ਸੁਖਬੀਰ ਬਾਦਲ ਦੇ ਮੁੱਖ ਮੰਤਰੀ ਬਣਨ ‘ਚ ਭਾਜਪਾ ਰੁਕਾਵਟ!
On 27 May 2010 in ਪੰਜਾਬ
ਸਟਾਰ ਨਿਊਜ-ਜਲੰਧਰ
ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਾਵੇਂ ਪਾਰਟੀ ਦੇ ਚੋਟੀ ਦੇ ਨੇਤਾਵਾਂ ਅਤੇ ਜ਼ਿਲਾ ਯੂਨਿਟਾਂ ਵਲੋਂ ਮੁੱਖ ਮੰਤਰੀ ਦਾ ਅਹੁਦਾ ਸੌਂਪਣ ਲਈ ਚੰਡੀਗੜ੍ਹ ‘ਚ ਹੋਈਆਂ ਬੈਠਕਾਂ ਵਿੱਚ ਮੰਗ ਕੀਤੀ ਗਈ ਸੀ, ਪਰ ਇਸ ਵਿੱਚ ਸਭ ਤੋਂ ਵੱਡੀ ਰੁਕਾਵਟ ਭਾਜਪਾ ਨੂੰ ਮੰਨਿਆ ਜਾ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਦੇ 19 ਵਿਧਾਇਕਾਂ ਵਲੋਂ ਹਮਾਇਤ ਦਿੱਤੀ ਜਾ ਰਹੀ ਹੈ, ਜਿਸ ਕਾਰਨ ਗਠਜੋੜ ਸਰਕਾਰ ਚੱਲ ਰਹੀ ਹੈ। ਪਹਿਲਾਂ ਵੀ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਉਠਿਆ ਸੀ, ਪਰ ਉਦੋਂ ਵੀ ਉਸ ਵੇਲੇ ਦੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਰੁਣ ਜੇਤਲੀ ਨੇ ਇਸ ਦੇ ਵਿਰੋਧ ਕੀਤਾ ਸੀ। ਹੁਣ ਵੀ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਸੁਖਬੀਰ ਨੂੰ ਮੁੱਖ ਮੰਤਰੀ ਦੀ ਗੱਦੀ ਸੌਂਪਣ ਦੀ ਵਕਾਲਤ ਕੀਤੀ ਤਾਂ ਭਾਜਪਾ ਦੇ ਸੀਨੀਅਰ ਨੇਤਾਵਾਂ ਅਤੇ ਹਾਈ ਕਮਾਨ ਨੇ ਇਸ ਮੁੱਦੇ ‘ਤੇ ਟਿੱਪਣੀ ਨਹੀਂ ਕੀਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਤਾਂ ਜੋ ਸੁਖਬੀਰ ਦਾ ਰਾਹ ਸਾਫ ਹੋ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਇਹ ਮੰਨਦੇ ਹਨ ਕਿ ਹੁਣ ਤੁਰੰਤ ਮੁੱਖ ਮੰਤਰੀ ਦੀ ਕੁਰਸੀ ਸੁਖਬੀਰ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਡੇਢ ਕੁ ਸਾਲ ਦਾ ਸਮਾਂ ਬਾਕੀ ਰਹਿ ਗਿਆ ਹੈ।
ਦੂਜੇ ਪਾਸੇ ਭਾਜਪਾ ਨੇਤਾਵਾਂ ਦੀ ਰਾਏ ਅਜੇ ਤੱਕ ਸੁਖਬੀਰ ਨੂੰ ਲੈ ਕੇ ਵੱਖਰੀ ਚੱਲ ਰਹੀ ਹੈ। ਗਡਕਰੀ ਬਹੁਤ ਤਿੱਖੇ ਸੁਭਾਅ ਵਾਲੇ ਵਿਅਕਤੀ ਮੰਨੇ ਜਾਂਦੇ ਹਨ। ਜਦੋਂ ਪਿਛਲੇ ਸਾਲ ਬਿਜਲੀ ਦੇ ਬਿੱਲਾਂ ਵਿੱਚ ਵਾਧੇ ਦਾ ਮਾਮਲਾ ਉਨ੍ਹਾਂ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਕਾਫੀ ਸਖਤ ਰਵੱਈਆ ਸੀ। ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ ਨਾਲ ਵੀ ਸੁਖਬੀਰ ਦੇ ਰਿਸ਼ਤੇ ਬੀਤੇ ਸਾਢੇ ਤਿੰਨ ਸਾਲ ਤੋਂ ਚੰਗੇ ਨਹੀਂ ਚੱਲ ਰਹੇ। ਉਦਯੋਗ ਵਿਭਾਗ ਦੇ ਨਿਰਦੇਸ਼ਕ ਵੀ ਕੇ ਜੰਜੂਆ ਨੂੰ ਜਦੋਂ ਵਿਜੀਲੈਂਸ ਨੇ ਫੜਿਆ ਸੀ ਤਾਂ ਓਦੋਂ ਵੀ ਕਾਲੀਆ ਵਿੱਚ ਨਾਰਾਜ਼ਗੀ ਵੇਖੀ ਗਈ ਸੀ। ਇਸੇ ਲਈ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਵਿੱਚ ਸੁਖਬੀਰ ਵਲੋਂ ਕਾਲੀਆ ਨੂੰ ਆਪਣੇ ਨਾਲ ਹਰ ਸਮਾਰੋਹ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਮਵਾਰ ਵੀ ਜਦੋਂ ਸੁਖਬੀਰ ਸਿੰਘ ਬਾਦਲ ਜਲੰਧਰ ਆਏ ਤਾਂ ਉਨ੍ਹਾਂ ਨੇ ਕਾਲੀਆ ਨੂੰ ਆਪਣੀ ਗੱਡੀ ਵਿੱਚ ਵਿਸ਼ੇਸ਼ ਤੌਰ ‘ਤੇ ਬਿਠਾਇਆ। ਹੁਣ ਮੁੱਖ ਮੰਤਰੀ ਬਾਦਲ ਦੀ ਅਮਰੀਕਾ ਤੋਂ ਵਾਪਸੀ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।


