ਦਿਲੀ ਭਾਵਨਾਵਾਂ ਅਤੇ ਵਿਸ਼ਵਾਸ ਦੀ ਡੋਰ ਪਤੀ-ਪਤਨੀ ਦਾ ਰਿਸ਼ਤਾ
On 31 March 2010 in ਘਰ-ਪਰਿਵਾਰ
ਸੋਚ ਬਦਲੋ ਸਿਤਾਰੇ ਬਦਲ ਜਾਣਗੇ,
ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ।
ਕਿਸ਼ਤੀ ਬਦਲਣ ਦਾ ਕੋਈ ਲਾਭ ਨਹੀਂ,
ਦਿਸ਼ਾ ਬਦਲੋ, ਆਪਣੇ-ਆਪ ਕਿਨਾਰੇ ਬਦਲ ਜਾਣਗੇ।
ਵਿਆਹੁਤਾ ਜੀਵਨ ਦੀ ਗੱਡੀ ਦੋ ਪਹੀਆਂ ਨਾਲ ਚਲਦੀ ਹੈ। ਇਹ ਪਹੀਏ ਪਤੀ-ਪਤਨੀ ਹਨ। ਜੇਕਰ ਇਨ੍ਹਾਂ ਦੇ ਵਿਚਾਰ ਤਬਾਦਲਾ ਖਿਆਲਾਤ ਆਪਸ ਵਿਚ ਮਿਲਦੇ ਰਹਿਣ ਤਾਂ ਜ਼ਿੰਦਗੀ ਜਿਊਣ ਦਾ ਆਨੰਦ ਆ ਜਾਂਦਾ ਹੈ। ਜੀਵਨ ਵਿਚ ਰੰਗ ਆ ਜਾਂਦਾ ਹੈ ਅਤੇ ਢੰਗ ਆ ਜਾਂਦਾ ਹੈ। ਬਾਲ-ਬੱਚੇ ਵੀ ਵਧੀਆ ਢੰਗ ਨਾਲ ਪਲ ਜਾਂਦੇ ਹਨ। ਘਰ-ਬਾਰ ਵੀ ਬਣ ਜਾਂਦਾ ਹੈ ਅਤੇ ਬੁਢਾਪਾ ਵੀ ਚੰਗਾ ਲੰਘ ਜਾਂਦਾ ਹੈ।
ਵਿਆਹ ਦੋ ਸਰੀਰਾਂ ਦਾ ਹੀ ਨਹੀਂ ਬਲਕਿ ਦੋ ਦਿਲਾਂ ਦਾ ਵੀ ਮੇਲ ਹੁੰਦਾ ਹੈ ਪਰ ਜੇਕਰ ਦੋਵਾਂ ਦੇ ਵਿਚਾਰਾਂ ਵਿਚ ਕੁੜੱਤਣ ਪੈਦਾ ਹੋ ਜਾਵੇ ਤਾਂ ਘਰ ਵਿਚ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਇਹ ਕਲੇਸ਼ ਕਈ ਵਾਰ ਏਨਾ ਵਧ ਜਾਂਦਾ ਹੈ ਕਿ ਨੌਬਤ ਤਲਾਕ ਤੱਕ ਆ ਜਾਂਦੀ ਹੈ ਅਤੇ ਮਾੜੀ ਕਿਸਮਤ ਨੂੰ ਖੁਦਕੁਸ਼ੀ ਅਤੇ ਕਤਲ ਵੀ ਹੋ ਜਾਂਦੇ ਹਨ।
ਤਲਾਕ ਹੋਣ ਦੇ ਕਈ ਕਾਰਨ ਹੁੰਦੇ ਹਨ, ਕਿਉਂਕਿ ਸ਼ਾਦੀ ਵਿਆਹ ਦਾ ਰਿਸ਼ਤਾ ਟੁੱਟਣਾ ਖੇਲ ਨਹੀਂ ਹੈ। ਤਲਾਕ ਦਾ ਇਕ ਕਾਰਨ ਹੈ ਪਤੀ ਜਾਂ ਪਤਨੀ ਦਾ ਸ਼ੱਕੀ ਹੋਣਾ। ਪਤੀ ਹਮੇਸ਼ਾ ਇਹੀ ਸੋਚੀ ਜਾਵੇ ਕਿ ਮੇਰੀ ਪਤਨੀ ਕਿਸੇ ਹੋਰ ਵੱਲ ਆਕਰਸ਼ਿਤ ਹੋ ਰਹੀ ਹੈ। ਕਈ ਵਾਰ ਪਤਨੀ ਨੂੰ ਸ਼ੱਕ ਹੋ ਜਾਂਦਾ ਹੈ। ਇਸ ਤੋਂ ਬਾਅਦ ਦੋਵਾਂ ਦੇ ਮੂੰਹ ਵਿੰਗੇ ਹੋ ਜਾਂਦੇ ਹਨ। ਘਰ ਵਿਚ ਲੜਾਈ-ਝਗੜਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸ਼ੱਕ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ।
ਜੇਕਰ ਪਤੀ ਨਸ਼ਈ ਹੋਵੇ ਤਾਂ ਘਰ ਦਾ ਮਾਹੌਲ ਖਰਾਬ ਹੋ ਜਾਂਦਾ ਹੈ। ਔਰਤ ਜਾਂ ਆਦਮੀ ਵਿਚੋਂ ਜੇਕਰ ਕੋਈ ਬਦਚਲਣ ਹੋਵੇ ਅਤੇ ਆਪਣੇ ਸਾਥੀ ਤੋਂ ਬਿਨਾਂ ਕਿਸੇ ਗ਼ੈਰ ਨਾਲ ਨਾਜਾਇਜ਼ ਸਬੰਧ ਹੋਣ ਤਾਂ ਵੀ ਹਾਲਾਤ ਵਿਗੜ ਜਾਂਦੇ ਹਨ। ਨਤੀਜੇ ਵਜੋਂ ਰੋਜ਼ਾਨਾ ਦੀ ਮਾਰਕੁਟਾਈ ਸ਼ੁਰੂ ਹੋ ਕੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ।
ਪਤੀ-ਪਤਨੀ ਦੇ ਪਿਆਰ ਦੀ ਡੋਰ ਸੱਚ ਦੇ ਧਾਗੇ ਨਾਲ ਬੰਨ੍ਹੀ ਹੋਈ ਹੈ। ਪਤੀ-ਪਤਨੀ ਚੰਗੇ ਦੋਸਤ ਵੀ ਹੁੰਦੇ ਹਨ। ਦੋਸਤੀ ਉਦੋਂ ਤੱਕ ਚਲਦੀ ਹੈ ਜਦੋਂ ਤੱਕ ਦੋਵੇਂ ਸੱਚੇ ਰਹਿਣ। ਦੋਸਤ ਦਾ ਅਰਥ ਹੁੰਦਾ ਹੈ-ਦੋ ਸੱਚ। ਜਦੋਂ ਇਕ ਝੂਠ ਹੋ ਗਿਆ ਤਾਂ ਦੋਸਤੀ ਦਾ ਪਵਿੱਤਰ ਰਿਸ਼ਤਾ ਖਤਮ ਹੋ ਜਾਂਦਾ ਹੈ। ਪਤੀ ਦੀ ਕਮਾਈ ਚੰਗੀ ਹੈ ਅਤੇ ਉਹ ਮਿਹਨਤੀ ਹੈ। ਘਰ ਵਿਚ ਪੈਸੇ ਪਤਨੀ ਦੇ ਹੱਥ ਵਿਚ ਹਨ। ਪਤਨੀ ਆਪਣੇ ਪਤੀ ਤੋਂ ਚੋਰੀ-ਚੋਰੀ ਆਪਣੇ ਪੇਕੇ ਘਰ ਦੀ ਮਦਦ ਕਰਨੀ ਸ਼ੁਰੂ ਕਰ ਦੇਵੇ ਤਾਂ ਵੀ ਘਰ ਵਿਚ ਬਰਕਤ ਨਹੀਂ ਰਹਿੰਦੀ ਅਤੇ ਜਦੋਂ ਇਸ ਗੱਲ ਦਾ ਪਤੀ ਨੂੰ ਪਤਾ ਲਗਦਾ ਹੈ ਤਾਂ ਵੀ ਘਰ ਵਿਚ ਲੜਾਈ-ਝਗੜਾ ਸ਼ੁਰੂ ਹੋ ਜਾਂਦਾ ਹੈ ਅਤੇ ਰਿਸ਼ਤਾ ਟੁੱਟਣ ‘ਤੇ ਆ ਜਾਂਦਾ ਹੈ।
ਤਲਾਕ ਦੇ ਕਈ ਕਾਰਨ ਹੋਰ ਵੀ ਦੇਖਣ ਵਿਚ ਆਏ ਹਨ। ਪਤੀ ਜ਼ਿਆਦਾ ਪੜ੍ਹਿਆ-ਲਿਖਿਆ ਹੋਵੇ ਅਤੇ ਪਤਨੀ ਅਨਪੜ੍ਹ ਹੋਵੇ ਜਾਂ ਪਤਨੀ ਅਧਿਕ ਪੜ੍ਹੀ ਹੋਵੇ ਅਤੇ ਪਤੀ ਘੱਟ ਪੜ੍ਹਿਆ-ਲਿਖਿਆ ਹੋਵੇ। ਜਾਂ ਦੋਵਾਂ ਵਿਚੋਂ ਇਕ ਸ਼ਹਿਰੀ ਹੋਵੇ ਅਤੇ ਦੂਜਾ ਪੇਂਡੂ। ਪ੍ਰੇਮ ਵਿਆਹ ਵੀ ਟੁੱਟਦੇ ਦੇਖੇ ਹਨ। ਪਹਿਲਾਂ ਜੋ ਪ੍ਰੇਮੀ-ਪ੍ਰੇਮਿਕਾ ਹੁੰਦੇ ਹਨ ਅਤੇ ਬਾਅਦ ਵਿਚ ਪਤੀ-ਪਤਨੀ ਬਣ ਜਾਂਦੇ ਹਨ, ਉਨ੍ਹਾਂ ਵਿਚ ਅਹੰਕਾਰ ਆ ਜਾਂਦਾ ਹੈ। ਜਿਹੜਾ ਬੰਦਾ ਸ਼ਾਦੀ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਲਈ ਅੰਬਰਾਂ ਦੇ ਤਾਰੇ ਤੋੜ ਕੇ ਲਿਆਉਣ ਦੀ ਗੱਲ ਕਰਦਾ ਹੈ, ਸ਼ਾਦੀ ਤੋਂ ਬਾਅਦ ਉਹ ਮਰਦ ਪ੍ਰਧਾਨ ਸਮਾਜ ਵਾਲਾ ਪਤੀ ਬਣ ਜਾਂਦਾ ਹੈ ਅਤੇ ਉਸ ਵਿਚ ਅਹੰਕਾਰ ਦਾ ਦਰਿਆ ਠਾਠਾਂ ਮਾਰਦਾ ਹੈ। ਪ੍ਰੇਮਿਕਾ ਪਹਿਲੇ ਸਮੇਂ ਬਾਰੇ ਸੋਚ-ਸੋਚ ਕੇ ਦੁਖੀ ਹੁੰਦੀ ਹੈ ਅਤੇ ਪਸ਼ਚਾਤਾਪ ਦੀ ਅੱਗ ਵਿਚ ਜਲਦੀ ਰਹਿੰਦੀ ਹੈ।
ਲੜਕਾ-ਲੜਕੀ ਦੇ ਵਿਆਹੁਤਾ ਜੀਵਨ ਨੂੰ ਸੁਖੀ ਬਣਾਉਣ ਵਿਚ ਮਾਪਿਆਂ ਦਾ ਵੀ ਕਾਫੀ ਯੋਗਦਾਨ ਹੁੰਦਾ ਹੈ। ਕਈ ਵਾਰ ਲੜਕੀ ਦੇ ਮਾਪੇ ਉਸ ਦੇ ਸਹੁਰੇ ਪਰਿਵਾਰ ਵਿਚ ਦਖਲ-ਅੰਦਾਜ਼ੀ ਕਰਦੇ ਹਨ ਅਤੇ ਉਸ ਨੂੰ ਨਾਜਾਇਜ਼ ਤੌਰ ‘ਤੇ ਸ਼ਹਿ ਦਿੰਦੇ ਰਹਿੰਦੇ ਹਨ, ਇਸ ਲਈ ਉਹ ਆਪਣੇ ਸਹੁਰਿਆਂ ਵਿਚ ਤਾਲਮੇਲ ਨਹੀਂ ਬਿਠਾ ਸਕਦੀ, ਜਿਸ ਕਰਕੇ ਉਸ ਦੀ ਅਣਬਣ ਰਹਿਣ ਲੱਗ ਜਾਂਦੀ ਹੈ। ਹੌਲੀ-ਹੌਲੀ ਝਗੜਾ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਗੱਲ ਪੰਚਾਇਤੀ ਬੰਦਿਆਂ ਅਤੇ ਰਿਸ਼ਤੇਦਾਰਾਂ ਵਿਚ ਚਲੀ ਜਾਂਦੀ ਹੈ। ਫਿਰ ਕੋਰਟ-ਕਚਹਿਰੀਆਂ ਦਾ ਚੱਕਰ ਚੱਲਣਾ ਸ਼ੁਰੂ ਹੋ ਜਾਂਦਾ ਹੈ। ਜਿੰਨੇ ਮੂੰਹ, ਓਨੀਆਂ ਗੱਲਾਂ ਬਣਦੀਆਂ ਹਨ। ਕੋਈ ਕੁੜੀ ਵਿਚ ਕਸੂਰ ਕੱਢਦਾ ਹੈ ਅਤੇ ਕੋਈ ਮੁੰਡੇ ਵਿਚ। ਜਦੋਂ ਪਾਣੀ ਸਿਰੋਂ ਲੱਥ ਜਾਂਦਾ ਹੈ ਤਾਂ ਸ਼ਾਦੀ-ਵਿਆਹ ਵਾਲਾ ਰਿਸ਼ਤਾ ਟੁੱਟ ਕੇ ਤਲਾਕ ਹੋ ਜਾਂਦਾ ਹੈ।
ਇਕ ਅੰਦਾਜ਼ੇ ਮੁਤਾਬਿਕ ਸਾਡੇ ਪੰਜਾਬ ਵਿਚ 30 ਫੀਸਦੀ ਘਰਾਂ ਵਿਚ ਰੋਜ਼ਾਨਾ ਲੜਾਈ-ਝਗੜਾ ਹੁੰਦਾ ਰਹਿੰਦਾ ਹੈ। ਕਈ ਘਰਾਂ ਵਿਚ ਸੱਸ ਇਹ ਸੋਚਦੀ ਹੈ ਕਿ ਮੁੰਡਾ ਵਿਆਹ ਤੋਂ ਬਾਅਦ ਵਹੁਟੀ ਦਾ ਬਣ ਗਿਆ। ਉਹ ਚਾਹੁੰਦੀ ਹੈ ਕਿ ਮੁੰਡਾ-ਵਹੁਟੀ ਉਸ ਦੇ ਹੀ ਕਹਿਣ ਵਿਚ ਰਹਿਣ। ਵਿਆਹ ਤੋਂ ਬਾਅਦ ਕੁਦਰਤੀ ਤੌਰ ‘ਤੇ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਵੀ ਸਮਾਂ ਦੇਣਾ ਹੁੰਦਾ ਹੈ, ਜਿਸ ਕਰਕੇ ਉਸ ਦਾ ਆਪਣੀ ਮਾਤਾ ਵੱਲ ਰੁਝਾਨ ਘਟ ਜਾਂਦਾ ਹੈ। ਸੱਸ-ਸਹੁਰੇ ਨੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਬਹੁਤ ਸਾਰੀਆਂ ਉਮੀਦਾਂ ਲਾਈਆਂ ਹੁੰਦੀਆਂ ਹਨ ਕਿ ਵਹੁਟੀ ਸਾਡੀ ਬਹੁਤ ਸੇਵਾ ਕਰੇਗੀ, ਮੁੰਡਾ-ਵਹੁਟੀ ਸਾਡੇ ਕਹਿਣੇ ਵਿਚ ਰਹਿਣਗੇ। ਜਿਸ ਤਰ੍ਹਾਂ ਅਸੀਂ ਕਹਾਂਗੇ, ਉਸੇ ਤਰ੍ਹਾਂ ਕਰਨਗੇ ਵਗੈਰਾ-ਵਗੈਰਾ ਪਰ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ ਪੂਰੀਆਂ ਨਾ ਹੋਣ ਕਰਕੇ ਘਰ ਵਿਚ ਕੁੜ-ਕੁੜ ਹੋਣ ਲੱਗ ਜਾਂਦੀ ਹੈ।
ਨੂੰਹ-ਸੱਸ ਦੀ ਲੜਾਈ ਤੋਂ ਸ਼ੁਰੂ ਹੋ ਕੇ ਗੱਲ ਵਿਆਹ ਟੁੱਟਣ ‘ਤੇ ਆ ਜਾਂਦੀ ਹੈ। ਪਤੀ ਦੋਵਾਂ ਪਾਸਿਆਂ ਤੋਂ ਮਾਰ ਖਾਂਦਾ ਹੈ। ਜੇਕਰ ਮਾਤਾ ਦੀ ਗੱਲ ਮੰਨਦਾ ਹੈ ਤਾਂ ਘਰ ਵਾਲੀ ਨਾਰਾਜ਼ ਹੋ ਜਾਂਦੀ ਹੈ, ਜੇ ਘਰ ਵਾਲੀ ਦੀ ਗੱਲ ਮੰਨੇ ਤਾਂ ਮਾਤਾ ਨਾਰਾਜ਼ ਹੋ ਜਾਂਦੀ ਹੈ। ਸਾਰਾ ਮਾਹੌਲ ਹੀ ਖਰਾਬ ਹੋ ਜਾਂਦਾ ਹੈ। ਕਈ ਵਾਰ ਸੱਸ-ਨੂੰਹ ਅਖੌਤੀ ਬਾਬਿਆਂ ਕੋਲ ਜਾਣ ਲੱਗ ਜਾਂਦੀਆਂ ਹਨ। ਜੋ ਮਸਲੇ ਦਾ ਸਹੀ ਹੱਲ ਕਰਨ ਦੀ ਬਜਾਏ ਦੋਵਾਂ ਨੂੰ ਵਹਿਮਾਂ-ਭਰਮਾਂ ਵਿਚ ਪਾ ਕੇ ਮਾਨਸਿਕ ਅਤੇ ਆਰਥਿਕ ਲੁੱਟ-ਖਸੁੱਟ ਕਰਦੇ ਹਨ ਅਤੇ ਕਈ ਵਾਰ ਸਰੀਰਕ ਲੁੱਟ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹ ਲੜਾਈ ਵਧ ਕੇ ਰਿਸ਼ਤੇਦਾਰਾਂ ਤੱਕ ਚਲੀ ਜਾਂਦੀ ਹੈ ਅਤੇ ਮਿਠਾਸ ਭਰੇ ਰਿਸ਼ਤਿਆਂ ਵਿਚ ਕੜਵਾਹਟ ਪੈਦਾ ਹੋ ਜਾਂਦੀ ਹੈ। ਜੇਕਰ ਕੋਈ ਸਮਝਦਾਰ ਅਤੇ ਅਸਰ-ਰਸੂਖ ਵਾਲਾ ਵਿਅਕਤੀ ਮਿਲ ਜਾਵੇ ਤਾਂ ਠੀਕ ਹੈ, ਨਹੀਂ ਤਾਂ ਨਤੀਜਾ ਤਲਾਕ ਦੇ ਵਰਤਾਰੇ ਵਿਚ ਹੀ ਨਿਕਲਦਾ ਹੈ।
ਹਰ ਇਕ ਇਨਸਾਨ ਚਾਹੁੰਦਾ ਹੈ ਕਿ ਮੇਰਾ ਵਿਆਹੁਤਾ ਜੀਵਨ ਸੁਖੀ ਹੋਵੇ। ਉਸ ਦਾ ਜੀਵਨ ਸਾਥੀ ਨਾਲ ਪਿਆਰ ਬਣਿਆ ਰਹੇ। ਇਸ ਲਈ ਤਲਾਕ ਤੋਂ ਬਚਣ ਦੇ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ। ਆਪਣੇ ਜੀਵਨ ਸਾਥੀ ਪ੍ਰਤੀ ਹਮੇਸ਼ਾ ਵਫਾਦਾਰ ਰਹੋ। ਪਤੀ-ਪਤਨੀ ਇਕ-ਦੂਜੇ ‘ਤੇ ਵਿਸ਼ਵਾਸ ਰੱਖਣ, ਭਾਵਨਾਵਾਂ ਦੀ ਕਦਰ ਕਰਨ, ਸੁਖੀ ਜੀਵਨ ਲਈ ਕੁਝ ਕਾਮਯਾਬ ਨੁਸਖੇ ਹੇਠ ਲਿਖੇ ਅਨੁਸਾਰ ਹਨ :
ੲ ਜੇਕਰ ਕਿਸੇ ਗੱਲ ‘ਤੇ ਜਾਂ ਮਸਲੇ ‘ਤੇ ਕੋਈ ਵਿਚਾਰ ਵਿਰੋਧ ਹੋ ਜਾਵੇ ਤਾਂ ਦੋਵਾਂ ਨੂੰ ਮਿਲ ਬੈਠ ਕੇ ਆਪਸ ਵਿਚ ਵਿਚਾਰ ਕਰਕੇ ਉਸ ਦਾ ਹੱਲ ਕੱਢਣਾ ਚਾਹੀਦਾ ਹੈ।
ੲ ਪਤੀ ਕਦੇ ਵੀ ਪਤਨੀ ਦੇ ਰਿਸ਼ਤੇਦਾਰਾਂ ਦੀ ਆਲੋਚਨਾ ਨਾ ਕਰੇ ਅਤੇ ਪਤਨੀ ਵੀ ਪਤੀ ਦੇ ਰਿਸ਼ਤੇਦਾਰਾਂ ਦੀ ਆਲੋਚਨਾ ਨਾ ਕਰੇ।
ੲ ਕਦੇ ਵੀ ਆਪਣੇ ਸਾਥੀ ਦੀ ਨਿੰਦਿਆ ਸੁਣ ਕੇ ਭੜਕਾਹਟ ਵਿਚ ਨਾ ਆਓ। ਸਮਾਂ ਦੇਖ ਕੇ ਅਤੇ ਹਾਲਾਤ ਦੇਖ ਕੇ ਆਪਣੇ ਸਾਥੀ ਨਾਲ ਨਿਮਰਤਾ ਨਾਲ ਗੱਲ ਸਾਂਝੀ ਕਰੋ।
ਕੰਨਾਂ ਦਿਆ ਕੱਚਿਆ ਨਹੀਂ ਲੋਕਾਂ ਪਿੱਛੇ ਲੱਗੀਦਾ,
ਭਰਿਆ ਜ਼ਮਾਨਾ ਪਿਆ ਬੇਈਮਾਨੀ ਠੱਗੀ ਦਾ।
ਹੱਸਦੇ ਘਰਾਂ ਨੂੰ ਦਿੰਦਾ ਪੱਟ ਵੇ ਸਦਾਈਆ……
ਕਦੇ-ਕਦੇ ਸੋਹਣਿਆਂ ਲੜਾਈ ਚੰਗੀ ਪਿਆਰ ਦੀ,
ਪਰ ਵਿਚ ਹੋਵੇ ਨਾ ਜੇ ਗੱਲ ਜਿੱਤ-ਹਾਰ ਦੀ।

