Saturday, 4 February 2012, 9:51 PM Toronto Time

ਪਾਕਿ ਵੱਲ ਭਾਰਤ ਦੀ ਨੀਤੀ ‘ਤੇ ਵੀ ਅਮਰੀਕਾ ਹਾਵੀ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਲੇਖ


-ਵਰਿੰਦਰ ਕਪੂਰ
ਇਹ ਗੱਲ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਲਈ ਅਮਰੀਕਾ ਦੇ ਇਸ ਦਬਾਅ ਦਾ ਵਿਰੋਧ ਕਰ ਸਕਣਾ ਕਾਫੀ ਮੁਸ਼ਕਲ ਰਿਹਾ ਹੋਵੇਗਾ, ਨਹੀਂ ਤਾਂ ਉਹ ਆਪਣੇ ਅੜੀਅਲ ਗੁਆਂਢੀ ਪਾਕਿਸਤਾਨ ਅਤੇ ਉਸ ਦੇ ਵਾਰਤਾਕਾਰਾਂ ਵਲੋਂ ਗੱਲਬਾਤ ਵਿੱਚ ਅੜਿੱਕੇ ਡਾਹੁਣ ਦੇ ਬਾਵਜੂਦ ਉਸ ਨਾਲ ਵਾਰਤਾ ਪ੍ਰਕਿਰਿਆ ਅੱਗੇ ਵਧਾਉਣ ਲਈ ਕਦਮ ਨਾ ਚੁੱਕਦੇ। ਇਥੋਂ ਤੱਕ ਕਿ ਸ਼ਰਮ-ਅਲ-ਸ਼ੇਖ ਵਿੱਚ ਜਾਰੀ ਭਾਰਤ-ਪਾਕਿ ਦੇ ਸਾਂਝੇ ਬਿਆਨ ਵਿੱਚ ਬਲੋਚਿਸਤਾਨ ਦੇ ਮਾਮਲੇ ਨੂੰ ਸ਼ਾਮਲ ਕਰਨ ‘ਤੇ ਦਿਖਾਈ ਗਈ ਉਦਾਰਤਾ ਲਈ ਆਪਣੀ ਵਿਆਪਕ ਆਲੋਚਨਾ ਦੇ ਬਾਵਜੂਦ ਜੇ ਉਨ੍ਹਾਂ ਨੇ ਉਸ ਪਾਕਿਸਤਾਨ ਵੱਲ ਮਿੱਤਰਤਾ ਦਾ ਹੱਥ ਵਧਾਇਆ, ਜਿਸ ਨੇ ਮੌਕਾ ਮਿਲਦਿਆਂ ਹੀ ਭਾਰਤ ‘ਤੇ ਵਾਰ ਕਰਨ ਵਿੱਚ ਜ਼ਰਾ ਵੀ ਝਿਜਕ ਨਹੀਂ ਦਿਖਾਈ ਤਾਂ ਇਸ ਦਾ ਸਿੱਧਾ ਜਿਹਾ ਅਰਥ ਹੈ ਕਿ ਪ੍ਰਧਾਨ ਮੰਤਰੀ ‘ਤੇ ਅਮਰੀਕਾ ਦਾ ਅਜਿਹਾ ਦਬਾਅ ਸੀ, ਜਿਸ ਅੱਗੇ ਝੁਕਦਿਆਂ ਉਨ੍ਹਾਂ ਨੂੰ ਵਾਰਤਾ ਪ੍ਰਕਿਰਿਆ ਅੱਗੇ ਵਧਾਉਣ ਲਈ ਮਜਬੂਰ ਹੋਣਾ ਪਿਆ।
ਹੁਣ ਜਦੋਂ ਜਾਰਜ ਡਬਲਯੂ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਨਹੀਂ ਰਹੇ ਤੇ ਪ੍ਰਧਾਨ ਮੰਤਰੀ ਵੀ ਹੁਣ ਇਹ ਕਹਿਣ ਦੀ ਸਥਿਤੀ ਵਿੱਚ ਨਹੀਂ ਕਿ ਹਰ ਭਾਰਤੀ ਓਬਾਮਾ ਨੂੰ ਪਿਆਰ ਕਰਦਾ ਹੈ, ਫਿਰ ਵੀ ਹਕੀਕਤ ਇਹ ਹੈ ਕਿ ਅਮਰੀਕਾ ਸਾਡੀ ਪਾਕਿਸਤਾਨ ਨੀਤੀ ਨੂੰ ਅਮਲੀ ਤੌਰ ‘ਤੇ ਨਿਰਦੇਸ਼ਤ ਕਰਦਾ ਲੱਗਦਾ ਹੈ, ਕਿਉਂਕਿ ਉਸ ਨੂੰ ਅਫਗਾਨਿਸਤਾਨ ‘ਚੋਂ ਬਾਹਰ ਨਿਕਲਣ ਲਈ ਪਾਕਿਸਤਾਨ ਦੀ ਲੋੜ ਹੈ।
ਇਸ ਸਬੰਧੀ ਦੋ ਸਾਧਾਰਨ ਤੱਥਾਂ ਨੂੰ ਦੇਖਿਆ ਜਾ ਸਕਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਲਸ਼ਕਰੇ ਤੋਇਬਾ ਦੇ ਮੁਖੀ ਹਾਫਿਜ ਸਈਦ ਦੀ ਤੁਲਨਾ ਭਾਰਤੀ ਵਿਦੇਸ਼ ਸਕੱਤਰ ਜੀ ਕੀ ਪਿਲੱਈ ਨਾਲ ਕੀਤੀ ਤਾਂ ਐਸ ਐਮ ਕ੍ਰਿਸ਼ਨਾ ਚੁੱਪ ਬੈਠੇ ਰਹੇ। ਸਪੱਸ਼ਟ ਹੈ ਕਿ ਕ੍ਰਿਸ਼ਨਾ ਨੇ ਵੀ ਭਾਰਤ-ਪਾਕਿ ਵਾਰਤਾ ਦੇ ਮੌਕੇ ‘ਤੇ ਪਿਲੱਈ ਦੇ ਇਸ ਬਿਆਨ ਨੂੰ ਪਸੰਦ ਨਹੀਂ ਕੀਤਾ ਹੋਵੇਗਾ ਕਿ ‘ਪਾਕਿਸਤਾਨੀ ਮੂਲ ਦੇ ਅਮਰੀਕਨ ਅੱਤਵਾਦੀ ਡੇਵਿਡ ਹੈਡਲੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 25 ਨਵੰਬਰ 2008 ਨੂੰ ਮੁੰਬਈ ‘ਤੇ ਹੋਏ ਅੱਤਵਾਦੀ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅਮਲ ਵਿੱਚ ਲਿਆਉਣ ਵਿੱਚ ਆਈ ਐਸ ਆਈ ਪੂਰੀ ਤਰ੍ਹਾਂ ਸ਼ਾਮਲ ਸੀ।’
ਅਮਰੀਕਾ ਵਲੋਂ ਭਾਰਤ ਦੀ ਪਾਕਿ ਨੀਤੀ ‘ਤੇ ਪ੍ਰਭਾਵ ਪਾਉਣ ਦਾ ਇੱਕ ਹੋਰ ਸਪੱਸ਼ਟ ਸਬੂਤ ਉਦੋਂ ਮਿਲਿਆ, ਜਦੋਂ ਲਗਭਗ ਇੱਕੋ ਸਮੇਂ ਐਸ ਐਮ ਕ੍ਰਿਸ਼ਨਾ ਤੇ ਅਮਰੀਕਾ ਸਰਕਾਰ ਦੇ ਇੱਕ ਬੁਲਾਰੇ ਨੇ ਸ੍ਰੀ ਪਿਲੱਈ ਵਲੋਂ ਹੈਡਲੀ ਦੇ ਖੁਲਾਸੇ ਨੂੰ ਜਨਤਕ ਕੀਤੇ ਜਾਣ ‘ਤੇ ਹੈਰਾਨੀ ਪ੍ਰਗਟਾਈ ਸੀ।
ਪਾਕਿਸਤਾਨ ਤੋਂ ਵਾਪਸ ਆਉਣ ਤੋਂ ਕਈ ਦਿਨਾਂ ਬਾਅਦ ਐਸ ਐਮ ਕ੍ਰਿਸ਼ਨਾ ਕੋਈ ਅਜਿਹਾ ਵਿਸ਼ੇਸ ਕਾਰਨ ਨਹੀਂ ਦੱਸ ਸਕੇ ਕਿ ਉਨ੍ਹਾਂ ਨੇ ਸ੍ਰੀ ਪਿਲੱਈ ਵਲੋਂ ਕੀਤੇ ਗਏ ਖੁਲਾਸੇ ਦੀ ਜਨਤਕ ਤੌਰ ‘ਤੇ ਆਲੋਚਨਾ ਕਿਉਂ ਕੀਤੀ ਸੀ? ਸਪੱਸ਼ਟ ਹੈ ਕਿ ਪਿਲੱਈ ਵਲੋਂ ਦਿੱਤੇ ਬਿਆਨ ਤੋਂ ਆਈ ਐਸ ਆਈ ਬੁਰੀ ਤਰ੍ਹਾਂ ਭੜਕੀ ਹੈ। ਸਿੱਟੇ ਵਜੋਂ ਉਸਨੇ ਸਭ ਤੋਂ ਪਹਿਲਾਂ ਵਿਦੇਸ਼ ਮੰਤਰੀ ਕੁਰੈਸ਼ੀ ਨੂੰ ਆਪਣੀ ਕਠਪੁਤਲੀ ਵਜੋਂ ਇਸਤੇਮਾਲ ਕਰ ਕੇ ਭਾਰਤੀ ਵਿਦੇਸ਼ ਸਕੱਤਰ ਦੀ ਸਖਤ ਆਲੋਚਨਾ ਕਰਾਈ, ਜੋ ਕਿ ਡਿਪਲੋਮੈਟਿਕ ਵਿਹਾਰ ਦੀ ਖੁੱਲ੍ਹੀ ਉਲੰਘਣਾ ਸੀ। ਫਿਰ ਪਾਕਿਸਤਾਨ ਨੇ ਅਮਰੀਕਾ ਕੋਲ ਇਸ ਦੀ ਸ਼ਿਕਾਇਤ ਕੀਤੀ, ਜਿਸ ਦੀ ਵਜ੍ਹਾ ਕਰ ਕੇ ਕ੍ਰਿਸ਼ਨਾ ਨੇ ਜਨਤਕ ਤੌਰ ‘ਤੇ ਪਿਲੱਈ ਦੀ ਆਲੋਚਨਾ ਕਰ ਦਿੱਤੀ।
ਅਮਰੀਕਨਾਂ ਦਾ ਕਹਿਣਾ ਸੀ ਕਿ ਹੈਡਲੀ ਨੇ ਭਾਰਤ ਦੀ ਜਾਂਚ ਕਰਤਾ ਟੀਮ ਸਾਹਮਣੇ ਜੋ ਗੱਲਾਂ ਮੰਨੀਆਂ ਸਨ, ਉਹ ਜਨਤਕ ਤੌਰ ‘ਤੇ ਪ੍ਰਗਟਾਉਣ ਲਈ ਨਹੀਂ ਸਨ, ਪਰ ਸਵਾਲ ਉਠਦਾ ਹੈ ਕਿ ਕ੍ਰਿਸ਼ਨਾ ਨੇ ਜਨਤਕ ਤੌਰ ‘ਤੇ ਪਿਲੱਈ ਦੇ ਬਿਆਨ ‘ਤੇ ਆਪਣੀ ਨਾਰਾਜ਼ਗੀ ਪ੍ਰਗਟਾ ਕੇ ਆਈ ਐਸ ਆਈ ਦੀ ਅਸਿੱਧੀ ਸਹਾਇਤਾ ਕਿਉਂ ਕੀਤੀ?
ਇਹ ਇੱਕ ਦੁਖਦਾਈ ਸਥਿਤੀ ਹੈ ਕਿ ਜਦੋਂ ਵੀ ਪਾਕਿਸਤਾਨ ਪ੍ਰਤੀ ਨੀਤੀ ਬਣਾਉਣ ਦੀ ਗੱਲ ਆਉਂਦੀ ਹੈ, ਉਦੋਂ ਭਾਰਤ ਖੁਦ ਨੂੰ ਇਸ ਸਬੰਧੀ ‘ਫ੍ਰੀ’ ਮਹਿਸੂਸ ਨਹੀਂ ਕਰਦਾ। ਇਸ ਸੰਦਰਭ ਵਿੱਚ ਗ੍ਰਹਿ ਮੰਤਰਾਲੇ ਵਿੱਚ ਇੱਕ ਵਧੀਕ ਸਕੱਤਰ ਪੱਧਰ ਦੇ ਅਧਿਕਾਰੀ ਨੂੰ ਗ੍ਰਹਿ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਵਜੋਂ ਨਿਯੁਕਤ ਕੀਤੇ ਜਾਣ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਦਫਤਰ ਅਤੇ ਵਿਦੇਸ਼ ਮੰਤਰਾਲਾ ਪਿਲੱਈ ਦੀ ਆਲੋਚਨਾ ਤੋਂ ਹੀ ਸੰਤੁਸ਼ਟ ਨਹੀਂ, ਸਗੋਂ ਦੋਵੇਂ ਚਾਹੁੰਦੇ ਹਨ ਕਿ ਪਿਲੱਈ ਨੂੰ ਇਸ ਗੱਲ ਲਈ ਸਜ਼ਾ ਦਿੱਤੀ ਜਾਵੇ ਕਿ ਉਨ੍ਹਾਂ ਨੇ ਮੁੰਬਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਸਿੱਧੇ ਤੌਰ ‘ਤੇ ਆਈ ਐਸ ਆਈ ਦਾ ਨਾਂ ਕਿਉਂ ਲਿਆ? ਇਸ ਤਰ੍ਹਾਂ ਹੁਣ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਪਿਲੱਈ ਅੱਗੇ ਤੋਂ ਮੀਡੀਆ ਨਾਲ ਗੱਲ ਨਹੀਂ ਕਰਨਗੇ। ਹੁਣ ਅਗਾਂਹ ਤੋਂ ਉਨ੍ਹਾਂ ਦੇ ਵਿਭਾਗ ਦਾ ਬੁਲਾਰਾ ਉਨ੍ਹਾਂ ਤੋਂ ਇੱਕ ਰੈਂਕ ਹੇਠਾਂ ਵਾਲੇ ਅਧਿਕਾਰੀ ਨੂੰ ਬਣਾਇਆ ਗਿਆ ਹੈ। ਅਜਿਹਾ ਕਰ ਕੇ ਪਾਕਿਸਤਾਨ ਤੇ ਅਮਰੀਕਾ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਆਪਣੇ ਉਸ ਗ੍ਰਹਿ ਸਕੱਤਰ ‘ਤੇ ਹੁਣ ਯਕੀਨ ਨਹੀਂ ਕਰਦੀ, ਜਿਸ ਨੇ 26 ਨਵੰਬਰ ਦੇ ਅੱਤਵਾਦੀ ਹਮਲੇ ਲਈ ਆਈ ਐਸ ਆਈ ‘ਤੇ ਦੋਸ਼ ਲਗਾਇਆ ਸੀ।
ਤੱਥ ਇਹ ਹੈ ਕਿ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਗ੍ਰਹਿ ਸਕੱਤਰ ਦੀ ਇਸ ਸਥਿਤੀ ‘ਤੇ ਚੁੱਪ ਵੱਟ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਂਜ ਇਸ ਘਟਨਾ ਨਾਲ ਸਰਕਾਰ ਵਿੱਚ ਉੱਚ ਪੱਧਰ ‘ਤੇ ਮਤਭੇਦ ਵੀ ਸਾਹਮਣੇ ਆਏ ਹਨ। ਜੇ ਕੇਂਦਰੀ ਗ੍ਰਹਿ ਸਕੱਤਰ ਨੇ ਇੰਨੇ ਅਹਿਮ ਮੌਕੇ ‘ਤੇ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਪਿੱਛੇ ਆਈ ਐਸ ਆਈ ਦਾ ਹੱਥ ਹੋਣ ਦੀ ਗੱਲ ਕਹੀ ਤਾਂ ਉਹ ਚਿਦੰਬਰਮ ਦੀ ਸਹਿਮਤੀ ਨਾਲ ਹੀ ਕਹੀ ਹੋਵੇਗੀ। ਇਸ ਲਈ ਚਿਦੰਬਰਮ ਦਾ ਫਰਜ਼ ਸੀ ਕਿ ਉਹ ਆਪਣੇ ਮੰਤਰਾਲੇ ਦੇ ਸੀਨੀਅਰ ਅਫਸਰ ਦਾ ਬਚਾਅ ਕਰਦੇ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਜੇ ਉਹ ਪਿਲੱਈ ਦਾ ਬਚਾਅ ਕਰਦੇ ਹਨ ਤਾਂ ਉਨ੍ਹਾਂ ਨੂੰ ਜਨਤਕ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ। ਗ੍ਰਹਿ ਸਕੱਤਰ ਵਰਗੇ ਸੀਨੀਅਰ ਤੇ ਤਜਰਬੇਕਾਰ ਅਧਿਕਾਰੀ ਇਸਲਾਮਾਬਾਦ ਵਿੱਚ ਹੋ ਰਹੀ ਭਾਰਤ-ਪਾਕਿ ਦੀ ਪੂਰਬਲੀ ਸ਼ਾਮ ‘ਤੇ ਗ੍ਰਹਿ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਆਪਣੇ ਆਪ ਮੀਡੀਆ ਨਾਲ ਅਜਿਹੀਆਂ ਗੱਲਾਂ ਨਹੀਂ ਕਰ ਸਕਦੇ ਸਨ। ਅਜਿਹਾ ਲੱਗਦਾ ਹੈ ਕਿ ਪਿਲੱਈ ਵਲੋਂ ਕਹੀਆਂ ਉਪਰੋਕਤ ਗੱਲਾਂ ਪਿੱਛੇ ਸ਼ਾਇਦ ਚਿਦੰਬਰਮ ਦੇ ਕੁਝ ਵਿਸ਼ੇਸ਼ ਉਦੇਸ਼ ਸਨ। ਗ੍ਰਹਿ ਮੰਤਰੀ ਵਲੋਂ ਮੁੰਬਈ ਹਮਲੇ ਪਿੱਛੇ ਪਾਕਿਸਤਾਨ ਦੀ ਆਈ ਐਸ ਆਈ ਦਾ ਹੱਥ ਹੋਣ ਦੀ ਗੱਲ ਅਖਵਾਉਣ ਪਿੱਛੇ ਇਹ ਉਦੇਸ਼ ਸੀ ਕਿ ਪਾਕਿਸਤਾਨ ਭਾਰਤ ਵਿੱਚ ਅੱਤਵਾਦੀ ਹਮਲੇ ਕਰਨੇ ਬੰਦ ਕਰੇ। ਉਹ ਚਾਹੁੰਦੇ ਸਨ ਕਿ ਦੋਵਾਂ ਵਿਦੇਸ਼ ਮੰਤਰੀਆਂ ਦੀ ਗੱਲਬਾਤ ਵਿੱਚ ਇਹ ਵਿਸ਼ਾ ਮੁੱਖ ਤੌਰ ‘ਤੇ ਸ਼ਾਮਲ ਕੀਤਾ ਜਾਵੇ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਦੋਸ਼ ਲਾਇਆ ਕਿ ਐਸ ਐਮ ਕ੍ਰਿਸ਼ਨਾ ਚੱਲ ਰਹੀ ਗੱਲਬਾਤ ਦੌਰਾਨ ਨਵੀਂ ਦਿੱਲੀ ਫੋਨ ਕਰ ਕੇ ਗੱਲਬਾਤ ਲਈ ਹਦਾਇਤਾਂ ਲੈਂਦੇ ਰਹੇ।
ਦੱਸਿਆ ਜਾਂਦਾ ਹੈ ਕਿ ਇੱਕ ਵਿਦੇਸ਼ ਸੇਵਾ ਦੇ ਜੂਨੀਅਰ ਅਧਿਕਾਰੀ, ਜੋ ਪ੍ਰਧਾਨ ਮੰਤਰੀ ਦਾ ਨਜ਼ਦੀਕੀ ਹੋਣ ਦਾ ਦਾਅਵਾ ਕਰਦਾ ਹੈ, ਵਲੋਂ ਵਾਰ-ਵਾਰ ਗੱਲਬਾਤ ਦੀ ਤਰੱਕੀ ਬਾਰੇ ਵਿਦੇਸ਼ ਮੰਤਰੀ ਕ੍ਰਿਸ਼ਨਾ ਅਤੇ ਵਿਦੇਸ਼ ਸਕੱਤਰ ਨੂੰ ਫੋਨ ਕੀਤੇ ਜਾਂਦੇ ਰਹੇ। ਉਨ੍ਹਾਂ ਇਹ ਵੀ ਨਹੀਂ ਸੋਚਿਆ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਪਾਕਿਸਤਾਨੀ ਅਧਿਕਾਰੀ ਮਾਨੀਟਰ ਕਰ ਰਹੇ ਹੋਣਗੇ। ਇਹ ਅੱਜ ਦੇ ਆਧੁਨਿਕ ਸੰਚਾਰ ਦੇ ਯੁੱਗ ਵਿੱਚ ਅਸੰਭਵ ਵੀ ਨਹੀਂ ਹੈ, ਜਿਸ ਦਾ ਖਿਆਲ ਨਹੀਂ ਰੱਖਿਆ ਗਿਆ ਤੇ ਪੋਜ਼ੀਸ਼ਨ ਹਾਸੋਹੀਣੀ ਹੋ ਗਈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!