Saturday, 4 February 2012, 9:55 PM Toronto Time

ਅਮਨ ਅਤੇ ਬੁਨਿਆਦੀ ਸੰਸਾਰਕ ਮਸਲੇ

1 Star2 Stars3 Stars4 Stars5 Stars (No Ratings Yet)
Loading ... Loading ...

On 2 September 2010 in ਲੇਖ


-ਭੁਪਿੰਦਰ ਸਿੰਘ ਸੰਧੂ
ਅਗਸਤ 1996 ਤੋਂ ਸ਼ੁਰੂ ਹੋ ਕੇ ਅਗਸਤ 1997 ਤੱਕ ਦਾ ਸਮਾਂ ਸਾਡੇ ਦੇਸ਼ ਦੀ ਆਜ਼ਾਦੀ ਦਾ ਪੰਜਾਹਵਾਂ ਸਾਲ ਸੀ। ਇਸ ਸਮੇਂ ਸਾਡੇ ਹਾਕਮਾਂ ਨੇ ਆਜ਼ਾਦੀ ਪਿੱਛੋਂ ਹੋਈ ਹਰ ਖੇਤਰ ਵਿੱਚ ਤਰੱਕੀ ਦੇ ਸੋਹਲੇ ਗਾਉਣ ਲਈ ਦੇਸ਼ ਭਰ ਦੀਆਂ ਅਖਬਾਰਾਂ ਤੇ ਹੋਰ ਪ੍ਰਚਾਰ ਮਾਧਿਅਮਾਂ ਰਾਹੀਂ ਖੂਬ ਪ੍ਰਚਾਰ ਕੀਤਾ ਕਿ ਸਾਡਾ ਦੇਸ਼ ਅੱਧੀ ਸਦੀ ਵਿੱਚ ਕਿਥੋਂ-ਕਿਥੇ ਪਹੁੰਚ ਗਿਆ ਹੈ। ਇਥੇ ਵੱਸਦੇ ਹਰ ਧਰਮ, ਹਰ ਵਰਗ ਦੇ ਲੋਕ ਬਹੁਤ ਮਜ਼ੇ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਸਰਕਾਰਾਂ ਦਾ ਇਹ ਸਭ ਕੁਝ ਦੱਸਣਾ ਸੁਭਾਵਕ ਹੁੰਦਾ ਹੈ ਤਾਂ ਕਿ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਸਕਣ। ਇਸ ਲਈ ਪੂਰੇ ਜ਼ੋਰ ਸ਼ੋਰ ਨਾਲ ਇਹ ਪ੍ਰਚਾਰ ਕੀਤਾ ਗਿਆ ਕਿ ਦੇਸ਼ ਵਿੱਚ ਜੋ ਪੱਕੀਆਂ ਇੱਟਾਂ ਲੱਗੀਆਂ ਨਜ਼ਰ ਆਉਂਦੀਆਂ ਹਨ, ਉਹ ਸਰਕਾਰ ਦੀ ਮਿਹਨਤ ਤੇ ਅਣਥੱਕ ਕੋਸ਼ਿਸ਼ਾਂ ਕਰਕੇ ਸੰਭਵ ਹੋਈਆਂ ਹਨ। ਇਨ੍ਹਾਂ ਪ੍ਰਾਪਤੀਆਂ ਨਾਲ ਭਰੇ ਇਸ਼ਤਿਹਾਰਾਂ ਨਾਲ-ਨਾਲ ਪੰਜਾਬ ਤੇ ਬੰਗਾਲ ਵਿੱਚ ਕੁਝ ਅਜਿਹਾ ਵੀ ਛਪਣਾ ਸ਼ੁਰੂ ਹੋਇਆ, ਜੋ ਇਥੋਂ ਦੇ ਲੋਕਾਂ ਨੇ ਅੰਗਰੇਜ਼ ਦੀ ਸਾਜ਼ਿਸ਼, 1947 ਦੀ ਵੰਡ ਦੇ ਦੁਖਾਂਤ, ਮੌਕੇ ਹੰਢਾਇਆ ਸੀ। ਇਹ ਦੁਖਾਂਤ ਏਡਾ ਵੱਡਾ ਸੀ ਕਿ ਇਸ ਦੇ ਡੂੰਘੇ ਜ਼ਖਮਾਂ ‘ਤੇ ਮੁੜ ਚਮੜੀ ਪਰਤਣ ਲਈ ਕਈ ਸਦੀਆਂ ਲੱਗਣਗੀਆਂ। ਵੰਡ ਨੇ ਅਜਿਹਾ ਦਰਦ ਦਿੱਤਾ ਕਿ ਭੁਲਾਇਆ ਭੁੱਲਦਾ ਨਹੀਂ। ਕਹਿੰਦੇ ਹਨ ਕਿ ਜਨਮ ਭੋਂ ਛੱਡਣ ਤੋਂ ਵੱਡਾ ਕੋਈ ਦਰਦ ਨਹੀਂ ਹੁੰਦਾ, ਪਰ ਇਸ ਵੰਡ ਦੇ ਜ਼ਖਮ ਨੇ ਸਿਰਫ ਜਨਮ ਭੌ ਹੀ ਨਹੀਂ ਸੀ ਛੁਡਾਈ, ਦੋਵੀਂ ਪਾਸੀਂ ਉਜੜ ਰਹੇ 10 ਲੱਖ ਦੇ ਕਰੀਬ ਪੰਜਾਬੀਆਂ ਦਾ ਕਤਲ ਵੀ ਕਰਵਾਇਆ ਸੀ, ਜਿਸ ਨਾਲ ਕਿੰਨੇ ਹੀ ਪਰਿਵਾਰਾਂ ਦਾ ਨਾਮੋ-ਨਿਸ਼ਾਨ ਹੀ ਖਤਮ ਹੋ ਗਿਆ ਸੀ।
ਬਰਤਾਨਵੀ ਹਾਕਮਾਂ ਨੇ ਇਤਿਹਾਸ ਵਿੱਚ ਵਾਪਰੀ ਹਰ ਵੱਡੀ ਘਟਨਾ ‘ਤੇ ਮਿੱਟੀ ਪਾਉਣ ਦਾ ਕੰਮ ਕੀਤਾ ਹੈ ਤੇ ਉਨ੍ਹਾਂ ਦੀ ਜੀ-ਹਜ਼ੂਰੀ ਕਰਦੇ ਉਨ੍ਹਾਂ ਦੇ ਸਰਕਾਰੀ ਇਤਿਹਾਸਕਾਰਾਂ ਨੇ ਵੀ। ਅੰਗਰੇਜ਼ ਇਤਿਹਾਸਕਾਰ ਸਰ ਪੈਂਡਰਿਲ ਅਤੇ ਲਾਰਡ ਮਾਊਂਟਬੈਟਨ ਨੇ 1947 ਵਿੱਚ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਦੱਸੀ ਸੀ। ਇਸ ਵਿੱਚ ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਆਪਣੀ ਵੰਡ ਦੀ ਕਰਤੂਤ ਤੋਂ ਉਪਜੇ ਮਾਰੂ ਦੁਖਾਂਤ ‘ਤੇ ਭਾਰੀ ਪਰਦਾ ਪਾਇਆ ਸੀ। ਇਤਿਹਾਸਕਾਰ ਸੀ ਡੀ ਖੋਸਲਾ ਨੇ ਇਹ ਗਿਣਤੀ ਪੰਜ ਲੱਖ ਦੇ ਕਰੀਬ ਦੱਸੀ। ਆਈਨ ਸਟੀਫਨ ਅਤੇ ਮਾਈਕਲ ਐਡਵਰਡਜ਼ ਨੇ ਛੇ ਲੱਖ ਦੇ ਕਰੀਬ ਦੱਸੀ ਅਤੇ ਪੰਜਾਬ ਦੇ ਨਾਮਵਰ ਇਤਿਹਾਸਕਾਰ ਡਾ. ਕ੍ਰਿਪਾਲ ਸਿੰਘ ਨੇ ਅੱਠ ਲੱਖ ਦੇ ਕਰੀਬ ਦੱਸੀ ਸੀ। ਇੰਜ ਇਹ ਅੰਦਾਜ਼ਾ ਲਾਉਣਾ ਸੁਭਾਵਕ ਹੈ ਕਿ ਕਿੰਨਾ ਕੁਝ ਨਜ਼ਰਾਂ ਓਹਲੇ ਰਹਿ ਗਿਆ ਹੋਵੇਗਾ ਤੇ ਗਿਣਤੀ 10 ਲੱਖ ਦੇ ਅੰਕੜੇ ਦੇ ਕਰੀਬ ਹੀ ਹੋਵੇਗੀ।
ਚੜ੍ਹਦੇ ਪੰਜਾਬ ਦੇ 43 ਲੱਖ ਦੇ ਕਰੀਬ ਲੋਕਾਂ ਦਾ ਉਜਾੜਾ ਹੋਇਆ ਤੇ ਲਹਿੰਦੇ ਪੰਜਾਬ ਵਿੱਚੋਂ ਉਜੜਨ ਵਾਲਿਆਂ ਦੀ ਗਿਣਤੀ 38 ਲੱਖ ਦੇ ਕਰੀਬ ਦੱਸੀ ਗਈ ਹੈ। ਇੰਜ ਇਹ 80 ਲੱਖ ਦੇ ਕਰੀਬ ਲੋਕ ਏਧਰੋਂ-ਓਧਰੋਂ ਉਜੜ ਕੇ ਬੇਘਰ ਹੋਏ। ਦੁਨੀਆ ਵਿੱਚ ਯੂਨਾਨ ਤੇ ਬੁਲਗਾਰੀਆ ਵਿੱਚ 20 ਲੱਖ ਲੋਕਾਂ ਦੇ ਤਬਾਦਲੇ ਨੂੰ, ਜੋ ਕਈ ਸਾਲਾਂ ਵਿੱਚ ਹੋਇਆ ਸੀ, ਵੱਡਾ ਉਜਾੜਾ ਮੰਨਿਆ ਜਾਂਦਾ ਰਿਹਾ ਸੀ। ਪੰਜਾਬੀਆਂ ਦੀ ਇਹ ਤਰਾਸਦੀ ਕਈ ਗੁਣਾਂ ਵੱਡੀ ਹੋ ਨਿੱਬੜੀ ਤੇ ਇਸ ਦੇ ਅਸਰ ਵੀ ਵੱਡੇ ਹੋਣੇ ਸਨ। ਇਸ ਕਤਲੇਆਮ ਤੇ ਉਜਾੜੇ ਨੂੰ ਸਿਰਫ ਚਾਰ ਤੋਂ ਛੇ ਮਹੀਨੇ ਲੱਗੇ ਸਨ।
ਪੰਜਾਬ ਦੀਆਂ ਅਖਬਾਰਾਂ ਨੇ ਜਦੋਂ ਅਜਿਹੇ ਕਠਿਨ ਹਾਲਾਤ ਦੇ ਵੇਰਵੇ ਬਿਆਨ ਕੀਤੇ ਤਾਂ ਕੁਦਰਤੀ ਸੀ ਕਿ ਲੋਕ ਮਨਾਂ ਵਿੱਚ ਇਕ ਵਾਰ ਫਿਰ ਉਸ ਭਿਆਨਕ ਸਮੇਂ ਪ੍ਰਤੀ ਉਤਸੁਕਤਾ ਜਾਗਦੀ, ਕਿ ਇਸ ਪਿੱਛੇ ਕੀ ਕਾਰਨ ਬਣੇ? ਕਿਵੇਂ ਇਹ ਸਭ ਕੁਝ ਵਾਪਰਿਆ? ਜਦੋਂ ਲੋਕ ਇਸ ਧਰਤੀ ‘ਤੇ ਵੱਸਦੇ ਮਨੁੱਖ ਦੀ ਉਮਰ ਜਿੱਡੀ ਲੰਮੀ ਆਪਸੀ ਸਾਂਝ ਨੂੰ ਖਤਮ ਕਰਕੇ ਇਕ ਦੂਜੇ ਪ੍ਰਤੀ ਦੁਸ਼ਮਣਾਂ ਵਾਂਗ ਵਰਤਾਓ ਕਰਦੇ ਹਨ ਤਾਂ ਕਿਤੇ ਉਨ੍ਹਾਂ ਦੇ ਦਿਲਾਂ ਵਿੱਚ, ਸਾਂਝ ਵਿੱਚ ਤੇ ਵਰਤਾਓ ਵਿੱਚ, ਨਫਰਤ ਦਾ ਬੀਜ ਪਿਆ ਸੀ? ਇਸ ਨਫਰਤ ਦੇ ਬੀਜ ਨੂੰ ਇਸ ਮੌਕੇ ਕਿਸ ਨੇ ਕਿਸ ਤਰ੍ਹਾਂ ਵਰਤਿਆ ਕਿ ਇਹ ਮਨੁੱਖਤਾ ਦੀ ਤਬਾਹੀ ਲਈ ਵੱਡਾ ਕਾਰਨ ਬਣਿਆ? ਇਹ ਸਵਾਲ ਭਵਿੱਖ ਲਈ ਅੱਜ ਵੀ ਕਾਇਮ ਹੈ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਹਨ, ਇਸ ਵਿੱਚ ਕਾਰੂਰਤਾ ਵਧ ਰਹੀ ਹੈ ਤੇ ਅਸੀਂ ਕੋਈ ਸਬਕ ਨਹੀਂ ਸਿੱਖਿਆ?
ਅੱਜ ਵੀ ਇਸ ਸਮੇਂ ਦੇ ਸਾਰੇ ਲੋਕ ਪਨਾਹੀ, ਰਫਿਊਜੀ ਤੇ ਸ਼ਰਨਾਰਥੀ ਅਖਵਾ ਰਹੇ ਹਨ। ਇਨ੍ਹਾਂ ਪਨਾਹੀਆਂ ਰਫਿਊਜੀਆਂ ਤੇ ਸ਼ਰਨਾਰਥੀਆਂ ਦੀਆਂ ਔਕੜਾਂ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੂੰ ਕਲਮ ਮਿਲੀ। ਉਹ ਅਖਬਾਰਾਂ ਦੇ ਪੰਨਿਆਂ ‘ਤੇ ਯਾਦਾਂ ਦੇ ਰੂਪ ਵਿੱਚ, ਮੁਸੀਬਤਾਂ ਦੇ ਰੂਪ ਵਿੱਚ, ਸਾਂਝ ਦੇ ਰੂਪ ਵਿੱਚ ਜਾਂ ਕੁਝ ਨਫਰਤੀ ਸ਼ਬਦਾਂ ਨਾਲ ਸਾਡੇ ਸਾਹਮਣੇ ਆਈਆਂ। ਹਰ ਸੋਚਵਾਨ ਦਾ ਮੱਥਾ ਠਣਕਿਆ। ਇਕ ਦਿਨ ਇਹ ਛਪਿਆ ਸੀ ਕਿ ਅੱਜ ਦੇ ਇਕ ਵੱਡੇ ਰੁਤਬੇ ਵਾਲੇ ਬੰਦੇ ਨੂੰ ਕਿਸ ਤਰ੍ਹਾਂ ਦੇ ਹਾਲਾਤ ਵਿੱਚ ਉਸ ਦੇ ਮਾਂ-ਪਿਉ ਇਕ ਸੰਦੂਕ ਵਿੱਚ ਪਾ ਕੇ ਲਿਆਏ ਸਨ ਤੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਹੋਣ ਕਰ ਕੇ ਮਸਾਂ ਬਚਿਆ ਤੇ ਉਸ ਦੇ ਮਾਂ-ਪਿਉ ਦੀ ਜਾਨ ਵਿੱਚ ਜਾਨ ਆਈ ਸੀ। ਇਸ ਤਰ੍ਹਾਂ ਦੀਆਂ ਦੁਖਾਂਤ ਨਾਲ ਲਬਰੇਜ਼ ਕਹਾਣੀਆਂ ਤੇ ਵਾਕਿਆਤ ਸਾਡੇ ਸਾਹਮਣੇ ਆਏ। ਲੋਕ ਸੋਚਣ ਲੱਗੇ ਕਿ ਨਫਰਤ ਹਜ਼ਾਰਾਂ ਸਾਲਾਂ ਦੀ ਸਾਂਝ ‘ਤੇ ਕਿਵੇਂ ਭਾਰੂ ਹੋ ਕੇ ਰਹਿ ਗਈ?
ਇਸ ਸਭ ਕੁਝ ਤੋਂ ਪ੍ਰਭਾਵਤ ਹੋ ਕੇ ਮੈਂ ਉਸ ਕਾਫਲੇ ਦਾ ਅਗਵਾਂਣੂ ਹਿੱਸਾ ਬਣਿਆ, ਜਿਸ ਨੇ 1996 ਵਿੱਚ ਵਾਘਾ ਸਰਹੱਦ ‘ਤੇ ਪੰਜਾਬੀਆਂ ਦੇ ਪਹਿਲੇ ਨਾਇਕ ਅਤੇ ਬਹਾਦਰੀ ਨੂੰ ਸਪੱਸ਼ਟ ਸ਼ਬਦਾਂ ਵਿੱਚ ਸਾਡੇ ਸਾਹਮਣੇ ਲਿਆ ਕੇ ਦਲੇਰੀ ਦਾ ਸਬੂਤ ਦੇਣ ਵਾਲੇ ਰਾਜਾ ਪੋਰਸ ਦੇ ਨਾਮ ‘ਤੇ ‘ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿੱਤਰਤਾ ਮੇਲਾ’ ਲਾਉਣਾ ਆਰੰਭ ਕੀਤਾ। ਰਾਜਾ ਪੋਰਸ ਦਾ ਨਾਮ ਇਸ ਕਰਕੇ ਸਾਹਮਣੇ ਲਿਆਂਦਾ ਕਿ ਉਹ ਪੰਜਾਬੀ ਸੁਭਾਅ ਦੀ ਤਰਜਮਾਨੀ ਕਰਨ ਤੋਂ ਇਲਾਵਾ ਦੋਹੀਂ ਪਾਸੀਂ ਇਕੋ ਜਿਹਾ ਮਕਬੂਲ ਤੇ ਸਤਿਕਾਰਿਆ ਜਾਂਦਾ ਸੀ। ਸਾਡਾ ਮਕਸਦ ਸਿਰਫ ਇਹ ਸੀ ਕਿ ਦੋਹੀਂ ਪਾਸੀਂ ਵੱਸਦੇ ਲੋਕਾਂ ਦੇ ਦਿਲਾਂ ਵਿੱਚ ਜੋ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ, ਨਫਰਤ ਘਟਣ ਦੀ ਬਜਾਏ ਦਿਨੋ ਦਿਨ ਵਧ ਰਹੀ ਹੈ, ਉਸ ‘ਤੇ ਠੰਢੇ ਪਾਣੀ ਦੇ ਕੁਝ ਛਿੱਟੇ ਮਾਰੇ ਜਾਣ। ਲੋਕਾਂ ਦਾ ਲੋਕਾਂ ਨਾਲ ਮਿਲਣਾ ਹੋਵੇ ਤੇ ਇੰਜ ਮੁੜ ਸਦਭਾਵਨਾ ਦੀਆਂ ਤੰਦਾਂ ਨੂੰ ਉਜਾਗਰ ਕਰਦੀ ਨਵੀਂ ਸਵੇਰ ਦਾ ਆਰੰਭ ਹੋਵੇ। ਇਹ ਵੰਡ ਕੋਈ ਕੁਦਰਤੀ ਨਹੀਂ ਸੀ ਤੇ ਸਾਨੂੰ ਕਿਸੇ ਦਰਿਆ, ਪਹਾੜ ਜਾਂ ਅੱਡਰੀ ਕੌਮ ਕਰਕੇ ਨਹੀਂ ਸੀ ਵੰਡਿਆ ਗਿਆ। ਇਹ ਵੰਡ ਗੈਰ ਕੁਦਰਤੀ ਤੇ ਨਿਰੋਲ ਰਾਜਸੀ ਸਾਜ਼ਿਸ਼ਾਂ ਨਾਲ ਭਰੀ ਸੀ। ਇਕ ਪੀੜ੍ਹੀ ਹਰ ਰੋਜ਼ ਸਵੇਰੇ-ਸ਼ਾਮ ਲਾਹੌਰ ਤੇ ਨਨਕਾਣੇ, ਬਾਰ ਤੇ ਲਾਇਲਪੁਰ ਦੀਆਂ ਗੱਲਾਂ ਕਰਦੀ ਰਹਿੰਦੀ ਹੈ। ਇਸ ਮੇਲੇ ਦਾ ਮਕਸਦ ਇਹ ਸੀ ਕਿ ਲੋਕਾਂ ਦੇ ਦਿਲਾਂ ਵਿੱਚ ਮੁੜ ਜੁੜਨ ਜਾਂ ਘੱਟੋ-ਘੱਟ ਸਦਭਾਵਨਾ ਨਾਲ ਚੰਗੇ ਗੁਆਂਢੀ ਵਾਂਗ ਰਹਿਣ, ਮਿਲਣ-ਗਿਲਣ ਜਾਂ ਨੇੜੇ ਹੋਣ ਦੀ ਖਾਹਿਸ਼ ਵਾਂਗ ਦੇਖਦੇ ਸਾਂ। ਇਸ ਵਿੱਚੋਂ ਸਾਨੂੰ ਕੁਝ ਸੱਚ ਵੀ ਲੱਗਦਾ ਸੀ ਤੇ ਕਈ ਵਾਰੀ ਹੋਇਆ ਵੀ ਸੀ, ਵਾਪਰਿਆ ਵੀ ਸੀ।
ਇਨ੍ਹਾਂ ਹਾਲਾਤ ਵਿੱਚ ਮੈਨੂੰ ਵਾਹਗੇ ਦੀ ਸਰਹੱਦ ‘ਤੇ ਝਬਾਲ ਦਾ ਰਹਿਣ ਵਾਲਾ ਇਕ ਅਜਿਹਾ ਸ਼ਖਸ ਮਿਲਿਆ, ਜਿਸ ਦਾ ਨਾਮ ਸੀ ਰਫੀਕ (ਫੀਕਾ), ਜਿਸ ਦੇ ਪਰਿਵਾਰ ਦੀ ਵਿਡੰਬਨਾ ਇਹ ਸੀ ਕਿ ਉਸ ਦੀ ਮਾਤਾ, ਭੈਣਾਂ ਤੇ ਭਰਾ ਪਾਕਿਸਤਾਨ ਵਿੱਚ ਲਾਹੌਰ ਨੇੜੇ ਰਹਿ ਰਹੇ ਸਨ। ਉਹ ਆਪਣੇ ਬਾਪ ਨਾਲ ਏਧਰ ਰਹਿ ਰਿਹਾ ਸੀ। ਉਹ ਆਪਣੀਆਂ ਪੁੱਤਰੀਆਂ ਦੀਆਂ ਸ਼ਾਦੀਆਂ ਵੀ ਲਾਹੌਰ ਨੇੜਲੇ ਆਪਣੇ ਪਿੰਡ ਵਿੱਚ ਕਰ ਚੁੱਕਾ ਸੀ। ਉਹ ਆਪਣੀਆਂ ਨਵ-ਵਿਆਹੀਆਂ ਧੀਆਂ, ਜਵਾਈਆਂ ਅਤੇ ਹੋਰ ਪਰਿਵਾਰ ਨੂੰ ਮਿਲਣ ਲਈ ਵਾਘੇ ਹੁੰਦੀ ਰੀਟਰੀਟ ਵੇਖਣ ਆਉਂਦਾ ਹੁੰਦਾ ਸੀ। ਉਸ ਦੇ ਰਿਸ਼ਤੇਦਾਰ ਹੱਥ ਹਿਲਾ ਕੇ ਦੁੱਖ-ਸੁੱਖ ਸਮਝ ਲੈਂਦੇ ਸਨ, ਪਰ ਮੂੰਹ ਤੋਂ ਕੁਝ ਬੋਲ ਨਹੀਂ ਸਨ ਸਕਦੇ। ਇੰਜ ਉਹ ਕਈ ਵੀਰਵਾਰ ਸ਼ਾਮ ਸਰਹੱਦ ‘ਤੇ ਮਿਲਦੇ ਰਹੇ।
ਸੰਨ 2000 ਵਿੱਚ ਜਦੋਂ ਮੈਂ ਲਾਹੌਰ ਗਿਆ ਤਾਂ ਉਸ ਨੇ ਆਪਣੀਆਂ ਧੀਆਂ ਲਈ ਮੇਰੇ ਹੱਥੀਂ ਚੂੜੀਆਂ, ਸੂਟ ਤੇ ਹੋਰ ਨਿੱਕ-ਸੁੱਕ ਭੇਜਿਆ, ਜੋ ਕਈ ਦਿਨ ਮੈਂ ਚੁੱਕੀ ਫਿਰਦਾ ਰਿਹਾ। ਇਕ ਸਵੇਰੇ ਉਸ ਦੀਆਂ ਦੋਵੇਂ ਲੜਕੀਆਂ ਮੇਰੇ ਲਈ ਘਰੋਂ ਆਲੂ ਵਾਲੇ ਪਰੌਂਠੇ ਬਣਾ ਕੇ ਲਿਆਈਆਂ ਤੇ ਮੇਰੇ ਕੋਲ ਉਨਾ ਚਿਰ ਬੈਠੀਆਂ ਰਹੀਆਂ, ਜਿੰਨਾ ਸਮਾਂ ਮੈਂ ਵਿਹਲਾ ਨਾ ਹੋਇਆ। ਉਹ ਉਡੀਕ ਕਰਦੀਆਂ ਰਹੀਆਂ ਕਿ ਉਹ ਰੋਟੀਆਂ ਅਸੀਂ ਖੁਵਾ ਕੇ ਹੀ ਪਰਤਣਾ ਹੈ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਭਾਵੁਕ ਤੇ ਸੱਚੀਆਂ ਘਟਨਾਵਾਂ ਨੇ ਸਾਡੇ ਮਨਾਂ ਵਿੱਚ ਇਕ ਰੀਝ ਪੈਦਾ ਕੀਤੀ। ਅਸੀਂ ਮਿਲਣ ਵੱਲ ਮੁਹਾਰਾਂ ਮੋੜੀਆਂ ਤੇ ਅਮਨ ਦੇ ਕੰਮ ਵਿੱਚ ਲੱਗੇ ਰਹੇ।
ਇਸ ਸਮੇਂ ਸਾਡੇ ਤੋਂ ਇਲਾਵਾ ਦਿੱਲੀ ਤੇ ਹੋਰ ਸ਼ਹਿਰਾਂ ਦੇ ਲੋਕਾਂ ਨੇ ਵੀ ਦੋਸਤੀ ਦੀ ਗੱਲ ਛੇੜੀ। ਇਸ ਲਹਿਰ ਵਿੱਚ ਲੇਖਕ, ਕਵੀ, ਗਾਇਕ, ਵਪਾਰੀ ਤੇ ਹੋਰ ਲੋਕਾਂ ਦੀ ਸ਼ਮੂਲੀਅਤ ਨੇ ਲਾ-ਮਿਸਾਲ ਵਾਧਾ ਕੀਤਾ।
ਅਮਨ ਦੀ ਗੱਲ ਕਰਨ ਵਾਲੇ ਤਾਂ ਇਹ ਸਮਝਦੇ ਹਨ ਕਿ ਇਨ੍ਹਾਂ ਕੋਸ਼ਿਸ਼ਾਂ ਨੇ ਹੀ ਦਿੱਲੀ-ਲਾਹੌਰ, ਲਾਹੌਰ-ਅੰਮ੍ਰਿਤਸਰ ਤੇ ਅੰਮ੍ਰਿਤਸਰ-ਨਨਕਾਣਾ ਸਾਹਿਬ ਨੂੰ ਚੱਲ ਰਹੀਆਂ ਬੱਸਾਂ ਲਈ ਵੀ ਸਾਜ਼ਗਾਰ ਮਾਹੌਲ ਪੈਦਾ ਕੀਤਾ ਹੈ। ਰੇਲਵੇ ਤੇ ਸੜਕਾਂ ਰਾਹੀਂ ਵਧਿਆ ਵਪਾਰ ਵੀ ਇਸੇ ਦੀ ਕੜੀ ਹੈ। ਪੰਜਾਬ ਦੀਆਂ ਰੇਲਾਂ ਤੇ ਸੜਕਾਂ ਰਾਹੀਂ ਵਪਾਰ ਨੂੰ ਰੋਕਣ ਲਈ ਬੰਬਈ ਤੇ ਗੁਜਰਾਤ ਦੀਆਂ ਬੰਦਰਗਾਹਾਂ ‘ਤੇ ਕਾਬਜ਼ ਬੇਈਮਾਨ ਸਰਮਾਏਦਾਰਾਂ ਦੀ ਇਜਾਰੇਦਾਰੀ ਨੇ ਭਾਵੇਂ ਰੋਕਣ ਲਈ ਵੱਡੀ ਢਾਹ ਲਾਈ ਹੈ, ਫਿਰ ਵੀ ਇਹ ਵਾਧਾ ਸਾਡੀ ਸਭ ਦੀ ਸਾਂਝੀ ਪ੍ਰਾਪਤੀ ਹੈ। ਅਸੀਂ ਅੱਗੇ ਵੀ ਇਹ ਯਤਨ ਜਾਰੀ ਰੱਖਣੇ ਹਨ। ਅਸੀਂ ਤਾਂ ਇਹ ਵੀ ਮੁਹਿੰਮ ਸ਼ੁਰੂ ਕੀਤੀ ਸੀ ਕਿ ਵਾਘਾ ਸਰਹੱਦ ਵਾਂਗ ਖੇਮਕਰਨ-ਕਸੂਰ ਸਰਹੱਦ ਨੂੰ ਵੀ ਵਪਾਰ ਲਈ ਵਰਤਿਆ ਜਾਵੇ। ਇਸ ਨਾਲ ਵਾਹਗਾ ਸਰਹੱਦ ਤੋਂ ਕੁਝ ਭੀੜ ਘਟੇਗਾ। ਵਪਾਰੀਆਂ ਲਈ ਸਹੂਲਤ ਬਣੇਗੀ। ਸ਼ਾਇਦ ਕਦੀ ਸਰਕਾਰਾਂ ਇਸ ‘ਤੇ ਗੌਰ ਕਰ ਲੈਣ।
ਅਮਨ ਦੇ ਅਮਲ ਨਾਲ ਸਰਹੱਦੀ ਲੋਕਾਂ ਦੇ ਰਹਿਣ-ਸਹਿਣ ਵਿੱਚ ਤਬਦੀਲੀ ਆਈ ਹੈ। ਉਨ੍ਹਾਂ ਦੇ ਟੁੱਟ ਰਹੇ ਸਮਾਜਿਕ ਰਿਸ਼ਤੇ ਮੁੜ ਜੁੜਨ ਲੱਗੇ ਹਨ, ਕਿਉਂਕਿ ਲੰਮਾ ਸਮਾਂ ਅਸ਼ਾਂਤ ਸਰਹੱਦਾਂ ਕਾਰਨ ਇਨ੍ਹਾਂ ਲੋਕਾਂ ਲਈ ਇਹ ਇਕ ਵੱਡੀ ਸਮੱਸਿਆ ਬਣ ਗਈ ਸੀ। ਇਨ੍ਹਾਂ ਨਾਲ ਦੂਰ-ਦੁਰੇਡੇ ਵਾਲੇ ਰਿਸ਼ਤੇ ਬਨਾਉਣ ਤੋਂ ਝਿਜਕਣ ਲੱਗੇ ਸਨ ਕਿ ਇਨ੍ਹਾਂ ਦਾ ਕੀ ਏ, ਜਦੋਂ ਮਰਜ਼ੀ ਆਪਣੀ ਟਿੰਡ-ਗੰਢੜੀ ਚੁੱਕ ਕੇ ਸਾਡੇ ਵੱਲ ਤੁਰ ਸਕਦੇ ਹਨ। ਇੰਜ ਇਸ ਦੁਖਾਂਤ ਵਿੱਚ ਰੁਕਾਵਟ ਆਈ ਤੇ ਇਨ੍ਹਾਂ ਲੋਕਾਂ ਦੇ ਦਿਲਾਂ ਤੋਂ ਬੋਝ ਘਟਿਆ ਹੈ। ਸਰਹੱਦੀ ਪਿੰਡਾਂ ਵੱਲ ਅਧਿਆਪਕਾਂ, ਡਾਕਟਰਾਂ ਨੇ ਮੁਹਾਰਾਂ ਮੋੜੀਆਂ ਹਨ। ਵੰਡ ਨੇ ਬਹੁਤ ਵੱਡਾ ਦਰਦ ਦੋਵੀਂ ਪਾਸੀਂ ਸਰਹੱਦਾਂ ਨੇੜੇ ਰਹਿਣ ਵਾਲਿਆਂ ਨੂੰ ਦਿੱਤਾ ਹੈ। ਉਹ ਸਦਾ ਲਈ ਕੁਦਰਤੀ ਬੱਦਲਾਂ ਦੇ ਨਾਲ-ਨਾਲ ਅਸ਼ਾਂਤ ਵਾਤਾਵਾਰਨ ਨਾਲ ਭਰੇ ਤੇ ਸ਼ਾਂਤੀ ਭਰੇ ਬੱਦਲ ਪਰਖਦੇ ਰਹਿੰਦੇ ਹਨ, ਕਿਉਂਕਿ ਇਸ ਸਭ ਕੁਝ ਦਾ ਉਨ੍ਹਾਂ ਦੀ ਜ਼ਿੰਦਗੀ ਨਾਲ ਗੂੜ੍ਹਾ ਰਿਸ਼ਤਾ ਬਣ ਗਿਆ ਹੈ।
ਅਜਿਹਾ ਹਰ ਥਾਂ ਨਹੀਂ ਹੈ, ਸਿਰਫ ਸਾਡੀਆਂ ਸਰਹੱਦਾਂ ਹੀ ਕਿਉਂਕਿ ਨਫਰਤ ਨਾਲ ਗੜੁੱਚ ਰਹਿੰਦੀਆਂ ਹਨ? ਮਲੇਸ਼ੀਅਨ ਸਵੇਰੇ ਦੁਪਹਿਰੇ ਸ਼ਾਮੀਂ ਤੇ ਰਾਤੀਂ ਸੜਕ, ਰੇਲ, ਸਮੁੰਦਰ ਤੇ ਹਵਾਈ ਰਾਹਾਂ ਤੋਂ ਸਿੰਘਾਪੁਰ ਡਿਊਟੀਆਂ ਕਰਨ ਆਉਂਦੇ ਹਨ। ਸਰਹੱਦ ਪਾਰ ਕਰਨ ਲਈ ਉਨ੍ਹਾਂ ਨੂੰ ਓਨਾ ਸਮਾਂ ਲੱਗਦਾ ਹੈ, ਜਿੰਨਾ ਦਿੱਲੀ ਦੇ ਮੈਟਰੋ ਸਟੇਸ਼ਨ ‘ਤੇ ਇਕ ਰੋਜ਼ ਸਫਰ ਕਰਨ ਵਾਲੇ ਰੇਲਵੇ ਪਾਸ-ਧਾਰੀ ਮੁਸਾਫਰ ਨੂੰ ਲੱਗਦਾ ਹੈ। ਸਮੇਂ ਦਾ ਤਕਾਜ਼ਾ ਹੈ ਕਿ ਇਨ੍ਹਾਂ ਥਾਵਾਂ ਦੇ ਚੰਗੇ ਫੈਸਲਿਆਂ ਤੋਂ ਸਾਡੇ ਦੇਸ਼ਾਂ ਦੀਆਂ ਸਰਕਾਰਾਂ ਵੀ ਕੁਝ ਸਿੱਖਣ। ਪਹਿਲਾਂ ਹੀ ਅਸੀਂ ਆਪਣੇ (ਦੋਹੀਂ ਪਾਸੀਂ) ਗਰੀਬ ਲੋਕਾਂ ਦੀਆਂ ਢਿੱਡਾਂ ਦੀਆਂ ਆਂਦਰਾਂ ਨੂੰ ਗੰਢ ਦੇ ਕੇ ਅਰਬਾਂ ਡਾਲਰਾਂ ਦੇ ਮਾਰੂ ਹਥਿਆਰ ਉਨ੍ਹਾਂ ਦੇਸ਼ਾਂ ਤੋਂ ਖਰੀਦ ਰਹੇ ਹਾਂ, ਜੋ ਪਹਿਲਾਂ ਹੀ ਬਹੁਤ ਵਿਕਸਤ ਤੇ ਧਨਾਢ ਹਨ। ਸਮਾਂ ਮੰਗ ਕਰਦਾ ਹੈ ਕਿ ਜੰਗਾਂ ਲੜਨ-ਲੜਾਉਣ ਦੀਆਂ ਗੱਲਾਂ ਕਰਨ ਨਾਲੋਂ ਆਪਣੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਲੜਾਈਆਂ ਕਿਸੇ ਮਸਲੇ ਦਾ ਹੱਲ ਕਦਾਚਿਤ ਨਹੀਂ, ਲੜਾਈ ਤਾਂ ਖੁਦ ਇਕ ਮਸਲਾ ਹੈ। ਸਰਹੱਦੀ ਲੋਕ ਹੁਣ ਗੋਲਾ ਬਾਰੂਦ ਦੀ ਗੰਦੀ ਗੰਧ ਨਹੀਂ ਚਾਹੁੰਦੇ, ਫੁੱਲਾਂ ਦੀ ਖੁਸ਼ਬੋ ਮਾਨਣੀ ਚਾਹੁੰਦੇ ਹਨ। ਜੇ ਹਾਕਮਾਂ ਦੀ ਸਵੱਲੀ ਨਜ਼ਰ ਬਰਕਰਾਰ ਰਹੇ ਤਾਂ ਉਹ ਇਕ ਦੂਜੇ ਨੂੰ ਦੁਆਵਾਂ ਦਿੰਦੇ ਹਨ, ਸਵੇਰੇ ਸ਼ਾਮ ਸਰਬੱਤ ਦਾ ਭਲਾ ਮੰਗਦੇ ਹਨ। ਉਹ ਗੁਰੂਆਂ ਦੇ ਸਥਾਨਾਂ ‘ਤੇ ਲਾਹੌਰ, ਨਨਕਾਣੇ, ਅੰਮ੍ਰਿਤਸਰ ਤੇ ਦਿੱਲੀ ਦੀਆਂ ਗਲੀਆਂ ਵਿੱਚ, ਬਜ਼ਾਰਾਂ ਵਿੱਚ ਘੁੰਮਣਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਭਾਵੁਕ ਸਾਂਝ ਹੈ, ਪਰ ਪਤਾ ਨਹੀਂ ਕਦੋਂ ਪੂਰੀ ਹੋਵੇ।
ਸਮਾਂ ਇਹ ਵੀ ਮੰਗ ਕਰਦਾ ਹੈ ਕਿ ਸਾਡੇ ਉਤੇ ਇਕ-ਦੂਜੇ ਵੱਲੋਂ ਇਕ ਦੂਜੇ ਦੇ ਮਾਮਲਿਆਂ ਵਿੱਚ ਕਥਿਤ ਦਖਲ-ਅੰਦਾਜ਼ੀ ਦੇ ਇਲਜ਼ਾਮ ਨਾ ਲੱਗਣ। ਖਾਸ ਕਰ ਕੇ ਅੱਤਵਾਦ ਦਾ ਮੁੱਦਾ ਸੇਹ ਦਾ ਤੱਕਲਾ ਨਾ ਬਣੇ। ਇਸ ਖਿਲਾਫ ਰਲ ਕੇ ਲੜੀਏ। ਗਰੀਬੀ, ਭੁੱਖਮਰੀ, ਬੇਰੁਜ਼ਗਾਰੀ ਤੇ ਅਨਪੜ੍ਹਤਾ ਸਾਡੀਆਂ ਸਾਂਝੀਆਂ ਬੀਮਾਰੀਆਂ ਹਨ। ਤੇ ਇਹ ਵੀ ਚੇਤੇ ਰੱਖੀਏ ਕਿ ਜੇ ਘਰ ਵਿੱਚ ਇਕ ਖੂੰਖਾਰ ਚੂਹਾ ਆਣ ਵੜੇ ਤਾਂ ਸਾਰੇ ਘਰ ਨੂੰ ਅੱਗ ਨਹੀਂ ਲਾਈਦੀ। ਉਸ ਚੂਹੇ ਨੂੰ ਫੜਨ ਲਈ ਸਰਗਰਮ ਹੋਈਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!