ਵਿਆਹਾਂ-ਸ਼ਾਦੀਆਂ ’ਚੋਂ ਗਾਇਬ ਹੋ ਰਿਹਾ ਰੰਗ
On 24 August 2010 in ਘਰ-ਪਰਿਵਾਰ
-ਸੁਖਜੀਤ ਕੌਰ ਸੋਹੀ
ਵਿਆਹਾਂ-ਸ਼ਾਦੀਆਂ ਦੇ ਰੰਗ ਅਤੇ ਚਾਅ ਹੁਣ ਪਹਿਲਾਂ ਵਰਗੇ ਨਹੀਂ ਰਹੇ। ਇਨ੍ਹਾਂ ਵਿਚਲੇ ਕਈ ਰੰਗ ਤਾਂ ਬਿਲਕੁਲ ਹੀ ਅਲੋਪ ਹੋ ਚੁੱਕੇ ਹਨ ਅਤੇ ਕੁਝ ਅਲੋਪ ਹੋ ਰਹੇ ਹਨ।
ਇਨ੍ਹਾਂ ਰੰਗਾਂ ਵਿੱਚੋਂ ਇੱਕ ਰੰਗ ਹੈ ਹੇਅਰੇ ਜਾਂ ਦੋਹੇ। ਢਾਈ-ਤਿੰਨ ਕੁ ਦਹਾਕੇ ਪਹਿਲਾਂ ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਜਿਸ ਘਰ ਵਿੱਚ ਮੰਗਣਾ ਜਾਂ ਸ਼ਗਨ ਹੁੰਦਾ ਉਸ ਘਰ ਵਿੱਚ ਕੁੜੀਆਂ ਇਕੱਠੀਆਂ ਹੋ ਕੇ ਸਪੀਕਰ ਵਿੱਚ ਇੰਨੇ ਹੇਅਰੇ ਲਾਉਂਦੀਆਂ ਕਿ ਉਨ੍ਹਾਂ ਦਾ ਸਾਹ ਚੜ੍ਹ ਜਾਂਦਾ। ਹਫੀਆਂ ਹੋਈਆਂ ਚਾਅ-ਮੱਤੀਆਂ ਦਾ ਪਿਛਲਾ ਸ਼ਬਦ ਤਾਂ ਇੰਜ ਸੁੱਟਦੀਆਂ ਜਿਵੇਂ ਖੂਹ ਵਿੱਚ ਇੱਟ ਸੁੱਟੀ ਹੋਵੇ। ਸ਼ਗਨ ਹੁੰਦੇ ਵਿੱਚ ਵੀ ਹੇਕਾਂ ਵਾਲੇ ਗੀਤ ਗਾਏ ਜਾਂਦੇ ਅਤੇ ਹੇਅਰੇ ਲਗਾਏ ਜਾਂਦੇ ਅਤੇ ਸ਼ਗਨ ਪਿੱਛੋਂ ਸਾਰੀਆਂ ਕੁੜੀਆਂ ਸਪੀਕਰ ਵਾਲੇ ਭਾਈ ਕੋਲ ਝੁਰਮਟੇ ਪਾ ਲੈਂਦੀਆਂ ਅਤੇ ਉਸ ਕੋਲੋਂ ਮਾਇਕ ਲੈ ਲੈਂਦੀਆਂ। ਉਨ੍ਹਾਂ ਦੀ ਆਵਾਜ਼ ਸਾਰੇ ਪਿੰਡ ਵਿੱਚ ਸੁਣਦੀ। ਆਵਾਜ਼ ਸੁਣ ਕੇ ਗਲੀ-ਗੁਆਂਢ ਦੀਆਂ ਹੋਰ ਕੁੜੀਆਂ ਵੀ ਉਨ੍ਹਾਂ ਨਾਲ ਜਾ ਰਲਦੀਆਂ। ਫਿਰ ਹੋ ਜਾਂਦੀਆਂ ਸ਼ੁਰੂ। ਆਪਣੇ ਪਿਆਰੇ ਵੀਰ ਪ੍ਰਤੀ ਆਪਣੀਆਂ ਭਾਵਨਾਵਾਂ ਇਸ ਤਰ੍ਹਾਂ ਬਿਆਨ ਕਰਦੀਆਂ-
ਤੂੰ ਵੀ ਫੁੱਲ ਗੁਲਾਬ ਦਾ ਵੀਰਾ,
ਧੁੱਪੇ ਜਾਵੇਂ ਵੇ ਕੁਮਲਾ
ਜੇ ਮੈਂ ਹੋਵਾਂ ਬੱਦਲੀ, ਮੈਂ ਤਾਂ ਸੂਰਜ ਦੇਵਾਂ,
‘ਵੇ ਅੰਤੋਂ ਪਿਆਰਿਆ’ ਛੁਪਾ
ਜਿੱਦਣ ਵੀ ਵੀਰਾ ਤੂੰ ਜਨਮਿਆ,
ਵੀਰਾ, ਆਪਣੀ ਮਾਂ ਨੇ ਖਾਧੀ ਵੇ ਖੰਡ,
ਕੰਧੀਂ ਚਾਨਣ ਹੋ ਗਿਆ
ਕੋਈ ਘਰ ਵਿੱਚ ਚੜ੍ਹ ਗਿਆ
(ਵੇ ਵੀਰਾ ਮੇਰਿਆ) ਚੰਦ. . .
ਜਿੱਦਣ ਵੀਰਾ ਤੂੰ ਜਨਮਿਆ ਵੀਰਾ,
ਆਪਣੀ ਮਾਂ ਨੇ ਖਾਧੀ ਵੇ ਖੀਰ
ਘਰ ਵਿੱਚ ਖੇੜੇ ਖੁਸ਼ੀਆਂ,
ਕੋਈ ਜੱਗ ਵਿੱਚ ਹੋ ਗਿਆ (ਵੇ ਅੰਤੋਂ ਪਿਆਰਿਆਂ)
ਹੇਅਰਿਆਂ ਰਾਹੀਂ ਵੀਰ-ਪਿਆਰ ਪ੍ਰਤੀ ਪੂਰਾ ਭੜਾਸ ਕੱਢਦੀਆਂ ਅਤੇ ਫਿਰ ਆ ਜਾਂਦੀ ਵਾਰੀ ਜੀਜਿਆਂ ਦੀ। ਆਪਣੇ ਵੀਰ ਨੂੰ ਹੇਅਰਿਆਂ ਦੁਆਰਾ ਜਿੰਨਾ ਸਲਾਹਿਆ ਜਾਂਦਾ, ਜੀਜਿਆਂ ਨੂੰ ਹੇਅਰਿਆਂ ਦੁਆਰਾ ਓਨਾ ਲਾਹਿਆ ਜਾਂਦਾ। ਜਮਾਨਾ ਚੰਗਾ ਸੀ ਕਿ ਜੀਜੇ ਗੁੱਸਾ ਨਹੀਂ ਕਰਦੇ ਸਨ ਸਗੋਂ ਹਾਸਾ-ਠੱਠਾ ਵਿਆਹ-ਸ਼ਾਦੀਆਂ ਵਿੱਚ ਬਹੁਤ ਚੰਗਾ ਮੰਨਿਆ ਜਾਂਦਾ। ਅੱਜ-ਕੱਲ੍ਹ ਤਾਂ ਸਹਿਣ-ਸ਼ਕਤੀ ਏਨੀ ਘਟ ਹੋ ਗਈ ਹੈ ਕਿ ਬਿਨਾਂ ਹੇਅਰਿਆਂ ਤੋਂ ਹੀ ਮੂੰਹ ਵਿੰਗੇ-ਟੇਢੇ ਰਹਿੰਦੇ ਹਨ। ਡਰਦਾ ਕੋਈ ਕਿਸੇ ਨੂੰ ਮਖੌਲ ਜਾਂ ਹਾਸਾ-ਠੱਠਾ ਨਹੀਂ ਕਰਦਾ। ਜੀਜੇ ਲਈ ਹੇਅਰੇ ਦਾ ਰੰਗ ਕੁਝ ਇਸ ਤਰ੍ਹਾਂ ਦਾ ਹੁੰਦਾ. . .
1. ਚੁਟਕੀ ਮਾਰਾਂ ਰਾਖ ਦੀ ਜੀਜਾ,
ਤੈਨੂੰ ਬਾਂਦਰ ਲਵਾਂ ਵੇ ਬਣਾ,
ਟੁੱਕ ਦੀ ਬੁਰਕੀ ਪਾ ਕੇ ਤੈਥੋਂ
ਖੇਡਾਂ ਲਵਾਂ ‘ਵੇ ਅਨਪੜ੍ਹ ਮੁੂਰਖਾ’ ਪਵਾ।
2 ਤੈਨੂੰ ਮਾਰਾਂ ਚੁੱਕ ਕੇ ਜੀਜਾ,
ਸੁੱਟਾਂ ਚਰ੍ਹੀ ਦੇ ਵੇ ਵਿੱਚ,
ਆਈਆਂ ਮੱਝੀਆਂ ਖਾ ਗਈਆਂ,
ਤੈਨੂੰ ਪੱਥਾਂ ਗੋਹੇ ਦੇ (ਵੇ ਸਮਝ ਗਿਆਨੀਆ). . . ਵਿੱਚ. . .
ਕਰਾਰੇ ਜਿਹੇ ਦੋਹੇ ਲਗਾ ਕੇ ਵੀ ਉਨ੍ਹਾਂ ਨੂੰ ਸੰਤੁਸ਼ਟੀ ਨਾ ਹੁੰਦੀ ਤਾਂ ਸਾਰੀਆਂ ਹੀ ਇਕੱਠੀਆਂ ਮਿਲ ਕੇ ਇਹ ਗੀਤ ਗਾਉਣ ਲੱਗ ਪੈਂਦੀਆਂ. . .
ਜੀਜਾ ਕੱਲੜਾ ਕਿਉਂ ਆਇਆ ਵੇ ਤੂੰ ਅੱਜ ਦੀ ਘੜੀ
ਨਾਲ ਭੈਣੋਂ ਨੂੰ ਨਾ ਲਿਆਇਆ ਵੇ ਤੂੰ ਅੱਜ ਦੀ ਘੜੀ
ਜੀਜਾ ਖੜਾ ਵੇ ਖੜੋਤਾ ਤੇਰਾ ਲੱਕ ਥੱਕ ਜੂ
ਮਗਰ ਭੈਣ ਨੂੰ ਖੜਾ ਲੈ ਵੇ ਅੜ੍ਹੋਕਣ ਲੱਗ ਜੂ।
ਜੀਜਾ ਮੁੜ ਜਾ ਮੰਜੇ ਦੇ ਨਾਲ
ਮੰਜਾ ਤੇਰਾ ਕੀ ਲੱਗਦਾ। ਜੀਜਾ. . .
ਨੀ ਮੈਂ ਕੀਕਣ ਜੁੜਾਂ ਮੰਜੇ ਨਾਲ
ਮੰਜਾ ਮੇਰਾ ਪਿਓ ਲੱਗਦਾ (ਹਾਸਾ. . . ਹਾ)
ਵੀਰ ਦੇ ਵਿਆਹ ‘ਤੇ ਜੰਝ ਚੜ੍ਹਨ ਤੋਂ ਪਹਿਲਾਂ ਭੈਣਾਂ ਬਹੁਤ ਗੀਤ, ਘੋੜੀਆਂ ਗਾਉਂਦੀਆਂ ਅਤੇ ਸ਼ਗਨ ਮਨਾਉਂਦੀਆਂ। ਕਾਹਲ ਵਿੱਚ ਜੇਕਰ ਵੀਰ ਥੋੜ੍ਹਾ ਘਬਰਾਇਆ ਜਿਹਾ ਲੱਗਦਾ ਤਾਂ ਫਿਰ ਦੋਹਾ ਲਾ ਦਿੰਦੀਆਂ-
ਕਿਉਂ ਖੜਾ ਵੀਰਾ ਕਿਉਂ ਖੜਾ ਵੀਰਾ,
ਕਾਹਤੋਂ ਖੜਾ ਵੇ ਦਲਗੀਰ,
ਗੱਡਾ ਦੇਣਗੇ ਦਾਤ ਦਾਤੇਰੇ ਮਗਰ ਲਾਉਣਗੇ
‘‘ਵੇ ਜੀਵਣ ਜੋਗਿਆ’’ ਹੀਰ. . .
ਜੰਝ ਚੜ੍ਹਨ ਤੋਂ ਪਹਿਲਾਂ ਵਿਆਹ ਵਾਲੇ ਲੜਕੇ ਦੇ ਉਸ ਦੀ ਭਾਬੀ ਸੁਰਮਾ ਪਾਉਂਦੀ। ਸੁਰਮਾ ਪਵਾਈ ਵੀ ਉਹ ਦੋਹੇ ਦੁਆਰਾ ਹੀ ਮੰਗਦੀ;
ਪਹਿਲੀ ਸਲਾਈ ਰਸ ਭਰੀ, ‘‘ਦਿਓਰਾ’’ ਦੂਜੀ ਸਲਾਈ ਵੇ ਬੰਦ,
ਤੀਜੀ ਸਲਾਈ ਤਾਂ ਪਾਵਾਂ, ਜਦੇ ਮੋਹਰਾਂ ਦੇਵੇਂ ‘ਵੇ ਦਿਓਰ ਸੁਲੱਖਣਿਆ’ ਪੰ. . . ਜ।
ਜਦੋਂ ਵੀਰ ਵਿਆਹ ਕੇ ਡੋਲਾ ਲੈ ਕੇ ਘਰ ਆਉਂਦਾ ਤਾਂ ਭੈਣਾਂ ਦੀ ਫਿਰ ਦੋਹੇ ਲਾਉਣ ਦੀ ਵਾਰੀ ਆ ਜਾਂਦੀ। ਸਾਰੀਆਂ ਕੁੜੀਆਂ ਮੁੱਖ ਦਰਵਾਜ਼ੇ (ਗੇਟ) ਵੱਲ ਭੱਜ ਲੈਂਦੀਆਂ। ਜਿਥੇ ਵੀਰ ਤੇ ਭਾਬੋ ਦੀ ਗੱਡੀ (ਫੁੱਲਾਂ ਵਾਲੀ ਕਾਰ) ਖੜੀ ਹੁੰਦੀ। ਖੁਸ਼ੀ-ਖੁਸ਼ੀ ਫਿਰ ਦੋਹੇ ਲਗਾਉਣ ਲੱਗ ਜਾਂਦੀਆਂ-
ਉੱਤਰ ਭਾਬੋ ਡੋਲਿਓਂ ਭਾਬੋ,
ਨੀ ਤੂੰ ਦੇਖ ਸਹੁਰੇ ਦਾ ਸੀ ਬਾਰ
ਕੰਧਾਂ ਚਿੱਤਮਚਿੱਤੀਆਂ ਕੋਈ ਹਾਥੀ ਝੂਲਦੇ
‘ਨੀ ਅੰਤੋਂ ਪਿਆਰੀਏ’’ ਬਾ. . . ਰ।
ਗਾਗਰ ਵੀ ਲਿਆਵਾਂ ਮਾਂਜ ਕੇ ਵੀਰਾ,
ਠੰਢਾ ਪਾਣੀ ਵੇ ਪੀ
ਥੋਡੀ ਜੋੜੀ ਦੇਖ ਕੇ ਮੇਰਾ ਸੀਤਲ ਹੋ ਗਿਆ
‘‘ਵੇ ਅੰਤੋਂ ਪਿਆਰਿਆ’’ ਜੀਅ।
ਅੱਜ ਦਾ ਦਿਨ ਮੈਂ ਮਸਾਂ ਲਿਆ
ਵੀਰਾ ਸੁੱਖ ਸਰੀਂਹ ਦੇ ਵੇ ਨਾਲ
ਹੋਰ ਵਧਾਵਾਂ ਕੀ ਕਹਾਂ
ਮੈਂ ਤਾਂ ਮੰਗਲ ਗਾਂਵਦੀ
‘ਵੀਰਨ ਮੇਰਿਆ’ ਚਾਰ।
ਅੰਤਾਂ ਦੇ ਪਿਆਰ ਵਿੱਚ ਥੋੜ੍ਹਾ ਜਿਹਾ ਨਹੋਰਾ ਵੀ ਦੋਹੇ ਦੇ ਰੂਪ ਵਿੱਚ-
ਅੰਦਰ ਵੀ ਤਲੀਆਂ ਦੇ ਰਹੀ ਵੀਰਾ
ਬਾਹਰ ਕਰਾਂ ਵੇ ਛਿੜਕਾਅ
ਮੱਥਾ ਟੇਕਣਾ ਭੁੱਲ ਗਿਆ ਤੈਨੂੰ ਨਵੀਂ ਬੰਨੋ ਦਾ
‘ਵੇ ਜੀਵਣ ਜੋਗਿਆ’ ਚਾਅ।
ਪਾਣੀ ਵਾਰਨ ਦੀ ਰਸਮ ਤੋਂ ਬਾਅਦ ਪਿਆਲੇ ਦੀ ਰਸਮ ਹੁੰਦੀ ਹੈ। ਪਿਆਲੇ ਵਿੱਚ ਮਾਂ ਆਪਣੀ ਨਵੀਂ ਨੂੰਹ ਅਤੇ ਪੁੱਤ ਨੂੰ ‘ਖੰਡ-ਘਿਓ’ ਖਵਾਉਂਦੀ ਹੈ ਤਾਂ ਕਿ ਨੂੰਹ ਖੰਡ ਵਰਗੀ ਮਿੱਠੀ ਰਹੇ। ਇਸ ਰਸਮ ‘ਤੇ ਫਿਰ ਦੋਹਾ ਲਗਾਇਆ ਜਾਂਦਾ ਹੈ।
ਪਿਆਲੀ ਵੀ ਤੇਰੀ ਸੱਸ ਦੇਵੇ ਭਾਬੋ,
ਲਵੀਂ ਪਿਆਰ ਦੇ ਨੀ ਨਾਲ,
ਪੈਰਾਂ ਹੇਠ ਨਾ ਦੱਬ ਲਈਂ
ਕੋਈ ਲੋਕੀਂ ਕਰੂ ‘ਨੀ ਭਾਬੋ ਮੇਰੀਏ’ ਵਿਚਾਰ
ਹੇਅਰੇ ਦੀ ਹੇਕ ਅਤੇ ਗਾਉਣ ਦਾ ਢੰਗ ਬੜਾ ਵਧੀਆ ਲੱਗਦਾ, ਜਿਸ ਨੂੰ ਯਾਦ ਕਰ ਕੇ ਅੱਜ ਵੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ।




