ਪੰਜਾਬ ਦੇ ਸਾਰੇ 13 ਐਮ ਪੀ ਕਰੋੜਪਤੀ, ਔਸਤ ਜਾਇਦਾਦ 11.39 ਕਰੋੜ ਰੁਪਏ
On 2 September 2010 in ਪੰਜਾਬ
ਜਲੰਧਰ, ਪੰਜਾਬ ਸਟਾਰ-ਸੰਸਦ ਮੈਂਬਰਾਂ ਵਲੋਂ ਭਾਵੇਂ ਕੇਂਦਰ ਸਰਕਾਰ ਕੋਲੋਂ ਤਨਖਾਹ ਵਧਾਉਣ ਨੂੰ ਲੈ ਕੇ ਰੌਲਾ ਰੱਪਾ ਪਾਇਆ ਜਾ ਰਿਹਾ ਹੈ, ਪਰ ਜੇ ਸੰਸਦ ਮੈਂਬਰਾਂ ਦੀ ਆਮਦਨ ਅਤੇ ਜਾਇਦਾਦ ‘ਤੇ ਨਜ਼ਰ ਮਾਰੀ ਜਾਵੇ ਤਾਂ 543 ਮੈਂਬਰੀ ਲੋਕ ਸਭਾ ਵਿੱਚ 315 ਮੈਂਬਰ ਕਰੋੜਪਤੀ ਹਨ, ਜਿਨ੍ਹਾਂ ਕੋਲ ਇੱਕ ਕਰੋੜ ਜਾਂ ਉਸ ਤੋਂ ਵੱਧ ਦੀ ਜਾਇਦਾਦ ਹੈ। ਗੈਰ ਸਰਕਾਰੀ ਸੰਸਥਾ ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ ਵਲੋਂ ਕਰਵਾਏ ਸਰਵੇਖਣ ਵਿੱਚ ਉਕਤ ਗੱਲਾਂ ਸਾਹਮਣੇ ਆਈਆਂ ਹਨ। ਇਹ ਸੰਸਦ ਮੈਂਬਰ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਹੋਰਨਾਂ ਖੇਤਰੀ ਪਾਰਟੀਆਂ ਨਾਲ ਸੰਬੰਧ ਰੱਖਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਪੰਜਾਬ ਦੇ ਸਾਰੇ 13 ਐਮ ਪੀ ਕਰੋੜਪਤੀਆਂ ਦੀ ਸੂਚੀ ਵਿੱਚ ਹਨ, ਜਿਨ੍ਹਾਂ ਕੋਲ ਔਸਤ ਜਾਇਦਾਦ ਦੀ ਕੀਮਤ 11.30 ਕਰੋੜ ਰੁਪਏ ਬਣਦੀ ਹੈ। ਹਰਿਆਣਾ ਦੇ ਸੰਸਦ ਮੈਂਬਰ ਪੰਜਾਬ ਤੋਂ ਕੁਝ ਅੱਗੇ ਦਿਖਾਈ ਦਿੱਤੇ ਹਨ, ਜਿਨ੍ਹਾਂ ਦੀ ਜਾਇਦਾਦ ਦੀ ਔਸਤ ਕੀਮਤ 18.07 ਕਰੋੜ ਰੁਪਏ ਹੈ। ਸਰਵੇਖਣ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਚੋਣਾਂ ਵਿੱਚ ਖੜੇ ਜਿੰਨੇ ਉਮੀਦਵਾਰ ਕਰੋੜਪਤੀ ਸਨ, ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਓਨੀ ਹੀ ਵੱਧ ਸੀ। 2009 ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 33 ਫੀਸਦੀ ਉਹ ਉਮੀਦਵਾਰ ਜਿੱਤੇ, ਜਿਨ੍ਹਾਂ ਕੋਲ ਜਾਇਦਾਦ 5 ਕਰੋੜ ਜਾਂ ਉਸ ਤੋਂ ਵੱਧ ਸੀ। ਇਸ ਦੇ ਉਲਟ 10 ਲੱਖ ਰੁਪਏ ਤੋਂ ਘੱਟ ਦੀ ਜਾਇਦਾਦ ਵਾਲੇ ਸਿਰਫ 0.5 ਫੀਸਦੀ ਉਮੀਦਵਾਰ ਹੀ ਜਿੱਤ ਹਾਸਲ ਕਰ ਸਕੇ। 50 ਲੱਖ ਤੋਂ 5 ਕਰੋੜ ਰੁਪਏ ਦੀ ਸ਼੍ਰੇਣੀ ਵਿੱਚ ਆਉਂਦੇ 18.47 ਫੀਸਦੀ ਅਤੇ 10 ਲੱਖ ਤੋਂ 50 ਲੱਖ ਰੁਪਏ ਤੱਕ ਦੀ ਸ਼੍ਰੇਣੀ ਵਿੱਚ ਆਉਂਦੇ 6.28 ਫੀਸਦੀ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ।
ਸਰਵੇਖਣ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜੋ ਸੂਬੇ ਜਿੰਨੇ ਵਧੇਰੇ ਖੁਸ਼ਹਾਲ ਸਨ, ਓਥੋਂ ਦੇ ਸੰਸਦ ਮੈਂਬਰਾਂ ਕੋਲ ਓਨੀ ਹੀ ਵੱਧ ਜਾਇਦਾਦ ਸੀ। 100 ਫੀਸਦੀ ਕਰੋੜਪਤੀ ਸੰਸਦ ਮੈਂਬਰਾਂ ਵਾਲੇ ਹੋਰ ਸੂਬਿਆਂ ਵਿੱਚ ਦਿੱਲੀ, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਪੁਡੂਚੇਰੀ, ਲਕਸ਼ਦੀਪ ਅਤੇ ਦਾਦਰਾ ਤੇ ਨਗਰ ਹਵੇਲੀ ਆਦਿ ਸ਼ਾਮਲ ਸਨ। ਹਰਿਆਣਾ ਦੇ 10 ਸੰਸਦ ਮੈਂਬਰਾਂ ‘ਚੋਂ 9 ਕਰੋੜਪਤੀ ਹੋਣ ਕਾਰਨ ਉਸ ਦੇ 90 ਫੀਸਦੀ ਮੈਂਬਰ ਇਸ ਸੂਚੀ ਵਿੱਚ ਆਏ। ਕੇਰਲ ਅਤੇ ਪੱਛਮੀ ਬੰਗਾਲ ਵਿੱਚ ਕਰੋੜਪਤੀ ਸੰਸਦ ਮੈਂਬਰਾਂ ਦੀ ਗਿਣਤੀ ਸਭ ਤੋਂ ਘੱਟ ਪਾਈ ਗਈ।



