ਚੰਡੀਗੜ੍ਹ ਸ਼ਹਿਰ ਦੀ ਪ੍ਰਾਪਰਟੀ ਵੇਚ ਕੇ ਚੱਲੇਗੀ ਮੈਟਰੋ
On 27 May 2010 in ਪੰਜਾਬ
ਸਟਾਰ ਨਿਊਜ-ਚੰਡੀਗੜ੍ਹ
ਚੰਡੀਗੜ੍ਹ ਤੇ ਆਸ ਪਾਸ ਦੇ ਸ਼ਹਿਰਾਂ ਲਈ ਮੈਟਰੋ ਟ੍ਰੇਨ ਚਲਾਉਣ ਦੀ ਯੋਜਨਾ ਤਿਆਰ ਹੋਣ ਤੋਂ ਬਾਅਦ ਹੁਣ ਇਸ ਦੇ ਲਈ ਧਨ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ ਦੀ ਪ੍ਰਾਪਰਟੀ ਵੇਚ ਕੇ ਮੈਟਰੋ ਟ੍ਰੇਨ ਚਲਾਉਣ ਦੀ ਧਨ ਇਕੱਠਾ ਕਰੇਗੀ।
ਮੈਟਰੋ ਟ੍ਰੇਨ ਚਲਾਉਣ ‘ਤੇ ਕਰੀਬ 15 ਹਜ਼ਾਰ ਕਰੋੜ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਪ੍ਰਸ਼ਾਸਨ ਨੇ ਰੈਜੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀ ਦੀ ਆਕਸ਼ਨ ਕਰ ਕੇ ਹਰ ਸਾਲ 400 ਤੋਂ 500 ਕਰੋੜ ਰੁਪਏ ਇਕੱਠੇ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਇਸ ਪ੍ਰੋਜੈਕਟ ਲਈ ਕੁਝ ਧਨ ਦੇਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਕੋਲੋਂ ਵੀ ਮੈਟਰੋ ਪ੍ਰੋਜੈਕਟ ਲਈ ਗ੍ਰਾਂਟ ਮਿਲਣ ਦੀ ਸੰਭਾਵਨਾ ਹੈ। ਪੰਜਾਬ ਅਤੇ ਹਰਿਆਣਾ ਦੋਵੇਂ ਆਪਣੇ ਏਰੀਏ ਵਿੱਚ ਮੈਟਰੋ ਟ੍ਰੇਨ ਦਾ ਰੂਟ ਵਧਾਉਣ ਲਈ ਸਹਿਮਤ ਹੋ ਗਏ ਹਨ। ਦੋ ਦਿਨ ਪਹਿਲਾਂ ਫਾਈਨਾਂਸ ਸੈਕਟਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਫਸਰਾਂ ਨੇ ਰੂਟ ਵਧਾਉਣ ਦੇ ਨਾਲ ਪ੍ਰੋਜੈਕਟ ਲਈ ਆਰਥਿਕ ਸਹਿਯੋਗ ਦੇਣ ਦੀ ਗੱਲ ਵੀ ਆਖੀ ਹੈ।

