Saturday, 4 February 2012, 10:07 PM Toronto Time

ਵਿਹਲ ਐਨੀ ਵੀ ਨਾ ਹੋਵੇ ਕਿ ਸਮਾਂ ਨਾ ਲੰਘੇ

1 Star2 Stars3 Stars4 Stars5 Stars (No Ratings Yet)
Loading ... Loading ...


- ਰਾਜਿੰਦਰ ਪਾਲ ਸ਼ਰਮਾ
ਸੇਵਾ ਮੁਕਤ ਹੋਣ ਤੋਂ ਪਿੱਛੋਂ ਉਂਝ ਤਾਂ ਆਜ਼ਾਦੀ ‘ਤੇ ਖੁੱਲ੍ਹ-ਡੁੱਲ੍ਹ ਦਾ ਪੂਰਾ ਅਹਿਸਾਸ ਹੁੰਦਾ ਹੈ, ਬਲਕਿ ਅਨੰਦ ਆਉਂਦਾ ਹੈ, ਪਰ ਵਿਹਲ ਇੰਨੀ ਹੋ ਜਾਂਦੀ ਹੈ ਕਿ ਸਮਾਂ ਲੰਘਾਉਣ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਹਰ ਚੀਜ਼ ਕਿਸੇ ਹਿਸਾਬ-ਕਿਤਾਬ ਮੁਤਾਬਕ ਹੋਵੇ ਤਾਂ ਠੀਕ ਰਹਿੰਦਾ ਹੈ, ਪਰ ਲੋੜੋਂ ਵੱਧ ਨੂੰ ਸੰਭਾਲਣ ਜਾਂ ਸਮੇਟਣ ਦਾ ਮਸਲਾ ਪੈਦਾ ਹੋ ਜਾਂਦਾ ਹੈ। ਸਪਸ਼ਟ ਹੈ ਕਿ ਰਿਟਾਇਰ ਹੋਣ ਪਿੱਛੋਂ ਜੇ ਕੋਈ ਮਾੜਾ-ਮੋਟਾ ਕੰਮ ਜਾਂ ਆਹਰ ਨਾ ਹੋਵੇ ਤਾਂ ਬੰਦਾ ਸਮੇਂ ਦੇ ਬੋਝ ਕਾਰਨ ਅਕੇਵਾਂ ਜਿਹਾ ਮਹਿਸੂਸ ਕਰਨ ਲੱਗ ਪੈਂਦਾ ਹੈ।
ਵਿਕਸਤ ਦੇਸ਼ਾਂ ਵਿੱਚ ਤਾਂ ਹਰ ਬੰਦੇ ਨੂੰ ਪੈਨਸ਼ਨ ਮਿਲਣ ਲੱਗ ਪੈਂਦੀ ਹੈ, ਜਿਸ ਕਾਰਨ ਪੈਸੇ ਪੱਖੋਂ ਬੇਫਿਕਰੀ ਰਹਿੰਦੀ ਹੈ, ਭਾਵ ਕਿਸੇ ਦੇ ਹੱਥਾਂ ਵੱਲ ਝਾਕਣਾ ਨਹੀਂ ਪੈਂਦਾ। ਭਾਰਤ ਵਿੱਚ ਕੇਵਲ ਸਰਕਾਰੀ ਨੌਕਰੀਆਂ (ਜੋ ਹੁਣ ਘਟੀ ਜਾ ਰਹੀਆਂ ਹਨ) ਕਰ ਕੇ ਰਿਟਾਇਰ ਹੋਣ ਵਾਲੇ ਹੀ ਯੋਗ ਪੈਨਸ਼ਨ ਦਾ ਫਲ ਪ੍ਰਾਪਤ ਕਰਦੇ ਹਨ, ਜੋ ਬਹੁਤ ਵੱਡਾ ਸਹਾਰਾ ਸਿੱਧ ਹੁੰਦੀ ਹੈ। ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਦੇ ਬੱਚੇ ਵੀ ਉਨ੍ਹਾਂ ਦਾ ਖਿਆਲ ਰੱਖਦੇ ਹਨ, ਕਿਉਂਕਿ ਪੈਸੇ ਪੱਖੋਂ ਲਾਭ ਹੁੰਦਾ ਹੈ। ਨੇਕ ਬੱਚੇ ਉਂਝ ਵੀ ਫਰਜ਼ ਪੂਰਤੀ ਵਜੋਂ ਸੇਵਾ ਕਰਨ ਵਾਲੇ ਹੁੰਦੇ ਹਨ।
ਹੁਣ ਆਈਏ ਸਮਾਂ ਲੰਘਾਉਣ ਦੀ ਸਮੱਸਿਆ ਵੱਲ। ਕਹਾਵਤ ਹੈ ਕਿ ‘ਵਿਹਲਾ ਮਨ, ਸ਼ੈਤਾਨ ਦਾ ਚਰਖਾ’, ਭਾਵ ਵਿਹਲਾ ਬੰਦਾ ਪੁੱਠੇ ਕੰਮ ਕਰਨ ਵੱਲ ਤੁਰ ਪੈਂਦਾ ਹੈ। ਸਾਡੇ ਅੱਜ ਦੇ ਨੌਜਵਾਨ ਬੇਰੋਜ਼ਗਾਰੀ ਕਾਰਨ ਗਲਤ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਬੰਦੇ ਕੋਲ ਕੋਈ ਸਾਰਥਕ ਕੰਮ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਉਸ ਦਾ ਮਨ ਕਿਸੇ ਗਲਤ ਪਾਸੇ ਨਾ ਤੁਰੇ। ਕਈ ਸੱਜਣਾਂ ਕੋਲ ਥੋੜ੍ਹੀ-ਬਹੁਤ ਕਮੀ ਹੁੰਦੀ ਹੈ ਤੇ ਉਹ ਰਿਟਾਇਰ ਹੋਣ ਪਿੱਛੋਂ ਆਪਣਾ ਵਾਧੂ ਸਮਾਂ ਖੇਤੀ ਵੱਲ ਧਿਆਨ ਦੇ ਕੇ ਗੁਜ਼ਾਰ ਲੈਂਦੇ ਹਨ। ਚਾਹੇ ਬੰਦਾ ਕੁੱਲ ਵਕਤੀ ਕੰਮ ਕਰਨਾ ਨਹੀਂ ਚਾਹੁੰਦਾ, ਪਰ ਰਿਟਾਇਰ ਹੋਣ ਪਿੱਛੋਂ ਉਹ ਏਨਾ ਨਿਰਬਲ ਵੀ ਨਹੀਂ ਹੋ ਜਾਂਦਾ ਕਿ ਸਾਰਾ ਦਿਨ ਵਿਹਲੇ ਬੈਠ ਕੇ ਮੱਖੀਆਂ ਮਾਰੀ ਜਾਵੇ। ਦੋ ਤਿੰਨ ਘੰਟੇ ਦਾ ਆਹਰ ਜ਼ਰੂਰ ਹੋਣਾ ਚਾਹੀਦਾ ਹੈ। ਸਵੇਰੇ ਸ਼ਾਮ ਸੈਰ ਕਰਨੀ, ਅਖਬਾਰ ਆਦਿ ਪੜ੍ਹਨੇ ਜਾਂ ਕੋਈ ਪਰਵਾਰਕ ਛੋਟਾ-ਮੋਟਾ ਕੰਮ ਕਰਨ ਨਾਲ ਸਮਾਂ ਨਿਕਲ ਜਾਂਦਾ ਹੈ, ਪਰ ਇਹ ਸਾਰੀ ਦਿਹਾੜੀ ਲਈ ਕਾਫੀ ਨਹੀਂ ਹੁੰਦਾ। ਬੋਰ ਹੋਣ ਤੋਂ ਬਚਣ ਖਾਤਰ ਥੋੜ੍ਹਾ-ਬਹੁਤ ਕੰਮ ਜ਼ਰੂਰੀ ਚਾਹੀਦਾ ਹੈ, ਚਾਹੇ ਇਹ ਸਮਾਜ ਸੇਵਾ ਹੀ ਕਿਉਂ ਨਾ ਹੋਵੇ। ਕੋਈ ਜ਼ਰੂਰੀ ਨਹੀਂ ਕਿ ਮਾਇਕ ਤੌਰ ‘ਤੇ ਕੰਮ ਲਾਹੇਵੰਦ ਹੋਵੇ। ਵੱਡੀ ਗੱਲ ਮਨ ਨੂੰ ਰਿਝਾਉਣਾ ਹੁੰਦਾ ਹੈ ਤਾਂ ਜੋ ਅਕੇਵਾਂ ਨਾ ਹੋਵੇ। ਸਿਆਣੇ ਆਖਦੇ ਹਨ ਕਿ ‘ਬੇਕਾਰ ਤੋਂ ਵਗਾਰ ਭਲੀ’, ਭਾਵ ਵਿਹਲੇ ਰਹਿਣ ਨਾਲੋਂ ਮੁਫਤ ਸੇਵਾ ਜਾਂ ਕੰਮ ਵੀ ਚੰਗਾ ਹੁੰਦਾ ਹੈ।
ਸਮਾਜ ਸੇਵੀ ਸੰਸਥਾਵਾਂ ਦੀ ਮੈਂਬਰਸ਼ਿਪ ਚੰਗੀ ਰਹਿੰਦੀ ਹੈ। ਇਕ ਤਾਂ ਮੇਲ ਮਿਲਾਪ ਬਣਿਆ ਰਹਿੰਦਾ ਹੈ ਤੇ ਦੂਜੇ ਕੋਈ ਲੋਕ ਭਲਾਈ ਦਾ ਛੋਟਾ-ਮੋਟਾ ਪ੍ਰੋਜੈਕਟ ਚੱਲਦਾ ਰਹਿੰਦਾ ਹੈ। ਆਪਣੇ ਹਮ ਉਮਰਾਂ (ਹਾਣ ਦਿਆਂ) ਨਾਲ ਸਮਾਂ ਨਿਸ਼ਚਤ ਕਰਕੇ ਬੈਠਣਾ ਤੇ ਗੱਪ-ਸ਼ੱਪ ਮਾਰਨੀ ਵੀ ਸਮੇਂ ਨੂੰ ਬੋਝ ਨਹੀਂ ਬਣਨ ਦਿੰਦੀ। ਕਈ ਤਾਸ਼ ਜਾਂ ਸ਼ਤਰੰਜ ਦੇ ਸ਼ੌਕੀਨ ਆਪਣੇ ਹਮ-ਉਮਰਾਂ ਨਾਲ ਇਹ ਖੇਡ ਖੇਡ ਕੇ ਸਮਾਂ ਬਤੀਤ ਕਰਦੇ ਹਨ। ਹੁਣ ਸੀਨੀਅਰ ਸਿਟੀਜ਼ਨਜ਼ ਕਲੱਬਾਂ ਵੀ ਬਣ ਗਈਆਂ ਹਨ ਤੇ ਵੱਡੇ ਸ਼ਹਿਰਾਂ ਵਿੱਚ ਵਿਸ਼ੇਸ਼ ਸਥਾਨ ‘ਤੇ ਸਵੇਰੇ ਸ਼ਾਮ ਬੁੱਢੇ ਲੋਕ ਇਕੱਠੇ ਹੋ ਕੇ ਦੁੱਖ-ਸੁੱਖ ਸਾਂਝੇ ਕਰਦੇ ਹਨ। ਪਿੰਡਾਂ ਤੇ ਛੋਟੇ ਕਸਬਿਆਂ ਵਿੱਚ ਅਜੇ ਕਲੱਬਾਂ ਪੈਦਾ ਨਹੀਂ ਹੋਈਆਂ। ਉਂਝ ਆਪਸੀ ਮੇਲ-ਮਿਲਾਪ ਤੇ ਬੈਠਣ-ਉਠਣ ਚੱਲਦਾ ਹੈ।
ਸਪੱਸ਼ਟ ਹੈ ਕਿ ਸਮਾਂ ਲੰਘਾਉਣ ਦੀ ਸਮੱਸਿਆ ਮੁੱਖ ਰੂਪ ਵਿੱਚ ਸੇਵਾ ਮੁਕਤ ਬੰਦਿਆਂ ਲਈ ਹੁੰਦੀ ਹੈ, ਪਰ ਕਈ ਵਾਰ ਵਿਸ਼ੇਸ਼ ਹਾਲਾਤਾਂ ਵਿੱਚ ਜਵਾਨੀ ਵੇਲੇ ਵੀ ਸਮਾਂ ਭਾਰੂ ਤੇ ਬੋਝਲ ਬਣ ਜਾਂਦਾ ਹੈ, ਚਾਹੇ ਇਹ ਥੋੜ੍ਹਾ ਚਿਰ ਹੀ ਹੋਵੇ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਕੋਈ ਰੁਝੇਵਾਂ ਜਾਂ ਆਹਰ ਪੈਦਾ ਕਰ ਲਓ ਤੇ ਮਨ ਦੀ ਬੋਰੀਅਤ ਖਤਮ ਹੋ ਜਾਵੇਗੀ। ਜਿਉਂਦੇ ਜੀਅ ਸਮੇਂ ਦਾ ਸਦਾ ਹੀ ਖਿਆਲ ਰੱਖ ਕੇ ਚੱਲਣਾ ਪੈਂਦਾ ਹੈ। ਜੇ ਅਵੇਸਲੇ ਹੋ ਕੇ ਚੱਲਾਂਗੇ ਤਾਂ ਜੀਵਨ ਨੀਰਸ ਤੇ ਅਰਥਹੀਣ ਜਿਹਾ ਹੋ ਜਾਂਦਾ ਹੈ। ਸੋ ਸਮਾਂ ਸੋਹਣੇ ਤੇ ਸਾਰਥਕ ਢੰਗ ਨਾਲ ਲੰਘਾਓ ਤੇ ਇਸ ਨੂੰ ਸਮੱਸਿਆ ਜਾਂ ਬੋਝ ਕਦੇ ਨਾ ਬਣਨ ਦਿਓ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!