ਜੋਅ ਪੈਂਟਲੋਨੀ ਨੇ ਲਹਿਰਾਇਆ ਤਿਰੰਗਾ
On 18 August 2010 in ਕੈਨੇਡਾ
ਪੰਜਾਬ ਸਟਾਰ-ਟੋਰਾਂਟੋ ਦੇ ਡਿਪਟੀ ਮੇਅਰ ਜੋਅ ਪੈਂਟਲੋਨੀ ਨੇ ਲੰਘੇ ਐਤਵਾਰ ਭਾਰਤ ਦੇ ਅਜ਼ਾਦੀ ਦਿਵਸ ਮੌਕੇ ਬਰੈਂਪਟਨ ਦੇ ਜੈਪੁਰ-ਗੋਰ ਪਲਾਜ਼ਾ ਜੋ ਕਿ ਕਿਊਨ ਸਟਰੀਟ ਅਤੇ ਗੋਰ ਰੋਡ ਤੇ ਸਥਿਤ ਹੈ ਵਿਖੇ 15 ਅਗਸਤ ਨੂੰ ਅਜ਼ਾਦੀ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜੋਅ ਪੈਂਟਲੋਨੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਭਾਰੀ ਗਿਣਤੀ ਵਿੱਚ ਹਾਜ਼ਰ ਲੋਕਾਂ ਨੂੰ 64ਵੇਂ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਇਸ ਮੌਕੇ ਅਜਿਹੀ ਅਹਿਮ ਰਸਮ ਅਦਾ ਕਰਨ ਦਾ ਮਾਣ ਬਖਸ਼ਣ ਤੇ ਆਪਣੀ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ। ਜੋਅ ਜੋ ਟੋਰਾਂਟੋ ਦੇ ਮੇਅਰ ਦੀ ਚੋਣ ਲੜ ਰਹੇ ਹਨ ਨੇ ਇਸ ਮੌਕੇ ਆਪਣੀਆਂ ਸੀਨੀਅਰਜ਼ ਅਤੇ ਹੋਰ ਨੀਤੀਆਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਨੇ ਡਿਪਟੀ ਮੇਅਰ ਅਤੇ ਕੌਂਸਲਰ ਵਜੋਂ ਆਪਣੇ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਟੋਰਾਂਟੋ ਨੂੰ ਮੁਲਕ ਭਰ ਵਿੱਚ ਬਿਹਤਰ ਬਣਾਉਣ ਲਈ ਇੱਕ ਤਜਰਬੇਕਾਰ ਮੇਅਰ ਦੀ ਜ਼ਰੂਰਤ ਹੈ।
ਇਸ ਮੌਕੇ ਉਹਨਾਂ ਦੱਸਿਆ ਕਿ ਜਿਵੇਂ ਟੋਰਾਂਟੋ ਵਿੱਚ ਹਰ ਤਰ੍ਹਾਂ ਦਾ ਖੇਡ ਸਟੇਡੀਅਮ ਮੌਜੂਦ ਹੈ ਉਸੇ ਤਰ੍ਹਾਂ ਅਗਰ ਉਹ ਮੇਅਰ ਚੁਣੇ ਜਾਂਦੇ ਹਨ ਤਾਂ ਇੱਕ ਅੰਤਰਰਾਸ਼ਟਰੀ ਪੱਧਰ ਦਾ ਕ੍ਰਿਕਟ ਸਟੇਡੀਅਮ ਵੀ ਬਣਾਉਣਗੇ ਤਾਂ ਕਿ ਦੁਨੀਆਂ ਭਰ ਵਿੱਚ ਪ੍ਰਚੱਲਤ ਹੋ ਰਹੀ ਇਸ ਖੇਡ ਨੂੰ ਟੋਰਾਂਟੋ ਵਿੱਚ ਵੀ ਢੁਕਵੀਂ ਥਾਂ ਦਿੱਤੀ ਜਾਵੇ। ਕ੍ਰਿਕਟ ਦੀ ਤਰਜ ਤੇ ਹੋਰ ਘੱਟ ਗਿਣਤੀਆਂ ਦੀਆਂ ਖੇਡਾਂ ਪ੍ਰਤੀ ਵੀ ਉਹਨਾਂ ਨੇ ਉਚੇਚਾ ਧਿਆਨ ਦੇਣ ਦਾ ਵਾਅਦਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ, ਉਹਨਾਂ ਦੀ ਬੇਟੀ ਜੋ ਵਾਰਡ 9 ਅਤੇ 10 ਚੋਂ ਸਕੂਲ ਟਰੱਸਟੀ ਦੀ ਚੋਣ ਲੜ ਰਹੀ ਹੈ ਨੇ ਵੀ ਸੰਬੋਧਨ ਕੀਤਾ। ਸ: ਮੱਲ੍ਹੀ ਨੇ ਕਿਹਾ ਕਿ ਅਸੀਂ ਕਿਤੇ ਵੀ ਚਲੇ ਜਾਈਏ ਸਾਡੀ ਪਹਿਚਾਣ ਪਹਿਲਾਂ ਵਾਲੀ ਹੀ ਰਹੇਗੀ। ਬੇਸ਼ੱਕ ਅਸੀਂ ਕੈਨੇਡਾ ਆ ਕੇ ਆਪਣੇ ਨਾਮ ਅੰਗਰੇਜ਼ੀ ਬਣਾ ਲਈਏ ਪਰ ਸਾਡੀ ਪਹਿਚਾਣ ਤਾਂ ਭਾਰਤ ਵਾਲੀ ਹੀ ਰਹੇਗੀ। ਉਹਨਾਂ ਕਿਹਾ ਕਿ ਸਾਨੂੰ ਆਪਣਾ ਪਿਛੋਕੜ ਵੀ ਨਹੀਂ ਭੁੱਲਣਾ ਚਾਹੀਦਾ ਅਤੇ ਜਿਹੜੇ ਮੁਲਕ ਦੇ ਅਸੀਂ ਬਸਿੰ਼ਦੇ ਬਣ ਗਏ ਹਾਂ ਉਸਦਾ ਮਾਣ ਵਧਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡਣੀ ਚਾਹੀਦੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਕੁਲਾਰ ਐੱਮ.ਪੀ.ਪੀ, ਸਿਟੀ ਕੌਂਸਲਰ ਵਿੱਕੀ ਢਿੱਲੋਂ, ਰੀਜਨਲ ਕੌਂਸਲਰ ਜੌਹਨ ਸਪਰੋਵਰੀ, ਅਮਰਜੀਤ ਸੰਘਾ, ਜਗੀਰ ਸਿੰਘ ਅਤੇ ਜੈੱਫ ਲਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਰੈਂਪਟਨ, ਰੈਕਸਡੇਲ ਅਤੇ ਮਿਸੀਸਾਗਾ ਦੀਆਂ ਸੀਨੀਅਰਜ਼ ਕਲੱਬਾਂ ਦੇ ਮੈਂਬਰ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ।




