ਤੇ ਕਰਨੀ ਪਵੇਗੀ, ਜਿੱਥੇ ਬੱਚਿਆਂ ਨੂੰ ਪੰਜਾਬੀ ਬੋਲਣ ਦੀ ਸਜ਼ਾ ਜੁਰਮਾਨੇ ਦੇ ਰੂਪ ਵਿੱਚ ਦੇਣੀ ਪੈਂਦੀ ਹੈ। ਇਸ ਵਿੱਚ ਸ਼ੱਕ ਨਹੀਂ ਕਿ ਅੰਗਰੇਜ਼ੀ ਬੋਲੀ ਕੌਮਾਂਤਰੀ ਬੋਲੀ ਹੈ। ਬੱਚੇ ਦਾ ਵਿਕਾਸ ਅੰਗਰੇਜ਼ੀ ਤੋਂ ਬਗੈਰ ਵੀ ਸੰਭਵ ਨਹੀਂ, ਕਿਉਂਕਿ ਗਿਆਨ, ਵਿਗਿਆਨ, ਸਭ ਕੁਝ ਅੰਗਰੇਜ਼ੀ ਵਿੱਚ ਉਪਲਬਧ ਹੈ। ਇਸ ਦਾ ਇੱਕੋ ਇੱਕ ਹੱਲ ਇਹ ਹੈ ਕਿ ਸਕੂਲ ਪੱਧਰ ਤੱਕ ਹਰ ਕਿਸਮ ਦਾ ਸਾਹਿਤ ਪੰਜਾਬੀ ਵਿੱਚ ਉਪਲਬਧ ਕਰਵਾਇਆ ਜਾਵੇ। ਸਿਰਫ ਪੰਜਾਬੀ ਬੋਲੀ ਵਿੱਚ ਪੜ੍ਹ ਕੇ ਇਮਤਿਹਾਨ ਪਾਸ ਕਰ ਲੈਣ ਨਾਲ ਗੱਲ ਨਹੀਂ ਬਣੇਗੀ। ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਬੋਲੀ ਦੀਆਂ ਪੁਸਤਕਾਂ ਪੜ੍ਹਨਾ ਪ੍ਰੇਰਨਾ ਦਾ ਮੁੱਖ ਕਾਰਜ ਹੋ ਸਕਦਾ ਹੈ। ਬੱਚਿਆਂ ਨੂੰ ਪੰਜਾਬੀ ਬੋਲੀ ਵਿੱਚ ਲਿਖਣ ਦੀ ਆਦਤ ਕਿਵੇਂ ਪਾਈ ਜਾਵੇ, ਇਸ ਬਾਰੇ ਵਿਚਾਰ ਕਰਨੀ ਵਧੇਰੇ ਜ਼ਰੂਰੀ ਹੈ। ਆਪਣੀ ਮਾਂ ਬੋਲੀ ਨੂੰ ਵਿਸਾਰਨਾ ਜਾਂ ਸਕੂਲਾਂ ਵਿੱਚ ਪੰਜਾਬੀ ਵਿੱਚ ਗੱਲਬਾਤ ਕਰਨ ਉੱਤੇ ਸਜ਼ਾ ਦੇਣੀ ਵੀ ਯੋਗ ਨਹੀਂ। ਅਜਿਹੇ ਵਰਤਾਰੇ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬੀ ਪਿਆਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।
ਇਹ ਠੀਕ ਹੈ ਕਿ ਦਫਤਰਾਂ ਵਿੱਚ ਕੰਮ ਕਾਜ ਪੰਜਾਬੀ ਬੋਲੀ ਵਿੱਚ ਕਰਨ ਸਬੰਧੀ ਪੰਜਾਬ ਸਰਕਾਰ ਵਲੋਂ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਨੂੰ ਅਮਲ ਵਿੱਚ ਲਿਆਉਣ ਲਈ ਸਮੇਂ ਸਮੇਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਡੰਡੇ ਨਾਲ ਪੰਜਾਬੀ ਬੋਲੀ ਦਾ ਨਾਂ ਵਿਕਾਸ ਹੋ ਸਕਦਾ ਹੈ ਤੇ ਨਾ ਲੋਕਾਂ ਦੇ ਦਿਲਾਂ ਵਿੱਚ ਪੰਜਾਬੀ ਬੋਲੀ ਪ੍ਰਤੀ ਸਤਿਕਾਰ ਅਤੇ ਪਿਆਰ ਪੈਦਾ ਕੀਤਾ ਜਾ ਸਕਦਾ ਹੈ। ਪੰਜਾਬੀ ਯੂਨੀਵਰਸਿਟੀ ਵਲੋਂ ਪੰਜਾਬੀ ਬੋਲੀ ਦੇ ਵਿਕਾਸ ਤੇ ਪਸਾਰ ਲਈ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ, ਪਰ ਫਿਰ ਵੀ ਬਹੁਤ ਕੁਝ ਕਰਨ ਦੀ ਲੋੜ ਅਜੇ ਬਾਕੀ ਹੈ।
-ਡਾ. ਭੁਪਿੰਦਰ ਸਿੰਘ ਬਤਰਾ



