ਸਿੱਖਾਂ ਨੂੰ ਸਮੇਂ ਦੀ ਨਬਜ਼ ਪਛਾਨਣ ਦੀ ਲੋੜ ਐ
On 29 April 2010 in ਸੰਪਾਦਕੀ
ਸਿੱਖਾਂ ਨੂੰ ਕਨੇਡਾ ਦੀ ਧਰਤੀ ਤੇ ਵਸਦਿਆਂ 100 ਸਾਲ ਤੋਂ ਉੱਪਰ ਹੋ ਗਿਆ ਹੈ। ਸਿੱਖਾਂ ਨੇ ਆਪਣਾ ਵਤਨ ਪਿੱਛੇ ਛੱਡ ਕਨੇਡਾ ਨੂੰ ਆਪਣਾ ਨਵਾਂ ਦੇਸ਼ ਬਣਾਇਆ। ਇਸ ਦੀ ਤਰੱਕੀ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਖਾ ਯੋਗਦਾਨ ਪਾਇਆ ਹੈ, ਕਨੇਡਾ ਵਿੱਚ ਅੱਜ ਸਿੱਖਾਂ ਦੀ ਜਿੱਥੇ ਵੀ ਵਧੇਰੇ ਵਸੋਂ ਹੈ ਉੱਥੇ ਉੱਥੇ ਸਿਆਸਤ ਵਿੱਚ ਵੀ ਆਪਣੀ ਧਾਕ ਜਮਾਈ ਹੈ। ਉੱਥੇ ਆਪਣੇ ਧਾਰਮਿਕ ਪੱਖ ਨੂੰ ਉਜਾਗਰ ਕਰਨ ਲਈ ਵੱਡੇ ਵੱਡੇ ਗੁਰਦੁਆਰਾ ਸਾਹਿਬ ਉਸਾਰੇ ਹਨ, ਇਹ ਗੱਲ ਵੱਖਰੀ ਹੈ ਜਿੰਨੇ ਵੱਡੇ ਗੁਰਦੁਆਰੇ ਹਨ ਉਨ੍ਹਾਂ ਵਿਵਾਦ ਵੀ ਓਨੇ ਵਿਵਾਦ ਵੱਡੇ ਜੁੜੇ ਹੋਏ ਹਨ, ਆਏ ਦਿਨ ਧਾਰਮਿਕ ਅਸਥਾਨਾਂ ‘ਤੇ ਹੁੰਦੇ ਲੜਾਈ ਝਗੜੇ। ਕਿਸੇ ਵੀ ਧਰਮ ਜਾਂ ਕੌਮ ਨਾਲ ਹਮੇਸ਼ਾ ਦੋ ਪੱਖ ਜੁੜੇ ਹੁੰਦੇ ਹਨ। ਇੱਕ ਵਧੀਆ ਅਤੇ ਤਰੱਕੀ ਵਾਲਾ ਪੱਖ ਦੂਜਾ ਸ਼ਰਾਰਤੀ ਅਤੇ ਪਿੱਛ੍ਹਾਂ ਖਿੱਚੂ ਸੋਚ। ਕਨੇਡਾ ਵਿੱਚ ਰਹਿੰਦੇ ਹੋਏ ਸਿੱਖਾਂ ਨਾਲ ਵੀ ਇਹ ਦੋਹੇਂ ਪੱਖ ਬਰੋਬਰਾ ਚਲਦੇ ਆ ਰਹੇ ਹਨ। ਭਾਰਤ ਵਿੱਚ ਜੋ ਕੁੱਝ ਵਾਪਰਦਾ ਹੈ ਉਸ ਦਾ ਪ੍ਰਤੀਕਰਮ ਕਨੇਡਾ ਦੇ ਸਿੱਖਾਂ ਵਿੱਚ ਸਾਫ਼ ਦੇਖਣ ਨੂੰ ਮਿਲਦਾ ਹੈ। ਵੱਡੀ ਗਿਣਤੀ ਵਿੱਚ ਉਹ ਲੋਕ ਹਨ ਜਿਹੜੇ ਆਪਣੇ ਪਿਆਰੇ ਵਤਨ ਨੂੰ ਪਿਆਰ ਕਰਦੇ ਹਨ। ਇਹ ਗੱਲ ਵੱਖਰੀ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨਾਲ ਜ਼ਿਆਦਤੀਆਂ ਕੀਤੀਆਂ, ਇਹ ਵੀ ਕਿਹਾ ਜਾਂਦਾ ਹੈ ਕਿ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਵੀ ਵਿਤਕਰਾ ਕਰਦੀਆਂ ਆ ਰਹੀਆਂ ਹਨ। ਇਸ ਲਈ ਜਿੱਥੇ ਕੇਂਦਰ ਦੀ ਸਿਆਸਤ ਜਿ਼ੰਮੇਵਾਰ ਹੈ ਉੱਥੇ ਪੰਜਾਬੀ ਦੀ ਕਮਜ਼ੋਰ ਲੀਡਰਸਿ਼ਪ ਵਧੇਰੇ ਕਸੂਰਵਾਰ ਹੈ। ਪਰ ਇਨ੍ਹਾਂ ਗੱਲਾਂ ਦਾ ਅਸਰ ਕਨੇਡਾ ਰਹਿੰਦੇ ਸਿੱਖਾਂ ਵਿੱਚ ਆਮ ਦੇਖਣ ਨੂੰ ਮਿਲ ਜਾਂਦਾ ਹੈ। ਹਰਿਮੰਦਰ ਸਾਹਿਬ ਤੇ ਸਰਕਾਰੀ ਹਮਲੇ ਤੋਂ ਬਾਅਦ ਅਤੇ 1984 ਦੇ ਸਿੱਖ ਕਤਲੇਆਮ ਤੋਂ ਬਾਅਦ ਵੱਖਰੀ ਸੁਰ ਵਾਲੀ ਲਹਿਰ ਕਨੇਡਾ ਵਿੱਚ ਲਗਾਤਾਰ ਚਲਦੀ ਆ ਰਹੀ ਹੈ। ਇਹ ਵੀ ਜ਼ਰੂਰ ਦੇਖਣ ਨੂੰ ਮਿਲਿਆ ਹੈ ਕਿ ਸਮੇਂ ਦੇ ਨਾਲ ਇਹ ਘਟਦੀ ਵਧਦੀ ਜ਼ਰੂਰ ਰਹੀ ਹੈ। ਬਹੁਤੀ ਵਾਰ ਇਸ ਲਹਿਰ ਨੂੰ ਸਿੱਖਾਂ ਦੇ ਭਲੇ ਨਾਲੋਂ ਇਸ ਲਹਿਰ ਵਿੱਚ ਵਿਚਰ ਰਹੇ ਲੋਕਾਂ ਦੇ ਆਪਣੇ ਭਲੇ ਨਾਲ ਵਧੇਰੇ ਜੋੜਿਆ ਜਾਂਦਾ ਹੈ। ਉਜੱਲ ਦੁਸਾਂਝ ਵਰਗੇ ਬਹੁਤ ਸਾਰੇ ਲੋਕ ਹਨ ਜਿਹੜੇ ਇਨ੍ਹਾਂ ਤੋਂ ਬਿਲਕੁਲ ਉਲਟੀ ਸੋਚ ਰਖਦੇ ਹਨ। ਜਿਸਦਾ ਮੁੱਖ ਧਾਰਾ ਦਾ ਮੀਡੀਆ ਪੂਰਾ ਫਾਇਦਾ ਲੈਂਦਾ ਰਿਹਾ ਹੈ ਅਤੇ ਹੁਣ ਵੀ ਲੈ ਰਿਹਾ ਹੈ। ਕਿਉਂਕਿ ਉਜੱਲ ਦੁਸਾਂਝ ਹੁਣਾ ਦਾ ਬਿਆਨ ਕੁੱਝ ਜਿ਼ਆਦਾ ਹੀ ਭੜਕਾਊ ਬਿਆਨ ਸੀ। ਇਹ ਕਹਿਣਾ ਕਿ ਅਲਬਰਟਾ ਵਿੱਚ ਕਿਤੇ ਥਾਂ ਲੈਕੇ ਖਾਲਿਸਤਾਨ ਬਣਾ ਲੈਕੇ ਇਹ ਵੀ ਜਚਦਾ ਨਹੀਂ ਹੈ। ਕਿਊਂਕਿ ਜੇਕਰ ਬਹੁਤੇ ਵੱਖਰੀ ਸੋਚ ਵਾਲਿਆਂ ਨੂੰ ਇਹ ਪੁੱਛ ਲਵੋ ਕਿ ਜਿੱਥੇ ਖਾਲਿਸਤਾਨ ਬਣਨਾ ਹੈ ਉੱਥੇ ਜਾ ਕੇ ਰਹਿਣਾ ਤਾਂ ਸਾਰੇ ਨਾਂਹ ਵਿੱਚ ਜੁਆਬ ਦੇਣਗੇ। ਮੁੱਖ ਧਾਰਾ ਦੇ ਮੀਡੀਏ ਨੇ ਵੀ ਇਸ ਦੁਸਾਂਝ ਸਾਹਿਬ ਦੇ ਬਿਆਨ ਨੂੰ ਲੋੜ ਨਾਲੋਂ ਵੱਧ ਤੂਲ ਦੇ ਦਿੱਤਾ।
ਪਿਛਲੇ ਕੁੱਝ ਹਫ਼ਤਿਆਂ ਤੋਂ ਟੋਰਾਂਟੋ ਅਤੇ ਵੈਨਕੁਵਰ ਵਿੱਚ ਕੁੱਝ ਐਸੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਨਾਲ ਇੱਕ ਵਾਰ ਫਿਰ ਸਿੱਖ ਮੁੱਖ ਧਾਰਾ ਦੇ ਮੀਡੀਏ ਦਾ ਸਿੱਧਾ ਨਿਸ਼ਾਨਾ ਬਣ ਗਏ ਹਨ। ਕੁੱਝ ਇਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਵਿੱਚ ਵੀ ਸਿੱਖਾਂ ਨਾਲ ਹੁੰਦੀਆਂ ਆ ਰਹੀਆਂ ਹਨ। ਜਿਸ ਕਨੇਡੀਅਨ ਸਮਾਜ ਵਿੱਚ ਸਿੱਖਾਂ ਦੇ ਅਕਸ ਨੂੰ ਢਾਹ ਲੱਗੀ ਹੈ। ਸਿੱਖਾਂ ਦੀ ਪਛਾਣ ਨਾਲ ਇਹ ਜੋੜ ਦਿੱਤਾ ਗਿਆ ਹੈ ਕਿ ਇਹ ਲੋਕ ਹਿੰਸਕ ਕਾਰਵਾਈਆਂ ਵਿੱਚ ਵਧੇਰੇ ਯਕੀਨ ਰੱਖਦੇ ਹਨ। ਜਦੋਂ ਸਿੱਖ ਕੌਮ ਹੋਂਦ ਵਿੱਚ ਆਈ ਉਸ ਸਮੇਂ ਦਾ ਮਾਹੌਲ ਇਸ ਤਰ੍ਹਾਂ ਦਾ ਸੀ ਕਿ ਸਾਡੇ ਪੁਰਖਿਆਂ ਦਾ ਬਹੁਤਾ ਸਮਾਂ ਲੜਾਈਆਂ ਵਿੱਚ ਹੀ ਲੰਘਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਸਿੱਖਾਂ ਨੂੰ ਕਿਰਪਾਨ ਬਖ਼ਸ਼ੀ। ਜਿੱਥੇ ਇਹ ਆਪਣੀ ਰੱਖਿਆ ਲਈ ਸੀ ਉੱਥੇ ਲੋੜਵੰਦ ਅਤੇ ਗਾਊ ਗਰੀਬ ਦੀ ਰੱਖਿਆ ਲਈ ਵੀ ਸੀ। ਸਮਾਂ ਬਦਲਿਆ ਹੁਣ ਸਿੰਘ ਨੂੰ ਨਿੱਤ ਮੁਹਿੰਮਾਂ ਨਹੀਂ ਹਨ। ਪਰ ਉਹੀ ਕਿਰਪਾਨ ਅਸੀਂ ਆਪਣੇ ਲੋਕਾਂ ਲਈ ਵਰਤਣੀ ਸ਼ੁਰੂ ਕਰ ਦਿੱਤੀ। ਬਰੈਂਪਟਨ ਦੇ ਸਿੱਖ ਲਹਿਰ ਗੁਰਦੁਆਰੇ, ਫਿਰ ਗਲਿਡਨ ਰੋਡ ਗੁਰਦੁਆਰੇ ਵਿੱਚ ਜੋ ਹਿੰਸਕ ਕਾਰਵਾਈ ਹੋਈ ਉਸ ਨੂੰ ਸਿੱਖੀ ਦੇ ਹਿਸਾਬ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਸਿੱਖਾਂ ਦੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਹੁਣ ਮੁੱਖ ਧਾਰਾ ਦਾ ਮੀਡੀਆ ਸਾਡੇ ਧਾਰਮਿਕ ਕੰਮਾਂ ਵਿੱਚ ਵੀ ਪੂਰੀ ਦਿਲਚਸਪੀ ਲੈ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਕਬਜਿ਼ਆਂ ਨੂੰ ਲੈਕੇ ਹੋਣ ਵਾਲੀਆਂ ਲੜਾਈਆਂ ਹੁਣ ਮੁੱਖ ਧਾਰਾ ਦੇ ਮੀਡੀਏ ਵਿੱਚ ਵੀ ਸੁਰਖ਼ੀਆਂ ਬਣਦੀਆਂ ਹਨ। ਇਸ ਲੜਾਈ ਨੂੰ ਲਾਲਚ, ਚੌਧਰ ਅਤੇ ਗੋਲਕ ਦੀ ਮਾਇਆ ਦੀ ਭੁੱਖ ਲਈ ਦੱਸਿਆ ਗਿਆ ਹੈ। ਇਸ ਵਿੱਚ ਝੂਠ ਵੀ ਕੋਈ ਨਹੀਂ ਹੈ, ਸਾਡੇ ਆਲ਼ੇ ਦੁਆਲ਼ੇ ਹੋ ਵੀ ਇਸੇ ਤਰ੍ਹਾਂ ਰਿਹਾ ਹੈ। ਮਾਇਆ ਦੇ ਲਾਲਚ ਨੂੰ ਜੇ ਪਾਸੇ ਵੀ ਕਰ ਦੇਈਏ ਤਾਂ ਵੀ ਚੌਧਰ ਦੀ ਭੁੱਖ ਸਿੱਖਾਂ ਨੂੰ ਆਪਣਿਆਂ ਦੇ ਖ਼ੂਨ ਦੇ ਪਿਆਸੇ ਬਣਾ ਰਹੀ ਹੈ। ਇਹੀ ਕੁੱਝ ਪਿਛਲੇ ਦਿਨਾਂ ਵਿੱਚ ਬਰੈਂਪਟਨ ਵਿੱਚ ਦੇਖਣ ਨੂੰ ਮਿਲਿਆ ਹੈ। ਜਿਸ ਨੇ ਸਮੁੱਚੀ ਸਿੱਖ ਕੌਮ ਨੂੰ ਇੱਕ ਰੱਸੇ ਬੰਨ੍ਹ ਦਿੱਤਾ ਹੈ।
ਵਿੰਡਸਰ ਦੇ ਸੁਖਦੇਵ ਸਿੰਘ ਨੂੰ ਕਿਰਪਾਨ ਪਾਕੇ ਅਦਾਲਤ ਵਿੱਚ ਨਾ ਜਾਣ ਦੇਣਾ, ਸਰੀ ਦੇ ਨਗਰ ਕੀਰਤਨ ਵਿੱਚ ਮੇਅਰ ਦੀ ਬੇਨਤੀ ਨੂੰ ਨਾ ਮੰਨਣਾ, ਸਾਂਸਦ ਉੱਜਲ ਦੁਸਾਂਝ ਅਤੇ ਦੇਵ ਹੇਅਰ ਵਾਰੇ ਬਿਆਨ, ਫਿਰ ਦੁਸਾਂਝ ਵਲੋਂ ਮੁੱਖ ਧਾਰਾ ਦੇ ਮੀਡੀਏ ਵਿੱਚ ਬਿਆਨ, ਬਰੈਂਪਟਨ ਅਤੇ ਰੈਕਸਡੇਲ ਦੇ ਗੁਰਦੁਆਰਿਆਂ ਨੂੰ ਲੈਕੇ ਧੜੇ ਬੰਧਕ ਲੜਾਈ ਇਹ ਸਾਰੇ ਮਾਮਲੇ ਇੱਕ ਦੂਸਰੇ ਨਾਲ ਸਬੰਧਿਤ ਹਨ। ਕੁੱਝ ਅੰਸਰ ਹਨ ਜਿਹੜੇ ਸਿੱਖ ਕੌਮ ਦਾ ਅਕਸ ਇਸ ਕਨੇਡੀਅਨ ਸਮਾਜ ਵਿੱਚ ਵਿਗਾੜਨਾ ਚਾਹੁੰਦੇ ਹਨ। ਸਿੱਖੀ ਦੇ ਭੇਸ ਵਿੱਚ ਇਹ ਲੋਕ ਸਿੱਖਾਂ ਦੇ ਹੀ ਦੁਸ਼ਮਣ ਹਨ। ਲੜਾਈ ਸਿਰਫ਼ ਉਨ੍ਹਾਂ ਗੁਰਦੁਆਰਿਆਂ ਵਿੱਚ ਹੀ ਕਿਊਂ ਹੋ ਰਹੀ ਹੈ ਜਿੱਥੇ ਵਧੇਰੇ ਸੰਗਤ ਆਉਂਦੀ ਹੈ। ਟੋਰਾਂਟੋ ਦੇ ਵਿੱਚ ਇਸ ਤਰ੍ਹਾਂ ਦੇ ਵੀ ਗੁਰਦੁਆਰੇ ਹਨ ਜਿੱਥੇ ਹੁਣ ਸੰਗਤ ਬਹੁਤ ਥੋੜ੍ਹੀ ਰਹਿ ਗਈ ਹੈ। ਉੱਥੋਂ ਕਿਊਂ ਇਹ ਸੇਵਾਦਾਰ ਪੱਤਰੇ ਵਾਚ ਗਏ ਹਨ। ਇਸ ਦਾ ਕੋਈ ਤਾਂ ਕਾਰਨ ਹੋਵੇਗਾ। ਜੇ ਮਾਇਆ ਨਹੀਂ ਤਾਂ ਫਿਰ ਚੌਧਰ ਲੋਕਾਂ ਦੀ ਬੱਲ ਬੱਲੇ ਲਈ ਸਾਡੇ ਇਨ੍ਹਾਂ ਗੁਰਦੁਆਰਿਆਂ ਦੇ ਠੇਕੇਦਾਰਾਂ ਅਸੀਂ ਇਨ੍ਹਾਂ ਨੂੰ ਧਰਮ ਦੇ ਠੇਕੇਦਾਰ ਨਹੀਂ ਕਹਾਂਗੇ ਕਿਊਂਕਿ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਧਰਮ ਦੀ ਪਰਿਭਾਸ਼ਾ ਹੀ ਨਹੀਂ ਪਤਾ ਹੋਣੀ ਸੋ ਇਹ ਲੋਕ ਗੁਰਦੁਆਰਿਆਂ ਦੇ ਠੇਕੇਦਾਰ ਨੇ ਗੁਰਦੁਆਰਿਆਂ ਤੇ ਕਬਜ਼ਾ ਕੀਤਾ ਹੋਇਆ ਹੈ। ਕਹਿਣ ਨੂੰ ਹਰ ਕੋਈ ਸੰਗਤ ਦੇ ਗੁਰਦੁਆਰੇ ਕਹਿ ਰਿਹਾ ਹੈ, ਪਰ ਸੰਗਤ ਦੀ ਪੁੱਛਦਾ ਕੌਣ ਹੈ। ਆਮ ਗੁਰੂ ਦਾ ਸਿੱਖ ਗੁਰਦੁਆਰੇ ਮੱਥਾ ਟੇਕਣ ਜਾਂਦਾ ਹੈ ਬਹੁਤਿਆਂ ਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਉੱਥੇ ਕਿਹੜੀ ਕਮੇਟੀ ਹੈ। ਪਰ ਆਮ ਸਿੱਖ ਨੂੰ ਕੁੱਝ ਜਾਗਰੁਕ ਹੋਣ ਦੀ ਲੋੜ ਹੈ ਨਹੀਂ ਤਾਂ ਸਿੱਖਾਂ ਦਾ ਅਕਸ ਇਸੇ ਤਰ੍ਹਾਂ ਖ਼ਰਾਬ ਹੁੰਦਾ ਰਹੇਗਾ। ਬਹੁਮਤ ਸਿੱਖ ਕਨੇਡੀਅਨ ਸਿਸਟਮ ਅਤੇ ਕਨੂੰਨ ਦੇ ਦਾਇਰੇ ਵਿੱਚ ਰਹਿਣਾ ਚਾਹੁੰਦਾ ਹੈ। ਪਰ ਸਿਰਫ਼ ਕੁੱਝ ਲੋਕ ਹੀ ਹਨ। ਜਿਹੜੇ ਸਾਰੀ ਸਿੱਖ ਕੌਮ ਨੂੰ ਕਲੰਕਿਤ ਕਰਦੇ ਹਨ। ਲੋੜ ਹੈ ਉਨ੍ਹਾਂ ਲੋਕਾਂ ਨੂੰ ਪਛਾਣਨ ਦੀ, ਉਨ੍ਹਾਂ ਲੋਕਾਂ ਨੂੰ ਇਹ ਦੱਸਣ ਦੀ ਕਿ ਸਿਰਫ਼ ਓਹੀ ਗੁਰੂ ਦੇ ਸਿੱਖ ਨਹੀਂ ਹਨ। ਅਸੀਂ ਜਿਸ ਸਿਸਟਮ ਵਿੱਚ ਰਹਿੰਦੇ ਹਾਂ ਉਸ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ ਹੈ। ਦਸਤਾਰ ਅਤੇ ਕਿਰਪਾਨ ਪਹਿਨਣ ਦਾ ਹੱਕ ਅਸੀਂ ਲੋਕਾਂ ਨੇ ਬੜੀ ਘਾਲਣਾ ਤੋਂ ਬਾਅਦ ਹਾਸਲ ਕੀਤਾ ਹੈ, ਕੁੱਝ ਲੋਕਾਂ ਦੀ ਨਾ ਸਮਝੀ ਨਾਲ ਕਿਤੇ ਫਿਰ ਨਾ ਸਾਨੂੰ ਅਦਾਲਤਾਂ ਦੇ ਗੇੜੇ ਲਾਉਣੇ ਪੈਣ। ਲੋੜ ਹੈ ਨਵੀਂ ਲੀਡਰਸਿ਼ਪ ਦੀ, ਨਵੇਂ ਖ਼ੂਨ ਦੀ ਜਿਸ ਨਾਲ ਗੁਰਦੁਆਰਿਆਂ ਵਿੱਚ ਚਲਦੀ ਸਿਆਸਤ ਨੂੰ ਠੱਲ੍ਹ ਪਵੇ, ਸਿੱਖ ਕੌਮ ਦਾ ਅਕਸ ਕਨੇਡਾ ਪੱਧਰ ‘ਤੇ ਹੋਰ ਨਿੱਖਰ ਕੇ ਸਾਹਮਣੇ ਆਏ।



