ਪੀਐਮਐਚ ਵਿਚ ਸੁਧਾਰ ਦੇ ਲਈ ਯੋਜਨਾ ਤਿਆਰ
On 24 August 2010 in ਕੈਨੇਡਾ
ਉਟੈਰੀਉ, ਪੰਜਾਬ ਸਟਾਰ-ਉਟੈਰੀਉਂ ਦਾ ਹੈਲਥ ਮੰਤਰਾਲੇ ਪੀਲ ਮੈਮੋਰੀਅਲ ਹਸਪਤਾਲ ਵਿਚ ਦੁਬਾਰਾ ਤੋਂ ਵਿਕਾਸ ਦੇ ਲਈ ਪੂਰੀ ਯੋਜਨਾ ਤਿਆਰ ਕਰ ਚੁੱਕਿਆ ਹੈ ਅਤੇ ਅਗਲੇ ਪੜਾਅ ਵਿਚ ਵਿਚਾਰਿਆ ਜਾਵੇਗਾ ਕਿ ਇਸ ਉਤੇ ਕੰਮ ਕਦੋਂ ਸ਼ੁਰੂ ਕੀਤਾ ਜਾਵੇ। ਵਿਲੀਅਮ ਉਸਲਰ ਹੈਲਥ ਸਿਸਟਮ ਦੇ ਸੀਈਉ ਮੈਟ ਐਂਡਰਸਨ ਦੇ ਅਨੁਸਾਰ ਸੰਗਠਨ ਇਸ ਸਬੰਧ ਵਿਚ ਇੱਕ ਸਮਝੌਤੇ ਉਤੇ ਪਹੁੰਚ ਗਿਆ ਹੈ ਅਤੇ ਇਸੇ ਨੂੰ ਇੱਕ ਨਵੇਂ ਹਸਪਤਾਲ ਵਿਚ ਬਦਲਿਆ ਜਾਵੇਗਾ।
ਮੈਟ ਦੇ ਅਨੁਸਾਰ ਸਮਝੌਤੇ ਦੇ ਮੁਤਾਬਕ ਮੰਤਰਾਲੇ ਸਾਰੇ ਜਰੂਰੀ ਸਾਧਨ ਤੇ ਸਰੋਤ ਪ੍ਰਦਾਨ ਕਰੇਗਾ ਅਤੇ ਉਹ ਇਸ ਕੰਮ ਨੂੰ ਪੂਰਾ ਕਰਨਗੇ। ਇਸਦਾ ਪੂਰਾ ਢਾਂਚਾ ਬਦਲਿਆ ਜਾਵੇਗਾ। ਵਿਭਾਗ ਇਸ ਪ੍ਰੋਜੈਕਟ ਦੀ ਸਮੀਖਿਆ ਕਰੇਗਾ। ਇਸਦੀ ਲਿੰਡ ਸਟਰੀਟ ਸਥਿਤ ਵਿੰਗ ਨੂੰ ਅਕਤੂਬਰ 2007 ਵਿਚ ਹੀ ਬਰੈਂਮਪਟਨ ਸਿਵਿਕ ਹਸਪਤਾਲ ਦੇ ਨਿਰਮਾਣ ਦੇ ਬਾਦ ਬੰਦ ਕਰ ਦਿੱਤਾ ਗਿਆ ਸੀ। ਤਦ ਤੋਂ ਵਿਲੀਅਮ ਉਸਲਰ ਹੀ ਇਸਦਾ ਪ੍ਰਬੰਧ ਦੇਖ ਰਿਹਾ ਹੈ।
ਨਵੀਂ ਯੋਜਨਾ ਦੇ ਅਨੁਸਾਰ ਆਮ ਲੋਕਾਂ ਨੂੰ ਬਿਹਤਰ ਤੇ ਤੁਰੰਤ ਇਲਾਜ ਪ੍ਰਦਾਨ ਕਰਨ ਦੇ ਲਈ ਇੱਕ ਨਵਾਂ ਆਧੁਨਿਕ ਸੈਂਟਰ ਬਣਾਇਆ ਜਾਵੇਗਾ। ਜਿਸ ਵਿਚ ਆਧੁਨਿਕ ਹੈਲਥ ਐਂਡ ਵੈਲਨੇਸ ਕੈਂਪਸ ਹੋਵੇਗਾ। ਇਸ ਵਿੱਚ ਦੋ ਹਾਊਸ ਏ ਬੁਲੇਟਰੀ ਕੇਅਰ, ਐਮਰਜੈਂਸੀ ਸਰਵਿਸਿਜ਼ ਅਤੇ ਹੋਰਨਾਂ ਸੇਵਾਵਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਪਹਿਲੇ ਪੜਾਅ ਅਤੇ ਦੂਸਰੇ ਪੜਾਅ ਉਤੇ ਕੁੱਲ 420 ਮਿਲੀਅਨ ਡਾਲਰ ਦਾ ਖਰਚ ਆਉਡ ਦਾ ਅਨੁਮਾਨ ਹੈ। ਉਂਟੈਰੀਉਂ ਸਰਕਾਰ ਵੀ ਇਸ ਪ੍ਰੋਜੈਕਟ ਦੇ ਲਈ ਫੰਡ ਦੇਵੇਗੀ। ਇਕੱਲੇ ਪਹਿਲੇ ਪੜਾਅ ਉਤੇ ਹੀ ਕਰੀਬ 270 ਮਿਲੀਅਨ ਦਾ ਖਰਚ ਆਵੇਗਾ। ਉਥੇ ਦੂਸਰੇ ਪੜਾਅ ਵਿੱਚ ਵੀ ਕਾਫੀ ਕੁੱਝ ਕੰਮ ਕੀਤਾ ਜਾਵੇਗਾ। ਹਸਪਤਾਲ ਵਿਚ ਕਈ ਨਵੇਂ ਸੈਂਟਰ ਅਤੇ ਟੈਸਟ ਦੀ ਸੁਵਿਧਾ ਹੋਵੇਗੀ ਜਿਸ ਨਾਲ ਮਰੀਜ਼ਾਂ ਨੂੰ ਤੁਰੰਤ ਹੋਰ ਬਿਹਤਰ ਇਲਾਜ ਮਿਲ ਪਾਏਗਾ।
ਇਸ ਪੂਰੇ ਪ੍ਰੋਜੈਕਟ ਵਿਚ ਆਮ ਲੋਕਾਂ ਤੋਂ ਵੀ ਆਰਥਿਕ ਮਦਦ ਮਿਲਣ ਦੀ ਉਮੀਦ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਲੋਕਾਂ ਤੋਂ ਦਾਨ ਮਿਲਣਾ ਸ਼ੁਰੂ ਹੋ ਸਕਦਾ ਹੈ। ਪਹਿਲਾ ਪੜਾਅ 2014 ਵਿਚ ਪੂਰਾ ਹੋਣ ਦੀ ਉਮੀਦ ਹੈ ਅਤੇ ਪੂਰਾ ਕੰਮ 2024 ਤੱਕ ਸਿਰ੍ਹੇ ਚੜ੍ਹੇਗਾ। ਬਰੈਂਮਪਟਨ ਸਿਟੀ ਕੌਂਸਲ ਨੇ ਵੀ ਇਸ ਪ੍ਰੋਜੈਕਟ ਦੇ ਲਈ 60 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ।



