ਕਿਉਂ ਬਣਨ ਇੰਡੋ ਕੈਨੇਡੀਅਨ ਘਰ ਦੀ ਮੁਰਗੀ
On 2 March 2010 in ਕੈਨੇਡਾ
ਪਰਮ ਗਿੱਲ
ਦੁਨੀਆ ਦੇ ਇਤਿਹਾਸ ਵਿੱਚ ਕਈ ਪਲ ਅਜਿਹੇ ਆਉਂਦੇ ਹਨ ਜਿਹਨਾਂ ਦਾ ਖਾਮਿਆਜ਼ਾ ਕੌਮਾਂ ਨੂੰ ਲੰਬੇ ਸਮੇਂ ਤੱਕ ਭੁਗਤਣਾ ਪੈਂਦਾ ਹੈ। ਕੈਨੇਡਾ ਦੇ ਇਤਿਹਾਸ ਵਿੱਚ ਵੀ ਕਈ ਐਸੀਆਂ ਘਟਨਾਵਾਂ ਵਾਪਰੀਆਂ ਜਿਹਨਾਂ ਕਾਰਣ ਹੋਏ ਨੁਕਸਾਨ ਨੂੰ ਪੂਰਾ ਕਰਨਾ ਔਖਾ ਹੈ। ਬੀਤੇ ਸਮੇਂ ਵਿੱਚ ਹੋਈਆਂ ਗਲਤੀਆਂ ਲਈ ਮੁਆਫੀ ਮੰਗਣ ਦਾ ਕੰਮ ਵੀ ਉਹੀ ਲੀਡਰਸਿ਼ੱਪ ਕਰ ਸਕਦੀ ਹੈ ਜੋ ਦੂਰਅੰਦੇਸ਼ੀ ਦੀ ਮਾਲਕ ਹੋਵੇ, ਪੀੜਤ ਧਿਰ ਦਾ ਦੁੱਖ ਮਹਿਸੂਸ ਕਰਦੀ ਹੋਵੇ ਅਤੇ ਸਮੂਹ ਕੈਨੇਡੀਅਨਾਂ ਨੂੰ ਸਨਮਾਨ ਦੇਣ ਦੀ ਹਾਮੀ ਹੋਵੇ। 1914 ਵਿੱਚ ਵਾਪਰੇ ਮੰਦਭਾਗੇ ਕਾਮਾਗਾਟਾਮਾਰੂ ਸਾਕੇ ਵਾਸਤੇ 2008 ਵਿੱਚ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਮੁਆਫੀ ਮੰਗੀ ਅਤੇ ਇਸ ਘਟਨਾ ਤੋਂ ਉਪਜੇ ਜਖਮਾਂ ਉੱਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ। ਬੀਤੀਆਂ ਘਟਨਾਵਾਂ ਤੋਂ ਸਬਕ ਸਿੱਖ ਕੇ ਮੁਲਕ ਨੂੰ ਮਜਬੂਤ ਲੀਹਾਂ ਉੱਤੇ ਤੋਰਨਾ ਹੀ ਚੰਗੀਆਂ ਸਰਕਾਰਾਂ ਦਾ ਨਿਸ਼ਾਨਾ ਹੁੰਦਾ ਹੈ। ਮੁਲਕ ਦੀ ਪਬਲਿਕ ਨੂੰ ਜਾਗਰੂਕ ਕਰਨਾ ਇਸ ਦਿਸ਼ਾ ਵਿੱਚ ਪਹਿਲਾ ਕਦਮ ਹੁੰਦਾ ਹੈ।
ਪਬਲਿਕ ਨੂੰ ਜਾਗਰੂਕ ਕਰਨ ਦੇ ਅਹਿਮ ਕਾਰਜ ਲਈ ਕੰਜ਼ਰਵੇਟਿਵ ਸਰਕਾਰ ਨੇ ਦੋ ਪ੍ਰੋਜੈਕਟਾਂ ਲਈ ਧਨ ਮੁਹਈਆ ਕੀਤਾ ਹੈ। ਇਹਨਾਂ ਪ੍ਰੋਜੈਕਟਾਂ ਦਾ ਐਲਾਨ ਸ਼ੁੱਕਰਵਾਰ ਵਾਲੇ ਦਿਨ ਕੈਲਗਰੀ ਨੌਰਥ ਈਸਟ ਤੋਂ ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਬੜੇ ਹੀ ਮਾਣ ਨਾਲ ਬਰੈਂਪਟਨ ਸਪਰਿੰਗਡੇਲ ਵਿੱਚ ਆਣ ਕੇ ਕਮਿਉਨਿਟੀਆਂ ਦੀਆਂ ਪ੍ਰਮੁੱਖ ਸਖਸਿ਼ਅਤਾਂ ਦੀ ਹਾਜ਼ਰੀ ਵਿੱਚ ਕੀਤਾ। ਉਹਨਾਂ ਦਾ ਇਹ ਕਹਿਣਾ ਸੱਚ ਦੇ ਬਹੁਤ ਨੇੜੇ ਹੈ ਕਿ ਕਾਮਾਗਾਟਾਮਾਰੂ ਘਟਨਾ ਕੈਨੇਡੀਅਨ ਇਤਿਹਾਸ ਦਾ ਮੰਦਭਾਗਾ ਹਿੱਸਾ ਹੈ। ਇਹ ਸਾਕਾ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਕੈਨੇਡਾ ਨੇ ਬੀਤੇ ਵਿੱਚ ਕਈ ਵਾਰ ਉਹਨਾਂ ਆਦਰਸ਼ਾਂ ਨੂੰ ਅੱਖੋਂ ਪਰੋਖੇ ਕੀਤਾ ਜਿਹੜੇ ਅੱਜ ਸਾਡੇ ਹਿਰਦਿਆਂ ਵਿੱਚ ਵੱਸੇ ਹੋਏ ਹਨ। ਸਰਕਾਰ ਵੱਲੋਂ ਐਲਾਨੇ ਦੋ ਲੱਖ 42 ਹਜ਼ਾਰ ਡਾਲਰ ਤੋਂ ਵੱਧ ਰਕਮ ਦੇ ਇਹਨਾਂ ਪ੍ਰੋਜੈਕਟਾਂ ਵਿੱਚ ਇੱਕ ਮਿਆਰੀ ਕਿਤਾਬ ਛਾਪਣਾ ਅਤੇ ਕਾਮਾਗਾਟਾਮਾਰੂ ਸਾਕੇ ਬਾਰੇ ਡਾਕੂਮੈਂਟਰੀ ਫਿਲਮ ਬਣਾਉਣਾ ਸ਼ਾਮਲ ਹੈ। ਜਦੋਂ ਕਿ ਕਿਤਾਬ ਕਾਮਾਗਾਟਾਮਾਰੂ ਸਾਕੇ ਦੇ ਹਰ ਇਤਿਹਾਸਕ ਤੱਥ ਤੋਂ ਪਰਦਾ ਚੁੱਕੇਗੀ, ਡਾਕੂਮੈਂਟਰੀ ਫਿਲਮ 1908 ਦੇ ਇੰਮੀਗਰੇਸ਼ਨ ਐਕਟ ਅਤੇ ਚਾਈਨੀਜ਼ ਹੈੱਡ ਟੈਕਸ ਦੇ ਪ੍ਰਭਾਵਾਂ ਉੱਤੇ ਚਾਨਣਾ ਪਾਵੇਗੀ। ਇਹਨਾਂ ਪ੍ਰੋਜੈਕਟਾਂ ਨਾਲ ਇੰਡੋ ਕੈਨੇਡੀਅਨ ਭਾਈਚਾਰੇ ਅਤੇ ਸਮੁੱਚੇ ਕੈਨੇਡੀਅਨਾਂ ਨੂੰ ਕਾਮਾਗਾਟਾਮਾਰੂ ਸਾਕੇ ਦੇ ਮਾੜੇ ਪ੍ਰਭਾਵਾਂ ਨੂੰ ਸਮਝਣ ਵਿੱਚ ਮੱਦਦ ਮਿਲੇਗੀ।
ਲਿਬਰਲ ਪਾਰਟੀ ਦੇ ਆਗੂਆਂ ਵੱਲੋਂ ਇਸ ਸਮੁੱਚੀ ਪ੍ਰਕਿਰਿਆ ਨੂੰ ਸੌੜੀ ਸਿਆਸਤ ਦਾ ਧੁਰਾ ਬਣਾਉਣ ਵਿੱਚ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਜੇਕਰ ਲਿਬਰਲ ਪਾਰਟੀ ਇਸ ਮਾਮਲੇ ਬਾਰੇ ਐਨੀ ਹੀ ਸੁਹਿਰਦ ਸੀ ਤਾਂ ਆਪਣੇ ਲੰਬੇ ਸ਼ਾਸਣਕਾਲ ਦੌਰਾਨ ਮੁਆਫੀ ਕਿਉਂ ਨਾ ਮੰਗ ਲਈ ਗਈ? ਕੀ ਕੈਨੇਡੀਅਨ ਨਹੀਂ ਜਾਣਦੇ ਕਿ ਜਦੋਂ 2008 ਵਿੱਚ ਮੁਆਫੀ ਮੰਗਣ ਸਬੰਧੀ ਮਤਾ ਪਾਸ ਹੋਇਆ ਤਾਂ ਲਿਬਰਲ ਪਾਰਟੀ ਸੱਤਾ ਤੋਂ ਬਾਹਰ ਸੀ ਅਤੇ ਆਪਣੇ ਬਲਬੂਤੇ ਉੱਤੇ ਮਤਾ ਪਾਸ ਨਹੀਂ ਸੀ ਕਰ ਸਕਦੀ? ਇਹ ਮਤਾ ਕਿਸੇ ਇੱਕ ਵਿਅਕਤੀ ਦੀ ਸਹਿਮਤੀ ਨਾਲ ਨਹੀਂ ਸਗੋਂ ਸਮੁੱਚੀ ਲੋਕਤੰਤਾਂਤਰਿਕ ਪ੍ਰਕਿਰਿਆ ਵਿੱਚੋਂ ਗੁਜ਼ਰ ਕੇ ਪਾਸ ਹੋਇਆ ਸੀ। ਕਿਸੇ ਆਗੂ ਦੇ ਦਾਅਵੇ ਨੂੰ ਤਾਂ ਹੀ ਸਵਿਕਾਰਿਆ ਜਾ ਸਕਦਾ ਸੀ ਜੇਕਰ ਇਹ ਲਿਬਰਲ ਪਾਰਟੀ ਦੇ ਰਾਜ ਕਾਲ ਦੌਰਾਨ ਪਾਸ ਹੋਇਆ ਹੁੰਦਾ। ਬਰੈਂਪਟਨ ਸਪਰਿੰਗਡੇਲ ਰਾਈਡਿੰਗ ਦੇ ਵਾਸੀ ਮੈਨੂੰ ਅਕਸਰ ਸੁਆਲ ਕਰਦੇ ਹਨ ਕਿ ਜੋ ਨੇਤਾ ਵੱਡੇ ਵੱਡੇ ਦਾਅਵੇ ਕਰਦੇ ਹਨ, ਉਹ ਉਸ ਵੇਲੇ ਕਿੱਥੇ ਸਨ ਜਦੋਂ ਉਹਨਾਂ ਦੇ ਖਾਸ ਚਹੇਤੇ ਪ੍ਰਧਾਨ ਮੰਤਰੀ ਪਾਲ ਮਾਰਟਿਨ ਦੀ ਲਿਬਰਲ ਸਰਕਾਰ ਸੱਤਾ ਵਿੱਚ ਸੀ?
ਸੱਚਾਈ ਇਹ ਹੈ ਕਿ ਝੂਠ ਦਾ ਸਹਾਰਾ ਲੈ ਕੇ ਇਲਜ਼ਾਮ ਲਾਉਣੇ ਸੌਖੇ ਹੁੰਦੇ ਹਨ ਜਦੋਂ ਕਿ ਸੱਚ ਨੂੰ ਕਬੂਲ ਕਰਕੇ ਉਸ ਉੱਤੇ ਅਮਲ ਕਰਨਾ ਬਹੁਤ ਔਖਾ ਹੁੰਦਾ ਹੈ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਹ ਔਖਾ ਕੰਮ ਸਿਰੇ ਚਾੜਿਆ ਹੈ। ਇਹ ਔਖਾ ਕਾਰਜ ਸਿਰੇ ਚਾੜਨ ਦੀ ਤਾਕਤ ਦਾ ਜੋਰ ਵਿਰੋਧੀ ਧਿਰ ਤੋਂ ਸਹਿਣ ਨਹੀਂ ਹੋ ਰਿਹਾ ਜਿਸ ਕਾਰਣ ਬੁਖਲਾ ਕੇ ਸਸਤੀ ਬਿਆਨਬਾਜ਼ੀ ਉੱਤੇ ਉੱਤਰ ਆਉਂਦੇ ਹਨ।
ਹਕੀਕਤ ਇਹ ਹੈ ਕਿ ਲਿਬਰਲ ਸਰਕਾਰ ਨੇ ਆਪਣੇ ਸਾਸ਼ਣਕਾਲ ਦੌਰਾਨ ਕਾਮਾਗਾਟਾਮਾਰੂ ਘਟਨਾ ਲਈ ਮੁਆਫੀ ਦਾ ਮੁੱਦਾ ਇਸ ਲਈ ਨਹੀਂ ਚੁੱਕਿਆ ਕਿਉਂਕਿ ਦਿਲ ਵਿੱਚ ਦਰਦ ਦੀ ਘਾਟ ਸੀ। ਉਹ ਪਰਵਾਸੀਆਂ ਖਾਸ ਕਰਕੇ ਇੰਡੋ ਕੈਨੇਡੀਅਨਾਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਹੀ ਵਰਣਤਾ ਜਾਣਦੇ ਸਨ। ਸਿਤਮ ਦੀ ਗੱਲ ਇਹ ਕਿ ਅੰਦਰੋ ਖਾਤੇ ਉਹਨਾਂ ਦੇ ਹਿੱਤਾਂ ਨੂੰ ਪਿੱਛੇ ਧੱਕਣ ਦੀ ਨੀਤੀ ਉੱਤੇ ਚੱਲਦੇ ਰਹੇ। ਚੁਸਤੀ ਚਲਾਕੀ ਦਾ ਰਵੱਈਆ ਅਤੇ ਗੁਮਰਾਹ ਕਰਨ ਦੀ ਲਿਬਰਲ ਪਾਰਟੀ ਦੀ ਨੀਤੀ ਤੋਂ ਹੁਣ ਪਰਦਾ ਚੁੱਕਿਆ ਜਾ ਚੁੱਕਾ ਹੈ। ਸਮੂਹ ਪਰਵਾਸੀ ਭਾਈਚਾਰਾ ਸਮਝਦਾ ਹੈ ਕਿ ਉਹਨਾਂ ਦੇ ਹਿੱਤ ਕਿਸ ਪਾਰਟੀ ਨਾਲ ਸੁਰੱਖਿਅਤ ਹਨ। ਇਸ ਤੋਂ ਘਬਰਾਹਟ ਵਿੱਚ ਆ ਕੇ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਕੱਲ ਤੱਕ ਵਿਰੋਧੀ ਧਿਰ ਦੇ ਹੱਥ ਵਿੱਚ ‘ਘਰ ਦੀ ਮੁਰਗੀ ਦਾਲ ਬਰਾਬਰ’ ਬਣੇ ਪਰਵਾਸੀ ਹੁਣ ਆਪਣੀ ਸਿਆਸੀ ਬੁੱਕਤ ਨੂੰ ਭਲੀਭਾਂਤ ਸਮਝਦੇ ਹਨ। ਹੁਣ ਉਹ ਅਸੂਲਾਂ ਉੱਤੇ ਆਧਾਰਿਤ ਸਿਆਸਤ ਦੇ ਹਾਮੀ ਬਣ ਚੁੱਕੇ ਹਨ ਅਤੇ ਝੂਠੇ ਵਾਅਦਿਆਂ ਨਾਲ ਢੱਕੀ ਹੋਈ ਸਿਆਸਤ ਦਾ ਸਿ਼ਕਾਰ ਹੋਣ ਲਈ ਹਰਗਿਜ਼ ਤਿਆਰ ਨਹੀਂ। ਇਸ ਸੱਚਾਈ ਤੋਂ ਜਾਣੂੰ ਹੋਣ ਦੇ ਬਾਵਜੂਦ ਵਿਰੋਧੀ ਧਿਰ ਲੋਚਦੀ ਹੈ ਕਿ ਉਹਨਾਂ ਦੀ ਕਾਠ ਦੀ ਹਾਂਡੀ ਵਾਰ ਵਾਰ ਚੱੜਦੀ ਜਾਵੇ ਪਰ ਕਦੋਂ ਤੱਕ?

