ਕਾਲੀਆ ਤੋਂ ਬਾਅਦ ਭੰਡਾਰੀ ਨੂੰ ਵੀ ਭਾਜਪਾ ਨਾਲ ਵਿਤਕਰਾ ਨਜ਼ਰ ਆਇਆ
On 2 September 2010 in ਪੰਜਾਬ
ਚੰਡੀਗੜ੍ਹ, ਪੰਜਾਬ ਸਟਾਰ-ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਈਵਾਲ ਭਾਜਪਾ ਦੇ ਵਿਧਾਇਕਾਂ ਵਾਲੇ ਹਲਕਿਆਂ ਨੂੰ ਵਿਕਾਸ ਫੰਡ ਦੇਣ ਵਿੱਚ ਹੱਥ ਘੁੱਟਣ ਤੋਂ ਪਾਰਟੀ ਆਗੂਆਂ ਵਲੋਂ ਉਠਾਈ ਆਵਾਜ਼ ਬਾਰੇ ਪੰਜਾਬ ਯੋਜਨਾ ਬੋਰਡ ਦੇ ਉਪ-ਚੇਅਰਮੈਨ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਰਾਜਿੰਦਰ ਭੰਡਾਰੀ ਨੇ ਕਿਹਾ ਕਿ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਵਲੋਂ ਚੁੱਕਿਆ ਮੁੱਦਾ ਬਿਲਕੁਲ ਸਹੀ ਹੈ ਤੇ ਅਕਾਲੀ ਦਲ ਵਲੋਂ ਅਜਿਹਾ ਕਰਨਾ ਸਰਕਾਰ ਚਲਾਏ ਜਾਣ ਦੇ ਪਿਰਤ ਦੇ ਵੀ ਖਿਲਾਫ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੋ ਰਿਹਾ ਹੈ ਤਾਂ ਭਾਜਪਾ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਵੀ ਡਿੱਗੇਗੀ, ਕਿਉਂਕਿ ਸਰਕਾਰ ਦੋਵਾਂ ਪਾਰਟੀਆਂ ਦੀ ਸਾਂਝੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਤੀਰੇ ਦੇ ਖਿਲਾਫ ਭਾਜਪਾ ਮੰਤਰਾਲਿਆਂ ਵਿੱਚੋਂ ਫੰਡ ਵਿਤਕਰੇ ਦੇ ਨਾਲ-ਨਾਲ ਦਖਲ ਅੰਦਾਜ਼ੀ ਦੀਆਂ ਆਮ ਸ਼ਿਕਾਇਤਾਂ ਪਾਰਟੀ ਪਾਸ ਆ ਰਹੀਆਂ ਹਨ।
ਦੱਸਣ ਯੋਗ ਹੈ ਕਿ ਕੱਲ੍ਹ ਸ੍ਰੀ ਕਾਲੀਆ ਨੇ ਸ਼ਹਿਰੀ ਵਿਕਾਸ ਫੰਡ ਦੇਣ ਦੇ ਮੁੱਦੇ ‘ਤੇ ਭਾਜਪਾ ਦੇ ਹਲਕਿਆਂ ਨਾਲ ਵਿਤਕਰਾ ਹੋਣ ਦੀ ਗੱਲ ਆਖੀ ਸੀ, ਜੋ ਰਾਜਨੀਤਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੁਆਰਾ ਫੰਡਾਂ ਵਿੱਚ ਕੀਤੀ ਜਾਂਦੀ ਕਾਣੀ ਵੰਡ ਦੇ ਖਿਲਾਫ ਭਾਜਪਾ ਨੇ ਲੰਘੇ ਜੂਨ ਮਹੀਨੇ ਜਲੰਧਰ ਵਿਖੇ ਹੋਏ ਸੂਬਾ ਪੱਧਰੀ ਸੰਮੇਲਨ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਾਈ ਸੀ। ਇਥੋਂ ਤੱਕ ਕਿ ਫੰਡਾਂ ਦਾ ਇਹ ਵਿਤਕਰਾ ਨਾ ਰੁਕਣ ਦੀ ਸੂਰਤ ਵਿੱਚ ਭਾਜਪਾ ਦੇ ਕਈ ਵਿਧਾਇਕਾਂ ਨੇ ਅਸਤੀਫੇ ਦੇਣ ਦੀ ਚਿਤਾਵਨੀ ਦਿੱਤੀ ਸੀ। ਪਾਰਟੀ ਆਗੂਆਂ ਦੇ ਸਖਤ ਰੁਖ਼ ਨੂੰ ਦੇਖ ਕੇ ਪਾਰਟੀ ਵਲੋਂ ਉੱਚ ਪੱਧਰੀ ਕਮੇਟੀ ਬਣਾ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਸ ਇਹ ਮਾਮਲਾ ਉਠਾਇਆ ਗਿਆ ਸੀ।
ਸ੍ਰੀ ਭੰਡਾਰੀ ਨੇ ਸ੍ਰੀ ਕਾਲੀਆ ਵਲੋਂ ਉਠਾਏ ਮੁੱਦੇ ਬਾਰੇ ਪੁੱਛੇ ਜਾਣ ‘ਤੇ ਕਿਹਾ ਕਿ ਭਾਜਪਾ ਦੇ ਖਿਲਾਫ ਹੋਣ ਦੇ ਨਾਲ-ਨਾਲ ਅਕਾਲੀ ਦਲ ਦਾ ਇਹ ਵਤੀਰਾ ‘ਗਵਰਨੈਂਸ ਕਲਚਰ’ ਤੇ ਵਿਕਾਸ ਦੇ ਕਲਚਰ ਦੇ ਵੀ ਖਿਲਾਫ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਇਹ ਕਿਵੇਂ ਕਰ ਸਕਦੀ ਹੈ ਕਿ ਕੁਝ ਹਲਕਿਆਂ ਦਾ ਵਿਕਾਸ ਹੋਵੇ ਤੇ ਬਾਕੀ ਅਣਗੌਲੇ ਰਹਿਣ? ਸ੍ਰੀ ਭੰਡਾਰੀ ਨੇ ਕਿਹਾ ਕਿ ਸਰਕਾਰ ਸਮੁੱਚੇ ਸੂਬੇ ਲਈ ਹੈ, ਨਾ ਕਿ ਕੁਝ ਇਲਾਕਿਆਂ ਜਾਂ ਕੁਝ ਖੇਤਰਾਂ ਲਈ।



