ਸਲਮਾਨ ਦੀ ਮੁਰੀਦ ਜ਼ਰੀਨ
On 27 February 2010 in ਫਿਲਮੀਂ
ਸਲਮਾਨ ਖਾਨ ਦੀ ਫ਼ਿਲਮ ‘ਵੀਰ’ ਵਿੱਚ ਹੀਰੋਇਨ ਜ਼ਰੀਨ ਖਾਨ ਨੇ ਕਈ ਪੱਖਾਂ ਤੋਂ ਥੋੜ੍ਹੇ ਸਮੇਂ ਵਿੱਚ ਹੀ ਵੱਧ ਚਰਚਾ ਖੱਟ ਲਈ ਹੈ। ਇਹ ਉਸ ਦੀ ਪਲੇਠੀ ਫ਼ਿਲਮ ਹੈ। ਜ਼ਰੀਨ ਖਾਨ ਦੇ ਬਾਲੀਵੁੱਡ ਵਿੱਚ ਪੈਰ ਰੱਖਣ ਸਾਰ ਹੀ ਉਸ ਦੀ ਤੁਲਨਾ ਕੈਟਰੀਨਾ ਕੈਫ਼ ਨਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਖਾਸ ਗੱਲ ਇਹ ਕਿ ਉਸ ਦੇ ਨੈਣ ਨਕਸ਼ ਕਾਫੀ ਹੱਦ ਤੱਕ ਕੈਟਰੀਨਾ ਨਾਲ ਮੇਲ ਖਾਂਦੇ ਹਨ ਤੇ ਉਤੋਂ ਸਲਮਾਨ ਖਾਨ ਨੇ ਉਸ ਨੂੰ ਆਪਣੀ ਫ਼ਿਲਮ ਵਿੱਚ ਬਤੌਰ ਹੀਰੋਇਨ ਚੁਣਿਆ ਹੈ। ਇਹ ਚਰਚਾ ਜਾਰੀ ਹੈ ਕਿ ਸਲਮਾਨ ਖਾਨ ਨੇ ਜ਼ਰੀਨਾ ਦੀ ਚੋਣ ਕਰਕੇ ਕੈਟਰੀਨਾ ਦਾ ਬਦਲ ਲੱਭਿਆ ਹੈ।
ਮੱਧ-ਵਰਤੀ ਪਰਵਾਰ ਨਾਲ ਸਬੰਧ ਰੱਖਦੀ ਮੁੰਬਈ ਨਗਰੀ ਦੀ ਵਸਨੀਕ ਜ਼ਰੀਨ ਦਾ ਕਹਿਣਾ ਹੈ ਕਿ ਉਸ ਦੀ ਤੁਲਨਾ ਕੈਟਰੀਨਾ ਨਾਲ ਕਰਨੀ ਗਲਤ ਹੈ। ਉਸ ਅਨੁਸਾਰ ਕੈਟਰੀਨਾ ਅਦਾਕਾਰੀ ਪੱਖੋਂ ਉਸ ਨਾਲੋਂ ਬਹੁਤ ਸੀਨੀਅਰ ਹੈ ਅਤੇ ਉਸ ਨਾਲੋਂ ਸੁੰਦਰ ਵੀ। ਉਹ ਦੋਵੇਂ ਆਪਸ ਵਿੱਚ ਮਿਲ ਵੀ ਚੁੱਕੀਆਂ ਹਨ ਤੇ ਉਸ ਨੇ ਕੈਟਰੀਨਾ ਪਾਸੋਂ ਕਾਫੀ ਕੁੱਝ ਸਿੱਖਿਆ ਹੈ। ਜ਼ਰੀਨ ਗੱਲ-ਗੱਲ ‘ਤੇ ਸਲਮਾਨ ਦੇ ਸੋਹਲੇ ਗਾਉਂਦੀ ਹੈ। ਉਹ ਸਲਮਾਨ ਦੇ ਗੁੱਸੇ ਨਾਲ ਜੁੜੀਆਂ ਗੱਲਾਂ ਨੂੰ ਗਲਤ ਠਹਿਰਾਉਂਦੀ ਹੋਈ ਉਸ ਨੂੰ ਸੰਜੀਦਾ ਵਿਅਕਤੀ ਦੱਸਦੀ ਹੈ।
ਜ਼ਰੀਨ ਦੇ ਪਰਿਵਾਰ ਦਾ ਬਾਲੀਵੁੱਡ ਨਾਲ ਦੂਰ ਦਾ ਵੀ ਵਾਸਤਾ ਨਹੀਂ। ਉਹ ਖੁਦ ਡਾਕਟਰ ਬਣਨਾ ਚਾਹੁੰਦੀ ਸੀ, ਪਰ ਘਰ ਦੇ ਆਰਥਿਕ ਹਾਲਾਤ ਕਾਰਨ ਉਸ ਨੇ ਮਾਡਲਿੰਗ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ। ਫ਼ਿਲਮ ਨਗਰੀ ਵਿੱਚ ਦਸਤਕ ਦੇਣ ਸਬੰਧੀ ਜ਼ਰੀਨ ਦਾ ਕਹਿਣਾ ਹੈ ਕਿ ਉਹ ਸੰਘਰਸ਼ੀਲ ਮਾਡਲ ਸੀ। ਉਸ ਨੂੰ ਸੁਭਾਸ਼ ਘਈ ਨੇ ਆਪਣੀ ਇੱਕ ਫਿਲਮ ਵਿੱਚ ਛੋਟਾ ਜਿਹਾ ਰੋਲ ਦੇਣ ਲਈ ਬੁਲਾਇਆ ਸੀ ਜਿਥੇ ਉਸ ਦੀ ਮੁਲਾਕਾਤ ਸਲਮਾਨ ਨਾਲ ਹੋਈ। ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਸਲਮਾਨ ਨੇ ਉਸ ਨੂੰ ਆਪਣੀ ਫ਼ਿਲਮ ‘ਵੀਰ’ ਵਿੱਚ ਬਤੌਰ ਹੀਰੋਇਨ ਚੁਣਿਆ ਤਾਂ ਉਸ ਨੂੰ ਯਕੀਨ ਹੀ ਨਾ ਆਇਆ। ਮਾਡਲਿੰਗ ਤੋਂ ਬਾਲੀਵੁੱਡ ਤੱਕ ਸਫ਼ਰ ਤੈਅ ਕਰਨ ਵਾਲਿਆਂ ਹੋਰਨਾਂ ਹੀਰੋਇਨਾਂ ਵਾਂਗ ਜ਼ਰੀਨ ਨੇ ਵੀ ਇਹ ਪੈਂਡਾ ਪੂਰਾ ਕਰ ਲਿਆ ਹੈ।



