ਮਾਲਵਾ ਪੱਟੀ ਕੈਂਸਰ ਦੀ ਲਪੇਟ ‘ਚ
On 17 August 2010 in ਘਰ-ਪਰਿਵਾਰ
- ਮਨਦੀਪ ਸ਼ਰਮਾ
ਮਾਲਵਾ ਖੇਤਰ ਹਮੇਸ਼ਾ ਹੀ ਕਿਸੇ ਨਾ ਕਿਸੇ ਭਿਆਨਕ ਬਿਮਾਰੀ ਦਾ ਸ਼ਿਕਾਰ ਰਿਹਾ ਹੈ। ਪੇਚਿਸ, ਹੈਜਾ, ਟੀ ਬੀ, ਸਵਾਈਨ ਫਲੂ, ਏਡਜ਼ ਅਤੇ ਹੁਣ ਕੈਂਸਰ ਨੇ ਮਲਵਈਆਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਧਰਤੀ ਹੇਠਲਾ ਮਾੜਾ ਪਾਣੀ, ਜ਼ਹਿਰੀਲੀਆਂ ਖਾਦਾਂ, ਤੇਜਾਬ ਨਾਲ ਪੱਕੇ ਫਲ, ਮਿਲਾਵਟੀ ਦਾਲਾਂ, ਸਬਜ਼ੀਆਂ, ਰਿਫਾਈਂਡ ਦੁੱਧ, ਰੇਹਾਂ, ਸਪਰੇਆਂ ਅਤੇ ਨਸ਼ਿਆਂ ਨੇ ਮਲਵਈਆਂ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਬਣਾਇਆ ਹੈ। ਮਾਲਵੇ ਵਿੱਚ ਕੈਂਸਰ ਦਾ ਕੋਈ ਵਧੀਆ ਹਸਪਤਾਲ ਵੀ ਨਹੀਂ। ਮਾਲਵੇ ਦੇ ਮਰੀਜ਼ਾਂ ਨੂੰ ਇਲਾਜ ਲਈ ਰਾਜਸਥਾਨ, ਬੀਕਾਨੇਰ ਦੇ ਹਸਪਤਾਲਾਂ ਵਿੱਚ ਕਰੋੜਾਂ ਰੁਪਏ ਖਰਚ ਕਰ ਕੇ ਜਾਨ ਬਚਾਉਣ ਦੇ ਤਰਲੇ ਮਾਰਨੇ ਪੈ ਰਹੇ ਹਨ। ਕੈਂਸਰ ਦੇ ਇਲਾਜ ਨੇ ਮਾਲਵੇ ਦੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਵਿਕਾ ਦਿੱਤੀਆਂ ਹਨ। ਮਾਲਵਾ ਪੱਟੀ ਦੇ ਸੈਂਕੜੇ ਮਰੀਜ਼ ਇਲਾਜ ਮਹਿੰਗਾ ਹੋਣ ਕਾਰਨ ਦਮ ਤੋੜ ਰਹੇ ਹਨ। ਪਹਿਲੀ ਸਟੇਜ ‘ਤੇ ਕੈਂਸਰ ਦਾ ਇਲਾਜ ਬੜਾ ਸੌਖਾ ਸੰਭਵ ਹੈ, ਪਰ ਮਰੀਜ਼ ਨੂੰ ਪਿੰਡਾਂ ਤੇ ਸ਼ਹਿਰਾਂ ਦੇ ਡਾਕਟਰ ਦਰਦ ਨਿਵਾਰਕ ਗੋਲੀਆਂ ਦੇ ਕੇ ਅਖੀਰਲੀ ਸਟੇਜ ਤੱਕ ਲੈ ਜਾਂਦੇ ਹਨ। ਇਸ ਦੇ ਟੈਸਟ ਵੀ ਬਹੁਤ ਮਹਿੰਗੇ ਹਨ, ਜਿਹੜੇ ਪਿੰਡਾਂ ਵਿੱਚ ਵਸਦੇ ਗਰੀਬ ਦਿਹਾੜੀਦਾਰ ਲੋਕਾਂ ਲਈ ਕਰਵਾਉਣੇ ਬਹੁਤ ਔਖੇ ਹਨ। ਇਹ ਲੋਕ ਵਿਚਾਰੇ ਮਜਬੂਰੀ ਵੱਸ ਵੈਦਾਂ-ਹਕੀਮਾਂ, ਤਾਂਤਰਿਕਾਂ ਤੋਂ ਆਪਣਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਬੜੀ ਜਲਦੀ ਆਪਣੀ ਜਾਨ ਗੁਆ ਬੈਠਦੇ ਹਨ। ਮਾਲਵਾ ਪੱਟੀ ਵਿੱਚ ਕੈਂਸਰ ਦੀ ਭਿਆਨਕ ਬਿਮਾਰੀ ਨੂੰ ਸਿਆਸੀ ਪਾਰਟੀਆਂ ਵੀ ਸਵੀਕਾਰ ਕਰਦੀਆਂ ਹਨ।
ਕੈਂਸਰ ਦੀਆਂ ਕਈ ਕਿਸਮਾਂ ਹਨ। ਬਲੱਡ ਕੈਂਸਰ, ਛਾਤੀ ਦਾ ਕੈਂਸਰ, ਗਲੇ ਦਾ ਕੈਂਸਰ, ਮੂੰਹ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਭਾਵ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਇਹ ਰੋਗ ਆਪਣੀ ਜਕੜ ਵਿੱਚ ਲੈ ਸਕਦਾ ਹੈ। ਇਸ ਨਾਲ ਮਰੀਜ਼ ਦੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ, ਉਸ ਦੀ ਸਿਹਤ ਕਮਜ਼ੋਰ ਹੋ ਜਾਂਦੀ ਹੈ, ਰੋਗੀ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਮਾਨਸਿਕ ਤੌਰ ‘ਤੇ ਵੀ ਰੋਗੀ ਇਸ ਭਿਆਨਕ ਬਿਮਾਰੀ ਨਾਲ ਲੜਨ ਦੀ ਹਿੰਮਤ ਹਾਰ ਬੈਠਦਾ ਹੈ। ਜੇ ਮਾਲਵਾ ਖੇਤਰ ਦੇ ਪਿੰਡਾਂ ਦਾ ਸਰਵੇਖਣ ਕੀਤਾ ਜਾਵੇ ਤਾਂ ਇਸ ਰੋਗ ਦੇ ਹਜ਼ਾਰਾਂ ਮਰੀਜ਼, ਜਿਹੜੇ ਪਹਿਲੀ ਸਟੇਜ ‘ਤੇ ਹਨ, ਸਾਹਮਣੇ ਆ ਸਕਦੇ ਹਨ, ਜਿਨ੍ਹਾਂ ਦੀਆਂ ਜਾਨਾਂ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ।
ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਵਿੱਚ ਇਸ ਭਿਆਨਕ ਬਿਮਾਰੀ ਨਾਲ ਲੜਨ ਦਾ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ ਗਿਆ। ਧਰਤੀ ਹੇਠਲਾ ਪਾਣੀ ਇਸ ਰੋਗ ਨੂੰ ਸਭ ਤੋਂ ਵਧ ਫੈਲਾ ਰਿਹਾ ਹੈ। ਇਸ ਖੇਤਰ ਦੇ ਕੁਝ ਕੁ ਪਿੰਡਾਂ ਵਿੱਚ ‘ਆਰੋ ਸਿਸਟਮ’ ਸ਼ੁਰੂ ਕੀਤਾ ਗਿਆ ਹੈ, ਬਾਕੀ ਹਜ਼ਾਰਾਂ ਪਿੰਡਾਂ ਦੇ ਲੋਕ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹਨ। ਕਿਸਾਨਾਂ ਵੱਲੋਂ ਵੱਧ ਝਾੜ ਪ੍ਰਾਪਤ ਕਰਨ ਲਈ ‘ਯੂਰੀਆ ਖਾਦਾਂ’ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਹੜੀ ਸਿੱਧੇ ਹੀ ਕੈਂਸਰ ਨਾਮਕ ਰੋਗ ਨੂੰ ਸੱਦਾ ਦੇ ਰਹੀ ਹੈ। ਡਾਕਟਰਾਂ ਵੱਲੋਂ ਤੇਜ਼ ਦਵਾਈਆਂ ਲਿਖ ਕੇ ਮਰੀਜ਼ਾਂ ਨੂੰ ਜਲਦੀ ਠੀਕ ਕਰਨ ਦੀ ਹੋੜ ਨੇ ਵੀ ਇਸ ਰੋਗ ਨੂੰ ਵਧਾਇਆ ਹੈ। ਗੋਲੀਆਂ ਬਿਨ੍ਹਾਂ ਡੇਟ ਤੋਂ ਵਿਕ ਰਹੀਆਂ ਹਨ, ਅਫੀਮ, ਭੁੱਕੀ, ਸਮੈਕ, ਨਸ਼ੇ ਦੀਆਂ ਪੁੜੀਆਂ, ਤਮਾਕੂੰ, ਬੀੜੀ ਨੇ ਵੀ ਮਾਲਵਾ ਪੱਟੀ ਨੂੰ ਇਸ ਭਿਆਨਕ ਬਿਮਾਰੀ ਦਾ ਸ਼ਿਕਾਰ ਬਣਾਇਆ ਹੈ।
ਸਰਕਾਰ ਵੱਲੋਂ ਪਿਛੇ ਜਿਹੇ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ ਤਿੰਨ ਸਾਲਾਂ ਵਿੱਚ ਬਠਿੰਡਾ ਜ਼ਿਲੇ ਵਿੱਚ ਹੀ ਇਸ ਬਿਮਾਰੀ ਕਾਰਨ 321 ਮੌਤਾਂ ਹੋ ਚੁੱਕੀਆਂ ਹਨ ਤੇ ਕਰੀਬ 2500 ਹੋਰ ਮਰੀਜ਼ ਇਸ ਬਿਮਾਰੀ ਦਾ ਸੰਤਾਪ ਭੋਗ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤੇ ਤਾਂ ਗਰੀਬੀ ਕਾਰਨ ਇਲਾਜ ਨਾ ਕਰਵਾਉਣ ਕਰ ਕੇ ਦਮ ਤੋੜ ਰਹੇ ਹਨ। ਪੂਰੀ ਮਾਲਵਾ ਪੱਟੀ ਵਿੱਚ ਇਸ ਰੋਗ ਨਾਲ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਉਪਰ ਹੈ ਅਤੇ ਵੀਹ ਹਜ਼ਾਰ ਦੇ ਕਰੀਬ ਰੋਗੀ ਮਾਲਵਾ ਪੱਟੀ ਵਿੱਚ ਇਸ ਰੋਗ ਨੂੰ ਭੋਗ ਰਹੇ ਹਨ। ਹਜ਼ਾਰਾਂ ਮਰੀਜ਼ ਅਜਿਹੇ ਹਨ, ਜਿਹੜੇ ਇਸ ਰੋਗ ਦੀ ਮੁੱਢਲੀ ਸਟੇਜ ਦੀ ਜਕੜ ਉੱਤੇ ਹਨ ਅਤੇ ਭੁਲੇਖੇ ਕਾਰਨ ਦਰਦ ਨਿਵਾਰਕ ਗੋਲੀਆਂ ਖਾ ਕੇ ਰੋਗ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਕਰ ਰਹੇ ਹਨ। ਪੀ ਜੀ ਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਵੱਲੋਂ ਤਲਵੰਡੀ ਸਾਬੋ (ਬਠਿੰਡਾ) ਦੇ 36 ਪਿੰਡਾਂ ਦੇ ਸਰਵੇਖਣ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਰੋਗ ਤੇਜ਼ੀ ਨਾਲ ਫੈਲ ਰਿਹਾ ਹੈ। ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਰੇਲ ਮੰਤਰੀ ਮਮਤਾ ਬੈਨਰਜੀ ਨੂੰ ਕੈਂਸਰ ਪੀੜਤਾਂ ਲਈ ਸੀਟਾਂ ਦੇ ਕੋਟੇ ਨਾਲ ਛੇੜ-ਛਾੜ ਨਾ ਕਰਨ ਲਈ ਲਿਖੇ ਮੰਗ ਪੱਤਰ ਨਾਲ ਮਾਲਵਾ ਪੱਟੀ ‘ਚ ਕੈਂਸਰ ਦੇ ਵੱਧਦੇ ਰੋਗ ਦਾ ਮਾਮਲਾ ਫਿਰ ਉਭਰਿਆ ਸੀ।
ਪੰਜਾਬ ਦੇ ਸਿਹਤ ਵਿਭਾਗ ਨੇ ‘ਰੋਕੋ ਕੈਂਸਰ’ ਨਾਂ ਦੇ ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ ਬਠਿੰਡਾ, ਮਾਨਸਾ, ਮੁਕਤਸਰ ਦੇ ਜ਼ਿਲਿਆਂ ਵਿੱਚ ਵਿਸ਼ੇਸ਼ ਕੈਂਪ ਲਾ ਕੇ ਇਸ ਰੋਗ ਦੇ ਮਰੀਜ਼ਾਂ ਦੀ ਪੁਸ਼ਟੀ ਕਰਨ ਦਾ ਕੰਮ ਸ਼ੁਰੂ ਕੀਤਾ ਹੈ, ਪ੍ਰੰਤੂ ਇਹ ਕਾਰਜ ਬਹੁਤ ਹੌਲੀ ਕੀਤਾ ਜਾ ਰਿਹਾ ਹੈ। ‘ਪੰਜਾਬ ਨਿਰੋਗੀ ਸੁਸਾਇਟੀ’ ਦੇ ਜਰੀਏ ਸਟੇਟ ਦਿਲਨੋਸ਼ ਫੰਡ ਦੇ ਤਹਿਤ ਗਰੀਬੀ ਰੇਖਾ ਤੋਂ ਹੇਠਲੇ ਕੈਂਸਰ ਪੀੜਤਾਂ ਦੀ ਮਾਲੀ ਮਦਦ ਦਾ ਕੀਤਾ ਜਾ ਰਿਹਾ ਉਪਰਾਲਾ ਚੰਗੀ ਸ਼ੁਰੂਆਤ ਹੈ, ਪ੍ਰੰਤੂ ਅਜੇ ਵੀ ਬਹੁਤੀਆਂ ਸਮਾਜ ਸੇਵੀ ਸੰਸਥਾਵਾਂ ਇਸ ਰੋਗ ਨੂੰ ਜੜ੍ਹੋਂ ਖਤਮ ਕਰਨ ਲਈ ਹੰਭਲਾ ਨਹੀਂ ਮਾਰ ਰਹੀਆਂ। ਪਿੰਡਾਂ ਦੀਆਂ ਪੰਚਾਇਤਾਂ, ਕਲੱਬਾਂ, ਧਾਰਮਿਕ ਸੰਸਥਾਵਾਂ ਨੂੰ ਵੀ ਇਸ ਰੋਗ ਦੇ ਟਾਕਰੇ ਲਈ ਅੱਗੇ ਆਉਣਾ ਚਾਹੀਦਾ ਹੈ। ਪਹਿਲੇ ਪੜਾਅ ਵਿੱਚ ਕੈਂਸਰ ਦੇ ਰੋਗ ਦਾ ਪਤਾ ਲਗਾਉਣ ਲਈ ਡਾਇਗਨਾਸਟਿਕ ਸੈਂਟਰ ਖੋਲੇ ਜਾਣ ਦੀ ਜ਼ਰੂਰਤ ਹੈ। ਇਨ੍ਹਾਂ ਸੈਂਟਰਾਂ ਲਈ ਪਿੰਡਾਂ ਦੇ ਸੂਝਵਾਨ ਲੋਕਾਂ ਨੂੰ ਅੱਗੇ ਆਉਣਾ ਪਵੇਗਾ।
ਜੇ ਮਾਲਵਾ ਪੱਟੀ ਇਸ ਭਿਆਨਕ ਬਿਮਾਰੀ ਦੀ ਗ੍ਰਿਫਤ ਤੋਂ ਬਚਾਉਣੀ ਹੈ ਤਾਂ ਇਸ ਰੋਗ ਪ੍ਰਤੀ ਹਰ ਇਨਸਾਨ ਨੂੰ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਪਵੇਗਾ। ਬਿਮਾਰੀ ਨਾਲ ਲੜ ਰਹੇ ਗਰੀਬ ਲੋਕਾਂ ਦੀ ਮਾਲੀ ਮਦਦ ਕਰਨ ਲਈ ਸਮਾਜ ਸੇਵਾ ਸੰਸਥਾਵਾਂ, ਰਾਜਨੀਤਕ ਪਾਰਟੀਆਂ, ਕਲੱਬਾਂ, ਪੰਚਾਇਤਾਂ ਅਤੇ ਸਰਕਾਰ ਨੂੰ ਪਹਿਲਕਦਮੀ ਕਰਨ ਦੀ ਜ਼ਰੂਰਤ ਹੈ। ਮਾਲਵਾ ਖੇਤਰ ਵਿੱਚ ਇਸ ਰੋਗ ਦੀ ਰੋਕਥਾਮ ਲਈ ਕਈ ਵੱਡੇ ਹਸਪਤਾਲ ਉਸਾਰੇ ਜਾਣ ਅਤੇ ਇਸ ਬਿਮਾਰੀ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਲੋੜ ਹੈ। ਜੇ ਅਸੀਂ ਜਲਦੀ ਇਸ ਪ੍ਰਤੀ ਸੁਚੇਤ ਨਾ ਹੋਏ ਤਾਂ ਇਹ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਲਵੇਗੀ।



