ਝੁਰੜੀਆਂ ਤੋਂ ਬਚਣ ਦੇ ਘਰੇਲੂ ਨੁਕਸੇ
On 31 March 2010 in ਘਰ-ਪਰਿਵਾਰ
ਜਦੋਂ ਕਿਸੇ ਵਿਅਕਤੀ ਦੀ ਉਮਰ ਵਧਣ ਲਗਦੀ ਹੈ ਤਾਂ ਉਸ ਦੀ ਬਾਹਰੀ ਚਮੜੀ ਦੀਆਂ ਕੋਸ਼ਿਕਾਵਾਂ ਪਤਲੀਆਂ ਹੋ ਜਾਂਦੀਆਂ ਹਨ ਅਤੇ ਉਨ੍ਹਾਂ ਵਿਚਲੀ ਚਿਪਚਿਪਾਹਟ ਘੱਟ ਹੋ ਜਾਂਦੀ ਹੈ। ਇਨ੍ਹਾਂ ਪਤਲੀਆਂ ਕੋਸ਼ਿਕਾਵਾਂ ਕਾਰਨ ਚਮੜੀ ਹੋਰ ਵੀ ਪਤਲੀ ਦਿਖਾਈ ਦੇਣ ਲਗਦੀ ਹੈ। ਕੋਸ਼ਿਕਾਵਾਂ ਵਿਚਲੀ ਚਿਪਚਿਪਾਹਟ ਘੱਟ ਹੋਣ ਨਾਲ ਉਸ ਦੀ ਢਾਲ ਦਾ ਅਸਰ ਘੱਟ ਹੋਣ ਲਗਦਾ ਹੈ। ਇਨ੍ਹਾਂ ਤਬਦੀਲੀਆਂ ਕਾਰਨ ਝੁਰੜੀਆਂ ਪੈਣ ਲਗਦੀਆਂ ਹਨ। ਇਸ ਤਰ੍ਹਾਂ ਨਮੀ ਚਮੜੀ ਦੇ ਅੰਦਰ ਰਹਿਣ ਦੀ ਬਜਾਏ ਬਾਹਰ ਆਉਣ ਲਗਦੀ ਹੈ। ਇਸ ਨਾਲ ਖੁਸ਼ਕੀ ਪੈਦਾ ਤੇ ਕੋਸ਼ਿਕਾਵਾਂ ਦੀ ਵੰਡਣ ਰਫਤਾਰ ਘਟਣ ਲਗਦੀ ਹੈ। ਉਮਰ ਵਧਣ ਨਾਲ ਚਮੜੀ ਦੇ ਜਲਦੀ ਨਾ ਬਣਨ ਕਾਰਨ ਕੋਸ਼ਿਕਾਵਾਂ ਵਿਚ ਵੰਡ ਦੀ ਦਰ ਘਟਣ ਲਗਦੀ ਹੈ।
ਡਰਮਲ-ਐਪੀਡਰਮਲ ਦੇ ਸੰਯੋਜਨ ਦੇ ਰੀਟਰਿਜ ਫੈਲ ਜਾਂਦੇ ਹਨ ਅਤੇ ਇਸ ਨਾਲ ਚਮੜੀ ਕਮਜ਼ੋਰ ਹੋ ਕੇ ਫਟ ਜਾਂਦੀ ਹੈ। ਇਸ ਪ੍ਰਕਿਰਿਆ ਨਾਲ ਡਰਮਿਸ ਦੇ ਨਾਲ ਸੰਪਰਕ ਖੇਤਰ ਵਿਚ ਕਮੀ ਆ ਜਾਂਦੀ ਹੈ। ਇਸ ਨਾਲ ਚਮੜੀ ਦੇ ਠੀਕ ਹੋਣ ਦੀ ਪ੍ਰਕਿਰਿਆ ਵਿਚ ਰੁਕਾਵਟ ਆ ਜਾਂਦੀ ਹੈ। ਉਮਰ ਦੇ ਨਾਲ ਸਬਕੁਟੇਨੀਅਸ ਪਰਤ ਦੀਆਂ ਵਸਾ ਕੋਸ਼ਿਕਾਵਾਂ ਛੋਟੀਆਂ ਹੋ ਜਾਂਦੀਆਂ ਹਨ। ਦੂਸਰੀਆਂ ਪਰਤਾਂ ਵਿਚ ਹੋਣ ਵਾਲੇ ਨੁਕਸਾਨ ਦੀ ਪੂਰਤੀ ਵਸਾ ਕੋਸ਼ਿਕਾਵਾਂ ਨਹੀਂ ਕਰ ਪਾਉਂਦੀਆਂ।
ਝੁਰੜੀਆਂ ਤੋਂ ਬਚਣ ਦੇ ਘਰੇਲੂ ਉਪਾਅ
1. ਪੱਕਾ ਪਪੀਤਾ ਕੱਟ ਕੇ ਚਿਹਰੇ ‘ਤੇ ਮਲੋ ਅਤੇ 15-20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਪ੍ਰਯੋਗ ਨੂੰ ਲਗਾਤਾਰ ਕੁਝ ਦਿਨ ਕਰਨ ਨਾਲ ਚਮੜੀ ਦੀਆਂ ਝੁਰੜੀਆਂ ਦੂਰ ਹੁੰਦੀਆਂ ਹਨ।
2. ਵਿਟਾਮਿਨ ‘ਈ‘ ਨਾਲ ਝੁਰੜੀਆਂ ਮਿਟਦੀਆਂ ਹਨ। ਪੁੰਗਰੇ ਅਨਾਜ ਚਨਾ ਤੇ ਮੂੰਗੀ ਵਿਚ ਵਿਟਾਮਿਨ ‘ਈ‘ ਕਾਫੀ ਮਾਤਰਾ ਵਿਚ ਹੁੰਦਾ ਹੈ। ਸਵੇਰੇ-ਸ਼ਾਮ ਪੁੰਗਰੇ ਅਨਾਜ ਸੇਵਨ ਕਰਨ ਨਾਲ ਝੁਰੜੀਆਂ ਤੋਂ ਬਚਾਅ ਹੁੰਦਾ ਹੈ।
3. ਇਸ਼ਨਾਨ ਕਰਨ ਤੋਂ ਬਾਅਦ ਜੈਤੂਨ ਦੇ ਤੇਲ ਨਾਲ ਚਮੜੀ ਦੀ ਮਾਲਿਸ਼ ਕਰੋ। ਉਂਗਲੀਆਂ ਦੇ ਪੋਟਿਆਂ ਨੂੰ ਤੇਲ ਵਿਚ ਡੁਬੋ ਕੇ ਝੁਰੜੀਆਂ ਦੀ ਉਲਟ ਦਿਸ਼ਾ ਵੱਲ ਮਾਲਿਸ਼ ਕਰੋ। ਇਸ ਨਾਲ ਝੁਰੜੀਆਂ ਦੂਰ ਹੋਣਗੀਆਂ।
4. ਕੋਸੇ ਪਾਣੀ ਵਿਚ ਥੋੜ੍ਹਾ ਵੇਸਣ ਘੋਲ ਕੇ ਪੇਸਟ ਬਣਾ ਲਓ। ਇਸ ਨੂੰ ਚਿਹਰੇ ਦੀ ਚਮੜੀ ‘ਤੇ ਮਲ ਕੇ ਚਮੜੀ ਸਾਫ ਕਰ ਲਓ। ਹੁਣ ਇਕ ਚਮਚਾ ਸ਼ਹਿਦ ਲੈ ਕੇ ਚਮੜੀ ‘ਤੇ ਲਗਾਓ। ਚਿਹਰੇ ‘ਤੇ ਸ਼ਹਿਦ ਹੇਠਾਂ ਤੋਂ ਉੱਪਰ ਵੱਲ ਲਗਾਓ। ਅੱਧਾ ਘੰਟਾ ਬਾਅਦ ਚਿਹਰਾ ਅਤੇ ਸ਼ਹਿਦ ਲੱਗੇ ਹੋਰ ਭਾਗ ਨੂੰ ਧੋ ਲਵੋ। ਇਹ ਪ੍ਰਯੋਗ ਲਗਾਤਾਰ 6-7 ਹਫਤੇ ਕਰਦੇ ਰਹਿਣ ਨਾਲ ਵਧਦੀ ਉਮਰ ਦੇ ਕਾਰਨ ਪੈਦਾ ਝੁਰੜੀਆਂ ਦੂਰ ਹੋਣਗੀਆਂ।
5. ਕੱਚੇ ਦੁੱਧ ਵਿਚ ਰੂੰ ਦਾ ਫੈਹਾ ਭਿਉਂ ਕੇ ਚਿਹਰਾ, ਗਰਦਨ ਅਤੇ ਹੱਥਾਂ ਦੀ ਚਮੜੀ ‘ਤੇ 5-10 ਵਾਰ ਹੌਲੀ-ਹੌਲੀ ਮਲੋ। 10-15 ਮਿੰਟ ਬਾਅਦ ਚਮੜੀ ਠੰਢੇ ਪਾਣੀ ਨਾਲ ਧੋ ਦਿਉ। ਲਗਾਤਾਰ ਇਸ ਦੇ ਪ੍ਰਯੋਗ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਕੇ ਚਿਹਰਾ ਚਮਕੀਲਾ ਤੇ ਤਾਜ਼ਾ ਹੋ ਜਾਵੇਗਾ।

