ਸਊਦੀ ਅਰਬ ਦੀਆਂ ਜੇਲਾਂ ਵਿੱਚ 1,361 ਭਾਰਤੀ ਕੈਦ
On 2 September 2010 in ਪੰਜਾਬ
ਚੰਡੀਗੜ੍ਹ, ਪੰਜਾਬ ਸਟਾਰ-ਸਊਦੀ ਅਰਬ ਅਮੀਰਾਤ ਦੀਆਂ ਜੇਲਾਂ ਵਿੱਚ 1,361 ਭਾਰਤੀ ਬੰਦ ਹਨ, ਇਨ੍ਹਾਂ ਦੀ ਸਹਾਇਤਾ ਲਈ ਭਾਰਤੀ ਦੂਤਾਵਾਸ ਨੇ ਕਈ ਕਦਮ ਚੁੱਕੇ ਹਨ। ਭਾਰਤੀ ਦੂਤਾਵਾਸ ਦੇ ਅਧਿਕਾਰੀ ਜੇਲਾਂ ਵਿੱਚ ਬੰਦ ਲੋਕਾਂ ਨੂੰ ਮਿਲਦੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਦੇ ਹਨ। ਜੋ ਲੋਕ ਕਾਨੂੰਨੀ ਸਹਾਇਤਾ ਲੈਣ ਵਿੱਚ ਅਸਮਰਥ ਹਨ ਇਨ੍ਹਾਂ ਨੂੰ ਦੂਤਾਵਾਸ ਤੇ ਅਰਬ ਸਰਕਾਰ ਵੀ ਕਾਨੂੰਨੀ ਸਹਾਇਤਾ ਦਿੰਦੀ ਹੈ।
ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਅਧਿਕਾਰੀ ਵਿਤੁਲ ਕੁਮਾਰ ਨੇ ਵਿਦੇਸ਼ ਮੰਤਰਾਲੇ ਵਲੋਂ ਹਾਈ ਕੋਰਟ ਵਿੱਚ ਦਾਇਰ ਇੱਕ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਦੁਬਈ ਸਰਕਾਰ ਨੇ ਵੀ ਇਨ੍ਹਾਂ ਕੈਦੀਆਂ ਨੂੰ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਮਿਲਣ ਲਈ ਸਮਾਂ ਤੈਅ ਕੀਤਾ ਹੋਇਆ ਹੈ। ਹਲਫਨਾਮੇ ਵਿੱਚ ਦੱਸਿਆ ਗਿਆ ਹੈ ਕਿ ਦੁਬਈ ਦੇ ਨਿਯਮਾਂ ਦੇ ਅਨੁਸਾਰ ਕੋਈ ਵੀ ਬਾਹਰੀ ਨਾਗਰਿਕ ਉਥੇ ਦੀ ਅਦਾਲਤ ਵਿੱਚ ਪੈਰਵੀ ਨਹੀਂ ਕਰ ਸਕਦਾ। ਇੰਨਾ ਹੀ ਨਹੀਂ ਜੋ ਭਾਰਤੀ ਦੁਬਈ ਦੀ ਲਾਅ ਫਰਮ ਵਿੱਚ ਕੰਮ ਕਰ ਰਹੇ ਹਨ ਉਹ ਵੀ ਇਨ੍ਹਾਂ ਦੀ ਪੈਰਵੀ ਨਹੀਂ ਕਰ ਸਕਦੇ। ਇਸ ਕਾਰਨ ਭਾਰਤੀ ਦੂਤਾਵਾਸ ਨੇ ਪੈਰਵੀ ਲਈ ਦੁਬਈ ਦੀ ਇੱਕ ਕੰਪਨੀ ਦੀਆਂ ਸੇਵਾਵਾਂ ਲਈਆਂ ਹੋਈਆਂ ਹਨ।



