ਜ਼ਰਦਾਰੀ ਵਲੋਂ ਪਾਕਿਸਤਾਨ ਅੰਦਰ ਰਾਜ ਪਲਟੇ ਦੀ ਸੰਭਾਵਨਾ ਰੱਦ
On 2 September 2010 in ਅੰਤਰਾਸ਼ਟਰੀ
ਵਾਸ਼ਿੰਗਟਨ, ਪੰਜਾਬ ਸਟਾਰ-ਪਾਕਿਸਤਾਨ ਵਿੱਚ ਰਾਜ ਪਲਟੇ ਦੀ ਸੰਭਾਵਨਾ ਨੂੰ ਰੱਦ ਕਰਦਿਆਂ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਦੇਸ਼ ਵਿੱਚ ਸਥਿਤੀ ਬੜੀ ਗੰਭੀਰ ਹੈ, ਇਸ ਲਈ ਫੌਜ ਅਜਿਹੇ ਕੋਈ ਕਦਮ ਨਹੀਂ ਉਠਾ ਸਕਦੀ। ਜ਼ਰਦਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਨਹੀਂ ਸਮਝਦਾ ਕਿ ਕੋਈ ਸਹੀ ਦਿਮਾਗ ਵਾਲਾ ਵਿਅਕਤੀ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਹੋਵੇਗਾ। ਇਹ ਮਾਮਲੇ ਕੇਵਲ ਲੋਕਤੰਤਰਿਕ ਤਰੀਕੇ ਨਾਲ ਹੀ ਹੱਲ ਹੋ ਸਕਦੇ ਹਨ।
ਉਨ੍ਹਾਂ ਦੀ ਇਹ ਟਿੱਪਣੀ ਐਮ ਕਿਊ ਐਮ ਪ੍ਰਧਾਨ ਅਲਤਾਫ ਹੁਸੈਨ ਦੇ ਬਿਆਨ ਤੋਂ ਬਾਅਦ ਆਈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੋਈ ਦੇਸ਼ਭਗਤ ਜਨਰਲ ਮਾਰਸ਼ਲ ਲਾਅ ਲਾਗੂ ਕਰਨ ਵਾਲਾ ਕਦਮ ਉਠਾਉਂਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਉਸ ਦਾ ਸਮਰਥਨ ਕਰੇਗੀ। ਜ਼ਰਦਾਰੀ ਨੇ ਕਿਹਾ ਕਿ ਹੜ੍ਹਾਂ ਦੀ ਮਾਰ ‘ਚੋਂ ਉਭਰਨ ਲਈ ਘੱਟੋ-ਘੱਟ ਤਿੰਨ ਸਾਲ ਦਾ ਹੋਰ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਨਾਲ ਨਜਿੱਠਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਬਹੁਤੇ ਅੱਤਵਾਦੀ ਹੜ੍ਹਾਂ ਵਿੱਚ ਰੁੜ੍ਹ ਵੀ ਗਏ ਹੋਣਗੇ।



