ਸਾਡੇ ਆਲ਼ੇ ਦੁਆਲ਼ੇ ਜੋ ਕੁੱਝ ਵਾਪਰ ਰਿਹੈ ਉਹ ਸਭ ਠੀਕ ਨਹੀਂ
On 19 May 2010 in ਸੰਪਾਦਕੀ
ਉਨਟੈਰੀਓ ਵਿੱਚ ਰਹਿੰਦਿਆਂ ਸਾਡੇ ਲੋਕਾਂ ਨੂੰ 40 ਸਾਲ ਤੋਂ ਉੱਪਰ ਹੋ ਚੱਲੇ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ 100 ਤੋਂ ਉੱਪਰ ਹੋ ਗਏ ਹਨ। ਜਦੋਂ ਸਾਡੇ ਲੋਕ ਕਨੇਡਾ ਵਿੱਚ ਵਸਣ ਲਈ ਆਏ ਸਨ ਤਾਂ ਗਿਣਤੀ ਬਹੁਤ ਘੱਟ ਸੀ। ਹੌਲੀ ਹੌਲੀ ਸੈਂਕੜਿਆਂ ਤੋਂ ਹਜ਼ਾਰਾਂ ਵਿੱਚ ਹੁੰਦੀ ਹੁੰਦੀ ਅੱਜ ਲੱਖਾਂ ਵਿੱਚ ਗਿਣਤੀ ਹੈ। ਜਿਵੇਂ ਸਾਡਾ ਭਾਈਚਾਰਾ ਵਧਦਾ ਗਿਆ ਸਾਡੀਆਂ ਸਮੱਸਿਆਵਾਂ ਵੀ ਵੱਡੀਆਂ ਹੁੰਦੀਆਂ ਗਈਆਂ। ਸ਼ੁਰੂਆਤੀ ਦੌਰ ਵਿੱਚ ਜਿੱਥੇ ਅਸੀਂ ਲੋਕ ਆਪਣੀ ਰੋਜ਼ੀ ਰੋਟੀ ਦਾ ਵਧੇਰੇ ਖਿਆਲ ਰਖਦੇ ਸੀ। ਉੱਥੇ ਸਾਡੇ ਲੋਕਾਂ ਦੀ ਦੂਜੀ ਵੱਡੀ ਲੋੜ ਹੁੰਦੀ ਸੀ ਕਿ ਆਪਣੇ ਧਾਰਮਿਕ ਅਕੀਦੇ ਨੂੰ ਕਾਇਮ ਰੱਖਣਾ ਜਿਸ ਲਈ ਆਪਣੀ ਲੋੜ ਅਨੁਸਾਰ ਧਾਰਮਿਕ ਅਸਥਾਨਾਂ ਦੀ ਉਸਾਰੀ ਕਰਨੀ ਸ਼ੁਰੂ ਕੀਤੀ ਗਈ। ਇਨਸਾਨ ਦਾ ਇਹ ਸੁਭਾਅ ਹੈ ਕਿ ਜਦੋਂ ਉਹ ਇਕੱਲਾ ਹੁੰਦਾ ਹੈ ਤਾਂ ਆਪਣੀ ਜ਼ਾਤ ਨੂੰ ਲੱਭਦਾ ਹੈ। ਉਹ ਲੋਚਦਾ ਹੈ ਕਿ ਉਸ ਦੇ ਨਾਲ ਉਸ ਦੇ ਆਲ਼ੇ ਦੁਆਲ਼ੇ ਉਸ ਵਰਗਾ ਕੋਈ ਹੋਵੇ ਜਿਸ ਨਾਲ ਉਹ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ। ਜਿਸ ਨਾਲ ਉਹ ਆਪਣੇ ਸਮਾਜਿਕ, ਧਾਰਮਿਕ ਵਿਚਾਰ ਸਾਂਝੇ ਕਰ ਸਕੇ। ਪਰ ਜਿਵੇਂ ਜਿਵੇਂ ਉਸ ਦਾ ਭਾਈਚਾਰਾ ਵਧਦਾ ਜਾਂਦਾ ਹੈ ਉਸ ਦੇ ਵਿਚਾਰਾਂ ਵਿੱਚ ਤਬਦੀਲੀ ਆਉਂਦੀ ਚਲੇ ਜਾਂਦੀ ਹੈ। ਜਿੱਥੇ ਪਹਿਲਾਂ ਉਹ ਆਪਣੀ ਜ਼ਾਤ ਦੇ ਲੋਕਾਂ ਦਾ ਸਾਥ ਭਾਲਦਾ ਸੀ। ਸਮੇਂ ਦੇ ਨਾਲ ਹੁਣ ਉਨ੍ਹਾਂ ਤੋਂ ਹੀ ਕੰਨੀ ਕਤਰਾਉਣ ਲੱਗਦਾ ਹੈ। ਜਿਨ੍ਹਾਂ ਨਾਲ ਉਹ ਆਪਣੇ ਵਿਚਾਰ ਸਾਂਝੇ ਕਰਦਾ ਆਇਆ ਹੈ ਹੁਣ ਉਨ੍ਹਾਂ ਨਾਲ ਹੀ ਉਹ ਹਰ ਮਸਲੇ ਤੇ ਲੜਾਈ ਕਰਨ ਲੱਗਦਾ ਹੈ। ਜਿਵੇਂ ਕਿ ਅਸੀਂ ਉੱਪਰ ਗੱਲ ਕੀਤੀ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਸਾਡੇ ਲੋਕਾਂ ਨੂੰ 100 ਸਾਲ ਹੋ ਗਿਆ ਹੈ ਇਨ੍ਹਾਂ ਸੋ ਸਾਲਾਂ ਵਿੱਚ ਉੱਥੇ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਵਧੇਰੇ ਗੁੰਝਲਦਾਰ ਹੀ ਹੋਈਆਂ ਹਨ। ਜੋ ਕੁੱਝ ਵੈਨਕੁਵਰ ਵਿੱਚ ਸਾਡੇ ਸਮਾਜਿਕ ਅਤੇ ਧਾਰਮਿਕ ਅਦਾਰਿਆਂ ਵਿੱਚ ਹੋਇਆ ਹੈ। ਹੁਣ ਉਹੀ ਕੁੱਝ ਸਾਨੂੰ ਉਨਟੈਰੀਓ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਮੇਂ ਵਿੱਚ ਸਾਡੇ ਭਾਈਚਾਰੇ ਵਿੱਚ ਜੋ ਕੁੱਝ ਵਾਪਰਿਆ ਹੈ। ਇਹ ਸਾਡੀ ਵਧਦੀ ਗਿਣਤੀ ਦਾ ਵੀ ਨਤੀਜਾ ਹੈ। ਅਸੀਂ ਹੁਣ ਗੱਲਾਂ ਕਰਨ ਲੱਗ ਪਏ ਹਾਂ ਕਿ ਸਰਕਾਰਾਂ ਵਿੱਚ ਸਾਡੇ ਲੋਕਾਂ ਦੀ ਪਹੁੰਚ ਉੱਤੇ ਤੋਂ ਉੱਤੇ ਹੋਵੇ। ਜਿਨ੍ਹਾਂ ਧਾਰਮਿਕ ਅਸਥਾਨਾਂ ਨੂੰ ਸਾਡੇ ਲੋਕਾਂ ਆਪਣੀ ਸ਼ਰਧਾ ਭਾਵਨਾ ਨਾਲ ਉਸਾਰਿਆ ਸੀ ਅੱਜ ਉਨ੍ਹਾਂ ਵਿੱਚ ਹੀ ਲੜਾਈ ਹੋ ਰਹੀਆਂ ਹਨ। ਕੁੱਝ ਇਸੇ ਤਰ੍ਹਾਂ ਦਾ ਸਮਾਜਿਕ ਅਤੇ ਸਭਿਆਚਾਰਕ ਗਲਿਆਰਿਆਂ ਵਿੱਚ ਹੋ ਰਿਹਾ ਹੈ। ਇੱਥੇ ਕਿਊਂਕਿ ਸਾਡੀ ਗਿਣਤੀ ਬਹੁਤ ਵੱਧ ਗਈ ਹੈ ਇਸ ਲਈ ਹੁਣ ਅਸੀਂ ਸਭ ਕੁੱਝ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਾਂ।
ਜੇਕਰ ਉਨਟੈਰੀਓ ਦੀ ਹੀ ਗੱਲ ਕਰੀਏ ਤਾਂ ਅਸੀਂ ਲੋਕਾਂ ਨੇ ਬਹੁਤ ਵੱਡੇ ਵੱਡੇ ਧਾਰਮਿਕ ਅਸਥਾਨ ਬਣਾਏ। ਪਹਿਲਾਂ ਜਿੱਥੇ ਧਾਰਮਿਕ ਅਸਥਾਨਾਂ ਨੂੰ ਇਕੱਠੇ ਰੱਖਣ ਲਈ ਉਨਟੈਰੀਓ ਗੁਰਦੁਆਰਾਜ਼ ਕਮੇਟੀ ਬਣਾਈ ਗਈ। ਸਾਰੇ ਮਿਲ ਕੇ ਉਸ ਵਿੱਚ ਕੰਮ ਕਰਦੇ ਰਹੇ। ਪਰ ਸਮਾਂ ਆਇਆ ਆਪਸੀ ਵਖਰੇਵੇਂ ਵਧਣ ਲੱਗੇ ਅਤੇ ਉਨਟੈਰੀਓ ਸਿੱਖਜ਼ ਐਂਡ ਗੁਰਦੁਆਰਾ ਕਾਊਂਸਲ ਹੋਂਦ ਵਿੱਚ ਆਈ। ਵਿਸਾਖੀ ਦੇ ਇੱਕ ਦੀ ਥਾਂ ਦੋ ਨਗਰ ਕੀਰਤਨ ਹੋਣ ਲੱਗੇ। ਇਕੋ ਦਿਨ ਹੋਣ ਲੱਗੇ। ਸਾਡੇ ਲੋਕਾਂ ਨੇ ਕਾਫ਼ੀ ਚਿਰ ਇਹ ਸੰਤਾਪ ਵੀ ਹੰਢਾਇਆ। ਪ੍ਰਬੰਧਕਾਂ ਵਲੋਂ ਸੰਗਤ ਦਾ ਘੱਟ ਆਪਣੀ ਹਊਮੈ ਦਾ ਵਧੇਰੇ ਖਿਆਲ ਸੀ। ਪਰ ਚਲੋ ਹੌਲੀ ਹੌਲੀ ਨਗਰ ਕੀਰਤਨ ਦਾ ਭਾਵੇਂ ਦੋ ਰਹੇ ਪਰ ਵੱਖ ਵੱਖ ਦਿਨਾਂ ‘ਤੇ ਆਯੋਜਨ ਸ਼ੁਰੂ ਹੋਣ ਲੱਗਾ। ਜਿਵੇਂ ਸਾਡੇ ਧਾਰਮਿਕ ਸਮਾਗਮ ਬਹੁਤ ਹੋਣ ਲੱਗੇ ਇਸੇ ਤਰ੍ਹਾਂ ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਦੀ ਗਿਣਤੀ ਵੀ ਵਧਣ ਲੱਗੀ। ਜਿੱਥੇ ਪਹਿਲਾਂ ਸਾਡੀਆਂ ਧਾਰਮਿਕ ਸੰਸਥਾਵਾਂ ਲੜਦੀਆਂ ਸਨ। ਫਿਰ ਸਮਾਂ ਆਇਆ ਮੀਡੀਏ ਵਿੱਚ ਦੋ ਗਰੁੱਪ ਬਣ ਗਏ ਇੱਕੋ ਦਿਨ ਦੋ ਮੇਲੇ ਹੋਣ ਲੱਗੇ। ਇੱਕ ਦੂਜੇ ‘ਤੇ ਦੂਸ਼ਣ ਬਾਜ਼ੀ ਕਰਨੀ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਚਾਲਾਂ ਚੱਲਣੀਆਂ। ਹੁਣ ਲੱਗਦਾ ਉਸ ਨੂੰ ਠੱਲ੍ਹ ਪੈ ਜਾਵੇਗੀ। ਪਰ ਹੁਣ ਸੱਭਿਆਰਾਕ ਪ੍ਰੋਗਰਾਮਾਂ ਦੀ ਵਾਰੀ ਆ ਗਈ ਹੈ ਇਸ ਸਾਲ ਇੱਕੋ ਦਿਨ ਵਿਸਾਖੀ ਦੇ ਦੋ ਸ਼ੋਅ ਹੋਏ। ਹੁਣ ਇੱਕੋ ਦਿਨ ਦੋ ਤੀਆਂ ਦੇ ਮੇਲੇ ਹੋਣ ਜਾ ਰਹੇ ਹਨ। ਇਨ੍ਹਾਂ ਲਈ ਪ੍ਰਬੰਧਕਾਂ ਵਲੋਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਸਾਡਾ ਭਾਈਚਾਰਾ ਬਹੁਤ ਵੱਡਾ ਹੋ ਗਿਆ ਹੈ ਹੁਣ ਇੱਕੋ ਦਿਨ ਦੋ ਦੋ ਪ੍ਰੋਗਰਾਮ ਕਰਵਾਏ ਜਾ ਸਕਦੇ ਹਨ। ਸਾਡਾ ਭਾਈਚਾਰਾ ਏਨਾ ਵੱਡਾ ਵੀ ਨਹੀਂ ਹੋਇਆ ਕਿ ਇਕੋ ਦਿਨ ਦੋ ਸਭਿਆਚਾਰਕ ਪ੍ਰੋਗਰਾਮਾਂ ਵਿੱਚ 5 ਤੋਂ 6 ਹਜ਼ਾਰ ਵਾਲੇ ਹਾਲ ਭਰ ਜਾਣ। ਮਸਲਾ ਫਿਰ ਇੱਥੇ ਆਪਣੀ ਹਊਮੈ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਜੇਕਰ ਇੱਕ ਨੇ ਪਹਿਲਾਂ ਪ੍ਰੋਗਰਾਮ ਰੱਖ ਲਿਆ ਤਾਂ ਦੂਜਿਆਂ ਨੂੰ ਚਾਹੀਦਾ ਸੀ ਉਹ ਵੱਖਰੇ ਦਿਨ ਪ੍ਰੋਗਰਾਮ ਰੱਖਦੇ। ਪਰ ਇੱਥੇ ਇੱਕ ਦੂਜੇ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਆਮ ਲੋਕ ਤਾਂ ਇਹ ਨਹੀਂ ਚਾਹੁੰਦੇ ਕਿ ਇੱਕੋ ਦਿਨ ਦੋ ਪ੍ਰੋਗਰਾਮ ਹੋਣ। ਗਿਣਤੀ ਭਾਵੇਂ ਜਿੰਨੀ ਮਰਜ਼ੀ ਹੋਵੇ ਉਹ ਹਰ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹਨ। ਧਾਰਮਿਕ ਗਲਿਆਰਿਆਂ ਤੋਂ ਨਿਕਲ ਕੇ ਸਾਡੀ ਲੜਾਈ ਹੁਣ ਸੱਭਿਆਚਾਰਕ ਪਿੜ ਵਿੱਚ ਆ ਗਈ ਹੈ। ਇਸ ਦਾ ਨੁਕਸਾਨ ਕਿਸ ਨੂੰ ਹੈ ਸਾਡੇ ਭਾਈਚਾਰੇ ਨੂੰ ਇੱਕ ਧੜਾ ਸਫਾਈ ਵਿੱਚ ਜੋ ਮਰਜ਼ੀ ਕਹੀ ਜਾਵੇ। ਲੋਕ ਸਭ ਸਮਝਦੇ ਹਨ। ਕਿ ਟਿੰਡ ਵਿੱਚ ਕਾਨਾ ਕਿਨ੍ਹਾਂ ਨੇ ਪਾਇਆ ਹੈ।
ਸੋ ਭਾਵੇਂ ਉਹ ਸਾਡੇ ਧਾਰਮਿਕ ਲੀਡਰ ਹਨ ਸਮਾਜਿਕ ਜਾਂ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਵਾਲੇ ਪ੍ਰਬੰਧਕ ਹਨ। ਉਨ੍ਹਾਂ ਨੂੰ ਇੱਕ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਆਮ ਲੋਕਾਂ ਨੂੰ ਬੇਵਕੂਫ਼ ਨਹੀਂ ਬਣਾ ਸਕਦੇ। ਕਿਊਂਕਿ ਲੋਕ ਸਭ ਕੱਝ ਜਾਣਦੇ ਹਨ, ਸਭ ਕੁੱਝ ਸਮਝਦੇ ਹਨ। ਪਰ ਪਤਾ ਨਹੀਂ ਕਿਊਂ ਇਹ ਲੋਕ ਆਪਣੇ ਭਾਈਚਾਰੇ ਦਾ ਆਪ ਹੀ ਜਲੂਸ ਕੱਢੀ ਜਾਂਦੇ ਹਨ। ਧਾਰਮਿਕ ਅਸਥਾਨ ਅਤੇ ਧਾਰਮਿਕ ਸਮਾਗਮ ਸਾਰਿਆਂ ਦੇ ਸਾਂਝੇ ਹਨ ਇਹ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹਨ। ਇਸੇ ਤਰ੍ਹਾਂ ਸੱਭਿਆਚਾਰਕ ਪ੍ਰੋਗਰਾਮ ਲੋਕਾਂ ਲਈ ਕਰਵਾਏ ਜਾਂਦੇ ਹਨ। ਨਾ ਕਿ ਆਪਣਾ ਝੁੱਗਾ ਚੌੜ ਕਰਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਕਰਵਾਏ ਜਾਣ। ਧਾਰਮਿਕ, ਸਮਾਜਿਕ ਜਾਂ ਸੱਭਿਆਚਾਰਕ ਕਿਸੇ ਵੀ ਖੇਤਰ ਵਿੱਚ ਦੇਖ ਲਓ ਕੁੱਝ ਕੁ ਲੋਕ ਹੀ ਹਨ ਜਿਹੜੇ ਰੰਗ ਵਿੱਚ ਭੰਗ ਪਾਉਂਦੇ ਹਨ। ਚਲਦੇ ਕੰਮਾਂ ਵਿੱਚ ਰੋੜਾ ਬਣਦੇ ਹਨ। ਹਰ ਸਮੱਿਸਆ ਦਾ ਹੱਲ ਬੈਠ ਕੇ ਕੀਤਾ ਜਾ ਸਕਦਾ ਹੈ। ਜਿਵੇਂ ਦੋ ਨਗਰ ਕੀਰਤਨ ਵੱਖ ਵੱਖ ਦਿਨਾਂ ‘ਤੇ ਹੋਣ ਲੱਗੇ। ਇਸੇ ਤਰ੍ਹਾਂ ਧਾਰਮਿਕ ਅਸਥਾਨਾਂ ‘ਤੇ ਹੁੰਦੇ ਲੜਾਈ ਝਗੜੇ ਵੀ ਬੈਠ ਕੇ ਨਜਿੱਠੇ ਜਾ ਸਕਦੇ ਹਨ। ਸੱਭਿਆਚਾਰਕ ਖੇਤਰ ਵਿੱਚ ਜਿੜੀਆਂ ਧੜੇ ਬੰਦੀਆਂ ਸ਼ੁਰੂ ਹੋ ਗਈਆਂ ਹਨ ਇਨ੍ਹਾਂ ਦਾ ਵੀ ਨਿਪਟਾਰਾ ਬੈਠ ਕੇ ਕੀਤਾ ਜਾ ਸਕਦਾ ਹੈ। ਕੁੱਝ ਲੋਕਾਂ ‘ਤੇ ਪੰਜਾਬੀ ਦਾ ਇਹ ਅਖਾਣ ਬਾਖੂਬ ਢੁੱਕਦਾ ਹੈ ਕਿ ‘ਅੱਗ ਲਾਕੇ ਡੱਬੂ ਕੰਧ ‘ਤੇ’ ਜੇ ਇਸ ਤਰ੍ਹਾਂ ਦੇ ਲੋਕ ਆਪਣੀਆਂ ਆਦਤਾ ਸੁਧਾਰ ਲੈਣ ਤਾਂ ਬਹੁਤ ਕੁੱਝ ਸੁਧਾਰਿਆ ਜਾ ਸਕਦਾ ਹੈ। ਨਹੀਂ ਤਾਂ ਲੋਕ ਹੌਲੀ ਹੌਲੀ ਆਪ ਇਨ੍ਹਾਂ ਲੋਕਾਂ ਤੋਂ ਪਿੱਛੇ ਹੋਣ ਲੱਗ ਪੈਣਗੇ।
Gursimrat Grewal



