ਪਾਕਿਸਤਾਨੀ ਜਾਸੂਸਾਂ ਦਾ ਗੜ੍ਹ ਬਣ ਰਿਹੈ ਪੰਜਾਬ
On 2 September 2010 in ਪੰਜਾਬ
ਜਲੰਧਰ, ਪੰਜਾਬ ਸਟਾਰ-ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਵੱਲੋਂ ਭਾਰਤੀ ਪੰਜਾਬ ਵਿੱਚ ਲਗਾਤਾਰ ਆਪਣੇ ਜਾਸੂਸਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਪੁਲਸ ਰਿਕਾਰਡ ਦੱਸ ਰਿਹਾ ਹੈ ਕਿ ਪੰਜਾਬ ਜਾਸੂਸਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪਿਛਲੇ ਅੱਠ ਮਹੀਨਿਆਂ ਵਿੱਚ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਕਰੀਬ 10 ਲੋਕ ਗ੍ਰਿਫਤਾਰ ਹੋ ਚੁੱਕੇ ਹਨ। ਇਨ੍ਹਾਂ ਵਿੱਚ ਚਾਰ ਨੂੰ ਛੱਡ ਕੇ ਬਾਕੀ ਸਾਰੇ ਪਾਕਿਸਤਾਨੀ ਨਾਗਰਿਕ ਸਨ। ਪੰਜਾਬ ਵਿੱਚ ਜਾਸੂਸਾਂ ਦੀ ਗ੍ਰਿਫਤਾਰੀ ਨਾਲ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਗ੍ਰਿਫਤਾਰ ਜਾਸੂਸਾਂ ਕੋਲੋਂ ਪੁੱਛਗਿੱਛ ਦੇ ਬਾਅਦ ਖੁਲਾਸਾ ਹੋਇਆ ਹੈ ਕਿ ਅਜੇ ਹੋਰ ਵੀ ਪਾਕਿਸਤਾਨੀ ਜਾਸੂਸ ਦੇਸ਼ ਵਿੱਚ ਘੁੰਮ ਰਹੇ ਹਨ।
ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਕਾਊਂਟਰ ਇੰਟੈਲੀਜੈਂਸ ਨੇ ਬੀਤੇ ਸਾਲ ਨਵੰਬਰ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜੋ ਮੂਲ ਰੂਪ ਨਾਲ ਭਾਰਤੀ ਸਨ, ਪਰ ਪਾਕਿਸਤਾਨ ਲਈ ਜਾਸੂਸੀ ਕਰਦੇ ਸਨ। ਸੂਤਰਾਂ ਦੇ ਦੱਸਣ ਅਨੁਸਾਰ ਇਨ੍ਹਾਂ ਨੂੰ ਖਾਲਿਸਤਾਨੀ ਲਹਿਰ ਦੇ ਨੀਟਾ ਗਰੁੱਪ ਦਾ ਸਮਰਥਨ ਪ੍ਰਾਪਤ ਸੀ। ਖੁਫੀਆ ਏਜੰਸੀਆਂ ਨੂੰ ਇਨ੍ਹਾਂ ਕੋਲੋਂ ਮਿਲੀ ਜਾਣਕਾਰੀ ਦੇ ਬਾਅਦ ਕਈ ਜਾਸੂਸਾਂ ਨੂੰ ਫੜਨ ਵਿੱਚ ਸਫਲਤਾ ਮਿਲੀ ਹੈ। ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਤੋਂ ਪਾਕਿਸਤਾਨੀ ਜਾਸੂਸ ਕਾਸਿਫ ਅਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹ ਮੂਲ ਰੂਪ ਤੋਂ ਪਾਕਿਸਤਾਨੀ ਨਾਗਰਿਕ ਸੀ ਅਤੇ ਨੇਪਾਲ ਰਸਤੇ ਭਾਰਤ ਆਇਆ ਸੀ। ਉਸਦੇ ਬਾਅਦ ਮੋਹਾਲੀ ਵਿੱਚ ਪੁਲਸ ਨੇ ਪਾਕਿਸਤਾਨੀ ਜਾਸੂਸ ਇਰਫਾਨ ਉੱਲਾ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਵੀ ਕਈ ਮਹੱਤਵਪੂਰਨ ਦਸਤਾਵੇਜ ਹਾਸਲ ਕੀਤੇ ਗਏ। ਬੀਤੀ 21 ਜੁਲਾਈ ਨੂੰ ਲੁਧਿਆਣਾ ਵਿੱਚ ਪਾਕਿ ਜਾਸੂਸ ਨਿਜਾਮ ਬਖਸ਼ ਗ੍ਰਿਫਤਾਰ ਹੋਇਆ ਸੀ।
ਹੁਣ ਜਲੰਧਰ ਵਿੱਚ ਪਾਕਿਸਤਾਨੀ ਨਾਗਰਿਕ ਮੁਹੰਮਦ ਆਲਮ ਗ੍ਰਿਫਤਾਰ ਹੋਇਆ ਹੈ। ਇਸ ਦੇ ਇਲਾਵਾ ਅੰਮ੍ਰਿਤਸਰ ਵਿੱਚ ਦੋ ਪਾਕਿਸਤਾਨੀ ਕਬੂਤਰ ਵੀ ਫੜੇ ਗਏ ਸਨ, ਜਿਨ੍ਹਾਂ ਦੇ ਪੈਰਾਂ ਵਿੱਚ ਟ੍ਰਾਂਸਮੀਟਰ ਲੱਗੇ ਹੋਏ ਸਨ। ਸਾਰੇ ਜਾਸੂਸਾਂ ਵਿੱਚ ਇੱਕੋ ਗੱਲ ਸਾਹਮਣੇ ਆਈ ਕਿ ਉਨ੍ਹਾਂ ਨੂੰ ਪੈਸਾ ਮਨੀ ਟ੍ਰਾਂਸਫਰ ਦੇ ਜਰੀਏ ਆਉਂਦਾ ਸੀ। ਇਨ੍ਹਾਂ ਵਿੱਚ ਜ਼ਿਆਦਾਤਰ ਨੂੰ ਪੈਸਾ ਵਿਦੇਸ਼ ਵਿੱਚ ਬੈਠੇ ਅੱਤਵਾਦੀ ਭੇਜਦੇ ਸਨ। ਸਾਰੇ ਜਾਸੂਸਾਂ ਨੂੰ ਵਿਸ਼ੇਸ਼ ਰੂਪ ਨਾਲ ਇੰਟਰਨੈੱਟ ਦੀ ਵਰਤੋਂ ਦੀ ਟਰੇਨਿੰਗ ਸੀ। ਜ਼ਿਆਦਾਤਰ ਜਾਸੂਸ ਪਾਕਿਸਤਾਨ ਤੋਂ ਬੰਗਲਾ ਦੇਸ਼ ਅਤੇ ਫਿਰ ਉਥੋਂ ਨੇਪਾਲ ਹੁੰਦੇ ਹੋਏ ਭਾਰਤ ਵਿੱਚ ਦਾਖਲ ਹੋਏ। ਪੰਜਾਬ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਲਾਕਾ ਹੋਣ ਕਾਰਨ ਸਾਰੇ ਜਾਸੂਸਾਂ ਨੂੰ ਏਥੇ ਹੀ ਜਾਸੂਸੀ ਕਰਨ ਦਾ ਕੰਟ੍ਰੈਕਟ ਦਿੱਤਾ ਗਿਆ।
ਮਹੱਤਵਪੂਰਨ ਗੱਲ ਇਹ ਸੀ ਕਿ ਇਨ੍ਹਾਂ ਵਿੱਚ ਜ਼ਿਆਦਾਤਰ ਜਾਸੂਸ ਪੜ੍ਹੇ ਲਿਖੇ ਸਨ। ਇਨ੍ਹਾਂ ਵਿੱਚ ਚੰਡੀਗੜ੍ਹ ਵਿੱਚ ਗ੍ਰਿਫਤਾਰ ਕਾਸਿਫ ਅਲੀ ਪਾਕਿਸਤਾਨ ਵਿੱਚ ਟੀਚਰ ਸੀ। ਸਾਰਿਆਂ ਨੂੰ ਪਾਕਿਸਤਾਨ ਦੇ ਫੈਜਾਬਾਦ ਵਿੱਚ ਵਿਸ਼ੇਸ਼ ਟਰੇਨਿੰਗ ਦਿੱਤੀ ਜਾਂਦੀ ਰਹੀ ਹੈ। ਜਲੰਧਰ ਪੁਲਸ ਦੇ ਹੱਥੇ ਚੜ੍ਹੇ ਪਾਕਿ ਜਾਸੂਸ ਮੁਹੰਮਦ ਆਲਮ ਕੋਲੋਂ ਖੁਫੀਆ ਏਜੰਸੀਆਂ ਨੂੰ ਕੁਝ ਹੋਰ ਜਾਸੂਸਾਂ ਬਾਰੇ ਜਾਣਕਾਰੀ ਮਿਲੀ ਹੈ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਿਚ ਸਰਗਰਮ ਹੋਰ ਵੀ ਪਾਕਿਸਤਾਨੀ ਜਾਸੂਸ ਪੁਲਸ ਦੇ ਹੱਥੇ ਚੜ੍ਹ ਸਕਦੇ ਹਨ।
ਏ ਆਈ ਜੀ ਕਾਊਂਟਰ ਇੰਟੈਲੀਜੈਂਸ ਉਪਿੰਦਰਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਪੁਲਸ ਅਤੇ ਖੁਫੀਆ ਏਜੰਸੀਆਂ ਦੀ ਸਰਗਰਮੀ ਕਾਰਨ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਜਾਸੂਸ ਗ੍ਰਿਫਤਾਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੀਆਂ ਸੂਚਨਾਵਾਂ ਮਿਲਦੀਆਂ ਹਨ, ਜਿਸ ‘ਤੇ ਕੰਮ ਕੀਤਾ ਜਾ ਸਕਦਾ ਹੈ।



