ਤੰਦਰੁਸਤ ਰਹਿਣ ਲਈ ਲਓ ਸੰਤੁਲਤ ਆਹਾਰ
On 27 February 2010 in ਘਰ-ਪਰਿਵਾਰ
ਇਹ ਤਾਂ ਅਸੀਂ ਜਾਣਦੇ ਹਾਂ ਕਿ ਸਾਡੀ ਤੰਦਰੁਸਤੀ ਲਈ ਸੰਤੁਲਿਤ ਆਹਾਰ ਦਾ ਕੀ ਮਹੱਤਵ ਹੈ। ਪਰ ਇਹ ਨਹੀਂ ਜਾਣਦੇ ਕਿ ਸੰਤੁਲਿਤ ਆਹਾਰ ਹੈ ਕੀ। ਸੰਤੁਲਿਤ ਆਹਾਰ ਉਹ ਆਹਾਰ ਹੈ, ਜਿਸ ਵਿਚ ਪ੍ਰੋਟੀਨ, ਕਾਰਬੋਹਾਈਡਰੇਟਸ, ਚਰਬੀ, ਵਿਟਾਮਿਨ, ਰੇਸ਼ਾ, ਖਣਿਜ, ਲਵਣ, ਜ਼ਰੂਰੀ ਮਾਤਰਾ ਵਿਚ ਹੋਣ ਪਰ ਇਹ ਸਭ ਤੱਤ ਸਾਨੂੰ ਕਿਸੇ ਇਕ ਪਦਾਰਥ ਤੋਂ ਨਹੀਂ ਮਿਲ ਸਕਦੇ, ਇਸ ਲਈ ਸਾਨੂੰ ਆਪਣੇ ਭੋਜਨ ਵਿਚ ਅਜਿਹੇ ਪਦਾਰਥਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਜਿਸ ਨਾਲ ਸਾਨੂੰ ਇਹ ਸਭ ਤੱਤ ਜ਼ਰੂਰੀ ਮਾਤਰਾ ਵਿਚ ਮਿਲਣ।
ਕਿਸੇ ਵੀ ਇਕ ਤੱਤ ਦੀ ਕਮੀ ਕਈ ਬਿਮਾਰੀਆਂ ਪੈਦਾ ਕਰ ਸਕਦੀ ਹੈ। ਅੱਜ ਘਰਾਂ ਵਿਚ ਜੋ ਭੋਜਨ ਪਕਾਇਆ ਜਾਂਦਾ ਹੈ, ਉਹ ਪਹਿਲੇ ਭੋਜਨ ਨਾਲੋਂ ਕਾਫੀ ਭਿੰਨ ਹੈ। ਜੇਕਰ ਅਸੀਂ ਆਪਣੇ ਦਾਦਾ-ਦਾਦੀ ਆਦਿ ਪੁਰਾਣੇ ਲੋਕਾਂ ਵੱਲੋਂ ਲਏ ਜਾਣ ਵਾਲੇ ਭੋਜਨ ਵੱਲ ਧਿਆਨ ਦੇਈਏ ਤਾਂ ਅਸੀਂ ਦੇਖਦੇ ਹਾਂ ਕਿ ਉਹ ਸੰਤੁਲਿਤ ਭੋਜਨ ਲੈਂਦੇ ਸਨ। ਉਹ ਅਜੇ ਵੀ ਨੌਜਵਾਨ ਪੀੜ੍ਹੀ ਵਾਂਗ ਜੰਕ ਫੂਡ ਜਿਵੇਂ ਬਰਗਰ, ਪੀਜ਼ਾ, ਬਿਸਕੁਟ ਆਦਿ ਨਹੀਂ ਖਾਂਦੇ ਬਲਕਿ ਦਾਲ, ਸਬਜ਼ੀ, ਰੋਟੀ, ਦਹੀਂ ਅਤੇ ਸਲਾਦ ਲੈਂਦੇ ਹਨ। ਇਸ ਨਾਲ ਉਨ੍ਹਾਂ ਨੂੰ ਉਹ ਸਭ ਜ਼ਰੂਰੀ ਤੱਤ ਪ੍ਰਾਪਤ ਹੁੰਦੇ ਹਨ ਜੋ ਤੰਦਰੁਸਤੀ ਲਈ ਚੰਗੇ ਹਨ। ਦਾਲਾਂ ‘ਚੋਂ ਉਨ੍ਹਾਂ ਨੂੰ ਪ੍ਰੋਟੀਨ ਮਿਲਦੇ ਹਨ, ਸਬਜ਼ੀਆਂ ਅਤੇ ਸਲਾਦ ਤੋਂ ਵਿਟਾਮਿਨ, ਮਿਨਰਲ, ਰੇਸ਼ਾ ਅਤੇ ਕਾਰਬੋਹਾਈਡਰੇਟ, ਆਚਾਰ ਤੋਂ ਵਸਾ, ਚਪਾਤੀ, ਚਾਵਲ ਤੋਂ ਪ੍ਰੋਟੀਨ ਤੇ ਕਾਰਬੋਹਾਈਡਰੇਟ ਮਿਲਦੇ ਹਨ ਜੋ ਸੰਤੁਲਿਤ ਭੋਜਨ ਹੈ। ਜੰਕ ਫੂਡ ਸਾਨੂੰ ਸਿਰਫ ਮੋਟਾਪਾ ਦੇ ਸਕਦਾ ਹੈ। ਇਸ ਲਈ ਚੰਗੀ ਸਿਹਤ ਲਈ ਸਾਨੂੰ ਸੰਤੁਲਿਤ ਭੋਜਨ ਚਾਹੀਦਾ ਹੈ। ਇਹ ਸੰਤੁਲਿਤ ਭੋਜਨ ਉਹ ਹੋਵੇਗਾ, ਜਿਸ ਵਿਚ ਹੇਠ ਲਿਖੀਆਂ ਵਸਤਾਂ ਸ਼ਾਮਿਲ ਹੋਣ :
ਅਨਾਜ : ਚਪਾਤੀ, ਬਰੈੱਡ, ਦਲੀਆ ਆਦਿ ਦਾ ਸੇਵਨ ਕਰੋ। ਇਨ੍ਹਾਂ ਵਿਚ ਕਲੋਰੀ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ। ਇਨ੍ਹਾਂ ਵਿਚ ਸਾਨੂੰ ਕਾਰਬੋਹਾਈਡਰੇਟ ਦੇ ਇਲਾਵਾ ਵਿਟਾਮਿਨ ਅਤੇ ਖਣਿਜ ਲਵਣ ਵੀ ਪ੍ਰਾਪਤ ਹੁੰਦੇ ਹਨ।
ਦਾਲਾਂ : ਮੂੰਗ, ਉੜਦ, ਚਣੇ ਆਦਿ ਦੀਆਂ ਦਾਲਾਂ ਪ੍ਰੋਟੀਨ ਦੀਆਂ ਚੰਗੀਆਂ ਸਰੋਤ ਹਨ। ਇਸ ਦੇ ਇਲਾਵਾ ਇਨ੍ਹਾਂ ਤੋਂ ਮਿਨਰਲ ਤੇ ਵਿਟਾਮਿਨ ਵੀ ਮਿਲਦੇ ਹਨ। ਮਾਸਪੇਸ਼ੀਆਂ ਦੀ ਮਜ਼ਬੂਤੀ ਤੇ ਕੋਸ਼ਿਕਾਵਾਂ ਦੇ ਨਿਰਮਾਣ ਵਿਚ ਪ੍ਰੋਟੀਨ ਦੀ ਅਹਿਮ ਭੂਮਿਕਾ ਹੈ। ਇਸ ਲਈ ਦਾਲਾਂ ਦਾ ਸੇਵਨ ਜ਼ਰੂਰ ਕਰੋ।
ਸਬਜ਼ੀਆਂ ਅਤੇ ਫਲ : ਸਬਜ਼ੀਆਂ ਤੇ ਫਲ ਵਿਟਾਮਿਨ, ਮਿਨਰਲ ਤੇ ਰੇਸ਼ੇ ਦੇ ਚੰਗੇ ਸਰੋਤ ਹਨ। ਇਨ੍ਹਾਂ ਵਿਚ ਕੈਲੋਰੀ ਦੀ ਘੱਟ ਮਾਤਰਾ ਹੁੰਦੀ ਹੈ। ਪਾਲਕ, ਟਮਾਟਰ, ਗਾਜਰ ਤੇ ਬੰਦਗੋਭੀ ਆਦਿ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ। ਗਾਜਰ ਵਿਟਾਮਿਨ ‘ਏ‘, ਦੀ ਚੰਗੀ ਸਰੋਤ ਹੈ। ਹਰੀਆਂ ਸਬਜ਼ੀਆਂ ਤੋਂ ਸਾਨੂੰ ਆਇਰਨ ਅਤੇ ਵਿਟਾਮਿਨ ‘ਸੀ‘ ਮਿਲਦਾ ਹੈ।
ਦੁੱਧ ਅਤੇ ਦੁੱਧ ਪਦਾਰਥ : ਦਹੀਂ, ਪਨੀਰ ਆਦਿ ਕੈਲਸ਼ੀਅਮ ਦੇ ਉੱਤਮ ਸ੍ਰੋਤ ਹਨ। ਇਨ੍ਹਾਂ ਤੋਂ ਸਾਨੂੰ ਵਿਟਾਮਿਨ ‘ਏ‘, ‘ਡੀ‘ ਅਤੇ ‘ਸੀ‘ ਵੀ ਮਿਲਦਾ ਹੈ ਪਰ ਦੁੱਧ ਵਿਚ ਵਸਾ ਵਧੇਰੇ ਹੋਣ ਕਰਕੇ ਇਸ ਦਾ ਸੇਵਨ ਬਹੁਤਾ ਨਹੀਂ ਕਰਨਾ ਚਾਹੀਦਾ। ਸਕਿਮਡ ਦੁੱਧ ਘੱਟ ਚਰਬੀ ਯੁਕਤ ਹੁੰਦਾ ਹੈ। ਉਸ ਦਾ ਸੇਵਨ ਕਰਨਾ ਬਿਹਤਰ ਹੈ। ਦਹੀਂ ਦਾ ਸੇਵਨ ਸਭ ਤੋਂ ਲਾਭਦਾਇਕ ਹੈ। ਇਸ ‘ਚੋਂ ਬਹੁਤ ਘੱਟ ਕੈਲੋਰੀ ਤੇ ਬਹੁਤ ਵੱਧ ਵਿਟਾਮਿਨ ਮਿਲਦੇ ਹਨ।
ਘਿਓ, ਮੱਖਣ ਤੇ ਤੇਲ : ਇਹ ਚਰਬੀ ਦੇ ਚੰਗੇ ਸ੍ਰੋਤ ਹਨ। ਵਸਾ ਵੀ ਦੋ ਤਰ੍ਹਾਂ ਦੀ ਹੁੰਦੀ ਹੈ-ਸੰਤ੍ਰਿਪਤ ਵਸਾ ਤੇ ਅਸੰਤ੍ਰਿਪਤ ਵਸਾ। ਸੰਤ੍ਰਿਪਤ ਵਸਾ ਦਾ ਸੇਵਨ ਸਿਹਤ ਲਈ ਚੰਗਾ ਹੈ ਜਦੋਂਕਿ ਅਸੰਤ੍ਰਿਪਤ ਵਸਾ ਦਾ ਸੇਵਨ ਸਿਹਤ ਲਈ ਚੰਗਾ ਨਹੀਂ। ਸੰਤ੍ਰਿਪਤ ਚਰਬੀ ਦੇ ਸਰੋਤ ਹਨ ਘਿਓ ਤੇ ਮੱਖਣ। ਇਸ ਲਈ ਇਨ੍ਹਾਂ ਦਾ ਪ੍ਰਯੋਗ ਬਹੁਤ ਘੱਟ ਕਰੋ। ਅਸੰਤ੍ਰਿਪਤ ਚਰਬੀ ਦਾ ਸੇਵਨ ਸਿਹਤ ਲਈ ਹਾਨੀਕਾਰਕ ਨਹੀਂ, ਇਸ ਲਈ ਤੇਲ ਜਿਵੇਂ ਜੈਤੂਨ ਦਾ ਤੇਲ, ਕਰੰਡੀ, ਸੂਰਜਮੁਖੀ, ਮੂੰਗਫਲੀ ਜਾਂ ਕਾਰਨ ਆਇਲ ਦਾ ਪ੍ਰਯੋਗ ਕਰੋ। ਤੇਲ ਬਦਲਦੇ ਰਹੋ ਤਾਂ ਕਿ ਸਰੀਰ ਨੂੰ ਹਰ ਪ੍ਰਕਾਰ ਦੇ ਉਮੇਗਾ ਐਸਿਡ ਅਤੇ ਐਂਟੀ ਆਕਸੀਡੈਂਟ ਮਿਲਦੇ ਰਹਿਣ ਤਾਂ ਕਿ ਫਰੀ ਰੈਡੀਕਲਸ ਦੀ ਮਾਤਰਾ ਸੰਤੁਲਿਤ ਰਹੇ ਅਤੇ ਸਾਡਾ ਸਰੀਰ ਤੰਦਰੁਸਤ ਰਹਿ ਸਕੇ।

