ਟਰਾਂਸਪੋਰਟ ਵਿਭਾਗ ‘ਚ ਕਰੋੜਾਂ ਦਾ ਘੋਟਾਲਾ
On 2 September 2010 in ਪੰਜਾਬ
ਚੰਡੀਗੜ੍ਹ, ਪੰਜਾਬ ਸਟਾਰ-ਰਿਸ਼ਵਤਖੋਰੀ ਦੇ ਦੋਸ਼ ਵਿੱਚ ਮਾਨਸਾ ਦੇ ਜ਼ਿਲਾ ਟਰਾਂਸਪੋਰਟ ਅਧਿਕਾਰੀ (ਡੀ ਟੀ ਓ) ਰਜਿੰਦਰ ਸੋਬਤੀ ਦੀ ਗ੍ਰਿਫਤਾਰੀ ਦੇ ਬਾਅਦ ਆਡਿਟ ਟੀਮ ਦੀ ਜਾਂਚ ਵਿੱਚ ਕਰੋੜਾਂ ਦਾ ਘੋਟਾਲਾ ਸਾਹਮਣੇ ਆਇਆ ਹੈ। ਸਪੈਸ਼ਲ ਆਡਿਟ ਟੀਮ ਦੀ ਮੁੱਢਲੀ ਰਿਪੋਰਟ ਨੇ ਇਸ ਦੀ ਪੁਸ਼ਟੀ ਕਰ ਦਿੱਤੀ, ਜੋ 25 ਅਗਸਤ ਨੂੰ ਦਿੱਤੀ ਗਈ ਹੈ। ਸਰਕਾਰ ਦੁਆਰਾ ਗਠਿਤ ਇਹ ਟੀਮ ਜ਼ਿਲਾ ਟਰਾਂਸਪੋਰਟ ਵਿਭਾਗ, ਮਾਨਸਾ ਦੇ ਖਾਤੇ ਫਰੋਲ ਰਹੀ ਹੈ।
ਇਸ ਦੇ ਨਾਲ ਹੀ ਸਸਪੈਂਡ ਡੀ ਟੀ ਓ ਰਜਿੰਦਰ ਸੋਬਤੀ ਦੀ ਗ੍ਰਿਫਤਾਰੀ ਵੀ ਅਸਲੀਅਤ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਬੀਤੀ 13 ਅਪ੍ਰੈਲ ਨੂੰ ਡੀ ਟੀ ਓ ਦਾ ਚਾਰਜ ਸੰਭਾਲਣ ਵਾਲੇ ਸੋਬਤੀ ਨੇ ਚਾਰ ਮਈ ਨੂੰ ਡੀ ਟੀ ਓ ਦਫਤਰ ਦੇ ਸੈਕਸ਼ਨ ਅਫਸਰ ਨੂੰ ਆਡਿਟ ਵਿੱਚ ਹੋ ਰਹੀ ਗੜਬੜ ਦਾ ਹਵਾਲਾ ਦਿੰਦੇ ਹੋਏ ਇਕ ਮੁਕੰਮਲ ਰਿਪੋਰਟ 15 ਦਿਨਾਂ ਦੇ ਅੰਦਰ ਡੀ ਟੀ ਓ ਦਫਤਰ ਮਾਨਸਾ ਅਤੇ ਸਰਕਾਰ ਨੂੰ ਭੇਜਣ ਦੇ ਲਿਖਤ ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿੱਚ ਸਰਦੂਲਗੜ੍ਹ ਅਤੇ ਬੁਢਲਾਡਾ ਉਪਮੰਡਲ ਦਫਤਰਾਂ ਤੋਂ ਟਰਾਂਸਪੋਰਟ ਵਿਭਾਗ ਪੰਜਾਬ ਦੇ ਨੋਟੀਫਿਕੇਸ਼ਨ ਤਹਿਤ ਹੋਰ ਰਾਜਾਂ ਤੋਂ ਰਜਿਸਟਰਡ ਕਾਰਾਂਮੋਟਰਾਂ ਅਤੇ ਹੋਰ ਵਾਹਨਾਂ ਦੇ ਮਾਡਲ ਅਨੁਸਾਰ ਰਜਿਸਟਰੇਸ਼ਨ ਦਾ ਵੇਰਵਾ, ਉਨ੍ਹਾਂ ਤੋਂ ਉਗਰਾਹੇ ਗਏ ਟੈਕਸ ਸਬੰਧੀ ਰਿਕਾਰਡ ਦੀ ਪੜਤਾਲ ਰਿਪੋਰਟ ਮੰਗੀ ਗਈ ਸੀ।
ਡੀ ਟੀ ਓ, ਮਾਨਸਾ ਦੇ ਇਸ ਪੱਤਰ ਅਨੁਸਾਰ ਇਨ੍ਹਾਂ ਵਾਹਨਾਂ ਤੋਂ ਟੈਕਸ ਦੀ ਉਗਰਾਹੀ ਨਿਯਮਾਂ ਅਨੁਸਾਰ ਨਹੀਂ ਹੋ ਰਹੀ ਹੈ। ਇਥੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਤਾਵੇਜ਼ ਦਿਖਾਉਂਦੇ ਹੋਏ ਰਜਿੰਦਰ ਸੋਬਤੀ ਨੇ ਦੱਸਿਆ ਕਿ ਜਦ ਸਬੰਧਤ ਅਧਿਕਾਰੀਆਂ ਨੇ ਰਿਕਾਰਡ ਪੇਸ਼ ਨਹੀਂ ਕੀਤਾ ਤਾਂ ਉਨ੍ਹਾਂ ਨੇ ਰਜਿਸਟਰਡ ਡਾਕ ਪੋਸਟ ਤੋਂ 24 ਮਈ ਨੂੰ ਟਰਾਂਸਪੋਰਟ ਵਿਭਾਗ ਦੇ ਪ੍ਰਧਾਨ ਸਕੱਤਰ ਅਤੇ 26 ਮਈ ਨੂੰ ਸਕੱਤਰ (ਪ੍ਰਸ਼ਾਸਨ), ਸਕੱਤਰ (ਵਿੱਤ ਵਿਭਾਗ) ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ 70 ਲੱਖ ਰੁਪਏ ਦੇ ਗੋਲਮਾਲ ਦੀ ਸੂਚਨਾ ਦਿੰਦੇ ਹੋਏ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਘੋਟਾਲੇ ਵਿੱਚ ਮਾਨਸਾ ਡੀ ਟੀ ਓ ਦਫਤਰ ਦੇ ਕਰਮਚਾਰੀ ਅਮਰਜੀਤ ਸਿੰਘ ਅਤੇ ਇਸ ਤੋਂ ਪਹਿਲਾਂ ਡੀ ਟੀ ਓ ਐਨ ਐਸ ਬਰਾੜ ਦੇ ਸ਼ਾਮਲ ਹੋਣ ਦਾ ਬਕਾਇਦਾ ਜ਼ਿਕਰ ਕੀਤਾ ਗਿਆ ਸੀ। ਬਰਾੜ ਇਸ ਸਮੇਂ ਸਰਦੂਲਗੜ੍ਹ ਦੇ ਐਸ ਡੀ ਐਮ ਹਨ। ਸੋਬਤੀ ਅਨੁਸਾਰ ਠੀਕ 26 ਮਈ ਨੂੰ ਹੀ ਐਨ ਐਸ ਬਰਾੜ ਨੇ ਮਾਨਸਾ ਡੀ ਟੀ ਓ ਦਫਤਰ ਦਾ ਰਿਕਾਰਡ ਚੈੱਕ ਕਰਨ ਦੇ ਨਾਂ ‘ਤੇ ਦਫਤਰ ਦੇ ਭਾਗ ਅਧਿਕਾਰੀ ਰਮਨ ਕੁਮਾਰ ਅਤੇ ਉਨ੍ਹਾਂ (ਸੋਬਤੀ) ‘ਤੇ ਰੰਗੇ ਹੱਥੀਂ ਰਿਸ਼ਵਤ ਦਾ ਮਾਮਲਾ ਦਰਜ ਕਰਵਾ ਦਿੱਤਾ। ਰਿਸ਼ਵਤ ਦੇ ਤੌਰ ‘ਤੇ ਉਹ ਰਕਮ ਦਿਖਾ ਦਿੱਤੀ ਗਈ, ਜੋ ਉਨ੍ਹਾਂ ਨੇ 2526 ਮਈ ਦੀ ਰਾਤ ਅਤੇ ਦਿਨ ਵਿੱਚ ਵਾਹਨਾਂ ਦੇ ਚਾਲਾਨਾਂ ਤੋਂ ਇਕੱਠੀ ਹੋਈ ਸੀ।
ਇਸ ਮਾਮਲੇ ਵਿੱਚ ਵਿੱਤ ਵਿਭਾਗ ਦੀ ਅੰਦਰੂਨੀ ਪੜਤਾਲ ਸੰਸਥਾ (ਸਰਕਾਰੀ ਖਜ਼ਾਨੀ) ਫਰੀਦਕੋਟ ਨਾਲ ਸਬੰਧਤ ਆਡਿਟ ਟੀਮ ਦੇ ਮੈਂਬਰਾਂ ਓਮ ਪ੍ਰਕਾਸ਼ ਚੌਧਰੀ, ਅਰੁਣ ਕੁਮਾਰ ਅਤੇ ਕ੍ਰਿਸ਼ਨ ਚੰਦ ਗੋਇਲ ਨੇ ਆਪਣੇ ਮੁੱਖ ਦਫਤਰ ਨੂੰ ਭੇਜੀ ਜਾਂਚ ਰਿਪੋਰਟ ‘ਚ ਰਸੀਦ ਬੁਕਸ ਦੀਆਂ ਕਾਊਂਟਰ ਫਾਈਲਾਂ ਦੀ ਰਕਮ ਕੈਸ਼ ਬੁਕ ‘ਚ ਦਰਜ ਨਾ ਕਰਨ, ਚਾਲਾਨ ਕੈਸ਼ ਬੁਕ ਨਾ ਭਰਨ, ਚਾਲਾਨ ਆਡਿਟ ਨਾ ਕਰਨ ਅਤੇ ਸੈਂਕੜੇ ਦੀ ਗਿਣਤੀ ‘ਚ ਰਸੀਦ ਬੁਕਸ ਨਾ ਮਿਲਣ ਕਾਰਨ ਕਰੋੜਾਂ ਦੇ ਘੋਟਾਲੇ ਦੀ ਗੱਲ ਕਹੀ ਹੈ। ਘੋਟਾਲੇ ਦੀ ਕੁੱਲ ਰਕਮ ਮੁਕੰਮਲ ਆਡਿਟ ਦੇ ਬਾਅਦ ਹੀ ਸਾਹਮਣੇ ਆਏਗੀ। ਰਿਪੋਰਟ ਅਨੁਸਾਰ ਇਹ ਘੋਟਾਲਾ ਪਹਿਲੀ ਅਪ੍ਰੈਲ 2007 ਤੋਂ ਲੈ ਕੇ 31 ਮਾਰਚ 2010 ਤੱਕ ਦੀਆਂ ਰਸੀਦ ਬੁੱਕਾਂ ਦਾ ਆਡਿਟ ਕਰਨ ਦੌਰਾਨ ਨੋਟਿਸ ਵਿੱਚ ਆਇਆ ਹੈ, ਜਦ ਕਿ ਸੋਬਤੀ ਦੀ ਤੈਨਾਤੀ ਦੇ ਸਰਕਾਰੀ ਆਦੇਸ਼ 9 ਅਪ੍ਰੈਲ 2010 ਨੂੰ ਹੋਏ ਸਨ। ਖੁਦ ਨੂੰ ਪੋਲ ਖੋਲ੍ਹ ਪੀੜਤ ਦੱਸਦੇ ਹੋਏ ਸੋਬਤੀ ਨੇ ਇਹ ਵੀ ਦਾਅਵਾ ਕੀਤਾ ਕਿ ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿੱਚ ਡੇਢ ਸਾਲ ਦੇ ਅੰਦਰ 58 ਹਜ਼ਾਰ ਤੋਂ ਜ਼ਿਆਦਾ ਵਾਹਨ ਰਜਿਸਟਰਡ ਹੋਏ ਹਨ, ਜੋ ਖੁਦ ਵਿੱਚ ਵੱਡਾ ਘੋਟਾਲਾ ਹੈ।
ਦੂਜੇ ਪਾਸੇ ਸੰਪਰਕ ਕਰਨ ‘ਤੇ ਪੰਜਾਬ ਦੇ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ ਟੀ ਸੀ) ਆਰ ਵੈਂਕਟਰਤਨਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਨਸਾ ਵਿੱਚ ਆਡਿਟ ਜਾਰੀ ਹੈ। ਅੰਤਿਮ ਰਿਪੋਰਟ ਆਉਣ ‘ਤੇ ਸਬੰਧਤ ਕਾਰਜਕਾਲ ਦੌਰਾਨ ਜਿੰਨੇ ਵੀ ਡੀ ਟੀ ਓ ਉਥੇ ਨਿਯੁਕਤ ਰਹੇ ਹਨ, ਉਨ੍ਹਾਂ ਸਮੇਂ ਸਾਰੇ ਜ਼ਿੰਮੇਵਾਰ ਕਰਮਚਾਰੀਆਂਅਧਿਕਾਰੀਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਸਪੈਂਡ ਡੀ ਟੀ ਓ ਸੋਬਤੀ ਦੇ ਮਾਮਲੇ ‘ਤੇ ਉਨ੍ਹਾਂ ਨੇ ਕਿਹਾ ਕਿ ਇਹ ਮਾਨਸਾ ਪੁਲਸ ਦੀ ਜਾਂਚ ਵਿੱਚ ਹੈ। ਐਸ ਐਸ ਪੀ ਹਰਦਿਆਲ ਸਿੰਘ ਮਾਨ ਨੇ ਸੰਪਰਕ ਕਰਨ ‘ਤੇ ਕਿਹਾ ਕਿ ਮਾਨਸਾ ਪੁਲਸ ਨੇ ਸੋਬਤੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਸੀ। ਟਰਾਂਸਪੋਰਟ ਵਿਭਾਗ ਦਾ ਆਡਿਟ ਘੋਟਾਲਾ ਜਾਂ ਇਸ ਸਬੰਧੀ ਹੋਈਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।



