ਲਿਬਰਲਾਂ ਨੂੰ ਐੱਚ.ਐੱਸ.ਟੀ ਦੀ ਚਿੰਤਾ ਹੋਣੀ ਚਾਹੀਦੀ ਹੈ-ਐੱਨ.ਡੀ.ਪੀ
On 24 August 2010 in ਕੈਨੇਡਾ
ਪੰਜਾਬ ਸਟਾਰ-ਵਿਰੋਧੀ ਅਲੋਚਕਾਂ ਦਾ ਕਹਿਣਾ ਹੈ ਕਿ ਐੱਚ.ਐੱਸ.ਟੀ ਨੇ ਆਮ ਗਾਹਕਾਂ ਦੀ ਜੇਬ ਤੇ ਵੱਡਾ ਬੋਝ ਪਾਇਆ ਹੈ ਜਿਸ ਦੀ ਚਿੰਤਾ ਉਨਟਾਰੀਓ ਦੀ ਲਿਬਰਲ ਸਰਕਾਰ ਨੂੰ ਹੋਣੀ ਚਾਹੀਦੀ ਹੈ। ਐੱਨ.ਡੀ.ਪੀ ਦੀ ਨੇਤਾ ਐਂਡਰੇ ਹੌਰਵਾਥ ਦਾ ਕਹਿਣਾ ਹੈ ਕਿ ਇਸ ਟੈਕਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਭਵਿੱਖਬਾਣੀ ਲਿਬਰਲਾਂ ਨੇ ਕੀਤੀ ਸੀ ਸੱਚਾਈ ਉਸ ਤੋਂ ਕਿਤੇ ਦੂਰ ਹੈ।
ਸਟੈਟਸਿਟਿਕ ਕੈਨੇਡਾ ਦਾ ਕਹਿਣਾ ਹੈ ਕਿ ਉਨਟਾਰੀਓ ਵਿੱਚ ਜੁਲਾਈ ਮਹੀਨੇ ਵਿੱਚ ਮਹਿੰਗਾਈ 2.9 ਫੀਸਦੀ ਵਧੀ ਹੈ। ਇਹ ਦਰ ਸਾਲ ਦਰ ਸਾਲ ਸੂਬਾਈ ਪੱਧਰ ਤੇ ਸਭ ਤੋਂ ਉੱਪਰ ਹੈ।
ਐੱਚ.ਐੱਸ.ਟੀ ਦਾ ਇਸ ਵਿੱਚ 1.3 ਫੀਸਦੀ ਯੋਗਦਾਨ ਹੈ ਜਦਕਿ ਭਵਿੱਖਬਾਣੀ ਸਿਰਫ 0.7 ਫੀਸਦੀ ਕੀਤੀ ਗਈ ਸੀ। ਇਹ ਭਵਿੱਖਬਾਣੀ ਟੀ.ਡੀ ਬੈਂਕ ਦੀ ਸਲਾਨਾ ਰਿਪੋਰਟ ਵਿੱਚ ਕੀਤੀ ਗਈ ਸੀ ਜਿਸ ਨੂੰ ਅਧਾਰ ਬਣਾ ਕੇ ਸਰਕਾਰ ਲੋਕਾਂ ਨੂੰ ਬੇਵਕੂਫ ਬਣਾਂਉਂਦੀ ਚੱਲੀ ਆ ਰਹੀ ਹੈ।
ਹੌਰਵਾਥ ਦਾ ਕਹਿਣਾ ਹੈ ਕਿ ਅਗਰ ਸਰਕਾਰ ਦੇ ਮਾਹਿਰ ਏਨੇ ਗ਼ਲਤ ਹੋ ਸਕਦੇ ਹਨ ਤਾਂ ਫਿਰ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਇਸ ਸੂਬੇ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਅਤੇ ਮਹਿੰਗਾਈ ਨਾਲ਼ ਨਜਿੱਠਣ ਲਈ ਲੋਕਾਂ ਦੀ ਕੀ ਸਹਾਇਤਾ ਕਰ ਰਹੀ ਹੈ। ਹੌਰਵਾਥ ਦਾ ਕਹਿਣਾ ਹੈ ਕਿ ਮੈਨੂੰ ਡਰ ਹੈ ਕਿ ਸਰਕਾਰ ਕੰਟਰੋਲ ਗਵਾ ਚੁੱਕੀ ਹੈ।
ਸਟੈਟਸਟਿਕ ਕੈਨੇਡਾ ਦਾ ਕਹਿਣਾ ਹੈ ਕਿ ਉਨਟਾਰੀਓ ਦੇ ਗਾਹਕ ਗੈਸ, ਬਿਜਲੀ, ਆਟੋ ਇੰਸ਼ੋਰੈਂਸ ਲਈ ਵਧੇਰੇ ਪੈਸੇ ਦੇ ਰਹੇ ਹਨ। ਇਸ ਤੋਂ ਇਲਾਵਾ ਘਰਾਂ ਦੀ ਮੁਰੰਮਤ ਲਈ ਵੀ ਲੋਕਾਂ ਨੂੰ ਵਧੇਰੇ ਕਸ਼ਟ ਵਿੱਚੋਂ ਦੀ ਲੰਘਣਾ ਪੈ ਰਿਹਾ ਹੈ।
ਪੀ.ਸੀ ਪਾਰਟੀ ਦੀ ਅਲੋਚਕ ਲੀਸਾ ਮਕਲੌਡ ਦਾ ਕਹਿਣਾ ਹੈ ਕਿ ਵਧੇਰੇ ਈਕੋ ਫੀਸ ਅਤੇ ਬਿਜਲੀ ਦੀਆਂ ਦਰਾਂ ਦਾ ਵਧਣਾ ਵੀ ਉਨਟਾਰੀਓ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਲੋਕ ਖਾਸ ਕਰ ਸੀਨੀਅਰਜ਼ ਜਿੰਨ੍ਹਾਂ ਦੀ ਆਮਦਨ ਫਿਕਸਡ ਹੈ ਨੂੰ ਆਪਣੇ ਦੂਜੇ ਖਰਚਿਆਂ ਵਿੱਚ ਕਟੌਤੀ ਕਰਨੀ ਪਈ ਹੈ ਕਿਉਂ ਕਿ ਉਹਨਾਂ ਲਈ ਜ਼ਰੂਰੀ ਚੀਜ਼ਾਂ ਨੂੰ ਅਫੋਰਡ ਕਰਨ ਲਈ ਲੋੜੀਂਦਾ ਧਨ ਨਹੀਂ ਹੈ।
ਐੱਚ.ਐੱਸ.ਟੀ ਲੋਕਾਂ ਲਈ ਇੱਕ ਗੰਭੀਰ ਚੁਣੌਤੀ ਬਣ ਕੇ ਆਈ ਹੈ। ਇਸ ਨੇ ਹਰ ਪਾਸਿਓਂ ਲੋਕਾਂ ਦੀ ਜੇਬ ਤੇ ਨਾਂਝੱਲਣਯੋਗ ਬੋਝ ਪਾਇਆ ਹੈ।



