Saturday, 4 February 2012, 10:16 PM Toronto Time

ਸ਼੍ਰੋਮਣੀ ਕਮੇਟੀ ‘ਤੇ ਕਬਜ਼ੇ ਦੀ ਦੌੜ ਤੇ ਅਜੋਕੀ ਸਥਿਤੀ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਲੇਖ


-ਜਸਵੰਤ ਸਿੰਘ ਅਜੀਤ
ਅੱਜਕੱਲ੍ਹ ਸਿੱਖ ਹਲਕਿਆਂ, ਵਿਸ਼ੇਸ਼ ਕਰ ਕੇ ਪੰਜਾਬ ਵਿੱਚ ਸਭ ਤੋਂ ਵੱਧ ਚਰਚਾ ਅਤੇ ਸਰਗਰਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਣਨ ਅਤੇ ਵੇਖਣ ਨੂੰ ਮਿਲ ਰਹੀ ਹੈ। ਪੰਜਾਬ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਚ ਐਸ ਬਰਾੜ ਅਨੁਸਾਰ ਇਹ ਚੋਣਾਂ ਇਸ ਵਰ੍ਹੇ ਦੇ ਅਖੀਰ ਦਸੰਬਰ ਜਾਂ ਅਗਲੇ ਵਰ੍ਹੇ ਦੇ ਸ਼ੁਰੂ ਜਨਵਰੀ ਤੱਕ ਹੋ ਜਾਣਗੀਆਂ। ਇਨ੍ਹਾਂ ਚੋਣਾਂ ਵਿੱਚ ਇੱਕ ਪਾਸੇ ਆਪਣਾ ਕਬਜ਼ਾ ਬਣਾਈ ਰੱਖਣ ਦੇ ਉਦੇਸ਼ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪੂਰਾ ਤਾਣ ਲਾਇਆ ਜਾ ਰਿਹਾ ਹੈ। ਉਸ ਦੇ ਵਰਕਰਾਂ ਅਤੇ ਆਗੂਆਂ ਨੇ ਆਪਣੇ ਸਮਰਥਕਾਂ ਦੀਆਂ ਵੋਟਾਂ ਬਣਾਉਣ ਵਿੱਚ ਪੂਰੀ ਸ਼ਕਤੀ ਝੋਕ ਦਿੱਤੀ ਸੀ। ਦੂਜੇ ਪਾਸੇ ਉਸ ਦੇ ਵਿਰੋਧੀ ਆਪਣੇ ਸਮਰਥਕਾਂ ਦੀਆਂ ਵੋਟਾਂ ਬਣਾਉਣ ਲਈ ਕਿੰਨਾ ਕੁਝ ਕਰ ਰਹੇ ਸਨ, ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ, ਪਰ ਮੀਡੀਆ ਰਾਹੀਂ ਏਨਾ ਜ਼ਰੂਰ ਪੜ੍ਹਨ ਤੇ ਸੁਣਨ ਨੂੰ ਮਿਲਿਆ ਕਿ ਉਨ੍ਹਾਂ ਨੇ ਕੁਝ ਇਤਰਾਜ਼ ਉਠਾਉਂਦਿਆਂ ਹੋਇਆਂ ਆਲੋਚਨਾ ਦੇ ਬਿਆਨਾਂ ਦੀ ਝੜੀ ਲਾਈ ਹੈ।
ਉਨ੍ਹਾਂ ਦੇ ਮੁੱਖ ਇਤਰਾਜ਼ਾਂ ਵਿੱਚੋਂ ਇੱਕ ਇਹ ਹੈ ਕਿ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਨੁਸਾਰ ਹਰ ਸਿੱਖ ਦੇ ਨਾਂਅ ਦੇ ਨਾਲ ‘ਸਿੰਘ’ ਜਾਂ ‘ਕੌਰ’ ਲੱਗਾ ਹੋਣਾ ਲਾਜ਼ਮੀ ਹੈ, ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਬਣਾਉਣ ਵਾਸਤੇ ਜੋ ਫਾਰਮ ਵਰਤੇ ਜਾ ਗਏ, ਉਨ੍ਹਾਂ ਵਿੱਚ ਇਹ ਸ਼ਰਤ ਜ਼ਰੂਰੀ ਨਹੀਂ ਮੰਨੀ ਗਈ। ਇਨ੍ਹਾਂ ਦਾ ਦੂਸਰਾ ਇਤਰਾਜ਼ ਇਹ ਦੱਸਿਆ ਜਾਂਦਾ ਹੈ ਕਿ ਵੋਟਰ ਫਾਰਮ ਵਿੱਚ ਵੋਟਰ ਬਣਨ ਵਾਲੇ ਲਈ ਇਹ ਵਚਨ ਦੇਣ ਦੀ ਕੋਈ ਵਿਵਸਥਾ ਨਹੀਂ ਸੀ ਕੀਤੀ ਗਈ ਕਿ ਉਹ ‘ਇੱਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬ ਦੀ ਬਾਣੀ ਤੇ ਸਿੱਖਿਆ ਅਤੇ ਦਸ਼ਮੇਸ਼ ਜੀ ਦੇ ਅੰਮ੍ਰਿਤ ਉੱਤੇ ਹੀ ਨਿਸ਼ਚਾ ਰੱਖਦਾ ਹੈ ਅਤੇ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ’, ਜਦੋਂ ਕਿ ਇਹ ਸਿੱਖ ਰਹਿਤ ਮਰਿਆਦਾ ਅਨੁਸਾਰ ਹੋਣਾ ਜ਼ਰੂਰੀ ਹੈ। ਤੀਸਰਾ ਇਤਰਾਜ਼ ਇਹ ਦੱਸਿਆ ਗਿਆ ਕਿ ਇਸ ਫਾਰਮ ਵਿੱਚ ਪੂਰਨ ਰੂਪ ਵਿੱਚ ਤੰਬਾਕੂਨੋਸ਼ੀ ਨਾ ਕਰਨ ਦੀ ਸ਼ਰਤ ਰੱਖ ਕੇ ਕੇਵਲ ਧੂਮਰਪਾਨ ਨਾ ਕਰਨ ਦੀ ਸ਼ਰਤ ਦੀ ਗੱਲ ਕੀਤੀ ਗਈ ਹੈ। ਚੌਥਾ ਇਤਰਾਜ਼ ਇਹ ਕਿ ਇਸ ਫਾਰਮ ਵਿੱਚ ਸਿੱਖ ਮਾਨਤਾਵਾਂ ਦੇ ਵਿਰੁੱਧ ਅਨੁਸੂਚਿਤ ਜਾਤੀ ਨਾਲ ਸੰਬੰਧਤ ਸਿੱਖਾਂ ਲਈ ਵੋਟਰ ਬਣਨ ਵਾਸਤੇ ਆਪਣੀ ਜਾਤੀ ਸੰਬੰਧੀ ਬਿਆਨ ਦਰਜ ਕੀਤੇ ਜਾਣ ਲਈ ਜਾਤੀ ਸੂਚਕ ਕਾਲਮ ਰੱਖਿਆ ਗਿਆ, ਜੋ ਨਹੀਂ ਹੋਣਾ ਚਾਹੀਦਾ। ਕੁਝ ਸੱਜਣਾਂ ਦਾ ਇਹ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਵੋਟਰ ਵਾਸਤੇ ਇਹ ਸਹੁੰ ਚੁੱਕਣੀ ਲਾਜ਼ਮੀ ਹੋਣੀ ਚਾਹੀਦੀ ਹੈ ਕਿ ਉਹ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਕਰਨਾ ਪ੍ਰਤੀ ਵਚਨਬੱਧ ਹੈ।
ਦੱਸਿਆ ਜਾਦਾ ਹੈ ਕਿ ਪੰਜਾਬ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਚ ਐਸ ਬਰਾੜ ਨੇ ਇਨ੍ਹਾਂ ਸ਼ਿਕਾਇਤਾਂ ਦੇ ਸੰਬੰਧ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵੋਟਰ ਫਾਰਮ ਸਵੀਕਾਰ ਕਰਦਿਆਂ ਪ੍ਰਵਾਨਤ ਮਰਿਆਦਾ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਨਿਸ਼ਚਿਤ ਮੰਨੀ ਸਿੱਖ ਦੀ ਪਰਿਭਾਸ਼ਾ ਨੂੰ ਮੱਦੇਨਜ਼ਰ ਰੱਖਣ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਇਹ ਵੋਟਰ ਫਾਰਮ ਗੁਰਦੁਆਰਾ ਐਕਟ ਅਨੁਸਾਰ ਬਣਾਏ ਗਏ ਹਨ ਅਤੇ ਇਹ ਉਸੇ ਤਰ੍ਹਾਂ ਦੇ ਹਨ, ਜਿਸ ਤਰ੍ਹਾਂ ਦੇ ਸ਼੍ਰੋਮਣੀ ਕਮੇਟੀ ਦੀਆਂ ਪਿਛਲੀਆਂ ਚੋਣਾਂ ਸਮੇਂ ਵਰਤੇ ਗਏ ਸਨ। ਕਾਨੂੰਨੀ ਮਾਹਰਾਂ ਅਨੁਸਾਰ ਜਿੱਥੋਂ ਤੱਕ ਜਾਤੀ-ਸੂਚਕ ਕਾਲਮ ਦਾ ਸੰਬੰਧ ਹੈ, ਉਹ ਗੁਰਦੁਆਰਾ ਐਕਟ ਵਿੱਚ ਸੋਧ ਕੀਤੇ ਬਿਨਾਂ ਖਤਮ ਕੀਤਾ ਜਾਣਾ ਸੰਭਵ ਨਹੀਂ। ਜਦੋਂ ਤੱਕ ਗੁਰਦੁਆਰਾ ਐਕਟ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਨੁਸੂਚਿਤ ਜਾਤੀਆਂ ਲਈ ਸੀਟਾਂ ਰਾਖਵੀਆਂ ਹੋਣ ਦੀ ਵਿਵਸਥਾ ਹੈ, ਤਦ ਤੱਕ ਇਸ ਕਾਲਮ ਨੂੰ ਹਟਾਇਆ ਜਾਣਾ ਸੰਭਵ ਨਹੀਂ। ਸਿੱਖ ਰਾਜਨੀਤੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਜੇ ਬਾਦਲ ਦਲ ਦੇ ਵਿਰੋਧੀ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਬਾਦਲ ਅਕਾਲੀ ਦਲ ਤੋਂ ਖੋਹਣ ਪ੍ਰਤੀ ਵਚਨਬੱਧ ਹਨ ਤਾਂ ਉਨ੍ਹਾਂ ਨੂੰ ਆਪਣੀ ਸ਼ਕਤੀ ਉਨ੍ਹਾਂ ਸਿੱਖਾਂ ਦੀਆਂ ਵੋਟਾਂ ਬਣਾਉਣ ਵਿੱਚ ਲਾਉਣੀ ਚਾਹੀਦੀ ਸੀ, ਜੋ ਦ੍ਰਿੜ੍ਹਤਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਬਿ ਪ੍ਰਤੀ ਸਮਰਪਿਤ ਹਨ, ਸ੍ਰੀ ਗੁਰੂ ਗਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਦੇਹਧਾਰੀ ਜਾਂ ਡੇਰੇਦਾਰ ਉੱਤੇ ਵਿਸ਼ਵਾਸ ਨਹੀਂ ਰੱਖਦੇ। ਇਸ ਤਰ੍ਹਾਂ ਉਹ ਇੱਕ ਅਜਿਹਾ ਮਜ਼ਬੂਤ ਵੋਟ ਬੈਂਕ ਤਿਆਰ ਕਰ ਸਕਦੇ ਹਨ, ਜੋ ਸਿੱਖੀ-ਵਿਰੋਧੀ ਡੇਰੇਦਾਰਾਂ ਦੇ ਵੋਟ ਬੈਂਕ ਪਾਸੋਂ ਜਿੱਤ ਹਾਰ ਦਾ ਫੈਸਲਾ ਕਰ ਸਕਣ ਦੀ ਸਮਰੱਥਾ ਖੋਹ ਲੈਣ ਦੇ ਯੋਗ ਹੋਵੇ।
ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਦੀ ਲਾਲਸਾ ਤਾਂ ਹੈ, ਪਰ ਧਾਰਮਿਕ ਭਾਵਨਾ ਦੀ ਘਾਟ ਹੋਣ ਕਾਰਨ ਸਿੱਖੀ ਨੂੰ ਸੰਭਾਲਣ ਪ੍ਰਤੀ ਤਾਂਘ ਨਹੀਂ ਰਹਿ ਗਈ ਜਾਪਦੀ। ਜੇ ਸੱਚਮੁੱਚ ਇਹ ਸਿੱਖੀ ਨੂੰ ਲੱਗ ਰਹੀ ਢਾਹ ਤੋਂ ਇਸ ਨੂੰ ਬਚਾਉਣ ਪ੍ਰਤੀ ਗੰਭੀਰ ਹੁੰਦੇ ਤਾਂ ਇਨ੍ਹਾਂ ਨੇ ਜਿੰਨੀ ਸ਼ਕਤੀ ਤੇ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਉਸ ਦੇ ਆਗੂਆਂ ਦਾ ਵਿਰੋਧ ਕਰਨ ਵਿੱਚ ਬਰਬਾਦ ਕੀਤਾ, ਜੇ ਓਨਾ ਸਮਾਂ ਆਪਣੇ ਗਠਜੋੜ ਦੇ ਹਰ ਗੁੱਟ ਨੇ ਪੰਜਾਬ ਦਾ ਇੱਕ ਜਿ਼ਲਾ ਅਪਣਾ ਕੇ ਉਸ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਅਤੇ ਭਟਕ ਕੇ ਸਿੱਖੀ ਵਿਰਸੇ ਨਾਲੋਂ ਟੁੱਟ ਗਏ ਨੌਜਵਾਨਾਂ ਨੂੰ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਜਾਣੂ ਕਰਵਾ ਕੇ ਮੁੜ ਸਿੱਖੀ ਨਾਲ ਜੋੜਨ ਦਾ ਉਪਰਾਲਾ ਕਰਨ ਵਿੱਚ ਲਾਇਆ ਹੁੰਦਾ ਤਾਂ ਨਾ ਕੇਵਲ ਪੰਜਾਬ ਵਿੱਚ ਸਿੱਖੀ ਦਾ ਕਾਇਆ ਕਲਪ ਹੋ ਗਿਆ ਹੁੰਦਾ, ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਅਕਾਲੀ ਦਲ (ਬਾਦਲ) ਨੂੰ ਚੁਣੌਤੀ ਦੇਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਣ ਦੀ ਚਿੰਤਾ ਵੀ ਨਾ ਹੁੰਦੀ।
ਕੀ ਸੱਤਾ ਪਰਿਵਰਤਨ ਨਾਲ ਸੁਧਾਰ ਹੋ ਜਾਏਗਾ? ਇਹ ਅਜਿਹਾ ਸੁਆਲ ਹੈ, ਜਿਸ ਦਾ ਸਾਰਥਕ ਜੁਆਬ ਦੇ ਸਕਣਾ ਸ਼ਾਇਦ ਕਿਸੇ ਲਈ ਵੀ ਸੰਭਵ ਨਾ ਹੋਵੇ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਬਜ਼ਾ ਕਰਨ ਦੇ ਦਾਅਵੇਦਾਰ ਜਿੰਨੇ ਵੀ ਗੁੱਟ ਸਿੱਖ ਰਾਜਨੀਤੀ ਵਿੱਚ ਸਰਗਰਮ ਹਨ, ਲਗਭਗ ਸਾਰਿਆਂ ਦਾ ਹੀ ਨਿਸ਼ਾਨਾ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹਾਸਲ ਕਰ ਕੇ ਉਸ ਦੇ ਸਾਧਨਾਂ ਨੂੰ ਆਪਣੇ ਰਾਜਸੀ ਹਿੱਤ ਪੂਰਟ ਕਰਨ ਲਈ ਵਰਤਣਾ ਹੈ। ਜੇ ਇਨ੍ਹਾਂ ਵਿੱਚ ਸੱਚਮੁੱਚ ਗੁਰਧਾਮਾਂ ਦੀ ਪਵਿੱਤਰਤਾ ਅਤੇ ਮਰਿਆਦਾਵਾਂ ਦੇ ਨਾਲ ਇਤਿਹਾਸਕ ਵਿਰਸੇ ਨੂੰ ਬਚਾਉਣ ਦੀ ਇਮਾਨਦਾਰੀ ਪੂਰਨ ਭਾਵਨਾ ਹੁੰਦੀ ਤਾਂ ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਉਪਰ ਕਬਜ਼ਾ ਕਰਨ ਦੀ ਲਾਲਸਾ ਨਾ ਹੁੰਦੀ, ਕਿਉਂਕਿ ਇਹ ਕੰਮ ਨਾ ਚੋਣਾਂ ਰਾਹੀਂ ਅਤੇ ਨਾ ਚੋਣਾਂ ਜਿੱਤ ਕੇ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਨਾਲ ਹੋ ਸਕਣਾ ਹੈ। ਇਸ ਦਾ ਕਾਰਨ ਇਹ ਹੈ ਕਿ ਜੇ ਇਨ੍ਹਾਂ ਦੀ ਮੰਗ ਅਨੁਸਾਰ ਵੋਟਰ-ਫਾਰਮ ਵਿੱਚ ਸੋਧ ਹੋ ਵੀ ਜਾਂਦੀ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਡੇਰੇਦਾਰਾਂ ਦੇ ਕੇਸਾਧਾਰੀ ਪੈਰੋਕਾਰਾਂ ਨੂੰ ਵੋਟਰ ਬਣਨ ਅਤੇ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕ ਨਹੀਂ ਸੀ ਸਕਣਾ। ਫਲਸਰੂਪ ਇਨ੍ਹਾਂ ਚੋਣਾਂ ਵਿੱਚ ਜਿੱਤ-ਹਾਰ ਦਾ ਫੈਸਲਾ ਕਰਨਾ ਉਨ੍ਹਾਂ ਦੇ ਹੱਥ ਵਿੱਚ ਹੀ ਰਹੇਗਾ।
ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਉੱਤੇ ਕਬਜ਼ਾ ਕਰਨ ਦੀ ਲਾਲਸਾ ਛੱਡ ਕੇ ਇੱਕ ਅਜਿਹੀ ਗੁਰਦੁਆਰਾ ਸੁਧਾਰ ਅਤੇ ਸਿੱਖੀ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਪ੍ਰਤੀ ਸਮਰਪਿਤ ਹੋਇਆ ਜਾਏ, ਜਿਸ ਦਾ ਸਰੂਪ ਬੀਤੇ ਸਮੇਂ ਦੀ ਗੁਰਦੁਆਰਾ ਸੁਧਾਰ ਲਹਿਰ ਦੀਆਂ ਲੀਹਾਂ ਤੋਂ ਭਿੰਨ ਅਤੇ ਵਰਤਮਾਨ ਹਾਲਤ ਵਿੱਚ ਅਮਲ ਦੇ ਯੋਗ ਹੋਵੇ।
ਇਹ ਲਹਿਰ ਕਿਹੋ ਜਿਹੀ ਹੋਵੇ? ਇਸ ਦੇ ਸੰਬੰਧ ਵਿੱਚ ਇਥੇ ਇੱਕ ਘਟਨਾ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਇਹ ਘਟਨਾ ਹੈ ਤਾਂ ਬਹੁਤ ਪੁਰਾਣੀ, ਪਰ ਇਸ ਵਿੱਚ ਇੱਕ ਅਜਿਹੀ ਸਾਰਥਕ ਸੱਚਾਈ ਛੁਪੀ ਹੋਈ ਹੈ, ਜੋ ਸਿੱਖੀ ਦੇ ਪ੍ਰਚਾਰ ਵਿੱਚ ਪ੍ਰਭਾਵੀ ਤੇ ਸੁਚੱਜਾ ਮਾਰਗ-ਦਰਸ਼ਨ ਕਰਨ ਦੇ ਸਮਰਥ ਹੈ। ਘਟਨਾ ਇਉਂ ਬਿਆਨ ਕੀਤੀ ਗਈ ਹੈ ਕਿ ਇੱਕ ਸਿੱਖ ਫੌਜੀ ਅਫਸਰ ਨੇ ਬੜੇ ਚਾਅ ਨਾਲ ਆਪਣੇ ਪੁੱਤ ਨੂੰ ਫੌਜ ਵਿੱਚ ਅਫਸਰ ਭਰਤੀ ਕਰਾਇਆ। ਜਦੋਂ ਉਹ ਭਰਤੀ ਹੋਇਆ ਤੇ ਪਹਿਲੀ ਵਾਰ ਵਰਦੀ ਵਿੱਚ ਘਰ ਆਇਆ ਤਾਂ ਉਸ ਦੇ ਮਾਪੇ ਖੁਸ਼ੀ ਵਿੱਚ ਫੁੱਲੇ ਨਹੀਂ ਸੀ ਸਮਾ ਰਹੇ, ਪਰ ਜਦੋਂ ਉਹ ਕੁਝ ਸਮੇਂ ਬਾਅਦ ਛੁੱਟੀ ਆਇਆ ਤਾਂ ਉਸ ਦਾ ਸਿੱਖੀ ਸਰੂਪ ਤੋਂ ਸੱਖਣਾ ਚਿਹਰਾ ਵੇਖ ਕੇ ਮਾਂ-ਬਾਪ ਦੇ ਦਿਲ ਨੂੰ ਬਹੁਤ ਧੱਕਾ ਲੱਗਾ ਤੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ। ਫਿਰ ਵੀ ਉਨ੍ਹਾਂ ਆਪਣੇ ਦਿਲ ਦੇ ਦਰਦ ਅਤੇ ਆਪਣੀ ਨਿਰਾਸ਼ਾ ਨੂੰ ਪ੍ਰਗਟ ਨਾ ਹੋਣ ਦਿੱਤਾ ਅਤੇ ਉਸੇ ਤਰ੍ਹਾਂ ਉਸ ਦਾ ਚਾਅ-ਮਲ੍ਹਾਰ ਕਰਦੇ ਰਹੇ, ਜਿਵੇਂ ਪਹਿਲਾਂ ਕਰਦੇ ਰਹੇ ਸਨ। ਜਦੋਂ ਉਸ ਦੀਆਂ ਛੁੱਟੀਆਂ ਖਤਮ ਹੋਣ ‘ਤੇ ਆਈਆਂ ਤਾਂ ਮਾਪਿਆਂ ਨੇ ਉਸ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ ਪ੍ਰੋਗਰਾਮ ਬਣਾ ਲਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਸਹਿਜ-ਸੁਭਾਅ ਪਰਿਕਰਮਾ ਵਿੱਚ ਸਥਿਤ ਸਿੱਖ ਅਜਾਇਬਘਰ ਵੱਲ ਆ ਗਏ। ਉਥੇ ਉਸ ਫੌਜੀ ਨੌਜਵਾਨ ਨੇ ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਦੇ ਚਿੱਤਰ ਵੇਖੇ। ਪਿਤਾ ਨੇ ਸਹਿਜ ਸੁਭਾਅ ਚਿੱਤਰਾਂ ਸਾਹਮਣਿਉਂ ਨਿਕਲਦਿਆਂ ਗੁਰੂ ਸਾਹਿਬਾਨ ਅਤੇ ਉਨ੍ਹਾਂ ਸਿੱਖਾਂ ਦੀ ਸ਼ਹਾਦਤ ਦਾ ਇਤਿਹਾਸ ਉਸ ਨੂੰ ਬੜੇ ਵਿਸਥਾਰ ਨਾਲ ਸੁਣਾਇਆ, ਜਿਨ੍ਹਾਂ ਨੇ ਸਿੱਖੀ ਸਿਦਕ ਨੂੰ ਕੇਸਾਂ ਸੁਆਸਾਂ ਸੰਗ ਨਿਭਾਇਆ ਸੀ। ਜਦੋਂ ਉਹ ਫੌਜੀ ਪੁੱਤਰ ਮਾਪਿਆਂ ਨਾਲ ਅਜਾਇਬ ਘਰ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਅਰੁਕ ਅੱਥਰੂ ਵਹਿ ਤੁਰੇ ਸਨ। ਉਸ ਨੇ ਸ੍ਰੀ ਹਰਿਮੰਦਰ ਸਾਹਿਬ ਵੱਲ ਹੱਥ ਜੋੜ ਕੇ ਅਤੇ ਸਿਰ ਨਿਵਾ ਕੇ ਸਤਿਗੁਰਾਂ ਅਤੇ ਮਾਪਿਆਂ ਨਾਲ ਪ੍ਰਣ ਕੀਤਾ ਕਿ ਹੁਣ ਜਦੋਂ ਉਹ ਛੁੱਟੀਆਂ ਵਿੱਚ ਘਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏਗਾ, ਤਾਂ ਪੂਰਨ ਸਿੱਖੀ ਸਰੂਪ ਵਿੱਚ ਹੋਵੇਗਾ।
ਇਹ ਘਟਨਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜੇ ਬੱਚਿਆਂ ਨੂੰ ਗੁਰੂ ਸਾਹਿਬਾਨ ਤੇ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਿਹਾ ਜਾਏ ਤਾਂ ਉਨ੍ਹਾਂ ਨੂੰ ਦੁਨੀਆ ਦੀ ਕੋਈ ਵੀ ਤਾਕਤ ਸਿੱਖੀ ਵਿਰਸੇ ਨਾਲੋਂ ਟੁੱਟਣ ‘ਤੇ ਮਜਬੂਰ ਨਹੀਂ ਕਰ ਸਕਦੀ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਜੇ ਹੁਣ ਵੀ ਸਿੱਖੀ ਦੇ ਪ੍ਰਚਾਰ ਲਈ ਪਿੰਡ-ਪਿੰਡ ਗੁਰੂ ਸਾਹਿਬਾਨ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਦੇ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਲਾ ਕੇ ਉਨ੍ਹਾਂ ਦੀਆਂ ਸ਼ਹਾਦਤਾਂ ਦਾ ਸੁਨੇਹਾ ਉਨ੍ਹਾਂ ਨੌਜਵਾਨਾਂ ਤੱਕ ਪੁਚਾਇਆ ਜਾਏ, ਜੋ ਸਿੱਖੀ ਦੇ ਇਤਿਹਾਸਕ ਵਿਰਸੇ ਤੋਂ ਅਣਜਾਣ ਹੋਣ ਕਾਰਨ ਸਿੱਖੀ ਨਾਲੋਂ ਟੁੱਟ ਗਏ ਹਨ, ਤਾਂ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਮੁੜ ਵਿਰਸੇ ਤੇ ਸਿੱਖੀ ਸਰੂਪ ਨਾਲ ਜੋੜਿਆ ਜਾ ਸਕਦਾ ਹੈ। ਲੋੜ ਹੈ ਤਾਂ ਕੇਵਲ ਇਸ ਪਾਸੇ ਇਮਾਨਦਾਰ ਹੋਣ ਦੀ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!