Saturday, 4 February 2012, 9:49 PM Toronto Time

ਅਫਗਾਨਿਸਤਾਨ ਪਾਰਲੀਮੈਂਟ ਚੋਣਾਂ ‘ਚ ਦੋ ਸਿੱਖ ਉਮੀਦਵਾਰ ਵੀ ਮੈਦਾਨ ‘ਚ

1 Star2 Stars3 Stars4 Stars5 Stars (No Ratings Yet)
Loading ... Loading ...


ਕਾਬੁਲ, ਪੰਜਾਬ ਸਟਾਰ-ਕਾਬੁਲ ਵਿੱਚ ਥਾਂ-ਥਾਂ ਚੋਣ ਮੁਹਿੰਮ ਲਈ ਲੱਗੇ ਪੋਸਟਰਾਂ ਵਿੱਚ ਇਕ ਚਿਹਰਾ ਵੱਖਰਾ ਨਜ਼ਰ ਆਉਂਦਾ ਹੈ। ਇਹ ਇੱਥੋਂ ਦਾ ਸਿੱਖ ਉਮੀਦਵਾਰ ਪ੍ਰਿਤਪਾਲ ਸਿੰਘ ਪਾਲ ਹੈ। ਉਂਜ ਉਹ ਇਕੱਲਾ ਸਿੱਖ ਨਹੀਂ, ਇਕ ਸਿੱਖ ਔਰਤ ਵੀ ਚੋਣ ਪਿੜ ‘ਚ ਨਿੱਤਰੀ ਹੋਈ ਹੈ। ਪ੍ਰਿਤਪਾਲ ਸਿੰਘ ਪਾਲ ਤੇ ਅਨਾਰਕਲੀ ਕੌਰ ਹੁਨਰਯਾਰ ਅਫਗਾਨਿਸਤਾਨ ਦੀ ਵੋਲੇਸੀ ਜਿਰਗਾ ‘ਚ ਥਾਂ ਹਾਸਲ ਕਰਨ ਲਈ ਚੋਣ ਲੜ ਰਹੇ ਹਨ। ਇਹ ਪਾਰਲੀਮੈਂਟ ਦਾ 250 ਮੈਂਬਰੀ ਹੇਠਲਾ ਸਦਨ ਹੈ, ਜਿਸ ਲਈ 18 ਸਤੰਬਰ ਨੂੰ ਵੋਟਾਂ ਪੈਣੀਆਂ ਹਨ।
ਜੇ ਇਹ ਦੋਵੇਂ ਜਿੱਤ ਜਾਂਦੇ ਹਨ ਤਾਂ ਉਹ ਦੇਸ਼ ਦੀ ਪਾਰਲੀਮੈਂਟ ਲਈ ਜਮਹੂਰੀ ਢੰਗ ਨਾਲ ਚੁਣੇ ਗਏ ਪਹਿਲੇ ਗੈਰ-ਮੁਸਲਮਾਨ ਮੈਂਬਰ ਹੋਣਗੇ। ਇਸ ਤੋਂ ਪਹਿਲਾਂ ਅਫਗਾਨ ਹਿੰਦੂ ਤੇ ਸਿੱਖ ਨਾਮਜ਼ਦਗੀਆਂ ਰਾਹੀਂ ਪਾਰਲੀਮਾਨੀ ਅਹੁਦਿਆਂ ‘ਤੇ ਆਉਂਦੇ ਰਹੇ ਹਨ। ਦੋਵੇਂ ਆਜ਼ਾਦ ਉਮੀਦਵਾਰਾਂ ਵਜੋਂ ਕਾਬੁਲ ਸੂਬੇ ਤੋਂ ਚੋਣ ਲੜ ਰਹੇ ਹਨ ਤੇ ਮੁਹੰਮਦ ਮੋਹਾਕੀਕ ਤੇ ਅਬਦੁਲ ਰਸੂਲ ਸਾਇਫ ਦੇ ਖਿਲਾਫ ਡਟੇ ਹੋਏ ਹਨ, ਜੋ ਕਦੇ ਮੁਜਾਹਿਦੀਨ ਕਮਾਂਡਰ ਰਹੇ ਹਨ ਤੇ ਹੁਣ ਸਥਾਪਤ ਸਿਆਸਤਦਾਨ ਹਨ।
44 ਸਾਲਾ ਪਾਲ ਦਾ ਕਹਿਣਾ ਹੈ ਕਿ ਜੇ ਉਹ ਜਿੱਤ ਜਾਂਦਾ ਹੈ ਤਾਂ ਉਹ ਧਰਮ ਦੀਆਂ ਹੱਦਾਂ ਤਿਆਗ ਕੇ ਲੋਕਾਂ ਦੀ ਸੇਵਾ ਕਰੇਗਾ। ਉਹ ਪਸ਼ਤੂਨ ਬਹੁਲ ਸੂਬੇ ਪਕਤੀਆ ਤੋਂ ਹੈ, ਜਿੱਥੇ ਉਹਦੇ ਮਾਪੇ ਵੀ ਜਨਮੇ ਸਨ। ਉਹ ਆਪਣੇ ਪਿਤਾ ਵੱਲੋਂ ਖੜੀ ਕੀਤੀ ਆਯੂਰਵੈਦਿਕ ਦਵਾਈਆਂ ਦੀ ਦੁਕਾਨ ਚਲਾਉਂਦਾ ਹੈ। ਉਹਦਾ ਪਿਤਾ ਪਕਤੀਆ ਤੋਂ ਕਾਬੁਲ ਆ ਵੱਸਿਆ ਸੀ। ਵਰਤਮਾਨ ਅਫਗਾਨਿਸਤਾਨ ਸਰਕਾਰ ਤੋਂ ਦੁਖੀ ਹੋਇਆ ਪਾਲ ਆਖਦਾ ਹੈ ਕਿ ਉਹ ਸਾਰੇ ਦੇਸ਼ ਵਾਸੀਆਂ ਦੀ ਸੇਵਾ ਲਈ ਇਹ ਚੋਣ ਲੜ ਰਿਹਾ ਹੈ।
ਇਥੇ ਰਹਿੰਦੇ 3000 ਦੇ ਕਰੀਬ ਹਿੰਦੂ-ਸਿੱਖ ਆਪਣੇ ਆਪ ਨੂੰ ਅਫਗਾਨਿਸਤਾਨੀ ਹੀ ਮੰਨਦੇ ਹਨ ਅਤੇ ਉਹ ਪੀੜ੍ਹੀਆਂ ਤੋਂ ਇੱਥੋਂ ਦੇ ਬਾਸ਼ਿੰਦੇ ਹਨ। ਪਾਲ ਦੱਸਦਾ ਹੈ ਕਿ ਆਮ ਭਰਮ ਇਹ ਹੈ ਕਿ ਸਾਰੇ ਅਫਗਾਨ ਸਿੱਖ ਤੇ ਹਿੰਦੂ ਪੰਜਾਬੀ ਹਨ, ਜੋ ਕਈ ਸਾਲ ਪਹਿਲਾਂ ਅਫਗਾਨਿਸਤਾਨ ਆ ਵੱਸੇ ਸਨ। ਉਹ ਦੱਸਦਾ ਹੈ ਕਿ ਅਸਲ ‘ਚ ਇਸ ਭਾਈਚਾਰੇ ਦੇ ਕੁਝ ਮੈਂਬਰ ਆਪਣੇ ਆਪ ਨੂੰ ਅਸਲ ਅਫਗਾਨੀ ਸਮਝਦੇ ਹਨ, ਜਿਨ੍ਹਾਂ ਨੇ ਕਦੇ ਵੀ ਇਸਲਾਮ ਧਾਰਨ ਨਹੀਂ ਕੀਤਾ ਸੀ। ਜੜ੍ਹਾਂ ਦਾ ਏਹੋ ਦਾਅਵਾ ਉਹਦੀ ਚੋਣ ਮੁਹਿੰਮ ਦੀ ਸ਼ਕਤੀ ਹੈ।
26 ਸਾਲਾ ਅਨਾਰਕਲੀ ਕੌਰ ਹੁਨਰਯਾਰ ਕਾਬੁਲ ‘ਚ ਜਨਮੀ ਸੀ। ਉਹਦਾ ਪਿਤਾ ਕਿਸ਼ਨ ਸਿੰਘ ਇੰਜੀਨੀਅਰ ਹੈ, ਜੋ ਖੋਸਤ ਸੂਬੇ ਤੋਂ ਕਾਬੁਲ ਆ ਟਿਕੇ ਸਨ। ਉਹਦੀ ਮਾਂ ਵੀ ਮੂਲ ਅਫਗਾਨ ਦੀ ਤੇ ਪਕਤੀਆ ਦੀ ਜੰਮਪਲ ਹੈ। ਉਹ ਦੱਸਦੀ ਹੈ ਕਿ ਉਹ ਭਾਰਤ ਸਮੇਤ ਕਈ ਦੇਸ਼ ਘੁੰਮੀ ਹੋਈ ਹੈ। ਉਹ ਦੱਸਦੀ ਹੈ ਕਿ ਉਹ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ ਤੇ ਇਥੇ ਹੀ ਕੰਮ ਕਰਨਾ ਚਾਹੁੰਦੀ ਹੈ।
ਹੁਨਰਯਾਰ ਕਿੱਤੇ ਵਜੋਂ ਦੰਦਾਂ ਦੀ ਡਾਕਟਰ ਹੈ, ਪਰ 19 ਸਾਲ ਦੀ ਉਮਰੇ ਉਹ ਸਿਆਸੀ ਤੌਰ ‘ਤੇ ਸਰਗਰਮ ਹੋ ਗਈ ਸੀ, ਜਦੋਂ ਉਹਨੇ ਲੋਇਆ ਜਿਰਗਾ (ਜਨਤਕ ਅਸੰਬਲੀ) ‘ਚ ਭਾਗ ਲੈਂਦਿਆਂ ਦੱਸਿਆ ਸੀ ਕਿ ਦੇਸ਼ ਦੇ ਲੋਕ ਕਿੰਨੀਆਂ ਔਕੜਾਂ ਨਾਲ ਜੂਝ ਰਹੇ ਹਨ। ਫਿਰ ਉਹ ਅਫਗਾਨ ਇੰਡੀਪੈਡੈਂਟ ਹਿਊਮਨ ਰਾਈਟਸ ਕਮਿਸ਼ਨ ‘ਚ ਸ਼ਾਮਲ ਹੋ ਗਈ। ਦੋਵੇਂ ਆਗੂ ਆਪਣੇ ਆਪ ਨੂੰ ਸੱਚੇ ਅਫਗਾਨੀ ਮੰਨਦੇ ਹਨ ਤੇ ਆਪਣੇ ਘੱਟ ਗਿਣਤੀ ਹੋਣ ਤੋਂ ਵੀ ਵਾਕਫ ਹਨ, ਜਿਸ ਕਾਰਨ ਸਿੱਖਾਂ ਨੂੰ ਸਿੱਖਿਆ ਤੋਂ ਲੈ ਕੇ ਹਰ ਪੱਧਰ ‘ਤੇ ਵਿਤਕਰਾ ਝੱਲਣਾ ਪੈਂਦਾ ਹੈ। ਪਾਲ ਦੀ ਪਤਨੀ ਤੇ ਤਿੰਨ ਬੱਚੇ ਨਵੀਂ ਦਿੱਲੀ ਰਹਿੰਦੇ ਹਨ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!