24 ਸਾਲ ਬਾਅਦ ਵੀ ਨਹੀਂ ਮਿਲਿਆ ਇਨਸਾਫ
On 2 September 2010 in ਪੰਜਾਬ
ਜਲੰਧਰ, ਪੰਜਾਬ ਸਟਾਰ-ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ 10 ਹਜ਼ਾਰ ਦੇ ਕਰੀਬ ਆਰਟ-ਕਰਾਫਟ, ਪੀ ਟੀ ਆਈ, ਸਿਲਾਈ, ਖੇਤੀਬਾੜੀ ਆਦਿ ਦੇ ਕਲਾਸੀਕਲ ਤੇ ਵਰਨੈਕੂਲਰ ਅਧਿਆਪਕ ਪਿਛਲੇ 24 ਸਾਲ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਕਿਸੇ ਵੀ ਸੂਬਾ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਉਨ੍ਹਾਂ ਨਾਲ ਕੰਮ ਕਰਦੇ ਪੰਜਾਬੀ, ਹਿੰਦੀ ਤੇ ਉਰਦੂ ਦੇ ਸੀ ਐਂਡ ਵੀ ਅਧਿਆਪਕਾਂ ਨੂੰ ਤਾਂ 1986 ਵਿੱਚ ਬੀ ਐੱਡ ਮਾਸਟਰ ਦੇ ਬਰਾਬਰ ਤਨਖਾਹ ਸਕੇਲ ਦੇ ਦਿੱਤੇ ਗਏ, ਪਰ ਉਨ੍ਹਾਂ ਨਾਲ ਵਿਤਕਰਾ ਜਾਰੀ ਰਿਹਾ। ਇਹ ਅਧਿਆਪਕ ਅਜੇ ਵੀ ਆਪਣੇ ਹੱਕਾਂ ਲਈ ਜੂਝ ਰਹੇ ਹਨ, ਪਰ ਉਨ੍ਹਾਂ ਨੂੰ ਨਿਆਂ ਦੀ ਕਿਰਨ ਨਜ਼ਰ ਆਉਂਦੀ ਦਿਖਾਈ ਨਹੀਂ ਦੇ ਰਹੀ।
ਜ਼ਿਕਰ ਯੋਗ ਹੈ ਕਿ ਤੀਜੇ ਤਨਖਾਹ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਜਨਵਰੀ 1986 ਤੋਂ ਸਾਰੇ ਸੀ ਐਂਡ ਵੀ ਟੀਚਰਾਂ ਨੂੰ ਬੀ ਐੱਡ ਮਾਸਟਰਾਂ ਦੇ ਬਰਾਬਰ ਤਨਖਾਹ ਸਕੇਲ ਦੇਣ ਦੀ ਸਿਫਾਰਸ਼ ਕੀਤੀ ਮੌਕੇ ਦੀ ਸੂਬਾ ਸਰਕਾਰ ਨੇ ਹਿੰਦੀ, ਪੰਜਾਬੀ ਤੇ ਉਰਦੂ ਦੇ ਸੀ ਐਂਡ ਵੀ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਦੇ ਦਿੱਤੇ, ਆਰਟ-ਕਰਾਫਟ, ਪੀ ਟੀ ਆਈ, ਸਿਲਾਈ, ਖੇਤੀਬਾੜੀ ਆਦਿ ਵਿਸ਼ਿਆਂ ਦੇ ਅਧਿਆਪਕਾਂ ਨੂੰ ਕੋਈ ਵੀ ਲਾਭ ਨਹੀਂ ਦਿੱਤਾ। ਢੀਂਡਸਾ ਨੇ ਦੱਸਿਆ ਕਿ ਉਸ ਵੇਲੇ ਪੰਜਾਬ ਦੇ ਹਾਲਾਤ ਮਾੜੇ ਹੋਣ ਕਾਰਨ ਅਸਥਿਰ ਸਰਕਾਰਾਂ ਦੇ ਚੱਲਦਿਆਂ ਤੇ ਗਵਰਨਰੀ ਰਾਜ ਲਾਗੂ ਹੋ ਜਾਣ ਕਾਰਨ ਉਨ੍ਹਾਂ ਦਾ ਮਸਲਾ ਠੰਢੇ ਬਸਤੇ ਵਿੱਚ ਪੈ ਗਿਆ, ਪਰ ਇਸ ਦੇ ਬਾਵਜੂਦ ਵੀ ਇਨ੍ਹਾਂ ਅਧਿਆਪਕਾਂ ਨੂੰ ਆਪਣੇ ਹੱਕਾਂ ਲਈ ਕਾਨੂੰਨੀ ਲੜਾਈ ਜਾਰੀ ਰੱਖੀ। ਅਖੀਰ 2009 ਦੇ ਮਈ ਤੇ ਨਵੰਬਰ ਮਹੀਨਿਆਂ ਵਿੱਚ ਉਨ੍ਹਾਂ ਦੀ ਮਿਹਨਤ ਨੂੰ ਬੂਰ ਪਿਆ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਦੋ ਫੈਸਲਿਆਂ ਵਿੱਚ ਜੱਜਾਂ ਨੇ ਉਨ੍ਹਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਕਿ ਸੀ ਐਂਡ ਵੀ ਅਧਿਆਪਕਾਂ ਨੂੰ 1 ਜਨਵਰੀ 1986 ਤੋਂ ਤਨਖਾਹ ਸਕੇਲ ਲਾਗੂ ਕੀਤੇ ਜਾਣ ਅਤੇ ਉਨ੍ਹਾਂ ਦੇ ਬਣਦੇ ਬਕਾਏ 5 ਮਹੀਨਿਆਂ ਦੇ ਅੰਦਰ-ਅੰਦਰ ਦਿੱਤੇ ਜਾਣ।
ਇਸ ਸਬੰਧੀ ਗੌਰਮਿੰਟ ਕਲਾਸੀਕਲ ਤੇ ਵਰਨੈਕੂਲਰ ਅਧਿਆਪਕ ਯੂਨੀਅਨ ਦੇ ਸਰਪ੍ਰਸਤ ਤੇ ਉੱਤਰੀ ਭਾਰਤ ਦੇ ਪ੍ਰਧਾਨ ਹਰਭਜਨ ਸਿੰਘ ਢੀਂਡਸਾ ਨੇ ਦੱਸਿਆ ਕਿ 2009 ਵਿੱਚ ਆਈ ਪੰਜਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਇਨ੍ਹਾਂ ਅਧਿਆਪਕਾਂ ਨੂੰ ਬੀ ਐੱਡ ਮਾਸਟਰਾਂ ਦੇ ਬਰਾਬਰ ਸਕੇਲ ਦੇਣ ਦੀ ਸਿਫਾਰਸ਼ ਕੀਤੀ ਗਈ ਹੈ, ਪਰ ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਉੱਚ ਅਦਾਲਤ ਦੇ ਫੈਸਲੇ ਅਨੁਸਾਰ 1 ਜਨਵਰੀ 1986 ਤੋਂ ਉਨ੍ਹਾਂ ਦੇ ਬਕਾਏ ਵੀ ਨਹੀਂ ਦੇ ਰਹੀ ਅਤੇ ਨਾ ਹੀ 1 ਜਨਵਰੀ 2006 ਤੋਂ ਸੀ ਐਂਡ ਵੀ ਅਧਿਆਪਕਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਏਨਾ ਹੀ ਨਹੀਂ ਜਿਹੜੇ ਹਿੰਦੀ, ਪੰਜਾਬੀ ਅਧਿਆਪਕਾਂ ਨੂੰ ਗਰੇਡ ਲਾਗੂ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਸਾਡੇ ਨਾਲੋਂ ਜੂਨੀਅਰ ਵੀ ਗਰੇਡ ਲੱਗਣ ਦੀ ਤਰੀਕ ਅਨੁਸਾਰ ਸਾਡੀ ਸੀਨੀਆਰਟੀ ਉਨ੍ਹਾਂ ਤੋਂ ਵੱਧ ਬਣਦੀ ਹੈ।
ਉਕਤ ਆਗੂ ਨੇ ਕਿਹਾ ਕਿ ਸਰਕਾਰ ਦੇ ਇਸ ਮਾੜੇ ਵਤੀਰੇ ਕਾਰਨ ਇਸ ਵੇਲੇ ਪੰਜਾਬ ਅੰਦਰ 10 ਹਜ਼ਾਰ ਦੇ ਕਰੀਬ ਸੀ ਐਂਡ ਵੀ ਅਧਿਆਪਕ ਨਿਰਾਸ਼ਾ ਦੀ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਇਸ ਸਬੰਧੀ ਅਦਾਲਤ ਵਿੱਚ ਅਪੀਲ ਕੀਤੀ ਗਈ ਹੈ, ਪਰ ਸਰਕਾਰ ਵਿੱਤੀ ਮਜਬੂਰੀ ਦਾ ਰੋਣਾ ਰੋ ਕੇ ਬਕਾਏ ਦੇਣ ਤੋਂ ਪਿੱਛੇ ਹਟ ਗਈ ਹੈ। ਅਧਿਆਪਕ ਆਗੂਆਂ ਹਰਭਜਨ ਸਿੰਘ ਵਾਲੀਆ ਤੇ ਹਰਜੀਤ ਸਿੰਘ ਹਰੀਕਾ, ਕੁਲਦੀਪ ਸਿੰਘ ਵਾਲੀਆ ਤੇ ਹਰਜੀਤ ਸਿੰਘ ਜੁਨੇਜਾ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ 1 ਸਤੰਬਰ ਤੱਕ ਮਾਸਟਰ ਵਾਲੇ ਤਨਖਾਹ ਸਕੇਲ ਨਾ ਦਿੱਤੇ ਗਏ ਤਾਂ ਯੂਨੀਅਨ ਵਲੋਂ 2 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ‘ਖਾੜਕੂ ਰੈਲੀ’ ਕਰ ਕੇ ਸਿੱਧੇ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਸਿਰ ਹੋਵੇਗੀ।



