Saturday, 4 February 2012, 9:36 PM Toronto Time

ਬਹੁ-ਮੁੱਲੀ ਸੌਗਾਤ ਹੈ ਦੋਸਤੀ

1 Star2 Stars3 Stars4 Stars5 Stars (No Ratings Yet)
Loading ... Loading ...


-ਐਚ ਐਸ ਡਿੰਪਲ
ਦੋਸਤੀ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਇਸ ਦੇ ਅਰਥ ਬ੍ਰਹਿਮੰਡ ਤੋਂ ਵਿਸ਼ਾਲ, ਮਹਾਂਸਾਗਰ ਤੋਂ ਡੂੰਘੇ ਅਤੇ ਅਸਮਾਨ ਤੋਂ ਉੱਚੇ ਅਤੇ ਸਦੀਵੀ ਹਨ। ਦੋਸਤੀ ਕਰਨੀ ਸੌਖੀ ਹੈ, ਪਰ ਨਿਭਾਉਣੀ ਔਖੀ ਹੈ। ਸਵਾਰਥਹੀਣ ਦੋਸਤ ਅਤੇ ਸੁੱਚੇ ਮੋਤੀਆਂ ਦੀ ਦੁਨੀਆ ਵਿੱਚ ਸਦਾ ਘਾਟ ਮਹਿਸੂਸ ਕੀਤੀ ਜਾਂਦੀ ਰਹੀ ਹੈ। ਦੋਸਤੀ ਦੀ ਕੋਈ ਸੀਮਾ ਨਹੀਂ ਹੁੰਦੀ। ਦੋਸਤੀ ਕਿਸੇ ਨਸਲ, ਭਾਸ਼ਾ, ਜਾਤ, ਧਰਮ ਜਾਂ ਖਿੱਤੇ ਦੀ ਮੁਹਤਾਜ ਨਹੀਂ ਹੁੰਦੀ। ਸਮੁੰਦਰੋਂ ਪਾਰ ਵੱਸੇ ਸੱਜਣਾਂ ਦੇ ਖਤ, ਈ-ਮੇਲ ਸੁਨੇਹੇ, ਸ਼ੁੱਭ ਇਛਾਵਾਂ ਅਤੇ ਸ਼ਿਰਕਤਾਂ ਇਸ ਗੱਲ ਦੀ ਸਾਖੀ ਭਰਦੀਆਂ ਹਨ। ਕਈ ਵਾਰ ਦੋ ਅਜਨਬੀ ਕਿਸੇ ਅਗਿਆਤ ਸਥਾਨ ‘ਤੇ ਮਿਲਦੇ ਹਨ, ਕੌਲ ਕਰ ਬੈਠਦੇ ਹਨ, ਕਸਮਾਂ ਖਾ ਲੈਂਦੇ ਹਨ ਅਤੇ ਜ਼ਿੰਦਗੀ ਭਰ ਨਿਭਾਉਂਦੇ ਹਨ। ਅਜਿਹੇ ਸੱਜਣ ਮਿੱਤਰ ਵਿਰਲੇ ਹੀ ਹੁੰਦੇ ਹਨ ਅਤੇ ਇਨ੍ਹਾਂ ਬਾਰੇ ਹੀ ਕਿਹਾ ਗਿਆ ਹੈ ਕਿ;
ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚ ਕੇ।
ਕ੍ਰਿਸ਼ਨ-ਸੁਦਾਮਾ ਦੀ ਦੋਸਤੀ ਦੀ ਮਿਸਾਲ ਅੱਜ ਵੀ ਜ਼ਿੰਦਾ ਹੈ। ਜਦੋਂ ਅਸੀਂ ਪੁਰਾਣੇ ਕਿੱਸੇ-ਕਹਾਣੀਆਂ ਪੜ੍ਹਦੇ ਹਾਂ ਤਾਂ ਦੋਸਤੀ ਵਿੱਚ ਸਾਡਾ ਯਕੀਨ ਹੋਰ ਪੱਕਾ ਹੋ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਗਰੀਬਾਂ ਦੀ ਦੋਸਤੀ ਸਵਾਰਥ-ਰਹਿਤ ਅਤੇ ਅਮੀਰਾਂ ਦੀ ਦੋਸਤੀ ਸਵਾਰਥ ‘ਤੇ ਆਧਾਰਤ ਹੁੰਦੀ ਹੈ। ਕਈ ਲੋਕ ਦੋਸਤੀ ਪਿੱਛੇ ਦੋਸਤ ਜਾਂ ਸ਼ੋਹਰਤ ਦੀ ਪ੍ਰਵਾਹ ਨਹੀਂ ਕਰਦੇ। ਜੇ ਦੋਸਤੀ ਜਾਂ ਮਿੱਤਰਤਾ ਕਿਸੇ ਸਵਾਰਥ ਦੀ ਬੁਨਿਆਦ ‘ਤੇ ਖੜੀ ਹੈ ਤਾਂ ਇਹ ਛੇਤੀ ਢਹਿ-ਢੇਰੀ ਹੋ ਜਾਵੇਗੀ।
ਮੌਜੂਦਾ ਦੌਰ ਵਿੱਚ ਕਈ ਗਰੀਬ ਦੋਸਤ ਵੀ ਦੂਜੇ ਨਾਲ ਯਾਰ-ਮਾਰ ਕਰ ਜਾਂਦੇ ਹਨ, ਜਦ ਟੁੱਕੜ ਵਿਚਕਾਰ ਆ ਜਾਣ। ਪੈਸਾ ਦੋਸਤੀ ਦੇ ਪਵਿੱਤਰ ਰਿਸ਼ਤੇ ਵਿਚਕਾਰ ਕੰਧ ਖੜੀ ਕਰ ਦਿੰਦਾ ਹੈ। ਇਸ ਦਾ ਦੋਸ਼ ਪੈਸੇ ਸਿਰ ਨਹੀਂ, ਇਨਸਾਨ ਸਿਰ ਹੈ, ਜੋ ਪੈਸੇ ਦੀ ਅਸਥਾਈ ਚਕਾਚੌਂਧ ਦਾ ਸ਼ਿਕਾਰ ਹੋ ਜਾਂਦਾ ਹੈ। ਮਾਇਆ ਦੀ ਚਮਕ ਉਸ ਦੀਆਂ ਅੱਖਾਂ ਚੁੰਧਿਆ ਦਿੰਦੀ ਹੈ। ਦੂਜੇ ਪਾਸੇ ਕਈ ਅਮੀਰ, ਪੈਸੇ, ਰੁਤਬੇ ਵਾਲੇ ਲੋਕ ਸਮਾਜ ਅਤੇ ਪੈਸੇ, ਭਾਵ ਧਨ-ਦੌਲਤ ਦੀ ਪ੍ਰਵਾਹ ਕੀਤੇ ਬਗੈਰ ਦੋਸਤੀ ਦੇ ਪਵਿੱਤਰ ਰਿਸ਼ਤੇ ‘ਤੇ ਦਾਗ ਨਹੀਂ ਲੱਗਣ ਦਿੰਦੇ। ਉਰਦੂ ਦੇ ਮਕਬੂਲ ਸ਼ਾਇਰ ਮਿਰਜ਼ਾ ਗਾਲਿਬ ਦੇ ਅਨੁਸਾਰ;
ਦੌਲਤ ਔਰ ਯੇ ਸ਼ੋਹਰਤ ਕਿਆ ਚੀਜ਼ ਹੈ,
ਜਾਨ ਭੀ ਹਾਜ਼ਿਰ ਹੈ ਤਿਰੀ ਦੋਸਤੀ ਕੇ ਲੀਏ।
ਦੋਸਤੀ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਅੱਗੇ ਲੱਗਿਆ ਅਗੇਤਰ ‘ਦੋ’ ਦੋਸਤੀ ਦੀ ਸੀਮਾ ਦਾ ਪ੍ਰਤੀਕ ਜਾਪਦਾ ਹੈ, ਪਰ ਸਮੇਂ ਨਾਲ ਅਰਥ ਵਿਸਥਾਰ ਹੋਣ ਕਰ ਕੇ ਹੁਣ ਇਸ ਦੇ ਅਰਥ ਬਦਲ ਗਏ ਅਤੇ ਵਿਸ਼ਾਲ ਵੀ ਹੋਏ ਹਨ। ਦੋਸਤੀ ਦੋ ਜਣਿਆਂ ਵਿਚਕਾਰ ਵੀ ਹੋ ਸਕਦੀ ਹੈ, ਚਾਰ ਜਾਂ ਵੱਧ ਜਣਿਆਂ ਵਿੱਚ ਵੀ। ਦੋਸਤੀ ਤਾਂ ਦੋਸਤੀ ਹੈ, ਇਸ ਵਿੱਚ ਅੰਕ ਗਣਿਤ ਦਾ ਕੀ ਕੰਮ? ਦੋਸਤੀ ਦਾ ਗੀਤ ਸਭ ਤੋਂ ਪਿਆਰਾ ਗੀਤ ਹੈ ਅਤੇ ਦੋਸਤੀ ਦੀ ਕਹਾਣੀ ਸਭ ਤੋਂ ਲੰਮੀ ਅਤੇ ਰੌਚਕ ਹੁੰਦੀ ਹੈ। ਦੋਸਤੀ ਤਾਂ ਨਿਰਛਲ ਪਾਣੀਆਂ ਵਰਗੀ ਸੱਚੀ-ਸੁੱਚੀ ਭਾਵਨਾ ਹੈ, ਇੱਕ ਸਾਂਝ ਹੈ, ਜ਼ਿੰਦਗੀ ਦਾ ਸਰਮਾਇਆ ਹੈ, ਖੁਸ਼ਬੋਆਂ ਭਰਿਆ ਫੁੱਲ ਹੈ, ਜਿਸ ਦੀ ਮਹਿਕ ਰੀਝ ਨਾਲ ਜ਼ਿੰਦਗੀ ਜਿਉਣ ਦਾ ਬਲ ਬਖਸ਼ਦੀ ਹੈ।
ਦੋਸਤੀ ਦੀ ਮਹਿਕ ਕਦੇ-ਕਦੇ ਨਹੀਂ, ਸਗੋਂ ਸਦਾ ਹੀ ਕੁੱਲ ਆਲਮ ਨੂੰ ਸੁਗੰਧਤ ਕਰਦੀ ਹੈ, ਕਿਉਂਕਿ ਇਸ ਵਿੱਚ ਨਫਰਤ, ਮੌਕਾਪ੍ਰਸਤੀ, ਸੁਆਰਥ, ਹੰਕਾਰ, ਖੁਦਗਰਜੀ ਲਈ ਕੋਈ ਜਗ੍ਹਾ ਨਹੀਂ, ਕੋਈ ਸਥਾਨ ਨਹੀਂ, ਕੋਈ ਥਾਂ ਨਹੀਂ। ਦੋਸਤੀ ਪਹਿਲਕਦਮੀ ਹੈ ਨਫਰਤਾਂ ਮਿਟਾਉਣ ਦੀ, ਦਿਲੋਂ ਈਰਖਾ ਖਤਮ ਕਰਨ ਦੀ, ਵੈਰ ਵਿਰੋਧ ਦਾ ਨਾਸ ਕਰਨ ਦੀ, ਕੱਟੜਤਾ ਦਾ ਗਲਾ ਨੱਪਣ ਲਈ, ਦੂਰੀਆਂ ਭੁਲਾਉਣ ਦੀ। ਇਥੇ ਇਹ ਸਮਝਣਾ ਗਲਤ ਹੋਵੇਗਾ ਕਿ ਦੋਸਤੀ ਦਾ ਰਸਤਾ ਫੁੱਲਾਂ ਦੀ ਸੇਜ ਹੁੰਦਾ ਹੈ। ਇਸ ਵਿੱਚ ਕੰਡੇ ਵੀ ਹਨ, ਦੁੱਖ ਵੀ ਤੇ ਦਰਦ ਦੀ ਇੰਤਹਾ ਵੀ। ਵਿਸ਼ਵਾਸ ਦੀਆਂ ਜੜ੍ਹਾਂ ਜਾਂ ਨੀਂਹਾਂ ‘ਤੇ ਟਿਕਿਆ ਇਹ ਰਿਸ਼ਤਾ ਵਿਸ਼ਵਾਸ ਖਤਮ ਹੋਣ ‘ਤੇ ਆਤਮ ਹੱਤਿਆ ਕਰ ਲੈਂਦਾ ਹੈ, ਦਮ ਤੋੜ ਲੈਂਦਾ ਹੈ। ਵਿਸ਼ਵਾਸ ਨੂੰ ਕਾਇਮ ਰੱਖਣਾ ਅਤੇ ਦਗਾ ਦੇਣ ਤੋਂ ਕਿਨਾਰਾ ਕਰਨਾ ਸੱਚੇ ਦੋਸਤਾਂ ਦੀ ਸੱਚੀ-ਸੁੱਚੀ ਨਿਸ਼ਾਨੀ ਹੈ।
ਅਜੋਕੇ ਯੁੱਗ ਵਿੱਚ ਸੱਚੇ ਦੋਸਤ ਅਤੇ ਸੱਚੀ ਦੋਸਤੀ ਦੀ ਮਹੱਤਤਾ ਹੋਰ ਵਧ ਗਈ ਹੈ, ਕਿਉਂਕਿ ਮੌਜੂਦਾ ਸਮੇਂ ਵਿੱਚ ਹਰ ਰਿਸ਼ਤਾ ਸਵਾਰਥ ਦੀਆਂ ਤੰਦਾਂ ਵਿੱਚ ਉਲਝ ਕੇ ਰਹਿ ਗਿਆ ਹੈ, ਜਿਸ ਕਰ ਕੇ ਮਾਨਵੀ ਭਾਵਨਾਵਾਂ ਦੇ ਕਦਰਦਾਨਾਂ ਦੀ ਗਿਣਤੀ ਦਿਨੋ ਦਿਨ ਘਟ ਰਹੀ ਹੈ। ਦੋਸਤੀ ਦਾ ਰਿਸ਼ਤਾ ਆਪਸੀ ਪਿਆਰ ਅਤੇ ਸਾਂਝ ‘ਤੇ ਟਿਕਿਆ ਹੈ, ਜਿਸ ਵਿੱਚ ਕੁਰਬਾਨੀ, ਵਿਸ਼ਵਾਸ ਅਤੇ ਸਹਿਣਸ਼ੀਲਤਾ ਦੀ ਭਾਵਨਾ ਦੀ ਤਿੱਕੜੀ ਦੀ ਅਹਿਮ ਭੂਮਿਕਾ ਹੈ।
ਸਮਾਜ ਵਿੱਚ ਰਹਿੰਦਾ ਹਰ ਵਿਅਕਤੀ ਕਈ ਤਰ੍ਹਾਂ ਦੇ ਰਿਸ਼ਤੇ-ਨਾਤਿਆਂ ਵਿੱਚ ਬੰਨ੍ਹਿਆ ਹੋਇਆ ਹੈ ਅਤੇ ਇਨ੍ਹਾਂ ਰਿਸ਼ਤਿਆਂ ਦੀ ਦਿਸ਼ਾ ਅਤੇ ਦਸ਼ਾ ਸਮਾਜਕ ਰਸਮਾਂ ਮੁਤਾਬਕ ਤੈਅ ਹੁੰਦੀ ਹੈ। ਦੋਸਤੀ ਦਾ ਰਿਸ਼ਤਾ ਅਜਿਹੀਆਂ ਤੰਦਾਂ ਤੋਂ ਆਜ਼ਾਦ ਹੈ। ਇਸ ਦਾ ਆਪਣਾ ਇੱਕ ਵਿਲੱਖਣ ਸੰਸਾਰ ਹੈ, ਵਿਲੱਖਣਤਾ ਹੈ। ਅੰਗਰੇਜ਼ੀ ਕਹਾਵਤ ਹੈ, ਦੋਸਤਾਂ ਨਾਲ ਮੌਤ ਵੀ ਤਿਉਹਾਰ ਜਾਪਦੀ ਹੈ, ਪਰ ਦੋਸਤਾਂ ਤੋਂ ਬਿਨਾਂ ਤਿਉਹਾਰ ਵੀ ਇਕਲਾਪੇ ਦਾ ਸਰਾਪ ਜਾਪਦਾ ਹੈ। ਦੋਸਤੀ ਇੱਕ ਵਰ ਹੈ, ਵਰਦਾਨ ਹੈ, ਸੌਗਾਤ ਹੈ, ਤੋਹਫਾ ਹੈ, ਮਿਠਾਸ ਹੈ, ਸੁੱਖ ਹੈ, ਸਨਮਾਨ ਹੈ, ਨਜ਼ਾਰਾ ਹੈ, ਮਜ਼ਾ ਹੈ, ਸਭ ਕੁਝ ਹੈ, ਜੋ ਇਨਸਾਨ ਲੋਚਦਾ ਹੈ, ਚਾਹੁੰਦਾ ਹੈ ਅਤੇ ਇਸ ਦੀ ਇੱਛਾ ਜ਼ਿੰਦਗੀ ਨੂੰ ਨਵੀਂ ਸੇਧ ਦਿੰਦੀ ਹੈ। ਦੋਸਤੀ ਦਾ ਬੁਰਸ਼ ਜ਼ਿੰਦਗੀ ਦੀ ਕੋਰੀ ਕੈਨਵਸ ਵਿੱਚ ਪਿਆਰ ਦੇ ਰੰਗ ਭਰਦਾ ਹੈ। ਇਸ ਰਿਸ਼ਤੇ ਵਿੱਚੋਂ ਸੰਸਾਰ ਦੀ ਦੌਲਤ ਦੇ ਸਭ ਰੰਗ ਨਜ਼ਰ ਆਉਂਦੇ ਹਨ। ਤਦੇ ਤਾਂ ਦੋਸਤ ਦਾ ਰੁੱਸਣਾ ਮੌਤ ਵਾਂਗ ਜਾਪਦਾ ਹੈ ਅਤੇ ਦੋਸਤ ਦਾ ਵਿਛੋੜਾ ਜ਼ਿੰਦਗੀ ਦਾ ਅੰਤ। ਦੋਸਤੀ ਵਿੱਚ ਦੂਰੀ ਅਸਹਿ, ਅਕਹਿ ਅਤੇ ਅਥਾਹ ਜਾਪਦੀ ਹੈ। ਵਿਚਾਰਾਂ ਦੀ ਸਾਂਝ ਦੋਸਤੀ ਦਾ ਆਧਾਰ ਬਣਦੀ ਹੈ, ਪਰ ਵਿਚਾਰਾਂ ਦਾ ਮਤਭੇਦ ਵੀ ਦੋਸਤੀ ਨੂੰ ਤੋੜਣ ਵਿੱਚ ਅਸਫਲ ਰਹਿੰਦਾ ਹੈ। ਇਹੀ ਦੋਸਤੀ ਦੀ ਵਿਲੱਖਣਤਾ ਹੈ। ਸਰੀਰਕ ਆਕਰਸ਼ਣ ‘ਤੇ ਆਧਾਰਤ ਦੋਸਤੀ ਥੋੜ੍ਹ ਚਿਰੀ ਹੁੰਦੀ ਹੈ, ਪਰ ਮਾਨਸਿਕ ਆਕਰਸ਼ਣ ਦੇ ਮਾਧਿਅਮ ਦੁਆਰਾ ਬਣੀ ਮਿੱਤਰਤਾ ਚਿਰਜੀਵੀ ਹੀ ਨਹੀਂ, ਸਦੀਵੀ ਹੁੰਦੀ ਹੈ। ਚੰਗੇ ਦੋਸਤ ਆਪਣੇ ਦੋਸਤਾਂ ਤੋਂ ਕੋਈ ਉਮੀਦ ਨਹੀਂ ਰੱਖਦੇ, ਉਨ੍ਹਾਂ ਦੀ ਉਮੀਦ ਜ਼ਰੂਰ ਬਣਦੇ ਹਨ।
ਦੋਸਤੀ ਦੇ ਪਵਿੱਤਰ ਰਿਸ਼ਤੇ ਦੀ ਬੁਨਿਆਦ ਨੂੰ ਪੂਰਾ ਪਰਿਭਾਸ਼ਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਸਾਡੀ ਅਰਜ਼ ਹੈ ਕਿ ਦੋਸਤੀ ਦਾ ਪਵਿੱਤਰ ਦਰਿਆ ਸਦਾ ਵਗਦਾ ਰਹੇ। ਇਸ ਨੂੰ ਕਦੇ ਕਿਸੇ ਦੀ ਨਜ਼ਰ ਨਾ ਲੱਗੇ। ਇਸ ਦੀ ਪਵਿੱਤਰਤਾ ਸਦਾ ਪਵਿੱਤਰ ਰਹੇ। ਇਸ ਦੀ ਸਾਦਗੀ ਸਦਾ ਕਾਇਮ-ਦਾਇਮ ਰਹੇ ਅਤੇ ਇਸ ਦੀ ਮਿਸਾਲ ਸਦਾ ਇੱਕ ਮਿਸਾਲ ਬਣੀ ਰਹੇ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!