ਉਨਟਾਰੀਓ ਸਿਰ 212 ਬਿਲੀਅਨ ਡਾਲਰ ਦਾ ਕਰਜ਼
On 24 August 2010 in ਕੈਨੇਡਾ
ਪੰਜਾਬ ਸਟਾਰ-ਉਨਟਾਰੀਓ ਦੀ ਲਿਬਰਲ ਸਰਕਾਰ ਦਾ ਸੰਨ 2009-10 ਦਾ ਬੱਜਟ ਘਾਟਾ 19.3 ਬਿਲੀਅਨ ਡਾਲਰ ਰਿਹਾ ਹੈ ਜਿਸ ਨਾਲ਼ ਉਨਟਾਰੀਓ ਸਿਰ ਕੁੱਲ ਕਰਜ਼ਾ 200 ਬਿਲੀਅਨ ਡਾਲਰ ਤੋਂ ਟੱਪ ਗਿਆ ਹੈ। ਸੋਮਵਾਰ ਨੂੰ ਪਬਲਿਕ ਅਕਾਊਂਟਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦੱਸਿਆ ਗਿਆ ਹੈ ਕਿ ਬੱਜਟ ਘਾਟਾ ਮਾਰਚ ਵਿੱਚ ਲਾਏ ਗਏ ਅੰਦਾਜ਼ੇ ਤੋਂ 2 ਬਿਲੀਅਨ ਡਾਲਰ ਘੱਟ ਰਿਹਾ ਹੈ।
ਵਿੱਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਵਿੱਚ ਕਿਹਾ ਗਿਆ ਹੈ ਜਿਸ ਤਰ੍ਹਾਂ ਟੈਕਸ ਤੋਂ ਮਾਲੀਆ 6.4 ਬਿਲੀਅਨ ਡਾਲਰ ਇਕੱਠਾ ਹੋਣ ਦੀ ਉਮੀਦ ਸੀ ਉਹ ਵੀ ਘੱਟ ਹੋਇਆ ਹੈ। ਇਸ ਦਾ ਕਾਰਨ ਮਾੜੀ ਆਰਥਿਕਤਾ ਅਤੇ ਆਰਥਿਕਤਾ ਦਾ ਉਮੀਦ ਅਨੁਸਾਰ ਨਾਂ ਉੱਭਰਨਾ ਹੈ।
ਸੰਨ 2009-10 ਵਿੱਚ ਉਨਟਾਰੀਓ ਸਿਰ 35 ਬਿਲੀਅਨ ਡਾਲਰ ਦਾ ਕਰਜ਼ ਵਧਣ ਕਾਰਨ ਹੁਣ ਇਸ ਦੇ ਸਿਰ ਕੁੱਲ 212.1 ਬਿਲੀਅਨ ਡਾਲਰ ਦਾ ਕਰਜ਼ ਹੈ। ਸੰਨ 2003-04 ਵਿੱਚ ਜਦੋਂ ਲਿਬਰਲ ਨੇ ਆਪਣੀ ਸਰਕਾਰ ਦਾ ਪਹਿਲਾ ਸਾਲ ਪੁਰਾ ਕੀਤਾ ਸੀ ਉਸ ਵਕਤ ਉਨਟਾਰੀਓ ਸਿਰ 138.4 ਬਿਲੀਅਨ ਡਾਲਰ ਦਾ ਕਰਜ਼ ਸੀ।
ਸੰਨ 2010 ਦੇ ਬੱਜਟ ਵਿੱਚ ਸੰਨ 2017-18 ਵਿੱਚ ਉਨਟਾਰੀਓ ਦੀਆਂ ਕਿਤਾਬਾਂ ਨੂੰ ਲਾਲ ਸਿਆਹੀ ਵਿੱਚੋਂ ਕੱਢ ਕੇ ਬਰਾਬਰ ਕਰਨ ਦੀ ਸਮਾਂ ਸੀਮਾ ਮਿਥੀ ਗਈ ਹੈ। ਉਨਟਾਰੀਓ ਦੀ ਅਸਲੀ ਜੀ.ਡੀ.ਪੀ ਸੰਨ 2009 ਵਿੱਚ 3 ਫੀਸਦੀ ਸੁੰਗੜੀ ਹੈ। ਸੂਬਾ ਸਰਕਾਰ ਦਾ ਸਾਲ ਦਾ ਕੁੱਲ ਖ਼ਰਚ 115.1 ਬਿਲੀਅਨ ਡਾਲਰ ਰਿਹਾ ਹੈ ਜੋ ਅੰਦਾਜ਼ੇ ਤੋਂ ਨਾਮਾਤਰ ਹੀ ਘੱਟ ਹੈ।



