ਕੈਨੇਡੀਅਨ ਪਾਕਿਸਤਾਨ ਦੀ ਵਧੇਰੇ ਸਹਾਇਤਾ ਕਰਨ-ਸਰਕਾਰ
On 24 August 2010 in ਕੈਨੇਡਾ
ਪੰਜਾਬ ਸਟਾਰ-ਹਾਰਪਰ ਸਰਕਾਰ ਨੇ ਕੈਨੇਡੀਅਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਜਿੱਥੇ ਹੜ੍ਹਾਂ ਦੀ ਭਾਰੀ ਮਾਰ ਪਈ ਹੋਈ ਹੈ ਦੀ ਵੱਧ ਤੋਂ ਵੱਧ ਸਹਾਇਤਾ ਕਰਨ। ਸਰਕਾਰ ਦੀ ਇਹ ਅਪੀਲ ਸਰਕਾਰ ਦੇ ਉਸ ਐਲਾਨ ਕਿ ਉਹ ਕੈਨੇਡੀਅਨ ਨਾਗਰਿਕਾਂ ਵੱਲੋਂ ਦਿੱਤੇ ਗਏ ਹਰ ਡਾਲਰ ਦੇ ਬਰਾਬਰ ਦਾ ਹਿੱਸਾ ਦੇਵੇਗੀ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਸਰਕਾਰ ਦੇ ਹਾਊਸ ਲੀਡਰ ਜੌਹਨ ਬੇਅਰਡ ਨੇ ਇੱਕ ਟੀ.ਵੀ ਮੁਲਾਕਾਤ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਲੋੜਾਂ ਵਧਦੀਆਂ ਹੀ ਜਾ ਰਹੀਆਂ ਹਨ ਸੋ ਅਸੀਂ ਕੈਨੇਡੀਅਨ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਦੇ ਪੀੜਤਾਂ ਦੀ ਸਹਾਇਤਾ ਲਈ ਵੱਧ ਤੋਂ ਵੱਧ ਦਾਨ ਦਿੱਤਾ ਜਾਵੇ।
ਬੇਅਰਡ ਨੇ ਐਤਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਅਗਸਤ 2 ਤੋਂ ਸਤੰਬਰ 12 ਤੱਕ ਕੈਨੇਡੀਅਨ ਨਾਗਰਿਕਾਂ ਵੱਲੋਂ ਜਿੰਨੀ ਵੀ ਰਾਸ਼ੀ ਦਾਨ ਦਿੱਤੀ ਜਾਵੇਗੀ ਓਨੀ ਹੀ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਇਸ ਪ੍ਰਤੀ ਕੋਈ ਵੀ ਹੱਦ ਨਹੀਂ ਮਿਥੀ ਗਈ ਹੈ। ਇਹ ਰਾਸ਼ੀ ਮਨੁੱਖੀ ਸਹਾਇਤਾ ਅਤੇ ਹੋਏ ਨੁਕਸਾਨ ਦੀ ਭਰਪਾਈ ਲਈ ਵਰਤੀ ਜਾਵੇਗੀ।
ਸਰਕਾਰ ਵੱਲੋਂ ਇਹ ਐਲਾਨ ਮਨੁੱਖੀ ਸੇਵਾ ਸਬੰਧੀ ਸੰਸਥਾਵਾਂ ਦੀ ਹੌਸਲਾ ਅਫਜ਼ਾਈ ਲਈ ਕੀਤਾ ਗਿਆ ਹੈ ਜਿੰਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਸਥਿਤੀ ਬਹੁਤ ਖ਼ਰਾਬ ਹੈ ਅਤੇ ਬੇਹੱਦ ਧਨ ਦੀ ਜ਼ਰੂਰਤ ਹੈ। ਕੈਨੇਡਾ ਦੇ ਵਲੀਦ ਰੌਫ ਨੇ ਇਸਲਾਮਾਬਾਦ ਤੋਂ ਫੋਨ ਤੇ ਦੱਸਿਆ ਕਿ ਇਸ ਆਫਤ ਨਾਲ਼ ਨਜਿੱਠਣ ਲਈ ਦਾਨ ਦੀ ਰਾਸ਼ੀ ਬਹੁਤ ਘੱਟ ਗਤੀ ਨਾਲ਼ ਆ ਰਹੀ ਹੈ ਅਤੇ ਸਰਕਾਰ ਦਾ ਇਹ ਐਲਾਨ ਸਹੀ ਸਮੇਂ ਤੇ ਆਇਆ ਹੈ।
ਪਾਕਿਸਤਾਨ ਵਿੱਚ ਇਹ ਹੜ੍ਹ ਜੁਲਾਈ ਮਹੀਨੇ ਤੋਂ ਆਏ ਹੋਏ ਹਨ ਜਿਸ ਨਾਲ਼ ਕੋਈ 2 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ ਅੰਦਾਜ਼ਨ 60 ਲੱਖ ਲੋਕ ਬੇਘਰ ਹੋਏ ਪਏ ਹਨ। ਸੰਯੁਕਤ ਰਾਸ਼ਟਰ ਨੇ ਆਪਣੇ ਵਰਲਡ ਫੂਡ ਪ੍ਰੋਗਰਾਮ ਤਹਿਤ ਐਤਵਾਰ ਨੂੰ ਆਪਣੇ ਪੰਜ ਵਿੱਚੋਂ ਤਿੰਨ ਹੈਲੀਕੌਪਟਰ ਖਾਣੇ ਨਾਲ਼ ਭਰ ਕੇ ਪਾਕਿਸਤਾਨ ਭੇਜੇ ਹਨ। ਸੰਸਥਾ ਦਾ ਕਹਿਣਾ ਹੈ ਅਜਿਹੇ 40 ਜਹਾਜ਼ਾਂ ਦੀ ਹੋਰ ਜ਼ਰੂਰਤ ਹੈ।
ਕੈਨੇਡੀਅਨ ਸਰਕਾਰ ਵੱਲੋਂ ਰਾਸ਼ੀ ਨੂੰ ਮੈਚ ਕਰਦੀ ਗਰਾਂਟ ਉਸ ਤਰਜ਼ ਤੇ ਦਿੱਤੀ ਜਾ ਰਹੀ ਹੈ ਜੋ ਉਸ ਨੇ ਕੋਰੜਾਂ ਡਾਲਰ ਲੰਘੇ ਜਨਵਰੀ ਮਹੀਨੇ ਹੇਤੀ ਵਿੱਚ ਆਏ ਭਿਆਨਕ ਭੁਚਾਲ ਦੌਰਾਨ ਦਿੱਤੀ ਸੀ। ਪਰੰਤੂ ਬੇਅਰਡ ਦਾ ਕਹਿਣਾ ਹੈ ਕਿ ਦੋਵਾਂ ਆਫਤਾਂ ਦਾ ਆਪਸੀ ਕੋਈ ਮੇਲ ਨਹੀਂ ਹੈ। ਉਹਨਾਂ ਕਿਹਾ ਕਿ ਹੇਤੀ ਵਿੱਚ ਇੱਕ ਹੀ ਮਿੰਟ ਵਿੱਚ ਕੋਈ 2 ਲੱਖ ਲੋਕ ਮਾਰੇ ਗਏ ਸਨ। ਉਹਨਾਂ ਕਿਹਾ ਕਿ ਆਫਤ ਹੜ੍ਹਾਂ ਦੀ ਵੀ ਘੱਟ ਨਹੀਂ ਹੈ ਪਰ ਇਹ ਸਥਿਤੀ ਹੇਤੀ ਤੋਂ ਵੱਖਰੀ ਹੈ।
ਵਰਲਡ ਵਿਜ਼ਨ ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਐਲਾਨ ਨਾਲ਼ ਦਾਨ ਦੀ ਰਾਸ਼ੀ ਵਿੱਚ ਵਾਧਾ ਹੋਣ ਦੀ ਉਮੀਦ ਹੈ। ਐਤਵਾਰ ਦੇ ਇਸ ਐਲਾਨ ਤੋਂ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਪਾਕਿਸਤਾਨ ਲਈ 33 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੋਇਆ ਹੈ ਜਿਸ ਬਾਰੇ ਲਿਬਰਲ ਐੱਮ.ਪੀ ਜਿੱਮ ਕੈਰੀਗਿਆਨਿਸ ਦਾ ਕਹਿਣਾ ਹੈ ਕਿ ਇਹ ਬਾਲਟੀ ਵਿੱਚ ਇੱਕ ਤੁਪਕੇ ਦੇ ਬਰਾਬਰ ਹੈ।
ਪਰੰਤੂ ਬੇਅਰਡ ਨੇ ਆਪਣੇ ਐਲਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਅਸੀਂ ਪਾਕਿਸਤਾਨ ਦੀ ਹਰ ਸੰਭਵ ਸਹਾਇਤਾ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਿਹੜੇ ਇਹ ਕਹਿ ਰਹੇ ਹਨ ਕਿ ਸਰਕਾਰ ਕੁਝ ਨਹੀਂ ਕਰ ਰਹੀ ਤਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕੈਨੇਡਾ ਦਾਨ ਦੇਣ ਵਾਲਿਆਂ ਵਿੱਚੋਂ ਪੰਜਵਾਂ ਵੱਡਾ ਮੁਲਕ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ਹੁਣ ਤੱਕ 800 ਮਿਲੀਅਨ ਅਮਰੀਕਨ ਡਾਲਰ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ।



