ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਨੂੰ ਪਾਕਿਸਤਾਨ ‘ਚ ਧਮਕੀ, ਵਾਪਸ ਮੁੜੇ
On 2 September 2010 in ਅੰਤਰਾਸ਼ਟਰੀ
ਵਾਸ਼ਿੰਗਟਨ, ਪੰਜਾਬ ਸਟਾਰ-ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਯੂ ਐਸ ਏ ਸਹਾਇਤਾ ਵੰਡ ਸੰਸਥਾ ਦੇ ਮੁਖੀ ਰਾਜੀਵ ਸ਼ਾਹ ਨੂੰ ਸਹਾਇਤਾ ਲਈ ਪਾਕਿਸਤਾਨ ਜਾਣ ਦੌਰਾਨ ਕੱਟੜਪੰਥੀਆਂ ਵਲੋਂ ਧਮਕੀ ਕਾਰਨ ਜਲਦਬਾਜ਼ੀ ਵਿੱਚ ਪਾਕਿਸਤਾਨ ਛੱਡਣਾ ਪਿਆ। ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਹਫਤੇ ਦੀ ਪਾਕਿਸਤਾਨ ਯਾਤਰਾ ‘ਤੇ ਆਏ ਰਾਜੀਵ ਸ਼ਾਹ ਅਮਰੀਕਾ ਦੇ ਸੀਨੀਅਰ ਅਧਿਕਾਰੀ ਹਨ।
ਪਾਕਿਸਤਾਨ ਤੋਂ ਮੁੜਨ ਤੋਂ ਬਾਅਦ ਯੂ ਐਸ ਏ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ ਐਸ ਐਡ) ਦੇ ਪ੍ਰਸ਼ਾਸਕ ਸ਼ਾਹ ਨੇ ਦੱਸਿਆ ਕਿ ਧਮਕੀ ਦੀ ਘਟਨਾ ਸੁਕੂਰ ਵਿੱਚ ਵਾਪਰੀ। ਉਸ ਸਮੇਂ ਉਹ ਵਿਸ਼ਵ ਖੁਰਾਕ ਪ੍ਰੋਗਰਾਮ ਤਹਿਤ ਸਮੱਗਰੀ ਵੰਡ ਰਹੇ ਸਨ। ਉਹ ਲਾਈਨ ‘ਚ ਖੜੀ ਇਕ ਔਰਤ ਨਾਲ ਗੱਲ ਕਰ ਰਹੇ ਸਨ ਕਿ ਸਾਡੇ ਸੁਰੱਖਿਆ ਵਿਭਾਗ ਦੇ ਇਕ ਕੂਟਨੀਤਕ ਨੇ ਮੈਨੂੰ ਦੱਸਿਆ ਕਿ ਇਸ ਇਲਾਕੇ ਵਿੱਚ ਕੁਝ ਸ਼ੱਕੀ ਲੋਕ ਘੁੰਮ ਰਹੇ ਹਨ ਅਤੇ ਸਾਨੂੰ ਇਥੋਂ ਤੁਰੰਤ ਚਲੇ ਜਾਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ‘ਚ ਮੈਂ ਉਥੋਂ ਤੁਰੰਤ ਨਿਕਲਣਾ ਹੀ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਤਹਿਰੀਕ-ਏ-ਤਾਲਿਬਾਨ ਅਤੇ ਦੂਸਰੇ ਸੰਗਠਨ ਅਸਲ ਵਿੱਚ ਕੌਮਾਂਤਰੀ ਸਹਾਇਤਾ ਕਰਮੀਆਂ ਨੂੰ ਧਮਕਾ ਰਹੇ ਹਨ।



