ਤੀਆਂ: ਉਦੋਂ ਤੇ ਹੁਣ
On 17 August 2010 in ਘਰ-ਪਰਿਵਾਰ
-ਅਤੈ ਸਿੰਘ
ਕਬੂਤਰਬਾਜ਼ ਜਦੋਂ ਕਬੂਤਰ ਉਡਾਉਂਦਾ ਤਾਂ ਕੋਈ ਮਾਣ-ਮੱਤਾ ਕਬੂਤਰ ਕੁਝ ਜ਼ਿਆਦਾ ਉੱਚੀਆਂ ਹਵਾਵਾਂ ਵਿੱਚ ਉੱਡਣ ਲੱਗ ਪੈਂਦਾ ਹੈ। ਉਡਦਾ ਉਡਦਾ ਆਪਣੇ ਪਿੰਡ ਦੀ ਜੂਹ ਲੰਘ ਕੇ ਕਿਸੇ ਹੋਰ ਪਿੰਡ ਦੀ ਜੂਹ ਵਿੱਚ ਚਲਾ ਜਾਂਦਾ ਹੈ। ਫਿਰ ਉਹਨੂੰ ਆਪਣੇ ਪਾਲਕ ਦੀ ਛਤਰੀ ਤੇ ਆਪਣੇ ਖੁੱਡੇ ਦੀ ਲੋੜ ਮਹਿਸੂਸ ਹੁੰਦੀ। ਜਿਉਂ-ਜਿਉਂ ਹਨੇਰਾ ਹੋਵੇ, ਉਹਨੂੰ ਆਪਣੇ ਪਿੰਡ ਦੀ ਜੂਹ ਦਿੱਸਣੋਂ ਹੱਟ ਜਾਂਦੀ ਹੈ। ਐਹੋ ਜਿਹੇ ਵੇਲੇ ਉਹ ਕਿਸੇ ਹੋਰ ਕਬੂਤਰਬਾਜ ਦੀ ਨਿਗਾਹ ਚੜ੍ਹ ਜਾਂਦਾ ਹੈ। ਕਬੂਤਰਬਾਜ ਝੱਟ ਤਾੜ ਜਾਂਦਾ ਹੈ, ਇਹ ਕਬੂਤਰ ਤਾਂ ‘ਲਾਂਭ ਦਾ’ ਏ। ਫਿਰ ਉਹ ਕੋਠੇ ‘ਤੇ ਛਤਰੀ ਲਾ ਕੇ ਆਪਣੇ ਕਬੂਤਰ ਲਾਂਭ ਦੇ ਕਬੂਤਰ ਨੂੰ ਵਰਗਲਾਉਣ ਲਈ ਛੱਡ ਦੇਂਦਾ। ਉਹਦੇ ਉਡਾਏ ਕਬੂਤਰ ਬਿਗਾਨੀ ਜੂਹ ਵਿੱਚ ਭਟਕਦੇ ਕਬੂਤਰ ਨੂੰ ਆਪਣੇ ਨਾਲ ਲੈ ਆਉਂਦੇ ਅਤੇ ਆਪਣੇ ਪਾਲਕ ਦੀ ਛਤਰੀ ‘ਤੇ ਆਣ ਬਹਿੰਦੇ, ਲਾਂਭ ਦੇ ਕਬੂਤਰ ਸਮੇਤ। ਕਬੂਤਰਬਾਜ਼ ਉਹਦੇ ਪਰ ਕੱਟ ਕੇ ਕੁਝ ਦਿਨ ਆਪਣੇ ਖੁੱਡੇ ਵਿੱਚ ਰੱਖਦਾ। ਕੁਝ ਦਿਨ ਬਾਅਦ ਉਹਨੂੰ ਉੱਡਣ ਲਈ ਛੱਡਦਾ। ਜੇ ਤਾਂ ਕਬੂਤਰ ਪੂਰਾ ਗਿੱਝ ਗਿਆ ਹੁੰਦਾ, ਮੁੜ ਉਸ ਦੀ ਛਤਰੀ ‘ਤੇ ਆਣ ਬਹਿੰਦਾ ਤੇ ਜੇ ਰਚਿਆ ਮਿਚਿਆ ਨਾ ਹੁੰਦਾ ਜਦੋਂ ਕਿਤੇ ਉਪਰ ਉਡਦਿਆਂ ਉਹਨੂੰ ਆਪਣੇ ਪੁਰਾਣੇ ਖੁੱਡੇ ਦਾ ਕਬੂਤਰ ਮਿਲ ਪੈਂਦਾ, ਉਹ ਮੁੜ ਆਪਣੇ ਪਹਿਲੇ ਪਾਲਕ ਕੋਲ ਆ ਜਾਂਦਾ। ਉਹਨੂੰ ਆਪਣੀ ਜੂਹ ਤੇ ਆਪਣੇ ਖੁੱਡੇ ਦੀ ਮੁੜ ਝੱਟ ਪਛਾਣ ਆ ਜਾਂਦੀ। ਡੰਗਰ-ਵੱਛਾ ਵੀ ਕਿਤੇ ਗੁਆਚ ਜਾਵੇ ਤਾਂ ਮੁੜ ਆਪਣੀ ਖੁਰਲੀ ਵੱਲ ਈ ਧਾਉਂਦਾ ਹੈ। ਪਰਵਾਸੀ ਪੰਛੀ ਵੀ ਰੁੱਤ ਪਰਤਣ ‘ਤੇ ਮੁੜ ਆਪਣੇ ਦੇਸ਼ ਵੱਲ ਪਰਤ ਜਾਂਦੇ ਨੇ। ਰੁੱਖ-ਬੂਟੇ ਫੁੱਲ ਵੀ ਆਪਣੀ ਧਰਤੀ ‘ਤੇ ਪਲਦੇ ਮੌਲਦੇ ਨੇ।
ਸਮਝ ਨਹੀਂ ਆਉਂਦੀ, ਫੇਰ ਬੰਦਾ ਕਿਉਂ ਆਪਣੇ ਆਪ ਨਾਲੋਂ, ਆਪਣੀ ਧਰਤੀ ਨਾਲੋਂ, ਆਪਣੇ ਸਭਿਆਚਾਰ ਨਾਲੋਂ ਏਨੀ ਬੁਰੀ ਤਰ੍ਹਾਂ ਟੁੱਟ ਗਿਆ ਏ? ਸ਼ਾਇਦ ਏਸ ਹੋਣੀ ਦਾ ਪੰਜਾਬਣ ਮੁਟਿਆਰ ਨੂੰ ਪਹਿਲਾਂ ਹੀ ਪਤਾ ਸੀ, ਤਾਂਹੀਓਂ ਉਹਨੇ: ‘ਮੁੰਡਾ ਵੇਖ ਕੇ ਕਬੂਤਰ ਵਰਗਾ, ਕੋਠੇ ‘ਤੇ ਲਵਾ ਲਈ ਛਤਰੀ’; ਤੇ ਸ਼ਾਇਦ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਕਿਸੇ ਦਿਨ ਉਸ ਕੋਲੋਂ ਉਸ ਦਾ ਸਭਿਆਚਾਰ ਵੀ ਰੁੱਸ ਜਾਵੇਗਾ, ਬੁੱਸ ਜਾਵੇਗਾ, ਖੁੱਸ ਜਾਵੇਗਾ, ਇਸੇ ਲਈ ‘ਗਿੱਧੇ ਦੀ ਰਾਣੀ’ ਨੇ ਉਦੋਂ ਕਿਸੇ ਲੋਕ ਬੋਲੀ ਵਿੱਚ ਤਰਲਾ ਲਿਆ-
ਸਾਉਣ ਮਹੀਨੇ ਘਾਹ ਹੋ ਗਿਆ, ਰੱਜੀਆਂ ਮੱਝੀਆਂ-ਗਾਈਂ।
ਗਿੱਧਿਆ ਪਿੰਡ ਵੜ ਵੇ, ਲਾਂਭ-ਲਾਂਭ ਨਾ ਜਾਈਂ।
ਇਹ ਉਨ੍ਹਾਂ ਵੇਲਿਆਂ ਦੀ ਗੱਲ ਏ, ਜਦੋਂ ਪਿੰਡ ਦੀ ਮੁਟਿਆਰ ਗਿੱਧੇ ਨੂੰ ਆਪਣੇ ਵੱਲ ਖਿੱਚਦੀ ਸੀ, ਲਾਂਭ-ਲਾਂਭ ਨਹੀਂ ਸੀ ਜਾਣ ਦੇਂਦੀ। ਹੁਣ ਦੀ ਮੁਟਿਆਰ ਗਿੱਧੇ ਨੂੰ ਆਪਣੇ ਤੋਂ ਪਰ੍ਹਾਂ ਕਰ ਰਹੀ ਲਗਦੀ ਹੈ, ਜਾਂ ਗਿੱਧਾ ਉਸ ਤੋਂ ਲਾਂਭ-ਲਾਂਭ ਜਾ ਰਿਹਾ ਲੱਗਦਾ ਏ। ਸਿਰਫ ਮੁਟਿਆਰ ਨਹੀਂ, ਗੱਭਰੂ ਵੀ ਇਹੋ ਕੁਝ ਕਰ ਰਿਹਾ ਐ। ਉਂਜ ਗੱਭਰੂ-ਮੁਟਿਆਰਾਂ ਕਰਨ ਵੀ ਕੀ? ਗਿੱਧਾ ਉਦੋਂ ਪੈਂਦਾ ਸੀ, ਜਦੋਂ ਕੋਈ ਆਪਣਾ ਨਾਂ ਲਿਆਂ ਬਗੈਰ ‘ਬੋਲੀਆਂ ਦੇ ਖੂਹ ਭਰਨ’ ਦਾ ਦਾਅਵਾ ਕਰਦੀ ਸੀ ਤੇ ਹੁਣ ਆਡੀਓ-ਵੀਡਿਓ ਕੈਸੇਟਾਂ, ਸੀਡੀਆਂ, ਵੀ-ਸੀਡੀਆਂ ‘ਤੇ ਬੋਲੀਆਂ ਲਿਖਣ ਵਾਲੇ ਸ਼ਖਸ ਦਾ ਨਾਂ ਮੋਟੇ ਅੱਖਰਾਂ ਵਿੱਚ ਛਪਿਆ ਮਿਲੇਗਾ, ਜਦ ਕਿ ਲੋਕ ਗੀਤ ਦੀ ਮੁੱਢਲੀ ਪਛਾਣ ਇਸ ਦਾ ਸਭਨਾਂ ਲੋਕਾਂ ਵਲੋਂ ਰਚਿਆ ਹੋਣਾ ਏ, ਨਾ ਕਿ ਕਿਸੇ ‘ਕੱਲ੍ਹੇ-ਕਾਰੇ ਸ਼ਖਸ ਵਲੋਂ ਲਿਖਿਆ ਜਾਣਾ। ਇਸੇ ਤਰ੍ਹਾਂ ਭੰਗੜਾ ਉਦੋਂ ਪੈਂਦਾ ਸੀ, ਜਦੋਂ ਪੱਕਣ ‘ਤੇ ਆਈ ਸੁਨਹਿਰੀ-ਭਾਅ ਮਾਰਦੀ ਕਣਕ ਗੱਭਰੂ ਨੂੰ ਵਾਢੀ ਲਈ ਸੈਨਤਾਂ ਮਾਰਦੀ ਸੀ-
ਕਣਕਾਂ ਦੇ ਮੂੰਹ ਆ ਗਈ ਲਾਲੀ, ਖੁਸ਼ੀਆਂ ਭਰੇ ਕਿਆਰੇ
ਭੰਗੜਾ ਪਾ ਮੁੰਡਿਆ, ਤੈਨੂੰ ਕਣਕ ਸੈਨਤਾਂ ਮਾਰੇ।
ਹੁਣ ਥਰੈਸ਼ਰਾਂ, ਕੰਬਾਈਨਾਂ ਨਾਲ ਕੁਝ ਦਿਹਾੜੀਆਂ ਵਿੱਚ ਕਣਕ ਸਾਂਭ ਕੇ ਮੁੰਡਾ ਜੀਨ ਪਾ ਕੇ, ਬੋਦੇ ਵਾਹ ਕੇ, ਮੋਟਰ ਸਾਈਕਲ ‘ਤੇ ਸ਼ਹਿਰ ਗੇੜਾ ਮਾਰਨ ਚਲਾ ਜਾਂਦਾ ਏ। ਹੁਣ ਤਾਂ ਇਹ ਬੋਲੀ ਕੁਝ ਇਸ ਤਰ੍ਹਾਂ ਹੋਵੇਗੀ-
ਅੱਗੇ ਤਾਂ ਮੁੰਡਾ ਖੇਤੀਂ ਹਲ ਸੀ ਵਾਹੁੰਦਾ,
ਹੁਣ ਬਹਿੰਦਾ ਕੁਰਸੀਆਂ ਮੇਜਾਂ ‘ਤੇ।
ਹੁਣ ਗਿੱਧਾ ਪਵੇ ਸਟੇਜਾਂ ‘ਤੇ!
ਐਹੋ ਜਿਹੇ ਬਦਲਦੇ ਸਭਿਆਚਾਰਕ ਪਾਸਾਰ ਵਿੱਚ ਅੱਜਕੱਲ੍ਹ ਤੀਆਂ ਦਾ ਕੀ ਹਸ਼ਰ ਹੋਵੇਗਾ? ਉਹੋ, ਜੋ ਦੂਜੇ ਪਿੰਡ ਜਾ ਕੇ ਲਾਂਭ ਦਾ ਕਬੂਤਰ ਅਖਵਾਉਣ ਵਾਲੇ ਕਬੂਤਰ ਦਾ ਹੋਇਆ। ਨਾ ਉਹ ਦੂਜੇ ਪਿੰਡ ਨੂੰ ਅਪਣਾ ਸਕਿਆ, ਨਾ ਆਪਣਾ ਪਿੰਡ ਭੁੱਲ ਸਕਿਆ, ਤੇ ਆਪਣਾ ਪਿੰਡ ਭੁੱਲਦਾ ਵੀ ਕੀਹਨੂੰ ਏ। ਹੁਣ ਤੀਆਂ ਲੱਗਦੀਆਂ ਤਾਂ ਹਨ, ਪਰ ਉਦੋਂ ਵਾਂਗ ਨਹੀਂ। ਆਂਹਦੇ ਨੇ; ਇੱਕ ਰਾਜਾ ਆਪਣੇ ਗੁਲਾਮ ਨੂੰ ਘੋੜਾ ਸਾਂਭਣ ਲਈ ਸੌਂਪ ਕੇ ਆਪ ਸੌਂ ਗਿਆ। ਰਾਜੇ ਨੂੰ ਸੁੱਤਾ ਵੇਖ ਕੇ ਗੁਲਾਮ ਵੀ ਸੌਂ ਗਿਆ। ਚੋਰਾਂ ਦਾ ਦਾਅ ਲੱਗ ਗਿਆ। ਘੋੜਾ ਖੋਲ੍ਹ ਕੇ ਲੈ ਗਏ। ਤੜਕੇ ਗੁਲਾਮ ਦੀ ਅੱਖ ਖੁੱਲ੍ਹੀ ਤਾਂ ਘੋੜਾ ਗਾਇਬ। ਹੁਣ ਕਰੇ ਤਾਂ ਕੀ ਕਰੇ। ਪਰ੍ਹੇ ਇੱਕ ਖਰਗੋਸ਼ ਫਿਰਦਾ ਸੀ। ਉਸ ਨੇ ਖਰਗੋਸ਼ ਫੜ ਕੇ ਕਿੱਲੇ ‘ਤੇ ਬੰਨ੍ਹ ਦਿੱਤਾ ਤੇ ਘੋੜੇ ਵਾਲਾ ਖਰਖਰਾ ਫੜ ਕੇ ਉਸ ਨੂੰ ਫੇਰਨ ਲੱਗ ਗਿਆ। ਰਾਜੇ ਨੇ ਉੱਠ ਕੇ ਘੋੜੇ ਬਾਰੇ ਪੁੱਛਿਆ ਤਾਂ ਅੱਗੋਂ ਆਂਹਦਾ, ‘ਹਜ਼ੂਰ! ਸਾਰੀ ਰਾਤ ਮੈਂ ਘੋੜੇ ਨੂੰ ਖਰਖਰਾ ਕਰਦਾ ਰਿਹਾ, ਹੁਣ ਘਸ ਘਸ ਕੇ ਐਡਾ ਕੁ ਰਹਿ ਗਿਆ।’ ਲੱਗਦਾ ਸਾਡੇ ਸਭਿਆਚਾਰ ਦਾ ਹਾਲ ਵੀ ਕੁਝ ਏਸ ਤਰ੍ਹਾਂ ਦਾ ਈ ਹੋਇਆ ਏ। ਤੀਆਂ ਜਦੋਂ ਲੱਗਦੀਆਂ ਸਨ, ਤਾਂ ਉਦੋਂ ਘੋੜੇ ਦੀ ਚਾਲ ਵਰਗੀ ਹਰਕਤ ਸਾਰੇ ਪਿੰਡ ਦੀਆਂ ਰਗਾਂ ਵਿੱਚ ਦੌੜਦੀ ਸੀ। ਹੁਣ ਜਦ ਤੀਆਂ ਲੱਗਦੀਆਂ ਨੇ ਤਾਂ ਭੱਜੇ ਜਾਂਦੇ ਸਹੇ ਦੀਆਂ ਤਿੰਨ ਲੱਤਾਂ ਵਾਂਗ ਈ ਲੱਗਦੀਆਂ ਨੇ। ਉਦੋਂ ਤੀਆਂ ਖੌਰੂ ਪਾਉਂਦੇ ਦਰਿਆ ਦੇ ਵਹਿਣ ਵਾਂਗ ਲੱਗਦੀਆਂ ਸਨ, ਹੁਣ ਤੀਆਂ ਟੂਟੀ ‘ਚੋਂ ਮਸਾਂ ਸਿੰਮਦੇ ਪਾਣੀ ਵਾਂਗ। ਅਸਲ ਵਿੱਚ ਉਦੋਂ ਤੀਆਂ ਲਾਈਆਂ ਨਹੀਂ ਸਨ ਜਾਂਦੀਆਂ, ਆਪੇ ਲੱਗਦੀਆਂ ਸਨ। ਇਸੇ ਲਈ ਆਪਣੀਆਂ ਲੱਗਦੀਆਂ ਸਨ। ਹੁਣ ਤੀਆਂ ਲੱਗਦੀਆਂ ਨਹੀਂ, ਲਾਈਆਂ ਜਾਂਦੀਆਂ ਨੇ, ਤੇ ਓਪਰੀਆਂ-ਓਪਰੀਆਂ ਲੱਗਦੀਆਂ ਨੇ।
ਚਾਅ ਬਿਨਾਂ ਜ਼ਿੰਦਗੀ ਵਿੱਚ ਹੈ ਵੀ ਕੀ? ਸੁਪਨੇ ਬਿਨ ਜ਼ਿੰਦਗੀ ਵਿੱਚ ਕਿਹੜਾ ਰੰਗ ਕਿਆਸਾਂਗੇ। ਖਿਆਲਾਂ ਦੇ ਖੰਭਾਂ ਤੋਂ ਬਗੈਰ ਕਿਨ੍ਹਾਂ ਖੰਭਾਂ ਆਸਰੇ ਉੱਡਾਂਗੇ। ਰੀਝ-ਪ੍ਰੀਤ ਤੋਂ ਬਿਨ ਕਾਹਦੇ ਸਾਂਵੇਂ ਲਾਵਾਂਗੇ? ਤੀਆਂ ਸਿਰਫ ਗਿੱਧਿਆਂ, ਬੋਲੀਆਂ, ਖੀਰਾਂ, ਪੂੜਿਆਂ, ਪੀਂਘਾਂ, ਛਿੰਜਾਂ ਦਾ ਤਿਉਹਾਰ ਹੀ ਨਹੀਂ, ਪ੍ਰੀਤਾਂ, ਚਾਵਾਂ, ਰੀਝਾਂ ਦਾ ਤਿਉਹਾਰ ਏ, ਜਿਸ ਦੇ ਸੁਪਨੇ ਕੁੜੀ ਪਹਿਲੀ ਭਾਦੋਂ ਤੋਂ ਲੈ ਕੇ ਅਖੀਰ ਹਾੜ੍ਹ ਤੱਕ ਲੈਂਦੀ ਏ ਤੇ ਜੀਹਦੇ ਖਿਆਲਾਂ ਵਿੱਚ ਉਹ ਹੱਡ-ਭੰਨਵੇਂ ਕੰਮ ਕਰਦੀ ਵੀ ਉੱਡੀ ਫਿਰਦੀ ਏ। ਜੇ ਕਿਤੇ ਤੀਆਂ ਵਿੱਚ ਇਹ ਕੁਝ ਨਾ ਰਿਹਾ ਤਾਂ ਤੀਆਂ ਦਾ ਨਾਂ ‘ਤੀਆਂ’ ਕਿਵੇਂ ਰਹੇਗਾ? ਤੇ ਪੰਜਾਬੀ ਸਭਿਆਚਾਰ ਦੀ ਸਤਰੰਗੀ ਪੀਂਘ ਦਾ ਕੀ ਬਣੇਗਾ? ਇਹ ਸੱਚ ਏ, ਤੀਆਂ ਵਿੱਚ ਗਿੱਧਾ ਹੁਣ ਵੀ ਪੈਂਦਾ ਏ, ਪੂੜੇ ਹੁਣ ਵੀ ਪੱਕਦੇ ਨੇ, ਛਿੰਜਾਂ ਹੁਣ ਵੀ ਪੈਂਦੀਆਂ ਨੇ, ਪਰ ਹੁਣ ਚਾਅ ‘ਚ ਕਿਸੇ ਦਾ ਪੱਬ ਉਠਦਾ ਨਹੀਂ ਲੱਗਦਾ। ਇਉਂ ਨਹੀਂ ਜਾਪਦਾ ਭਈ ਚਾਅ ਵਿੱਚ ਕਿਸੇ ਦੀ ਅੱਡੀ ਭੋਇੰ ਨਾ ਲੱਗਦੀ ਹੋਵੇ। ਅਖਾੜੇ ਵਿੱਚ ਆਉਣ ਲਈ ਕਿਸੇ ਦੇ ਡੌਲੇ ਫਰਕਦੇ ਨਹੀਂ ਲੱਗਦੇ। ਵਣਜਾਰਾ ਚੂੜੀਆਂ ਵਾਲਾ ਟਰੰਕ ਚੁੱਕੀ ਕਿੱਥੇ ਲੱਭਦਾ ਏ ਹੁਣ? ਪੂੜਿਆਂ ਲਈ ਚਾਈਂ-ਚਾਈਂ ਪਿੱਪਲ ਦੇ ਪੱਤੇ ਤੋੜ ਕੇ ਲਿਆਉਂਦਾ ਕਿੱਥੇ ਦਿੱਸਦਾ ਏ ਹੁਣ ਕੋਈ? ਹੁਣ ਤਾਂ ਕਿਤੇ ਕੋਈ ਵੀ ਇਹ ਚੇਤੇ ਵੀ ਨਹੀਂ ਕਰਾਉਂਦਾ-
ਸਾਵਣ ਖੀਰ ਨਾ ਖਾਧੀਆ, ਕਿਉਂ ਜੰਮਿਆ ਅਪਰਾਧੀਆ।
ਹੁਣ ਤੀਆਂ ਲੱਗਦੀਆਂ ਨੇ ਇੱਕ ਰਸਮ ਜਿਹੀ ਵਾਂਗ ਜਾਂ ਕੋਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਂਗ। ਤੀਆਂ ਕਦੀ ਕੋਠੀਆਂ, ਕਲੱਬਾਂ, ਪਾਰਕਾਂ ਵਿੱਚ ਲੱਗਦੀਆਂ ਨਹੀਂ ਸਨ ਕਿਆਸੀਆਂ। ਖੁੱਲ੍ਹੇ ਖੇਤਾਂ ਵਿੱਚੋਂ ਕਿਸੇ ਖਾਲੀ ਖੱਤੇ ਨੂੰ ਭਾਗ ਲਾਉਂਦੀਆਂ ਸਨ ਪੰਜਾਬਣਾਂ, ਤੇ ਕਿਸੇ ਵਾਹੇ-ਸੁਹਾਗੇ ਖੱਤੇ ਮੁੰਡੇ-ਖੁੰਡੇ ਕੌਡੀ ਖੇਡ ਕੇ ਖੱਤੇ ਨੂੰ ਯਾਦਗਾਰੀ ਬਣਾ ਦਿੰਦੇ ਸਨ। ਕੋਈ ਇਹਦਾ ਪ੍ਰਬੰਧ ਨਹੀਂ ਸੀ ਕਰਦਾ, ਸਭ ਕੁਝ ਆਪਣੇ ਆਪ ਕਿਸੇ ਪ੍ਰਬੰਧ ਹੇਠ ਹੋ ਜਾਂਦਾ ਸੀ। ਪਿੱਪਲ ‘ਤੇ ਪੀਂਘਾਂ ਪਾਉਣ ਲਈ ਕੌਣ ਰੱਸਾ ਲੈ ਆਇਆ, ਕੌਣ ਪੀੜ੍ਹੀ ਲੈ ਆਇਆ, ਕੋਈ ਪਤਾ ਨਹੀਂ ਸੀ ਲੱਗਦਾ। ਕੌਣ ਦਾਣੇ ਭੁਨਾ ਕੇ ਲਿਆਇਆ, ਕੌਣ ਗੁੜ ਲੈ ਕੇ ਆਇਆ, ਕੌਣ ਜਾਣੇ? ਇਹ ਤਾਂ ਸਾਰਿਆਂ ਵਿੱਚ ਵੰਡੇ ਜਾਣੇ ਨੇ, ਕਿਸੇ ਇੱਕ ਦੇ ਥੋੜ੍ਹੇ। ਪਾਣੀ ਕੋਈ ਲੈ ਕੇ ਆਇਆ ਤਾਂ ਚੂਲੀ-ਚੂਲੀ ਸਾਰਿਆਂ ਪੀ ਲਿਆ। ਕਿਸੇ ਮਨਚਲੇ ਨੇ ਕਿਸੇ ਸੁਨੱਖੀ ਨੂੰ ਮਸ਼ਕਰੀ ਕੀਤੀ ਤਾਂ ਕਿਸੇ ਬੁੱਢੇ ਦਾ ਖੂੰਡਾ ਮੌਰਾਂ ‘ਚ; ਇਹ ਥੋੜ੍ਹਾ ਕਿਸੇ ਪੁੱਛਣਾ, ਭਈ ਤੂੰ ਕੌਣ? ਏਨੀ ਸਾਂਝ ਸੀ ਸੁਭਾਵਕ ਜਿਹੀ, ਤੀਆਂ ਵਿੱਚ ਪੰਜਾਬੀ ਸਭਿਆਚਾਰ ਦੀ ਤੰਦ-ਤਾਣੀ ਵਿੱਚ।
ਤੀਆਂ ਹੁਣ ਲੱਗਦੀਆਂ ਨੇ ਬਾਕਾਇਦਾ ਕਿਸੇ ਸੰਸਥਾ ਦੇ ਮੇਲੇ ਸਮਾਗਮ ਵਾਂਗ, ਪੂਰੇ ਪ੍ਰਬੰਧਾਂ ਹੇਠ ਤੇ ਉਹ ਵੀ ਕਿਤੇ-ਕਿਤੇ ਵਿਰਲੀਆਂ ਜਿਹੀਆਂ। ਪਤਵੰਤੇ ਸੱਜਣ ਜੁੜਦੇ ਨੇ। ਕੋਈ ਪੇਸ਼ਾਵਰ ਟੋਲਾ ਗਿੱਧਾ ਪਾਉਂਦਾ ਨਾਲ ਪ੍ਰਾਹੁਣਿਆਂ ਨੂੰ ਵੀ ਨਚਾ ਲੈਂਦਾ ਏ। ਨਕਲੀ ਜਿਹੀਆਂ ਪੀਂਘਾਂ ਦਾ ਝੂਟਾ ‘ਸਵਰਗ ਦਾ ਝੂਟਾ’ ਕਿੰਜ ਬਣੇ? ਬਾਜ਼ਾਰੀ ਪੂੜਿਆਂ ‘ਚ ਉਹ ਸਵਾਦ ਕਿੱਥੇ, ਜਿਹੜਾ ਵੱਡੀ ਭਾਬੀ ‘ਪਰਗਾਸੋ’ ਦੇ ਗਾਲ੍ਹਾਂ ਕੱਢ-ਕੱਢ ਖੁਆਏ ਪੂੜਿਆਂ ਵਿੱਚ ਹੁੰਦਾ ਸੀ?
ਤਬਦੀਲੀ ਕੁਦਰਤ ਦਾ ਨਿਯਮ ਏ। ਤਰੱਕੀ ਕਰਨੀ ਮਨੁੱਖ ਦਾ ਸੁਭਾਅ ਏ। ਅੱਗੇ ਵਧਣਾ ਜ਼ਿੰਦਗੀ ਦਾ ਲੱਛਣ ਏ, ਪਰ ਜੇ ਤਬਦੀਲੀ ਦਾ ਸਿੱਟਾ ਪਹਿਲਾਂ ਨਾਲੋਂ ਮਾੜਾ ਨਿਕਲੇ, ਤਰੱਕੀ ਦੀ ਦੌੜ ਵਿੱਚ ਕੁਝ ਚੰਗਾ ਗੁਆਚ ਜਾਵੇ, ਅੱਗੇ ਵਧਦਿਆਂ ਕੁਝ ਅਹਿਮ ਜਿਹਾ ਪਿੱਛੇ ਰਹਿ ਜਾਵੇ ਤਾਂ ਇਸ ਤਬਦੀਲੀ, ਤਰੱਕੀ, ਅੱਗੇ ਵਧਣ ਨੂੰ ਕੀ ਆਖਾਂਗੇ? ਫਰਿੱਜਾਂ ਵੇਖ ਕੇ ਜਿੰਨੀ ਖੁਸ਼ੀ ਹੁੰਦੀ ਏ, ਕਦੀ ਘੜਾ ਵੇਖ ਕੇ ਏਨੀ ਖੁਸ਼ੀ ਹੁੰਦੀ ਸੀ ਤੇ ਤਸੱਲੀ ਇਸ ਤੋਂ ਵੱਧ। ਅੱਜ ਡਰਾਇੰਗ ਰੂਮ ਵਿੱਚ ਸੱਜੀ ਗਾਗਰ ਵੇਖ ਕੇ ਮੁਸਕਰਾਵਾਂਗੇ ਜਾਂ ਹਉਕਾ ਭਰਾਂਗੇ? ਅਸੀਂ ਸਭਿਆਚਾਰ ਨੂੰ ਡਰਾਇੰਗ ਰੂਮ ਤੱਕ ਸੀਮਤ ਨਹੀਂ ਕਰ ਸਕਦੇ, ਭਾਵੇਂ ਬਾਹਰ ਥਾਂ ਦੀ ਥੋੜ੍ਹ ਕਿਉਂ ਨਾ ਹੋਵੇ। ਇਹ ਤਾਂ ਮਨ ਦਿਆਂ ਕੋਨਿਆਂ ਤੋਂ ਲੈ ਕੇ ਆਕਾਸ਼ ਦੀ ਵਿਸ਼ਾਲਤਾ ਤੱਕ ਪੱਸਰਿਆ ਹੋਇਆ ਏ, ਪਰ ਜਿੰਨਾ ਕੁ ਸਾਡੇ ਹਿੱਸੇ ਆਇਆ ਏ, ਓਨਾ ਕੁ। ਅਸੀਂ ਹੋਰ ਧਰਤੀਆਂ ਗਾਹ ਸਕਦੇ ਆਂ, ਪਰ ਮੱਲ ਜਾਂ ਅਪਣਾ ਨਹੀਂ ਸਕਦੇ। ਹਰ ਖਿੱਤੇ ਦਾ ਆਪਣਾ ਸਭਿਆਚਾਰ ਏ।
ਸਭਿਆਚਾਰਾਂ ਦਾ ਰਲੇਵਾਂ ਜਾਂ ਮਿਕਸ ਤਾਂ ਸਹੀ ਏ, ਪਰ ਦੂਜੇ ਸਭਿਆਚਾਰ ਨੂੰ ਫੈਸ਼ਨ ਵਜੋਂ ਜਾਂ ਪਹਿਰਾਵੇ ਵਜੋਂ ਅਪਣਾਉਣਾ ਜਾਂ ਉਸ ਦੀ ਨਕਲ ਕਰਨਾ, ਪ੍ਰਭਾਵ ਕਬੂਲਣਾ ਇੱਕ ਤਰ੍ਹਾਂ ਆਪਣੇ ਸਭਿਆਚਾਰ ਨੂੰ ਢਾਹ ਲਾਉਣਾ ਏ। ਘਰ ਦਾ ਸਭਿਆਚਾਰ ਭੁੱਲ ਕੇ ਦੂਜੇ ਸਭਿਆਚਾਰ ਨੂੰ ਅਪਣਾਉਣ ਦੀ ਕੀ ਮਜਬੂਰੀ ਏ। ਦਰਅਸਲ ਮਜਬੂਰੀ ਕਈ ਵਾਰੀ ਹੁੰਦੀ ਨਹੀਂ, ਬਣ ਜਾਂਦੀ ਜਾਂ ਬਣਾ ਦਿੱਤੀ ਜਾਂਦੀ ਏ। ਮੰਡੀ ਦੇ ਯੁੱਗ ਵਿੱਚ, ਮਸ਼ੀਨੀ ਦੁਨੀਆ ਵਿੱਚ, ਇਸ਼ਤਿਹਾਰੀ ਫਿਜਾ ਵਿੱਚ ਬੰਦਾ ਮਜਬੂਰ ਹੋ ਗਿਆ ਏ ਆਪਣੇ ਸਭਿਆਚਾਰ ਤੋਂ ਟੁੱਟਣ ਲਈ। ਸੂਬੇ ਤੋਂ ਦੂਰ, ਮੁਲਕ ਤੋਂ ਬਾਹਰ ਰੁਜ਼ਗਾਰ ਖਾਤਰ ਗਿਆ ਬੰਦਾ ਦੋਵਾਂ ਬੇੜੀਆਂ ਵਾਂਗ, ਦੋਵਾਂ ਸਭਿਆਚਾਰਾਂ ਵਿੱਚ ਲਟਕ ਜਾਂਦਾ ਏ। ਵਿਦੇਸ਼ੀ ਕੰਪਨੀਆਂ ਆਉਣ ਨਾਲ ਬੰਦਾ ਦੇਸੀ ਤੇ ਵਿਦੇਸ਼ੀ ਦੇ ਪੁੜਾਂ ਵਿੱਚ ਪਿਸਦਾ ਏ। ਫਿਲਮਾਂ, ਟੀ ਵੀ, ਫੈਸ਼ਨ ਪਰੇਡਾਂ ਦਾ ਬਨਾਵਟੀਪਣ ਪੰਜਾਬੀ ਸਭਿਆਚਾਰ ਦੀ ਨਿਰਛਲਤਾ ਨਾਲ ਝੇਡਾਂ ਕਰਦਾ ਏ। ਅੱਜ ਪੰਜਾਬ ਦੀਆਂ ਤੀਆਂ ਪੱਛਮੀ ਡਿਸਕੋ, ਪਾਪ, ਰਾਕ ਵਗੈਰਾ ਨਾਲ ਭਿੜ ਕੇ ਸਿਮਟ ਰਹੀਆਂ ਨੇ। ਇਨ੍ਹਾਂ ਦਾ ਸਿਮਟਣਾ ਪੰਜਾਬੀ ਸਭਿਆਚਾਰ ਦਾ ਸਿਮਟਣਾ ਏ ਤੇ ਪੰਜਾਬੀ ਸਭਿਆਚਾਰ ਦਾ ਸਿਮਟਣਾ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਸਿਮਟਣਾ ਏ।
ਨਿੱਕੀਆਂ ਗੱਲਾਂ ਵੱਡੀਆਂ ਕਿਵੇਂ ਬਣ ਜਾਂਦੀਆਂ ਨੇ? ਸੀਰਾਂ ਵੱਟਾਂ ਕਿਵੇਂ ਤੋੜ ਦਿੰਦੀਆਂ ਨੇ? ਕਰੂੰਬਲਾਂ ਟਾਹਣ ਕਿਵੇਂ ਬਣ ਜਾਂਦੀਆਂ ਨੇ? ਇਨ੍ਹਾਂ ਸੁਆਲਾਂ ਦੇ ਜਵਾਬ ਸਾਡੇ ਬਹੁਤ ਨੇੜੇ ਨੇ। ਜੇ ਅਸਾਂ ਤੀਆਂ ਬਾਰੇ ਇਹੋ ਰਵੱਈਆ ਧਾਰਨ ਕੀਤਾ, ‘ਚਲੋ ਤੀਆਂ ਦਾ ਕੀ ਏ? ਕਿਤੇ ਲਾ ਲਈਆਂ। ਕਿਵੇਂ ਲਾ ਲਈਆਂ’ ਤਾਂ ਸਭਿਆਚਾਰਕ ਵਿਗਾੜ ਦੇ ਨਤੀਜੇ ਵੀ ਭੁਗਤਣੇ ਪੈਣਗੇ, ਆਉਣ ਵਾਲੀਆਂ ਪੀੜ੍ਹੀਆਂ ਤੱਕ। ਜੇ ਅਸਾਂ ਤੀਆਂ ਜਿੱਥੇ ਲੱਗਣੀਆਂ ਹੁੰਦੀਆਂ ਨੇ, ਜਿਵੇਂ ਲੱਗਣੀਆਂ ਹੁੰਦੀਆਂ ਨੇ, ਉਵੇਂ ਲਾਈ ਗਏ, ਸਗੋਂ ਹੋਰ ਸਵਾਰ ਕੇ ਲਾਈ ਜਾਵੇ ਤਾਂ ਆਉਣ ਵਾਲੇ ਵੇਲਿਆਂ ਵਿੱਚ ਇਸ ਦੀ ਸੰਭਾਲ ਤੇ ਇਸ ਦੇ ਨਿਖਾਰ ‘ਤੇ ਮਾਣ ਵੀ ਅਸੀਂ ਹੀ ਕਰਾਂਗੇ, ਪੀੜ੍ਹੀਆਂ ਤੱਕ। ਤੇ ਜਦੋਂ ਸਾਡੇ ਸਭਿਆਚਾਰ ਦੇ ਬੀਬੇ ਕਬੂਤਰ ਨੂੰ ਕੋਈ ਲਾਂਭ ਦਾ ਕਬੂਤਰ ਵਰਗਲਾਏਗਾ ਨਹੀਂ, ਉਦੋਂ ਤੀਆਂ ਦੇ ਦਿਨਾਂ ਵਿੱਚ ਗਿੱਧਾ ਲਾਂਭ-ਲਾਂਭ ਵੀ ਨਹੀਂ ਜਾਵੇਗਾ ਤੇ ਉਦੋਂ ਈ ਪੰਜਾਬਣ ਮੁਟਿਆਰ ਤੀਆਂ ਦੇ ਗਿੱਧੇ ਵਿੱਚ ਰੂਹ ਤੱਕ ਉਤਰ ਕੇ ਬੋਲੀ ਪਾਵੇਗੀ-
ਸੌਣ ਮਹੀਨਾ ਦਿਨ ਤੀਆਂ ਦੇ, ਸਭ ਸਹੇਲੀਆਂ ਆਈਆਂ
ਭਿੱਜ ਗਈ ਰੂਹ ਮਿੱਤਰਾ! ਸ਼ਾਮ ਘਟਾ ਚੜ੍ਹ ਆਈਆਂ।



