ਅਕਾਲੀ-ਭਾਜਪਾ ਦਾ ਰੱਫੜ ਖਤਮ
On 2 September 2010 in ਪੰਜਾਬ
ਚੰਡੀਗੜ੍ਹ, ਪੰਜਾਬ ਸਟਾਰ-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੱਥੇ ਵੱਖੋ-ਵੱਖਰੀਆਂ ਮੀਟਿੰਗਾਂ ਕਰਕੇ ਰਾਜਨੀਤਕ ਮੁੱਦਿਆਂ ਉਤੇ ਭਰਵੀਂ ਵਿਚਾਰ ਚਰਚਾ ਕੀਤੀ। ਬਾਦ ਵਿਚ ਕੇਂਦਰੀ ਨੇਤਾ ਸ੍ਰੀ ਯਸ਼ਵੰਤ ਸਿਨਹਾ ਦੀ ਅਗਵਾਈ ਹੇਠ ਪੰਜਾਬ ਭਾਜਪਾ ਦੇ ਆਗੂ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਨਿਵਾਸ ’ਤੇ ਮਿਲੇ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੀ ਕੋਰ ਕਮੇਟੀ ਨੇ ਚੰਡੀਗੜ੍ਹ ਵਿਚ ਉਚੇਚੀ ਮੀਟਿੰਗ ਕਰਕੇ ਭਾਈਵਾਲ ਪਾਰਟੀ ਨਾਲ ਪੈਦਾ ਹੋਏ ਮਤਭੇਦਾਂ ਦੇ ਮੁੱਦੇ ਉਤੇ ਵਿਚਾਰ ਚਰਚਾ ਕੀਤੀ ਗਈ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਯਸ਼ਵੰਤ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਕਰੀਬ ਘੰਟਾ ਚੱਲੀ। ਮੀਟਿੰਗ ਤੋਂ ਬਾਦ ਭਾਜਪਾ ਆਗੂਆਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਉਤੇ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਸ੍ਰੀ ਸਿਨਹਾ ਨੇ ਮੁੱਖ ਮੰਤਰੀ ਨੂੰ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਉਠਾਏ ਮੁੱਦਿਆਂ ਉਤੇ ਧਿਆਨ ਕੇਂਦਰਤ ਕਰਨ ਅਤੇ ਉਨ੍ਹਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਕਿਹਾ। ਸ੍ਰੀ ਸਿਨਹਾ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ ਉਸ ਤੋਂ ਭਾਜਪਾ ਨਾਖੁਸ਼ ਹੈ। ਸ੍ਰੀ ਬਾਦਲ ਨੇ ਸ੍ਰੀ ਸਿਨਹਾ ਦੇ ਪੱਖ ਨੂੰ ਸੁਹਿਰਦਤਾ ਨਾਲ ਸੁਣਿਆ ਅਤੇ ਸ਼ਿਕਵੇ ਦੂਰ ਕਰਨ ਦਾ ਭਰੋਸਾ ਦਿੱਤਾ। ਸ੍ਰੀ ਸਿਨਹਾ ਨੇ ਆਪਣੀ ਥਾਂ ਇਹ ਭਰੋਸਾ ਦਿੱਤਾ ਕਿ ਭਾਜਪਾ ਦੇ ਸੂਬਾਈ ਆਗੂ ਅਕਾਲੀ ਦਲ ਨਾਲ ਆਪਣੇ ਵਖਰੇਵਿਆਂ ਨੂੰ ਜੱਗ-ਜ਼ਹਿਰ ਕਰਨ ਤੋਂ ਗੁਰੇਜ਼ ਕਰਨਗੇ।
ਸ੍ਰੀ ਸਿਨਹਾ ਨੇ ਪੰਜਾਬ ਮਾਮਲਿਆਂ ਦਾ ਮੁਖੀ ਬਣਨ ਤੋਂ ਬਾਦ ਸੂਬੇ ਵਿਚ ਪਹਿਲੀ ਵਾਰੀ ਪਾਰਟੀ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ। ਭਾਜਪਾ ਦੀ ਮੀਟਿੰਗ ਵਿਚ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ, ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਸਮੇਤ ਪਾਰਟੀ ਦੇ ਬਹੁਗਿਣਤੀ ਮੰਤਰੀ, ਵਿਧਾਇਕ ਅਤੇ ਸੀਨੀਅਰ ਆਗੂ ਸ਼ਾਮਲ ਸਨ। ਮੀਟਿੰਗ ਵਿਚ ਸਰਕਾਰ ਵੱਲੋਂ ਵਿਕਾਸ ਅਤੇ ਹੋਰਨਾਂ ਮੁੱਦਿਆਂ ਉਤੇ ਭਾਜਪਾ ਨਾਲ ਕੀਤਾ ਜਾ ਰਿਹਾ ਵਿਤਕਰਾ ਜ਼ਿਆਦਾ ਭਾਰੂ ਰਿਹਾ ਤੇ ਪੰਜਾਬ ਦੇ ਭਾਜਪਾ ਆਗੂਆਂ ਨੇ ਯਸ਼ਵੰਤ ਸਿਨਹਾ ਦੇ ਸਾਹਮਣੇ ਇਸ ਮੁੱਦੇ ਉਤੇ ਭਰਵੀਂ ਚਰਚਾ ਕੀਤੀ ਤੇ ਸਾਢੇ ਤਿੰਨ ਸਾਲਾਂ ਦੇ ਵਿਤਕਰੇ ਭਰੇ ਵੇਰਵੇ ਗਿਣਾਏ।
ਪਾਰਟੀ ਵਿਚਲੇ ਸੂਤਰਾਂ ਮੁਤਾਬਕ ਪੰਜਾਬ ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਪਾਰਟੀ ਦਾ ਸੂਬੇ ਵਿਚ ਜੇਕਰ ਆਧਾਰ ਘੱਟ ਰਿਹਾ ਹੈ ਤਾਂ ਉਸ ਦੇ ਲਈ ਸਿਰਫ ਪਾਰਟੀ ਲੀਡਰਸ਼ਿਪ ਹੀ ਜ਼ਿੰਮੇਵਾਰ ਨਹੀਂ ਬਲਕਿ ਭਾਈਵਾਲ ਪਾਰਟੀ ਵੱਡੀ ਜ਼ਿੰਮੇਵਾਰ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਭਾਜਪਾ ਨੂੰ ਤਾਂ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਬਾਰੇ ਕੋਈ ਗਿਆਨ ਹੀ ਨਹੀਂ ਹੁੰਦਾ ਤੇ ਕਈ ਵਾਰੀ ਮੀਡੀਆ ਤੋਂ ਹੀ ਇਹ ਜਾਣਕਾਰੀ ਮਿਲਦੀ ਹੈ। ਸੂਤਰਾਂ ਮੁਤਾਬਕ ਭਾਜਪਾ ਵਿਧਾਇਕ ਦਲ ਦੇ ਨੇਤਾ ਮਨੋਰੰਜਨ ਕਾਲੀਆ ਨੇ ਸ਼ਹਿਰੀ ਵਿਕਾਸ ਦੇ ਮੁੱਦੇ ਉਤੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਆਧਾਰ ਵਾਲੇ ਵਿਧਾਨ ਸਭਾ ਹਲਕਿਆਂ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਭਾਜਪਾ ਆਗੂਆਂ ਨੇ ਤਾਂ ਦੋ ਤਿੰਨ ਸਾਲ ਪਹਿਲਾਂ ਦੱਬੇ ਮੁਰਦੇ ਵੀ ਕੱਢ ਲਏ ਪਰ ਸੀਨੀਅਰ ਆਗੂਆਂ ਨੇ ਤਾਜ਼ਾ ਹਾਲਤ ਉਤੇ ਹੀ ਗੱਲ ਕਰਨੀ ਲਈ ਕਿਹਾ।
ਮੁੱਖ ਮੰਤਰੀ ਦੀ ਰਿਹਾਇਸ਼ ਉਤੇ ਅਕਾਲੀਆਂ ਨੇ ਵੀ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰ ਆਗੂ ਸ਼ਾਮਲ ਸਨ।



