ਗੁਰਦੁਆਰਾ ਪ੍ਰਬੰਧ ਨੂੰ ਲੈਕੇ ਸੱਦੀ ਮੀਟਿੰਗ ਇੱਕ ਵਧੀਆ ਕਦਮ
On 12 May 2010 in ਸੰਪਾਦਕੀ
ਪਿਛਲੇ ਕੁੱਝ ਮਹੀਨਿਆਂ ਤੋਂ ਕਨੇਡਾ ਵਸਦੇ ਸਿੱਖ ਚਰਚਾ ਵਿੱਚ ਹਨ। ਵੈਸੇ ਤਾਂ ਹਰ ਸਾਲ ਅਪ੍ਰੈਲ ਦੇ ਮਹੀਨੇ ਵਿਸਾਖੀ ਦੇ ਦਿਨਾਂ ਵਿੱਚ ਨਗਰ ਕੀਰਤਨ ਖ਼ਾਸ ਕਰਕੇ ਸਰੀ ਵਾਲਾ ਨਗਰ ਕੀਰਤਨ ਚਰਚਾ ਵਿੱਚ ਆ ਹੀ ਜਾਂਦਾ ਹੈ ਪਰ ਇਸ ਵਾਰ ਨਗਰ ਕੀਰਤਨਾਂ ਵਿੱਚ ਖਾੜਕੂ ਸਿੰਘ ਦੀਆਂ ਤਸਵੀਰਾਂ ਦੇ ਮਸਲੇ ਤੋਂ ਇਲਾਵਾ ਵੀ ਕਨੇਡੀਅਨ ਸਿੱਖ ਚਰਚਾ ਵਿੱਚ ਰਹੇ ਹਨ। ਪ੍ਰੋ ਦਰਸ਼ਨ ਸਿੰਘ ਦੇ ਮਾਮਲੇ ਨੂੰ ਲੈਕੇ ਹੋਈ ਲੜਾਈ। ਰੈਕਸਡੇਲ ਗੁਰਦੁਆਰੇ ਦੇ ਪ੍ਰਬੰਧ ਨੂੰ ਲੈਕੇ ਲੜਾਈ, ਬਰੈਂਪਟਨ ਦੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਲੜਾਈ ਇਹ ਕੁੱਝ ਹੋਰ ਮੁੱਦੇ ਹਨ ਜਿਨ੍ਹਾਂ ਕਰਕੇ ਇੱਕ ਵਾਰ ਫਿਰ ਕਨੇਡੀਅਨ ਸਿੱਖ ਚਰਚਾ ਵਿੱਚ ਰਹੇ ਹਨ। ਕਨੇਡਾ ਇੱਕ ਸ਼ਾਂਤੀ ਪਸੰਦ ਮੁਲਕ ਮੰਨਿਆਂ ਗਿਆ ਹੈ ਜਦੋਂ ਇੱਥੇ ਰਹਿੰਦੇ ਕਿਸੇ ਭਾਈਚਾਰੇ ਵਿੱਚ ਹਿੰਸਕ ਕਾਰਵਾਈਆਂ ਦੀਆਂ ਖ਼ਬਰਾਂ ਆਉਂਦੀਆਂ ਹਨ ਤਾਂ ਸਮੁੱਚੇ ਕਨੇਡਾ ਦੀਆਂ ਨਜ਼ਰਾਂ ਉਸ ਭਾਈਚਾਰੇ ਵਲ ਖਿੱਚੀਆਂ ਚਲੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਦਾ ਪਿਛਲੇ ਦਿਨਾਂ ਵਿੱਚ ਸਿੱਖ ਭਾਈਚਾਰੇ ਨਾਲ ਹੋਇਆ ਹੈ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਸਿੱਖਾਂ ਵਿੱਚ ਜੱਦੋ ਜਹਿਦ ਹੁਣ ਨਵੀਂ ਨਹੀਂ ਹੈ। ਪਹਿਲਾਂ ਵੀ ਸਿੱਖਾਂ ਨੇ ਆਪਣੇ ਗੁਰਦੁਆਰੇ ਮਸੰਦਾਂ ਤੋਂ ਅਜ਼ਾਦ ਕਰਵਾਉਣ ਲਈ ਲੰਬੀ ਲੜਾਈ ਲੜੀ। ਭਾਰਤ ਵਿੱਚ ਵੀ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਲੈਕੇ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਪਰ ਜਦੋਂ ਕਨੇਡਾ ਵਰਗੇ ਮੁਲਕ ਵਿੱਚ ਜਿੱਥੇ ਬਹੁਤੇ ਭਾਈਚਾਰੇ ਸ਼ਾਂਤੀ ਅਤੇ ਅਮਨ ਚੈਨ ਨਾਲ ਰਹਿਣਾ ਪਸੰਦ ਕਰਦੇ ਹੋਣ ਅਤੇ ਉੱਥੇ ਧਾਰਮਿਕ ਅਸਥਾਨਾਂ ਨੂੰ ਲੈਕੇ ਲੜਾਈਆਂ ਹੋਣ ਲੱਗ ਪੈਣ ਤਾਂ ਉਨ੍ਹਾਂ ਦਾ ਧਿਆਨ ਇਨ੍ਹਾਂ ਘਟਨਾਵਾਂ ਵਲ ਆਉਣਾ ਸੁਭਾਵਕ ਹੀ ਹੈ। ਦੂਜਾ ਅੱਗ ‘ਚ ਘਿਊ ਪਾਉਣ ਵਾਲਾ ਕੰਮ ਕਈ ਵਾਰ ਮੁੱਖ ਧਾਰਾ ਦਾ ਮੀਡੀਆ ਵੀ ਕਰ ਦਿੰਦਾ ਹੈ। ਸਿੱਖਾਂ ਦਾ ਕੋਈ ਵਧੀਆ ਕਾਰਜ ਮੂਲੋਂ ਹੀ ਅੱਖੋਂ ਪਰੋਖੇ ਕਰ ਦੇਣਾ, ਅਤੇ ਕੋਈ ਮਾੜੀ ਜਿਹੀ ਗ਼ਲਤ ਘਟਨਾ ਨੂੰ ਲੋੜ ਨਾਲੋਂ ਵੱਧ ਤੂਲ ਦੇਣਾ ਆਮ ਜਿਹੀ ਗੱਲ ਬਣ ਗਈ ਹੈ। ਪਿਛਲੇ ਦਿਨਾਂ ਵਿੱਚ ਸਿੱਖ ਭਾਈਚਾਰੇ ਵਿੱਚ ਵਪਰੀਆਂ ਘਟਨਾਵਾਂ ਨੂੰ ਲੈਕੇ ਅੰਗ੍ਰੇਜ਼ੀ ਮੀਡੀਏ ਵਿੱਚ ਉਲਟੀ ਕਵਰੇਜ ਦਾ ਰੁਝਾਨ ਦੇਖਣ ਨੂੰ ਮਿਲਿਆ। ਲੜਾਈ ਦੀਆਂ ਸਾਰੀਆਂ ਖ਼ਬਰਾਂ ਉਨ੍ਹਾਂ ਲਾਈਆਂ, ਟੈਲੀਵਿਜ਼ਨ ‘ਤੇ ਡਾਕੂਮੈਂਟਰੀਜ਼ ਨਸ਼ਰ ਕੀਤੀਆਂ ਗਈਆਂ। ਪਰ ਜਦੋਂ ਖ਼ਾਲਸੇ ਵਲੋਂ ਲੱਖਾਂ ਦੀ ਤਦਾਦ ਵਿੱਚ ਇਕੱਠੇ ਹੋਕੇ ਆਪਣੇ ਜਾਹੋ ਜਲਾਲ ਦਿਖਾਏ ਗਏ। ਵਿਸਾਖੀ ਦੇ ਨਗਰ ਕੀਰਤਨਾਂ ਵਿੱਚ ਭਾਰੀ ਇਕੱਠ ਹੋਇਆ ਸਾਰਾ ਕੁੱਝ ਸ਼ਾਂਤੀ ਨਾਲ ਨੇਪਰੇ ਚੜ੍ਹੀਆਂ ਤਾਂ ਅੰਗ੍ਰੇਜ਼ੀ ਮੀਡੀਆ ਬਿਲਕੁਲ ਕਿਤੇ ਨਜ਼ਰ ਨਹੀਂ ਆਇਆ। ਕਿਤੇ ਕੋਈ ਖ਼ਬਰ ਦੇਖਣ ਸੁਣਨ ਨੂੰ ਨਹੀਂ ਮਿਲੀ। ਪਰ ਇਸ ਸਭ ਤੋਂ ਅਸੀਂ ਆਪਣੀ ਜਿ਼ੰਮੇਵਾਰੀ ਤੋਂ ਭੱਜ ਨਹੀਂ ਸਕਦੇ। ਪਿਛਲੇ ਦਿਨਾਂ ਵਿੱਚ ਜੋ ਕੁੱਖ ਹੋਇਆ ਉਸ ਲਈ ਅਸੀਂ ਲੋਕ ਹੀ ਜਿੰ਼ਮੇਵਾਰ ਹਾਂ।
ਟੋਰਾਂਟੋ ਹੋਵੇ ਜਾਂ ਵੈਨਕੁਵਰ ਜਾਂ ਕਨੇਡਾ ਦਾ ਕੋਈ ਹੋਰ ਸ਼ਹਿਰ ਜਿੱਥੇ ਵੀ ਗੁਰਦੁਆਰਿਆਂ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਜੁੜਦੀ ਹੈ ਅਤੇ ਮਾਇਆ ਦੇ ਵੱਡੇ ਚੜ੍ਹਾਵੇ ਚੜ੍ਹਦੇ ਹਨ ਉਨ੍ਹਾਂ ਅਸਥਾਨਾਂ ‘ਤੇ ਲੜਾਈਆਂ ਆਮ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਤੋਂ ਆਮ ਸਿੱਖ ਬਹੁਤ ਦੁਖੀ ਹੈ। ਇਸ ਦੁਬਿਧਾ ਨੂੰ ਦੇਖਦੇ ਹੋਏ ਪਿਛਲੇ ਹਫ਼ਤੇ ਕੁੱਝ ਸੱਜਣਾ ਨੇ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਕਿਵੇਂ ਸੁਧਾਰਿਆ ਜਾਣੇ ਇਸ ਨੂੰ ਅਧਾਰ ਬਣਾ ਕੇ ਇੱਕ ਇਕੱਠ ਬੁਲਾਇਆ। ਬਿਨਾ ਸ਼ੱਕ ਕਾਫ਼ੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ 25 ਦੇ ਕਰੀਬ ਬੁਲਾਰਿਆਂ ਨੇ ਆਪਣੇ ਵਿਚਾਰ ਗੁਰਦੁਆਰਿਆਂ ਦੇ ਪ੍ਰਬੰਧ ਕਿਵੇਂ ਸੁਧਾਰੇ ਜਾਣ ਉਸ ਸਬੰਧ ਵਿੱਚ ਪੇਸ਼ ਕੀਤੇ। ਜਦੋਂ ਆਲ਼ੇ ਦੁਆਲੇ ਨਿਰਾਸ਼ਾ ਅਤੇ ਹਨੇਰਾ ਪਸਰਿਆ ਹੋਵੇ, ਬੇਬਸੀ ਦਾ ਮਾਹੌਲ ਬਣਿਆ ਹੋਵੇ ਅਤੇ ਵਿੱਚੋਂ ਕੋਈ ਵੱਖਰੀ ਅਵਾਜ਼ ਅਤੇ ਨਵੀਂ ਰੌਸ਼ਨੀ ਦੀ ਕਿਰਨ ਦੇਖਣ ਨੂੰ ਮਿਲੇ ਤਾਂ ਕੁੱਝ ਨਵਾਂ ਹੋਣ ਦਾ ਅਹਿਸਾਸ ਹਰ ਇੱਕ ਦੇ ਦਿਲ ਵਿੱਚ ਉੱਠਦਾ ਹੈ। ਕੁੱਝ ਇਸੇ ਤਰ੍ਹਾਂ ਦਾ ਅਹਿਸਾਸ ਲੈਕੇ ਲੋਕ ਪਿਛਲੇ ਹਫ਼ਤੇ ਰੱਖੀ ਗਈ ਮੀਟਿੰਗ ਵਿੱਚ ਪਹੁੰਚੇ। ਜਿਨ੍ਹਾਂ ਸਜਣਾ ਨੇ ਮੋਹਰੀ ਹੋਕੇ ਇਹ ਕਾਰਜ ਅਰੰਭਿਆ ਉਹ ਕਿਸੇ ਤੋਂ ਗੁੱਝੇ ਨਹੀਂ ਹਨ। ਇਹ ਵੀ ਕਿਸੇ ਨਾ ਕਿਸੇ ਸਮੇਂ ਇੱਕ ਧੜੇ ਨਾਲ ਜੁੜੇ ਹੋਏ ਹਨ ਅੱਜ ਵੀ ਜੁੜੇ ਹੋਏ ਹਨ। ਪਰ ਜੇ ਇਹ ਕਿਸੇ ਸਾਂਝੇ ਕੰਮ ਲਈ ਆਮ ਸਿੱਖ ਦੀ ਅਵਾਜ਼ ਸੁਣਨ ਲਈ ਅੱਗੇ ਆਏ ਹਨ ਤਾਂ ਇਨ੍ਹਾਂ ਦੀ ਗੱਲ ਵੀ ਸੁਣ ਲੈਣੀ ਬਣਦੀ ਹੈ। ਉਸ ਦਿਨ ਲੋਕਾਂ ਨੇ ਇਨ੍ਹਾਂ ਦੇ ਨਾਲ ਨਾਲ ਹੋਰ 25 ਬੁਲਾਰਿਆਂ ਦੀ ਗੱਲ ਵੀ ਸੁਣੀ। ਬਹੁਤੇ ਵਿਚਾਰਾਂ ਵਿੱਚੋਂ ਇੱਕ ਵਿਚਾਰ ਇੱਕ ਨਵੀਂ ਕਮੇਟੀ ਬਨਾਉਣ ਦਾ ਬਹੁਤਾ ਉਭਰਿਆ। ਜਿਹੜੀ ਗੁਰਦੁਆਰਿਆਂ ਦੇ ਮੌਜੂਦਾ ਪ੍ਰਬੰਧਕਾਂ ਨਾਲ ਜਾਕੇ ਗੱਲ ਕਰੇ। ਇਸੇ ਤਰ੍ਹਾਂ ਦੀ ਇੱਕ ਸਮਝੌਤਾ ਕਮੇਟੀ ਪਹਿਲਾਂ ਵੀ ਬਣੀ ਸੀ ਜਿਹੜੀ ਡਿਕਸੀ ਗੁਰਦੁਆਰੇ ਦੇ ਦੋਹਾਂ ਧੜਿਆਂ ਵਿੱਚ ਸੁਲਾਹ ਕਰਵਾਉਣ ਲਈ ਯਤਨਸ਼ੀਲ ਸੀ, ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ, ਅਦਾਲਤਾਂ ਵਿੱਚ ਲੱਖਾਂ ਡਾਲਰ ਅਜਾਈਂ ਲਾਏ ਗਏ। ਸੋ ਕਮੇਟੀ ਵਾਲਾ ਸੁਝਾਅ ਲਗਦਾ ਨਹੀਂ ਬਹੁਤ ਕਾਰਗਰ ਸਾਬਤ ਹੋਵੇ। ਕਿਊਂਕਿ ਚੌਧਰੀ ਬਣੇ ਰਹਿਣਾ ਹਰ ਕੋਈ ਲੋਚਦਾ ਹੈ। ਫਿਰ ਕਿਤੇ ਇਹ ਨਾਂ ਹੋਵੇ ਕਿ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਗੱਲ ਕਰਨ ਵਾਲੇ ਆਪਸ ਵਿੱਚ ਹੀ ਲੜ ਬੈਠਣ। ਪਰ ਆਮ ਲੋਕਾਂ ਦੀ ਸੱਦੀ ਗਈ ਮੀਟਿੰਗ ਇੱਕ ਵਧੀਆ ਉਪਰਾਲਾ ਸੀ। ਬਸ਼ਰਤੇ ਇਸ ਪਿੱਛੇ ਸੁਹਿਰਦਤਾ ਹੋਵੇ। ਕਿਊਂਕਿ ਬਹੁਤੀ ਵਾਰ ਹੁੰਦਾ ਇਸ ਤਰ੍ਹਾਂ ਹੀ ਹੈ ਜਿਵੇਂ ਗੁਰਦੁਆਰਿਆਂ ਵਿੱਚ ਹੋ ਰਿਹਾ ਹੈ ਆਮ ਲੋਕ ਸਿਰਫ਼ ਮੱਥਾ ਟੇਕਣ, ਲੰਗਰ ਛਕਣ ਤੱਕ ਹੀ ਆਪਣਾ ਫਰਜ਼ ਸਮਝਦੇ ਹਨ। ਜਦੋਂ ਸੱਦ ਲਿਆ ਆ ਗਏ ਮੁੜ ਕੇ ਆਪੋ ਆਪਣੇ ਕੰਮਾਂ ਵਿੱਚ ਲੱਗ ਗਏ। ਕਿਸੇ ਕੋਲ ਸਾਂਝੇ ਕੰਮ ਲਈ ਵਾਧੂ ਸਮਾਂ ਨਹੀਂ ਹੈ। ਸੋ ਕਿਸੇ ਨੇ ਤਾਂ ਮੋਹਰੇ ਲੱਗਣਾ ਹੀ ਹੋਇਆ, ਮੋਹਰੀਆਂ ਦਾ ਸੁਹਿਰਦ ਹੋਣਾ ਬਹੁਤ ਲਾਜ਼ਮੀ ਹੈ।
ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਦੀ ਬਹੁਤ ਲੋੜ ਹੈ। ਨਹੀਂ ਤਾਂ ਇੱਕ ਦੂਜੇ ਦੀਆਂ ਪੱਗਾਂ ਇਸੇ ਤਰ੍ਹਾਂ ਉਛਾਲੀਆਂ ਜਾਂਦੀਆਂ ਰਹਿਣਗੀਆਂ। ਕਿਰਪਾਨਾਂ, ਬਰਛੀਆਂ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ। ਜਿਵੇਂ ਦਾ ਇਕੱਠ ਪਿਛਲੇ ਹਫ਼ਤੇ ਹੋਇਆ ਜੇ ਉਸ ਵਿੱਚੋਂ ਕੁੱਝ ਚੰਗਾ ਨਿਕਲ ਸਕੇ ਤਾਂ ਬਹੁਤ ਵਧੀਆ ਹੋਵੇਗਾ। ਕਿਊਂਕਿ ਜਿਸ ਤਰ੍ਹਾਂ ਦੇ ਹਾਲਾਤ ਗੁਰਦੁਆਰਿਆਂ ਵਿੱਚ ਬਣੇ ਹੋਏ ਹਨ। ਸਾਡੀ ਨੌਜਵਾਨ ਪੀੜੀ ਨੇ ਗੁਰਦੁਆਰਿਆਂ ਤੋਂ ਪੱਕੇ ਤੌਰ ‘ਤੇ ਕਿਨਾਰਾ ਕਰਨ ਲੱਗ ਪੈਣਾ ਹੈ। ਜਿਹੜਾ ਕੋਈ ਵੀ ਗੁਰੂ ਦਾ ਸਿੱਖ ਨਹੀਂ ਚਾਹੁੰਦਾ। ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਅਸਥਾਨਾਂ ਨਾਲ ਜੋੜੀ ਰੱਖਣਾ ਚਾਹੁੰਦੇ ਹਾਂ ਤਾਂ ਜ਼ਰੂਰ ਹੁਣ ਕੁੱਝ ਸੋਚਣਾ ਪਵੇਗਾ। ਪਿਛਲੇ ਹਫ਼ਤੇ ਦਾ ਇਕੱਠ ਸੱਦਣ ਵਾਲੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਇਸ ਗੱਲ ਨੂੰ ਇੱਥੇ ਹੀ ਨਾ ਛੱਡ ਦੇਣ ਕਿਸੇ ਸਿਰੇ ਜ਼ਰੂਰ ਲਾਉਣ। ਆਮ ਲੋਕਾਂ ਨੇ ਹੁਣ ਵੀ ਕਿਸੇ ਮੋਹਤਵਰ ਵਲ ਹੀ ਦੇਖਣਾ ਹੈ। ਕਿਸੇ ਨੂੰ ਤਾਂ ਇਹ ਪਹਿਲ ਕਦਮੀਂ ਕਰਨੀ ਹੀ ਪੈਣੀ ਹੈ। ਪਰ ਜਿਵੇਂ ਅਸੀਂ ਉੱਪਰ ਕਿਹਾ ਇਹ ਪਹਿਲ ਕਦਮੀਂ ਵਿੱਚ ਸੁਹਿਰਦਤਾ ਹੋਣੀ ਚਾਹੀਦੀ ਹੈ ਜੇ ਇੱਥੇ ਵੀ ਕਿਸੇ ਸੁਆਰਥ ਨੂੰ ਲੈਕੇ ਅੱਗੇ ਚਲਣਾ ਹੈ ਤਾਂ ਬੇਸ਼ੱਕ ਪ੍ਰਬੰਧਕ ਮੁੜ ਆਪਣੇ ਘਰੀਂ ਬੈਠ ਜਾਣ, ਲੋਕਾਂ ਦੇ ਜਜ਼ਬਾਤਾਂ ਨਾਲ ਇੱਕ ਵਾਰ ਫਿਰ ਖਿਲਵਾੜ ਨਾ ਕਰਨ।



