ਖਹਿਬਾਜ਼ੀ ਦੀ ਅਕਾਲੀ ਸਿਆਸਤ ਅਤੇ ਸੰਤ ਲੌਂਗੋਵਾਲ
On 2 September 2010 in ਲੇਖ
-ਗੋਪਾਲ ਸਿੰਘ ਦਰਦੀ
ਕੋਈ ਸਮਾਂ ਸੀ ਕਿ ਸਿੱਖ ਸਿਆਸਤ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸੰਤਾਂ ਦਾ ਬੋਲਬਾਲਾ ਸੀ। ਆਜ਼ਾਦੀ ਤੋਂ ਬਾਅਦ ਸੰਤ ਫਤਿਹ ਸਿੰਘ, ਸੰਤ ਚੰਨਣ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਲੱਖਾ ਸਿੰਘ ਆਦਿ ਦੇ ਨਾਂ ਵਰਣਨ ਯੋਗ ਹਨ। ਇੱਕ ਵਾਰ ਸੰਤ ਫਤਿਹ ਸਿੰਘ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਬਹੁਤ ਜ਼ੋਰ ਪਾਇਆ, ਕਿਉਂਕਿ ਸੰਤ ਫਤਿਹ ਸਿੰਘ, ਲੌਂਗੋਵਾਲ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਪਰ ਸੰਤ ਲੌਂਗੋਵਾਲ ਨੇ ਨਾਂਹ ਕਰ ਦਿੱਤੀ। ਫਿਰ ਇਹ ਮੌਕਾ ਜਸਟਿਸ ਗੁਰਨਾਮ ਸਿੰਘ ਨੂੰ ਮਿਲਿਆ। ਸੰਤ ਫਤਿਹ ਸਿੰਘ ਦੇ ਕਹਿਣ ‘ਤੇ ਹੀ ਉਨ੍ਹਾਂ ਨੇ ਪੰਜਾਬ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਫਿਰ ਮੰਤਰੀ ਮੰਡਲ ਵਿੱਚ ਆਪਣੀ ਥਾਂ ਸੁਰਜੀਤ ਸਿੰਘ ਬਰਨਾਲਾ ਨੂੰ ਵਿਦਿਆ ਮੰਤਰੀ ਬਣਾ ਕੇ ਪੜ੍ਹੇ-ਲਿਖੇ ਅਕਾਲੀ ਨੇਤਾ ਨੂੰ ਅੱਗੇ ਲਿਆਂਦਾ। ਆਪਣੀ ਪਾਰਲੀਮੈਂਟ ਦੀ ਟਿਕਟ ਨੌਜਵਾਨ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇਣਾ ਤਿਆਗ ਦੀ ਭਾਵਨਾ ਸੀ। ਆਜ਼ਾਦ ਤੌਰ ‘ਤੇ ਸੁਖਦੇਵ ਸਿੰਘ ਢੀਂਡਸਾ ਤੇ ਜਸਮੱਤ ਸਿੰਘ ਢਿੱਲੋਂ ਨੂੰ ਜਿਤਾਉਣਾ ਆਪਣੇ ਪਾਰਟੀ ਵਰਕਰਾਂ ਦੀ ਭਾਵਨਾ ਸੀ। ਇੱਕ ਵੇਰਾਂ ਅਜਿਹਾ ਸਮਾਂ ਵੀ ਆਇਆ, ਜਦੋਂ ਸਾਰੀ ਪਾਰਲੀਮੈਂਟ ਪੰਜਾਬ ਦੀਆਂ ਸੀਟਾਂ ਅਕਾਲੀ ਹਾਰ ਗਏ ਸਨ, ਪਰ ਇੱਕ ਸੀਨੀਅਰ ਅਕਾਲੀ ਹੋਣ ਕਰ ਕੇ ਪਾਰਟੀ ਨੇ ਤਰਨ ਤਾਰਨ ਸੀਟ ‘ਤੇ ਡਿਊਟੀ ਲਗਾਈ ਤਾਂ ਉਸ ਸਮੇਂ ਕੇਵਲ ਤੁੜ ਸਾਹਿਬ ਇਕੱਲੇ ਐਮ ਪੀ ਦੀ ਚੋਣ ਆਪ ਦੀ ਨਿਗਰਾਨੀ ਵਿੱਚ ਜਿੱਤੇ ਸਨ।
ਸੰਤ ਲੌਂਗੋਵਾਲ ਨੂੰ ਧਾਰਮਿਕ ਤੌਰ ‘ਤੇ ਸਿੱਖਾਂ ਦੇ ਪੰਜਵੇਂ ਤਖਤ ਦਮਦਾ ਸਾਹਿਬ, ਤਲਵੰਡੀ ਸਾਬੋ ਦੇ ਪਹਿਲੇ ਜਥੇਦਾਰ ਹੋਣ ਦਾ ਸੁਭਾਗ ਪ੍ਰਾਪਤ ਸੀ। ਸੰਤ ਲੌਂਗੋਵਾਲ ਲਗਾਤਾਰ ਕਈ ਸਾਲ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ, ਬੀਰ ਖਾਲਸਾ ਦਲ ਦੇ ਮੁਖੀ ਤੇ ਸਾਰਾ ਜੀਵਨ ਸ਼ਹੀਦ ਭਾਈ ਮਨੀ ਸਿੰਘ ਗੁਰਦੁਆਰਾ ਸਾਹਿਬ ਦੇ ਮੁਖੀ ਰਹੇ। ਸੰਤ ਲੌਂਗੋਵਾਲ ਜੀ ਅਜਿਹੇ ਪਹਿਲੇ ਸਿੱਖ ਸੰਤ ਹੋਏ, ਜਿਨ੍ਹਾਂ ਵਿਦੇਸ਼ਾਂ ਵਿੱਚ ਮਨੁੱਖਤਾ ਦੇ ਭਲੇ ਲਈ ਪ੍ਰਚਾਰ ਕੀਤਾ ਅਤੇ ਇੱਕ ਪੈਸਾ ਤੱਕ ਨਹੀਂ ਲਿਆਂਦਾ। ਇਹ ਸਾਰਾ ਕੁਝ ਵੇਖ ਕੇ ਵਿਦੇਸ਼ੀ ਸਿੱਖ ਸੰਗਤ ਹੈਰਾਨ ਸੀ।
ਅਕਾਲੀ ਦਲ ਦੀ ਪ੍ਰਧਾਨਗੀ ਸਮੇਂ ਜਿੱਥੇ 22 ਲੱਖ ਦੀ ਭਰਤੀ ਕੀਤੀ, ਉਥੇ ਲੱਖਾਂ ਰੁਪਏ ਪਾਰਟੀ ਲਈ ਦਿੱਤੇ ਅਤੇ ਪਾਰਟੀ ਦਫਤਰ ਲਈ ਢੁੱਕਵੀਂ ਜਗ੍ਹਾ ਚੰਡੀਗੜ੍ਹ ਸਥਿਤ ਵੱਡੇ ਪਲਾਟ ਦੇ ਰੂਪ ਵਿੱਚ ਲੈ ਕੇ ਦਿੱਤੀ। ਸ਼ਹੀਦੀ ਉਪਰੰਤ ਬਣੀ ਬਰਨਾਲਾ ਸਰਕਾਰ ਵੀ ਇਨ੍ਹਾਂ ਦੀ ਦੇਣ ਸੀ, ਜੋ ਨਿਰੋਲ ਅਕਾਲੀ ਦਲ ਦੀ ਸਰਕਾਰ ਸੀ, ਭਾਵੇਂ ਆਪਸੀ ਫੁੱਟ ਕਾਰਨ ਸਰਕਾਰ ਥੋੜ੍ਹਾ ਚਿਰ ਚੱਲੀ। ਸੰਤ ਲੌਂਗੋਵਾਲ ਜਿੰਨਾ ਚਿਰ ਰਹੇ, ਉਹ ਚੜ੍ਹਦੀ ਕਲਾ ਵਿੱਚ ਹੀ ਰਹੇ। ਸਿੱਖਾਂ ਦੀ ਤ੍ਰਾਸਦੀ ਹੈ ਕਿ ਇਨ੍ਹਾਂ ਕੋਲ ਸਰਬ ਸਾਂਝੀਵਾਲਤਾ ਦੀਆਂ ਲੀਹਾਂ ਵਾਲਾ, ਵਿਗਿਆਨਕ ਸਮੇਂ ਦੇ ਹਾਣ ਦਾ ਸਿਧਾਂਤ ਹੋਣ ਦੇ ਬਾਵਜੂਦ ਇਹ ਆਪਣੇ ਧਰਮ ਨੂੰ ਵਧੇਰੇ ਫੈਲਾ ਨਹੀਂ ਸਕੇ। ਮਹਾਰਾਜਾ ਰਣਜੀਤ ਸਿੰਘ ਨੂੰ ਗੁਰਮਤਿ ਰਾਹੀਂ ਅੱਗੇ ਨਹੀਂ ਲਿਆਂਦਾ ਗਿਆ, ਸਗੋਂ ਉਨ੍ਹਾਂ ਦੀ ਮਿਸਲ ਨੇ ਦੂਜੀਆਂ ਮਿਸਲਾਂ ਨੂੰ ਹਰਾ ਕੇ ਰਾਜ ਕੀਤਾ। ਉਹ ਪ੍ਰਵਾਨਤ ਰਾਜਾ ਤਾਂ ਬਣੇ, ਪਰ ਆਪਣੇ ਚਾਲੀ ਸਾਲ ਦੇ ਰਾਜ ਵਿੱਚ ਲੰਬਾ ਸਮਾਂ ਚੱਲਣ ਵਾਲੀ ਰਾਜ ਪ੍ਰਣਾਲੀ ਸਥਾਪਤ ਨਾ ਕਰ ਸਕੇ। ਸਿੱਟੇ ਵਜੋਂ ਉਨ੍ਹਾਂ ਵਲੋਂ ਉਸਾਰਿਆਂ ਗਿਆ ਰਾਜ ਕੇਵਲ ਦਸ ਵਰ੍ਹਿਆਂ ਵਿੱਚ ਢਹਿ-ਢੇਰੀ ਹੋ ਗਿਆ।
ਵੀਹਵੀਂ ਸਦੀ ਵਿੱਚ ਸਿੱਖ ਅਥਾਹ ਕੁਰਬਾਨੀਆਂ ਕਰਨ ਦੇ ਬਾਵਜੂਦ ਅਜਿਹੀ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ, ਜੋ ਸਰਬ ਪ੍ਰਵਾਨਤ ਹੋਵੇ। ਹੋਇਆ ਇਹ ਕਿ ਇੱਕ ਪਿੱਛੋਂ ਅੱਗੇ ਆਇਆ ਦੂਜਾ ਆਗੂ ਪਹਿਲੇ ਤੋਂ ਘੱਟ ਪ੍ਰਭਾਵ ਵਾਲਾ ਹੁੰਦਾ ਰਿਹਾ। ਜੇ ਬਾਬਾ ਖੜਕ ਸਿੰਘ ਸਿੱਖਾਂ ਦੇ ਬੇਤਾਜ ਬਾਦਸ਼ਾਹ ਕਹਾਏ ਤਾਂ ਉਨ੍ਹਾਂ ਪਿੱਛੋਂ ਆਗੂ ਵਜੋਂ ਉਭਰੇ ਮਾਸਟਰ ਤਾਰਾ ਸਿੰਘ ਭਾਵੇਂ ਕਈ ਦਹਾਕੇ ਅਕਾਲੀ ਰਾਜਨੀਤੀ ਉਪਰ ਛਾਏ ਰਹੇ, ਪਰ ਪ੍ਰਾਪਤੀਆਂ ਕਰਨ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ ਵਿੱਚ ਆ ਕੇ ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਨੇ ਕ੍ਰਮਵਾਰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲ ਲਈ। ਉਨ੍ਹਾਂ ਦੇ ਸਮੇਂ ਪੰਜਾਬ ਅੰਦਰ ਪਹਿਲੀ ਅਕਾਲੀ ਸਰਕਾਰ ਤਾਂ ਬਣੀ, ਪਰ ਲੀਡਰਸ਼ਿਪ ਦਾ ਪ੍ਰਭਾਵ ਨਾ ਬਣਿਆ, ਜਿਸ ਕਾਰਨ ਦਲ ਵਿੱਚ ਫੁੱਟ ਪੈ ਗਈ। ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਅਤੇ ਠੇਕੇਦਾਰ ਲਛਮਣ ਸਿੰਘ, ਜੋ ਪਿੱਛੋਂ ਮੁੱਖ ਮੰਤਰੀ ਬਣਿਆ, ਦੀ ਲੜਾਈ ਨੇ ਅਕਾਲੀ ਸਰਕਾਰ ਖਤਮ ਕਰਾਈ ਤੇ ਅਕਾਲੀ ਨੂੰ ਧੜਿਆਂ ਵਿੱਚ ਵੰਡ ਦਿੱਤਾ। ਮਾਸਟਰ ਤਾਰਾ ਸਿੰਘ ਦੇ ਸਮੇਂ ਵਿੱਚ ਸਿੱਖ ਕੌਮ ਦਾ ਦਿਮਾਗ ਕਹੇ ਜਾਂਦੇ ਅਤੇ ਦਰਵੇਸ਼ ਸੁਭਾਅ ਦੇ ਗਿਆਨੀ ਕਰਤਾਰ ਸਿੰਘ ਨੇ ਵੱਖਰਾ ਦਲ ਬਣਾਇਆ ਸੀ। ਅਕਾਲੀਆਂ ਵਿੱਚ ਸਿਆਣੇ ਸਮਝੇ ਜਾਂਦੇ ਹੁਕਮ ਸਿੰਘ ਆਪ ਭਾਵੇਂ ਲੋਕ ਸਭਾ ਦੀ ਸਪੀਕਰੀ ਲੈਣ ਵਿੱਚ ਸਫਲ ਹੋ ਗਏ, ਪਰ ਨਾ ਉਹ ਪ੍ਰਭਾਵਕ ਸਿੱਖ ਆਗੂ ਵਜੋਂ ਉਭਰ ਸਕੇ, ਨਾ ਕੇਂਦਰ ਸਰਕਾਰ ਨਾਲ ਸਾਂਝ ਪਾ ਕੇ ਪੰਜਾਬ ਅਤੇ ਸਿੱਖਾਂ ਦੀਆਂ ਮੰਗਾਂ ਪੂਰੀਆਂ ਕਰਵਾ ਸਕੇ। ਉਕਤ ਲੀਡਰਾਂ ਤੋਂ ਪਿੱਛੋਂ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਵਜੋਂ ਜਾਣਿਆ ਜਾਂਦਾ ਅਕਾਲੀ ਦਲ ਕਈ ਵਾਰ ਵੰਡਿਆ ਗਿਆ ਤੇ ਕਈ ਵਾਰ ਇਕੱਠਾ ਹੋਇਆ। ਅਕਾਲੀ ਦਲ ਦੇ ਕਈ ਪ੍ਰਧਾਨ ਬਣੇ ਤੇ ਹਟੇ। ਅਕਾਲੀ ਦਲ ਦੇ ਇਤਿਹਾਸ ਵਿੱਚ ਨਾਂ ਦਰਜ ਕਰਾਉਣ ਤੋਂ ਵੱਧ ਇਨ੍ਹਾਂ ਬਾਰੇ ਕੁਝ ਕਿਹਾ ਜਾਣ ਵਾਲਾ ਨਹੀਂ ਹੈ।
ਲੰਮੇ ਸਮੇਂ ਪਿੱਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਨੂੰ ਅਜਿਹੇ ਪ੍ਰਧਾਨ ਮਿਲੇ, ਜੋ ਸਾਧਾਰਨ ਤੋਂ ਵਿਸ਼ੇਸ ਵਿਅਕਤੀ ਵਜੋਂ ਉਭਰੇ। ਉਨ੍ਹਾਂ ਨੂੰ ਸੰਕਟ ਦੀ ਸਥਿਤੀ ਵਿੱਚ ਪਾਰਟੀ ਪ੍ਰਧਾਨ ਬਣਾਇਆ ਗਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਦੇਸ਼ ਭਰ ਵਿੱਚ ਲਾਈ ਐਮਰਜੈਂਸੀ ਵਿਰੁੱਧ ਮੋਰਚੇ ਦੀ ਅਗਵਾਈ ਕਰ ਕੇ ਉਨ੍ਹਾਂ ਨੇ ਅਕਾਲੀ ਦਲ ਨੂੰ ਜਮਹੂਰੀਅਤ ਲਈ ਜੂਝਣ ਵਾਲੀ ਪਾਰਟੀ ਵਜੋਂ ਉਭਾਰਿਆ। ਕੇਂਦਰ ਸਰਕਾਰ ਅਕਾਲੀਆਂ ਨੂੰ ਕਮਜ਼ੋਰ ਕਰਨ ਲਈ ਕਦੀ ਲੀਡਰਾਂ ਵਿੱਚ ਫੁੱਟ ਪਾਉਣ, ਕਦੇ ਮੰਗਾਂ ਨੂੰ ਉਭਾਰਨ ਅਤੇ ਕਦੇ ਸਾਂਝੀਆਂ ਸਰਕਾਰਾਂ ਦੇ ਛਣਕਣੇ ਦਿੰਦੀ ਆ ਰਹੀ ਸੀ, ਉਸ ਨੇ 1980 ਤੱਕ ਪੁੱਜ ਕੇ ਅਕਾਲੀਆਂ ਦੇ ਮੁਕਾਬਲੇ ਗਰਮ ਖਿਆਲੀਏ ਖੜੇ ਕਰਨ ਦਾ ਰਾਹ ਅਪਣਾ ਲਿਆ। ਅਕਾਲੀ ਪੰਜਾਬ ਦੇ ਪਾਣੀਆਂ ਲਈ 1982 ਵਿੱਚ ਕਪੂਰੀ ਮੋਰਚੇ ਲਾਈ ਬੈਠੇ ਸੀ, ਉਸ ਦਾ ਮੁਹਾਣ ਮੋੜਨ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਨਜ਼ਦੀਕੀ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਸੰਤ ਭਿੰਡਰਾਂਵਾਲਿਆਂ ਨੇ ਚੌਕ ਮਹਿਤਾ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਆ ਕੇ ਮੋਰਚਾ ਆਰੰਭ ਦਿੱਤਾ। ਸਥਿਤੀ ਨੂੰ ਭਾਂਪ ਕੇ ਅਕਾਲੀ ਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਡਿਕਟੇਟਰ ਥਾਪ ਕੇ ਕਪੂਰੀ ਦੀ ਥਾਂ ਅੰਮ੍ਰਿਤਸਰ ਤੋਂ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ। ਇਸ ਪਿੱਛੋਂ 4 ਅਗਸਤ 1982 ਪਿੱਛੋਂ 20 ਅਗਸਤ 1985 ਤੱਕ ਦੇ ਤਿੰਨ ਸਾਲ ਬਹੁਤ ਔਖੀਆਂ ਘੜੀਆਂ ਵਾਲੇ ਰਹੇ। ਇੱਕ ਪਾਸੇ ਸੰਤ ਭਿੰਡਰਾਂ ਵਾਲਿਆਂ ਵਲੋਂ ਮਾਹੌਲ ਵਿੱਚ ਗਰਮੀ ਭਰੀ ਜਾ ਰਹੀ ਸੀ ਤੇ ਸੰਤ ਲੌਂਗੋਵਾਲ ਸ਼ਾਂਤਮਈ ਸਤਿਆਗ੍ਰਹਿ ਚਲਾ ਕੇ ਇਸ ਮੋਰਚੇ ਨੂੰ ਅਕਾਲੀ ਸੰਘਰਸ਼ਾਂ ਦੀ ਰਵਾਇਤੀ ਤੋਂ ਪਿੱਛੇ ਨਹੀਂ ਹਟਣ ਦੇਣਾ ਚਾਹੁੰਦੇ ਸੀ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਐਮਰਜੈਂਸੀ ਦੀ ਤਰ੍ਹਾਂ ਇਸ ਵਾਰ ਵੀ ਉਹ ਪੁਰ-ਅਮਨ ਅੰਦੋਲਨ ਰਾਹੀਂ ਜਿੱਥੇ ਕੇਂਦਰ ਸਰਕਾਰ ਨੂੰ ਮਾਤ ਦੇਣਗੇ, ਉਥੇ ਗਰਮ ਗੱਲਾਂ ਕਰ ਕੇ ਸਰਕਾਰ ਜਬਰ ਕਰਨ ਦਾ ਮੌਕਾ ਦੇਣ ਵਾਲੇ ਵਰੋਲਿਆਂ ਨੂੰ ਵੀ ਸ਼ੀਤਲ ਪੌਣ ਬਣਾ ਲੈਣਗੇ। ਇਉਂ ਗਰਮ ਤੇ ਨਰਮ ਵਿਚਾਰਾਂ ਦਾ ਸੰਘਰਸ਼ ਚੱਲ ਰਿਹਾ ਸੀ। ਧਰਮ ਯੁੱਧ ਮੋਰਚਾ ਨੂੰ ਮਿਲ ਰਹੇ ਹੁੰਗਾਰੇ ਨੂੰ ਵੇਖ ਕੇ ਕੇਂਦਰ ਸਰਕਾਰ ਨੂੰ ਸ਼ੱਕ ਹੋਣ ਲੱਗਾ ਕਿ ਸੰਭਵ ਹੈ ਮੋਰਚੇ ਦੀ ਸਫਲਤਾ ਪਿੱਛੋਂ ਗਰਮ ਦਲੀਏ ਵੀ ਸੰਤ ਲੌਂਗੋਵਾਲ ਨੂੰ ਲੀਡਰ ਮੰਨ ਲੈਣ। ਇਸ ਸਥਿਤੀ ਵਿੱਚ ਬਲਿਊ ਸਟਾਰ ਅਪਰੇਸ਼ਨ ਕੀਤਾ ਗਿਆ। ਹੋਰ ਲੀਡਰਾਂ ਨਾਲ ਸੰਤ ਲੌਂਗੋਵਾਲ ਨੂੰ ਵੀ ਫੜ ਕੇ ਜੇਲ ਵਿੱਚ ਬੰਦ ਕੀਤਾ ਗਿਆ।
ਇਸ ਘਟਨਾ ਤੋਂ ਨੌਜਵਾਨਾਂ ਦੇ ਜਜ਼ਬਾਤ ਹੋਰ ਭੜਕੇ। ਇਸ ਸਥਿਤੀ ਨੂੰ ਇਸ ਪਾਸੇ ਦੇਸ਼ ਤੋਂ ਬਾਹਰਲੀਆਂ ਸ਼ਕਤੀਆਂ ਨੂੰ ਆਪਣੀ ਮੰਤਵ-ਸਿੱਧੀ ਲਈ ਸੰਘਰਸ਼ ਹਮਾਇਤੀ ਹੋਣ ਦਾ ਮੱਕਾਰੀ ਰੂਪ ਬਣਾ ਕੇ ਦਖਲ ਦਿੱਤਾ ਤਾਂ ਦੂਜੇ ਪਾਸੇ ਰੋਹ ਨੂੰ ਲਾਮਬੰਦ ਹੋਣ ਤੋਂ ਰੋਕਣ ਤੇ ਗਲਤ ਰਾਹੇ ਪਾਉਣ ਲਈ ਸਰਕਾਰੀ ਏਜੰਸੀਆਂ ਨੇ ਆਪਣੇ ਬੰਦੇ ਗਰਮ ਦਲੀਆਂ ਵਿੱਚ ਸ਼ਾਮਲ ਕੀਤੇ। ਸੰਤ ਹਰਚੰਦ ਸਿੰਘ ਲੌਂਗੋਵਾਲ ਇਸ ਗੰਭੀਰ ਸਥਿਤੀ ਵਿੱਚ ਨਾ ਜਜ਼ਬਾਤੀ ਹੋਏ, ਨਾ ਨਿਰਾਸ਼, ਉਹ ਜਿੱਥੇ ਗਰਮ ਪਹੁੰਚ ਤੇ ਬੇਦੋਸ਼ਿਆਂ ਦੇ ਕਾਤਲਾਂ ਨੂੰ ਪਸੰਦ ਨਹੀਂ ਸੀ ਕਰਦੇ, ਉਥੇ ਆਪਣਿਆਂ ਨਾਲ ਲੜਾਈ ਛੇੜਨੀ ਵੀ ਠੀਕ ਨਹੀਂ ਸੀ ਸਮਝਦੇ। ਇੱਕ ਵਾਰ ਸਾਬਕਾ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਦਹਿਸ਼ਤਵਾਦ ਵਿਰੁੱਧ ਆਵਾਜ਼ ਕਿਉਂ ਨਹੀਂ ਉਠਾਉਂਦੇ? ਸੰਤ ਲੌਂਗੋਵਾਲ ਦਾ ਉੱਤਰ ਸੀ ਕਿ ਮੈਂ ਇਸ ਦੀ ਹਮਾਇਤ ਨਹੀਂ ਕਰਦਾ। ਇਹ ਦਿੱਲੀ ਦੇ ਕੁਝ ਸਿਆਸਤਦਾਨਾਂ ਦੀ ਘਾੜਤ ਹੈ। ਉਨ੍ਹਾਂ ਨੇ ਸਾਨੂੰ ਕਮਜ਼ੋਰ ਕਰਨ ਲਈ ਅਜਿਹਾ ਕੀਤਾ ਹੈ। ਉਹ ਚਾਹੁੰਦੇ ਹਨ ਕਿ ਮੈਂ ਦੋ ਮੋਰਚਿਆਂ ਉੱਤੇ ਲੜਾਂ, ਮੈਂ ਅਜਿਹਾ ਨਹੀਂ ਕਰਾਂਗਾ। ਇਹ ਸੰਤ ਲੌਂਗੋਵਾਲ ਦੀ ਸਥਿਤੀ ਨੂੰ ਸਹੀ ਪਰਿਪੇਖ ਵਿੱਚ ਭਾਂਪਣ ਦੀ ਦ੍ਰਿਸ਼ਟੀ ਦੀ ਢੁੱਕਵੀਂ ਉਦਾਹਰਣ ਸੀ।
ਬਲਿਊ ਸਟਾਰ ਅਪਰੇਸ਼ਨ, 1984 ਦਾ ਸਿੱਖਾਂ ਦਾ ਕਤਲੇਆਮ, ਮਹੀਨਿਆਂ ਬੱਧੀ ਜੇਲ ਵੀ ਸੰਤ ਲੌਂਗੋਵਾਲ ਨੂੰ ਉਤੇਜਿਤ ਕਰ ਕੇ ਸਹੀ ਸੇਧ ਤੋਂ ਪਰੇ ਨਹੀਂ ਕਰ ਸਕੀ। ਉਹ ਇਹੋ ਸਮਝਦੇ ਸਨ ਕਿ ਪੁਰ ਅਮਨ ਸੰਘਰਸ਼ ਤੇ ਉਸ ਦੇ ਦਬਾਅ ਰਾਹੀਂ ਗੱਲਬਾਤ ਦੀ ਮੇਜ਼ ਉੱਤੇ ਬੈਠ ਕੇ ਪੰਜਾਬ ਤੇ ਪੰਜਾਬੀਆਂ ਲਈ ਕਾਫੀ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਸੋਚ ਤਹਿਤ ਉਨ੍ਹਾਂ ਪੰਜਾਬ ਸਮਝੌਤਾ ਕੀਤਾ, ਜੋ ਰਾਜੀਵ-ਲੌਂਗੋਵਾਲ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ। ਸਮਝੌਤਾ ਸਫਲ ਨਹੀਂ ਹੋਇਆ। ਕੇਂਦਰ ਸਰਕਾਰ ਮੁੱਕਰ ਗਈ। ਕੁਝ ਦਾ ਵਿਚਾਰ ਹੈ ਕਿ ਸੰਤ ਲੌਂਗੋਵਾਲ ਦੂਰ-ਅੰਦੇਸ਼ੀ ਨਹੀਂ ਸੀ। ਉਹ ਕੇਂਦਰ ਸਰਕਾਰ ਦੀ ਮੱਕਾਰ ਨੀਤੀ ਨੂੰ ਨਾ ਸਮਝ ਸਕੇ। ਕਈ ਕਹਿੰਦੇ ਹਨ ਕਿ ਜੇ ਹੋਰ ਦਬਾਅ ਪਾਇਆ ਜਾਂਦਾ ਤਾਂ ਇਸ ਤੋਂ ਚੰਗਾ ਸਮਝੌਤਾ ਹੋ ਸਕਦਾ ਸੀ। ਸਵਾਲ ਹੈ ਕਿ ਕੀ ਕੇਂਦਰ ਹੋਰ ਚੰਗੇ ਸਮਝੌਤੇ ਤੋਂ ਨਹੀਂ ਸੀ ਮੁੱਕਰ ਸਕਦਾ?
ਸੰਤ ਲੌਂਗੋਵਾਲ ਸਥਿਤੀ ਨੂੰ ਸਮਝਦੇ ਸਨ। ਬਲਿਊ ਸਟਾਰ ਕਾਰਨ ਹਾਰੀ ਬਾਜ਼ੀ ਵਿੱਚ ਉਹ ਮੋੜਾ ਲਿਆਉਣਾ ਚਾਹੁੰਦੇ ਸਨ। ਪੰਜਾਬ ਸਮਝੌਤਾ ਜਿੱਤ ਵੱਲ, ਮੰਜ਼ਿਲ ਵੱਲ ਇੱਕ ਕਦਮ ਸੀ। ਇਸ ਨੂੰ ਇੱਕ ਪਾਸੇ ਅਕਾਲੀ ਲੀਡਰਾਂ ਦੀ ਆਪਸੀ ਫੁੱਟ ਨੇ ਤਾਰਪੀਡੋ ਕੀਤਾ, ਦੂਜੇ ਪਾਸੇ ਕੇਂਦਰ ਮੌਕਾ ਤਾੜ ਕੇ ਪਿੱਛੇ ਹਟ ਗਿਆ। ਜੇ ਅਕਾਲੀਆਂ ਅੰਦਰ ਸਮਝੌਤੇ ਬਾਰੇ ਦੋ ਰਾਵਾਂ ਨਾ ਹੁੰਦੀਆਂ, ਸਰਕਾਰ ਉੱਤੇ ਦਬਾਅ ਵਧਦਾ। ਸੰਤ ਜੀ ਪਿੱਛੋਂ ਜੇ ਬਰਨਾਲਾ ਸਰਕਾਰ ਦ੍ਰਿੜ੍ਹਤਾ ਅਤੇ ਤਿਆਗ ਵਧਾਉਂਦੀ ਤੇ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਨਾ ਦਿੱਤੇ ਜਾਣ ਉੱਤੇ ਅਸਤੀਫਾ ਦੇ ਦਿੰਦੀ ਤਾਂ ਸਥਿਤੀ ਹੋਰ ਹੋਣੀ ਸੀ। ਕੇਂਦਰ ਨੂੰ ਸਮਝੌਤੇ ਦੇ ਕਾਫੀ ਹਿੱਸੇ ਲਾਗੂ ਕਰਨ ਲਈ ਮਜਬੂਰ ਹੋਣਾ ਪੈਣਾ ਸੀ।
1925 ਤੋਂ ਪਿੱਛੋਂ ਅਕਾਲੀ ਰਾਜਨੀਤੀ ਅਤੇ 1980 ਤੋਂ 85 ਤੇ ਫਿਰ 1992 ਤੱਕ ਦੇ ਸਮੇਂ ਉੱਤੇ ਝਾਤ ਮਾਰਿਆਂ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਆਪਸੀ ਫੁੱਟ ਸਦਕਾ ਉਭਰਵਾਂ ਆਗੂ ਨਹੀਂ ਬਣਾ ਸਕੇ। ਕੇਂਦਰ ਨੇ ਵੀ ਇਹ ਯਤਨ ਕੀਤਾ ਕਿ ਅਕਾਲੀ ਆਪਸ ਵਿੱਚ ਲੜਦੇ ਰਹਿਣ ਤਾਂ ਕਿ ਕੋਈ ਸਰਬ ਪ੍ਰਵਾਨਤ ਆਗੂ ਸਾਹਮਣੇ ਨਾ ਆਏ। ਇਸ ਦੇ ਬਾਵਜੂਦ ਸੰਤ ਹਰਚੰਦ ਸਿੰਘ ਲੌਂਗੋਵਾਲ, ਜੋ 1947 ਵਿੱਚ ਅਕਾਲੀ ਦਲ ਦੇ ਸਾਧਾਰਨ ਮੈਂਬਰ ਬਣੇ ਸੀ, ਸਾਧਾਰਨ ਤੋਂ ਵਿਸ਼ੇਸ਼ਤਾ ਵੱਲ ਉਭਰੇ। ਉਨ੍ਹਾਂ ਵਿੱਚ ਤਿਆਗ ਭਾਵਨਾ ਤੇ ਦੂਰ-ਅੰਦੇਸ਼ੀ ਆਈ। ਉਸੇ ਦਾ ਸਿੱਟਾ ਰਾਜੀਵ-ਲੌਂਗੋਵਾਲ ਸਮਝੌਤਾ ਸੀ। ਜੇ ਸਰਕਾਰ ਬਣਨ ਤੱਕ ਉਹ ਜੀਵਤ ਰਹਿੰਦੇ ਤਾਂ ਨਤੀਜੇ ਅਤੇ ਪੰਜਾਬ ਦੀ ਸਥਿਤੀ ਹੋਰ ਹੁੰਦੀ।
ਅੱਜ ਫਿਰ ਸੰਤ ਹਰਚੰਦ ਸਿੰਘ ਦੀ ਲੋੜ ਹੈ। ਗਿਆ ਵਿਅਕਤੀ ਕਦੇ ਨਹੀਂ ਮੁੜਿਆ, ਹਾਂ ਉਸ ਵਰਗੇ ਗੁਣਾਂ ਵਾਲਾ ਜਾਂ ਸਮੇਂ ਦੀ ਧਾਰਾ ਨੂੰ ਸਮਝਣ ਵਾਲਾ ਹੋਰ ਆਗੂ ਸਾਹਮਣੇ ਆ ਸਕਦਾ ਹੈ।



