Saturday, 4 February 2012, 10:05 PM Toronto Time

ਜ਼ਰਦਾਰੀ ਦਾ ਫਾਰਮੂਲਾ: ‘ਬਦਨਾਮ ਹੂਏ ਤੋ ਕਯਾ ਨਾਮ ਨਾ ਹੋਗਾ’

1 Star2 Stars3 Stars4 Stars5 Stars (No Ratings Yet)
Loading ... Loading ...

On 24 August 2010 in ਲੇਖ


-ਕ੍ਰਿਸ਼ਨ ਭਾਟੀਆ
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਫਰਾਂਸ ਤੇ ਬ੍ਰਿਟੇਨ ਦੀ ਯਾਤਰਾ ਪਿੱਛੋਂ ਪਾਕਿਸਤਾਨ ਵਾਪਸ ਚਲੇ ਗਏ ਹਨ, ਪਰ ਜਨਤਾ ਨੂੰ ਦਰਸ਼ਨ ਦੇਣੇ ਛੇਤੀ ਸ਼ੁਰੂ ਨਹੀਂ ਸੀ ਕੀਤੇ। ਸਫਰ ਦੀ ਥਕਾਵਟ, ਬਰਮਿੰਘਮ ਦੇ ਜਲਸੇ ਵਿੱਚ ਜੁੱਤੀਆਂ ਸੁੱਟੇ ਜਾਣ ਅਤੇ ਵਿਰੋਧੀਆਂ ਵਲੋਂ ‘ਗੋ ਬੈਕ’ ਦੇ ਨਾਅਰਿਆਂ ਕਾਰਨ ਹੋਈ ਪ੍ਰੇਸ਼ਾਨ ਤੋਂ ਬਾਅਦ ਅਜੇ ਉਨ੍ਹਾਂ ਨੂੰ ਕੁਝ ਆਰਾਮ ਦੀ ਲੋੜ ਹੋਵੇਗੀ। ਲੰਡਨ ਦੀ ਯਾਤਰਾ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਪਾਕਿਸਤਾਨ ਵਿੱਚ ਇੰਨੇ ਜ਼ਬਰਦਸਤ ਹੜ੍ਹ ਆਉਣੇ ਹਨ ਤਾਂ ਸ਼ਾਇਦ ਉਹ ਇਹ ਦੌਰਾ ਨਾ ਰੱਖਦੇ। ਬਰਮਿੰਘਮ ਵਿੱਚ ਉਨ੍ਹਾਂ ਦੇ ਦੇਸ਼ ਵਾਸੀਆਂ ਨੇ ਉਨ੍ਹਾਂ ਨਾਲ ਜੋ ਸਲੂਕ ਕੀਤਾ, ਉਸ ਤੋਂ ਬਾਅਦ ਜ਼ਰਦਾਰੀ ਹੁਣ ਸ਼ਾਇਦ ਇਹ ਕਹਿ ਰਹੇ ਹੋਣਗੇ ਕਿ ‘ਜੇ ਮੈਨੂੰ ਪਤਾ ਹੁੰਦਾ ਕਿ ਜਲਸੇ ‘ਚ ਮੇਰੇ ‘ਤੇ ਜੁੱਤੀਆਂ ਸੁੱਟੀਆਂ ਜਾਣਗੀਆਂ ਤਾਂ ਮੈਂ ਇੰਗਲੈਂਡ ਦਾ ਇਹ ਦੌਰਾ ਕਰਦਾ ਹੀ ਨਾ।’
ਪਾਕਿਸਤਾਨ ਵਿੱਚ ਹੜ੍ਹ ਕਾਰਨ ਆਈ ਤਬਾਹੀ ਨੇ ਉਦੋਂ ਤੱਕ ਇੰਨਾ ਭਿਆਨਕ ਰੂਪ ਨਹੀਂ ਧਾਰਿਆ ਸੀ, ਜਿੰਨਾ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੇ ਇਸ ਬਿਆਨ ਨੇ ਉਥੇ ਭਿਆਨਕ ਸਿਆਸੀ ਤੂਫਾਨ ਖੜਾ ਕਰ ਦਿੱਤਾ ਸੀ ਕਿ ‘ਪਾਕਿਸਤਾਨ ਦੁਨੀਆ ਵਿੱਚ ਅੱਤਵਾਦ ਫੈਲਾ ਰਿਹਾ ਹੈ।’ ਇਸ ਬਿਆਨ ਵਿਰੁੱਧ ਪਾਕਿਸਤਾਨ ਵਿੱਚ ਗੁੱਸੇ ਦੀ ਲਹਿਰ ਦੌੜ ਗਈ, ਜੋਸ਼ੀਲੇ ਮੁਜ਼ਾਹਰੇ ਕੀਤੇ ਗਏ, ਕੈਮਰੂਨ ਦੇ ਪੁਤਲੇ ਸਾੜੇ ਗਏ। ਜ਼ਰਦਾਰੀ ਦਾ ਬ੍ਰਿਟੇਨ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਜ਼ੋਰਦਾਰ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਕਿ ਜ਼ਰਦਾਰੀ ਪ੍ਰੋਟੈਸਟ ਵਜੋਂ ਲੰਡਨ ਜਾਣਾ ਰੱਦ ਕਰ ਦੇਣ, ਪਰ ਉਹ ਇਸ ਜ਼ਿੱਦ ‘ਤੇ ਅੜੇ ਰਹੇ ਕਿ ਉਥੇ ਜ਼ਰੂਰ ਜਾਣਗੇ ਤੇ ਉਥੇ ਜਾ ਕੇ ਡੇਵਿਡ ਕੈਮਰੂਨ ਦੀ ‘ਐਸੀ ਕੀ ਤੈਸੀ’ ਕਰ ਦੇਣਗੇ। ਦੋਵਾਂ ਨੇਤਾਵਾਂ ਦੀ ਮੁਲਾਕਾਤ ਦੌਰਾਨ ਉਥੇ ਜੋ ਕੁਝ ਹੋਇਆ, ਉਸ ਦਾ ਵੇਰਵਾ ਪਾਠਕ ਪੜ੍ਹ ਹੀ ਚੁੱਕੇ ਹਨ। ਡੇਵਿਡ ਕੈਮਰੂਨ ਨੇ ਨਾ ਆਪਣਾ ਬਿਆਨ ਵਾਪਸ ਲਿਆ, ਨਾ ਉਸ ‘ਚ ਕੋਈ ਤਬਦੀਲੀ ਕੀਤੀ, ਨਾ ਮੁਆਫੀ ਮੰਗੀ। ਜ਼ਰਦਾਰੀ ਦੇ ਹਵਾਲੇ ਨਾਲ ਬੇਸ਼ੱਕ ਅਖਬਾਰਾਂ ਵਿੱਚ ਇਹ ਛਪਵਾਇਆ ਗਿਆ ਕਿ ਉਨ੍ਹਾਂ ਕੈਮਰੂਨ ਨਾਲ ‘ਅੱਖਾਂ ‘ਚ ਅੱਖਾਂ ਪਾ ਕੇ’ ਗੱਲ ਕੀਤੀ, ਪਰ ਪਾਕਿਸਤਾਨ ਦੀ ਇੱਕ ਪ੍ਰਮੁੱਖ ਅਖਬਾਰ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਮੁਲਾਕਾਤ ਦੌਰਾਨ ਰਾਸ਼ਟਰਪਤੀ ਜ਼ਰਦਾਰੀ ਨੇ ਅੱਤਵਾਦ ਸੰਬੰਧੀ ਲਾਏ ਦੋਸ਼ ਦਾ ਕੈਮਰੂਨ ਕੋਲ ਜ਼ਿਕਰ ਤੱਕ ਨਹੀਂ ਕੀਤਾ ਹੋਵੇਗਾ। ਹਰ ਮਾਮਲੇ ਵਿੱਚ ਬ੍ਰਿਟੇਨ ‘ਤੇ ਨਿਰਭਰ ਪਾਕਿਸਤਾਨ ਉਸ ਨੂੰ ਕਿਵੇਂ ਅੱਖਾਂ ਦਿਖਾ ਸਕਦਾ ਹੈ। ਅੱਤਵਾਦ ਦੇ ਨਾਂ ‘ਤੇ ਬ੍ਰਿਟੇਨ ਤੋਂ ਮਿਲਣ ਵਾਲੇ ਕਰੋੜਾਂ-ਅਰਬਾਂ ਪੌਂਡਾਂ ਦਾ ਸਵਾਲ ਵੀ ਸੀ। ਇਥੇ ਇਹ ਸ਼ੇਅਰ ਢੁੱਕਦਾ ਹੈ-
ਤੀਰ ਉਠੇਗਾ ਨਾ ਤਲਵਾਰ ਇਨਸੇ,
ਯੇ ਬਾਜ਼ੂ ਮੇਰੇ ਆਜ਼ਮਾਏ ਹੂਏ ਹੈਂ।
ਜਿਸ ਦਿਨ ਜ਼ਰਦਾਰੀ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲੇ, ਉਸ ਤੋਂ ਅਗਲੇ ਦਿਨ ਬ੍ਰਿਟੇਨ ਦੀ ਪ੍ਰਸਿੱਧ ਅਖਬਾਰ ‘ਗਾਰਡੀਅਨ’ ਵਿੱਚ ਉਹ ਕਾਰਟੂਨ ਛਪਿਆ, ਜੋ ਉਸ ਮੁਲਾਕਾਤ ਦੀ ਮੂੰਹ ਬੋਲਦੀ ਤਸਵੀਰ ਸੀ। ਇਸ ਲਈ ਇਸ ਸਬੰਧੀ ਕੁਝ ਹੋਰ ਕਹਿਣ-ਲਿਖਣ ਦੀ ਲੋੜ ਨਹੀਂ ਹੈ।
ਬਦਨਾਮੀ ਤੋਂ ਇਲਾਵਾ ਕੁਝ ਨਹੀਂ ਮਿਲਿਆ
ਜ਼ਰਦਾਰੀ ਨੂੰ ਕੀ ਪਤਾ ਸੀ ਕਿ ਕਾਰਟੂਨ ਦਾ ਤਿੱਖਾ ਵਿਅੰਗ ਪ੍ਰਤੱਖ ਰੂਪ ਧਾਰ ਕੇ ਬਰਮਿੰਘਮ ਦੇ ਜਲਸੇ ਵਿੱਚ ਉਨ੍ਹਾਂ ਸਾਹਮਣੇ ਆ ਜਾਵੇਗਾ। ਉਨ੍ਹਾਂ ਦੀ ਬ੍ਰਿਟਿਸ਼ ਯਾਤਰਾ ਦੌਰਾਨ ਪਾਕਿਸਤਾਨ ਵਿੱਚ ਰੋਸ ਸੀ, ਹੜ੍ਹ ਕਾਰਨ ਹੋ ਰਹੀ ਤਬਾਹੀ ਨਾਲ ਪਾਕਿਸਤਾਨ ਦੀ ਜਨਤਾ ਤ੍ਰਾਹ-ਤ੍ਰਾਹ ਕਰ ਰਹੀ ਸੀ। ਹਰ ਪਾਸੇ ਮੰਗ ਹੋ ਰਹੀ ਸੀ ਕਿ ਜ਼ਰਦਾਰੀ ਆਪਣਾ ਬ੍ਰਿਟਿਸ਼ ਦੌਰਾ ਰੱਦ ਕਰ ਕੇ ਸੰਕਟ ਵਿੱਚ ਫਸੀ ਆਪਣੇ ਦੇਸ਼ ਦੀ ਜਨਤਾ ਦਾ ਦਰਦ ਵੰਡਾਉਣ ਲਈ ਵਾਪਸ ਆ ਜਾਣ। ਬ੍ਰਿਟੇਨ ਵਿੱਚ ਵੀ ਪਾਕਿਸਤਾਨੀ ਮੂਲ ਦੇ ਲੋਕਾਂ ਵਲੋਂ ਇਹ ਗੱਲ ਪਸੰਦ ਨਹੀਂ ਕੀਤੀ ਜਾ ਰਹੀ ਸੀ ਕਿ ਆਪਣੇ ਦੇਸ਼ ਵਿੱਚ ਪੈਦਾ ਹੋਈ ਹੰਗਾਮੀ ਹਾਲਤ ਤੋਂ ਬੇਮੁੱਖ ਹੋ ਕੇ ਜ਼ਰਦਾਰੀ ਝੂਠੀ ਮੁਸਕਾਨ ਨਾਲ ਅਖਬਾਰਾਂ ਤੇ ਟੀ ਵੀ ਲਈ ਫੋਟੋ ਖਿਚਵਾ ਕੇ ਇਹ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਇਹ ਦੌਰਾ ਬਹੁਤ ਸਫਲ ਰਿਹਾ ਹੈ। ਬ੍ਰਿਟੇਨ ਵਿੱਚ ਰਹਿ ਰਹੇ ਪਾਕਿਸਤਾਨੀ ਮੂਲ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਇਸ ਗੱਲ ਨੂੰ ਲੈ ਕੇ ਬਹੁਤ ਦੁਖੀ ਸੀ। ਪਾਕਿਸਤਾਨ ਤੋਂ ਬਾਅਦ ਬ੍ਰਿਟੇਨ ਹੀ ਪਾਕਿਸਤਾਨ ਦੀ ਸਿਆਸਤ ਦਾ ਬਹੁਤਾ ਸਰਗਰਮ ਗੜ੍ਹ ਹੈ। ਦੇਸ਼ ਦੀਆਂ ਦੋਵੇਂ ਸਿਆਸੀ ਪਾਰਟੀਆਂ ਪਾਕਿਸਤਾਨ ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ (ਨਵਾਜ਼) ਇਥੇ ਸਰਗਰਮ ਹਨ। ਦੋਵਾਂ ਪਾਰਟੀਆਂ ਦੇ ਵਰਕਰ ਦੇਸ਼ ਦੀਆਂ ਸਿਆਸੀ ਸਰਗਰਮੀਆਂ ਵਿੱਚ ਪੂਰੀ ਤੀਬਰਤਾ ਨਾਲ ਹਿੱਸਾ ਲੈਂਦੇ ਹਨ।
ਖਬਰਾਂ ਗਰਮ ਸਨ ਕਿ ਜ਼ਰਦਾਰੀ ਬਰਮਿੰਘਮ ਦੇ ਜਲਸੇ ਵਿੱਚ ਆਪਣੇ ਬੇਟੇ ਬਿਲਾਵਲ ਦੀ ਤਾਜਪੋਸ਼ੀ ਕਰ ਕੇ ਉਸ ਨੂੰ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਦੇ ਅਹੁਦੇ ‘ਤੇ ਬਿਠਾਉਣਾ ਚਾਹੁੰਦੇ ਹਨ। ਹੜ੍ਹਾਂ ਦੀ ਤਬਾਹੀ ਅਤੇ ਜ਼ਰਦਾਰੀ ਦੀ ਬੇਰੁਖੀ ਕਾਰਨ ਜਨਤਾ ਭੜਕੀ ਹੋਈ ਸੀ ਤੇ ਇਹ ਤੈਅ ਸੀ ਕਿ ਜਿੱਥੇ ਤਾਜਪੋਸ਼ੀ ਸੰਬੰਧੀ ਸਮਾਗਮ ਹੋਣਾ ਹੈ, ਉਸ ਹਾਲ ਦੇ ਬਾਹਰ ਭੜਕੇ ਲੋਕਾਂ ਦਾ ਮੁਜ਼ਾਹਰਾ ਵੀ ਹੋਵੇਗਾ। ਸ਼ਾਇਦ ਇਸੇ ਵਜ੍ਹਾ ਕਰ ਕੇ ਹਾਲਾਤ ਦੀ ਨਜ਼ਾਕਤ ਨੂੰ ਸਮਝਦੇ ਹੋਏ ਉਨ੍ਹਾਂ ਨੇ ਬਿਲਾਵਲ ਦੀ ਤਾਜਪੋਸ਼ੀ ਦਾ ਫੈਸਲਾ ਬਦਲ ਦਿੱਤਾ ਤੇ ਜਲਸੇ ਵਿੱਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਉਹ ਕੈਮਰੂਨ ਦੇ ਬਿਆਨ ਵਿਰੁੱਧ ਰੋਸ ਕਰਨ ਨਾ ਆਉਂਦੇ ਤਾਂ ਪਾਕਿਸਤਾਨ ਦਾ ਬਹੁਤ ਨੁਕਸਾਨ ਹੋ ਜਾਣਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਥੇ ਆ ਕੇ ਪਾਕਿਸਤਾਨ ਦੇ ਹੜ੍ਹ ਪੀੜਤਾਂ ਲਈ ਭਾਰੀ ਰਕਮ ਵੀ ਇਕੱਠੀ ਕੀਤੀ ਹੈ। ਜੇ ਉਹ ਇੰਗਲੈਂਡ ਨਾ ਆਉਂਦੇ ਤਾਂ ਇਹ ਰਕਮ ਇਕੱਠੀ ਨਾ ਹੁੰਦੀ।
ਜਲਸੇ ਵਿੱਚ ਖੜੇ ਹੋ ਕੇ ਅਜੇ ਉਹ 2 ਮਿੰਟ ਵੀ ਨਹੀਂ ਬੋਲ ਸਕੇ ਕਿ ਗੁੱਸੇ ਵਿੱਚ ਭਰੇ ਪਾਕਿਸਤਾਨੀ ਨੌਜਵਾਨਾਂ ਨੇ ਖੜੇ ਹੋ ਕੇ ਉਨ੍ਹਾਂ ਵਿਰੁੱਧ ‘ਗੋ ਬੈਕ, ਗੋ ਬੈਕ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਇੱਕ ਅਧੇੜ ਉਮਰ ਦੇ ਵਿਅਕਤੀ ਨੇ ਉਨ੍ਹਾਂ ‘ਤੇ ਛਿੱਤਰ ਸੁੱਟੇ। ਛਿੱਤਰ ਤਾਂ ਜ਼ਰਦਾਰੀ ਦੇ ਨਹੀਂ ਲੱਗੇ, ਪਰ ਉਹ ਭਾਸ਼ਣ ਬੰਦ ਕਰ ਕੇ ਉਥੋਂ ਚਲੇ ਗਏ। ਜਲਸੇ ਵਾਸੀ ਥਾਂ ਦੇ ਬਾਹਰ ਖੜੇ ਵਿਖਾਵਾਕਾਰੀਆਂ ਨੇ ਜ਼ਰਦਾਰੀ ਦੇ ਕਾਰਟੂਨ ‘ਤੇ ਵੀ ਜੁੱਤੀਆਂ ਮਾਰੀਆਂ।
ਪਾਕਿਸਤਾਨ ਦੇ ਸਿਰਫ ਸਰਕਾਰੀ ਟੀ ਵੀ ਚੈਨਲਾਂ ਨੂੰ ਜਲਸੇ ਦੀ ਕਾਰਵਾਈ ਰਿਕਾਰਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਬ੍ਰਿਟਿਸ਼ ਤੇ ਪਾਕਿਸਤਾਨੀ ਮੀਡੀਆ ਦੇ ਬੰਦੇ ਵੱਡੀ ਗਿਣਤੀ ਵਿੱਚ ਹਾਲ ਅੰਦਰ ਮੌਜੂਦ ਸਨ। ਜੁੱਤੀ ਸੁੱਟੇ ਜਾਣ ਦੇ ਦ੍ਰਿਸ਼ ਤਾਂ ਪ੍ਰਾਈਵੇਟ ਟੀ ਵੀ ਚੈਨਲਾਂ ‘ਤੇ ਦੇਖਣ ਨੂੰ ਨਹੀਂ ਮਿਲ ਸਕੇ, ਪਰ ਘਟਨਾ ਦੀ ਖਬਰ ਤੁਰੰਤ ਪੂਰੀ ਦੁਨੀਆ ਵਿੱਚ ਫੈਲ ਗਈ, ਖਾਸ ਕਰ ਕੇ ਪਾਕਿਸਤਾਨ ਵਿੱਚ ‘ਜਿਓ’ ਅਤੇ ‘ਏ ਵਾਈ ਆਰ’ ਟੀ ਵੀ ਚੈਨਲਾਂ ਅਤੇ ‘ਜੰਗ’ ਆਦਿ ਅਖਬਾਰਾਂ ਨੇ ਇਸ ਦਾ ਬਹੁਤ ਜ਼ੋਰ-ਸ਼ੋਰ ਨਾਲ ਪ੍ਰਸਾਰਨ ਕੀਤਾ, ਜਿਸ ਤੋਂ ਚਿੰਤਤ ਹੋ ਕੇ ਪਾਕਿ ਸਰਕਾਰ ਨੇ ‘ਜੰਗ’ ਅਖਬਾਰ ਅਤੇ ਇਨ੍ਹਾਂ ਦੋਵਾਂ ਟੀ ਵੀ ਚੈਨਲਾਂ ‘ਤੇ ਪਾਬੰਦੀ ਲਾ ਦਿੱਤੀ ਕਿ ਉਹ ਇਸ ਖਬਰ ਨੂੰ ਨਾ ਦਿਖਾਉਣ। ਇਸ ਪਾਬੰਦੀ ਵਿਰੁੱਧ ਮੀਡੀਆ ਭਾਈਚਾਰੇ ਨੇ ਦੇਸ਼ ਭਰ ਵਿੱਚ ਜ਼ੋਰਦਾਰ ਮੁਜ਼ਾਹਰੇ ਕੀਤੇ। ਦੂਜੇ ਪਾਸੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਰਕਰਾਂ ਨੇ ਇਨ੍ਹਾਂ ਚੈਨਲਾਂ ਤੇ ਅਖਬਾਰਾਂ ਵਿਰੁੱਧ ਮੁਜ਼ਾਹਰੇ ਕੀਤੇ। ਬ੍ਰਿਟੇਨ ਤੋਂ ਇੱਕ ਪਾਕਿਸਤਾਨੀ ਪੱਤਰਕਾਰ ਨੇ ‘ਜੰਗ’ ਵਿੱਚ ਲਿਖਿਆ ਕਿ ‘ਇਸ ਬ੍ਰਿਟਿਸ਼ ਦੌਰੇ ਤੋਂ ਜ਼ਰਦਾਰੀ ਨੇ ਬਦਨਾਮੀ ਤੋਂ ਇਲਾਵਾ ਕੁਝ ਵੀ ਹਾਸਲ ਨਹੀਂ ਕੀਤਾ।’
ਜ਼ਰਦਾਰੀ ਆਪਣੇ ਵਤਨ ਤਾਂ ਵਾਪਸ ਪਹੁੰਚ ਗਏ, ਪਰ ਆਪਣੀ ਵਿਦੇਸ਼ ਯਾਤਰਾ, ਸੰਕਟ ਵਿੱਚ ਫਸੇ ਆਪਣੇ ਲੋਕਾਂ ਤੋਂ ਮੂੰਹ ਮੋੜਨ ਵਿਰੁੱਧ ਦੇਸ਼ ਵਿੱਚ ਫੈਲੇ ਗੁੱਸੇ ਤੇ ਰੋਸ ਦਾ ਸਾਹਮਣਾ ਔਖਾ ਹੀ ਕਰਨਗੇ। ਝਿਜਕ ਤਾਂ ਹੋਵੇਗੀ, ਪਰ ਬਾਹਰ ਨਿਕਲਣਾ ਹੀ ਪਵੇਗਾ, ਖਾਸ ਕਰ ਕੇ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਸਾਹਮਣੇ ਆਉਣਾ ਪਵੇਗਾ। ਜੇ ਉਹ ਹੁਣ ਵੀ ਉਨ੍ਹਾਂ ਦਾ ਦੁੱਖ ਵੰਡਾਉਣ ਨਹੀਂ ਜਾਣਗੇ ਤਾਂ ਉਨ੍ਹਾਂ ਦੀ ਹੋਰ ਜ਼ਿਆਦਾ ਬਦਨਾਮੀ ਹੋਵੇਗੀ। ਨੇਤਾਵਾਂ ‘ਤੇ ਜੁੱਤੀਆਂ ਸੁੱਟਣਾ ਹੁਣ ਸਿਆਸੀ ਮੁਜ਼ਾਹਰਿਆਂ ਦਾ ਇੱਕ ਮਹੱਤਵਪੂਰਨ ਅੰਗ ਬਣ ਗਿਆ ਲੱਗਦਾ ਹੈ। ਸਥਿਤੀ ਮੁਸ਼ਕਿਲ ਹੈ, ਪਰ ਉਹ ਨੇਤਾ ਹੀ ਕੀ, ਜੋ ਆਪਣੇ ਵਿਰੁੱਧ ਲੱਗ ਰਹੇ ਨਾਅਰਿਆਂ, ਵਿਰੋਧੀਆਂ ਵਲੋਂ ਸੁੱਟੇ ਗਏ ਟਮਾਟਰਾਂ, ਪੱਥਰਾਂ ਤੇ ਜੁੱਤੀਆਂ ਤੋਂ ਘਬਰਾ ਜਾਵੇ? ਇਰਾਕ ਦੀ ਪ੍ਰੈਸ ਕਾਨਫਰੰਸ ਵਿੱਚ ਆਪਣੇ ‘ਤੇ ਜੁੱਤੀ ਸੁੱਟੇ ਜਾਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਵੀ ਹੱਸ ਕੇ ਫੋਟੋਆਂ ਖਿਚਵਾਉਣ ਲੱਗ ਪਏ ਸਨ। ਇਸ ਵਿੱਚ ਸ਼ਰਮ ਕਾਹਦੀ?
‘ਦੋ ਪਈਆਂ ਵਿੱਸਰ ਗਈਆਂ…’

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!