ਕੋਟਲਾ ਛਪਾਕੀ ਤੇ ਅਲੋਪ ਹੁੰਦੀ ਜਾ ਰਹੀ ਕਿੱਕਲੀ
On 2 September 2010 in ਲੇਖ
-ਕਰਨਪ੍ਰੀਤ ਧੰਦਰਾਲ
ਦੋ ਕੁ ਦਹਾਕੇ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ ਦੇ ਹਾਣੀ ਮੁੰਡੇ-ਕੁੜੀਆਂ ਅੱਧੀ-ਅੱਧੀ ਰਾਤ ਤੱਕ ਘਰਾਂ ਦੀਆਂ ਗਲੀਆਂ ਅਤੇ ਕੋਠਿਆਂ ‘ਤੇ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਕੋਟਲਾ ਛਪਾਕੀ, ਲੁਕਣਮੀਟੀ ਆਦਿ ਖੇਡਿਆ ਕਰਦੇ ਸਨ, ਜਿਸ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਸੀ। ਇਨ੍ਹਾਂ ਖੇਡਾਂ ਨਾਲ ਸਰੀਰ ਦੀ ਵਰਜਿਸ਼ ਹੁੰਦੀ ਸੀ। ਅੱਜ ਕੱਲ੍ਹ ਬੱਚੇ ਸਾਰਾ ਦਿਨ ਅਤੇ ਦੇਰ ਰਾਤ ਟੀ ਵੀ ਅੱਗੇ ਹੱਥ ਵਿੱਚ ਰਿਮੋਟ ਫੜੀ ਬੈਠੇ ਦੇਖੇ ਜਾਂਦੇ ਹਨ। ਵੀਡਿਓ ਗੇਮਾਂ ਖੇਡਦੇ ਬੈੱਡ ‘ਤੇ ਬੈਠੇ ਫਾਸਟ ਫੂਡ ਖਾ-ਖਾ ਕੇ ਢਿੱਡ ਵਧਾ ਰਹੇ ਹਨ। ਨਾ ਬੱਚਿਆਂ ਲਈ ਖੁੱਲ੍ਹੀ ਹਵਾਦਾਰ ਜਗ੍ਹਾ, ਨਾ ਹਵਾ ਦੇ ਬੁੱਲ੍ਹੇ। ਉਨ੍ਹਾਂ ਵੇਲਿਆਂ ਵਿੱਚ ਖਿੱਦੋ-ਖੁੰਡੀ, ਡੰਡਾ–ਡੁੱਕ, ਬਾਂਦਰ-ਕਿੱਲਾ, ਗੁੱਲੀ-ਡੰਡਾ, ਗੇਂਦ-ਪਿੱਠੂ ਆਦਿ ਪ੍ਰਚਲਤ ਸੀ। ਬੱਚਿਆਂ ਦੇ ਇਕੱਠੇ ਖੇਡਦਿਆਂ ਪਰਵਾਰਾਂ ਦੀ ਸਾਂਝ ਵੀ ਹੁੰਦੀ ਸੀ ਤੇ ਇਕੱਠੇ ਬੈਠ ਕਬੀਲਦਾਰੀ ਦੀਆਂ ਗੱਲਾਂ ਅਤੇ ਡੂੰਘੀਆਂ ਯਾਦਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ।
ਅਸੀਂ ਗੱਲ ਕਰਦੇ ਸੀ, ਨਿੱਕੇ ਬਾਲਾਂ ਦੇ ਇਕੱਠੇ ਖੇਡਣ ਦੀ। ਖੇਡਦੇ-ਖੇਡਦੇ ਹਨੇਰਾ ਹੋ ਜਾਣ ‘ਤੇ ਮਾਂ ਦੀਆਂ ਝਿੜਕਾਂ ਵਿੱਚ ਨਿੱਘੇ ਪਿਆਰ ਦੀ ਖੁਸ਼ਬੋ ਲੁਕੀ ਹੁੰਦੀ। ਈਂਗਣ-ਮੀਂਗਣ ਤਲੀ ਤਲੀਂਗਣ ਵਿੱਚ ਖੇਡਦਿਆਂ ਇੱਕ ਬੱਚਾ ਧਰਤੀ ‘ਤੇ ਬੈਠਾ ਹੁੰਦਾ, ਦੂਜੇ ਮੁੱਠੀਆਂ ਮੀਚ ਇੱਕ ਦੂਜੇ ਦੀਆਂ ਮੁੱਠਾਂ ਉੱਤੇ ਮੁੱਠਾਂ ਰੱਖਦੇ ਤੇ ਸੰਬੰਧਤ ਗੀਤ ਗਾਉਂਦੇ।
‘‘ਈਂਗਣ ਮੀਂਗਣ ਤਲੀ ਤਲੀਂਗਣ
ਤਾਰਾ ਮੀਰਾ ਡੱਕਰਾ,
ਗੁੜ ਖਾਵਾਂ ਵੇਲ ਵਧਾਵਾਂ ਮੂਲੀ ਪੱਤਰਾ,
ਪੱਤਰਾ ਵਾਲੇ ਘੋੜੇ ਆਏ…”
‘‘ਭੰਡਾ ਭੰਡਾਰੀਆ ਕਿੰਨਾ ਕੁ ਭਾਰ,
ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ…”
ਕੋਟਲਾ ਛਪਾਕੀ ਖੇਡਦੇ ਸਮੇਂ ਗੋਲ ਚੱਕਰ ਵਿੱਚ ਬੈਠੇ ਕਈ ਜਣਿਆਂ ਦੇ ਪਿੱਛੇ ਕੱਪੜੇ ਦਾ ਵੱਟਿਆ ਹੋਇਆ ਸੱਪ ਲੁਕੋ ਕੇ ਰੱਖਿਆ ਜਾਂਦਾ ਅਤੇ ਗੀਤ ਦੁਹਰਾਇਆ ਜਾਂਦਾ-
‘‘ਕੋਟਲਾ ਛਪਾਕੀ ਜੁੰਮੇ ਰਾਤ ਆਈ ਏ
ਜਿਹੜਾ ਅੱਗੇ ਪਿੱਛੇ ਝਾਕੂ ਉਹਦੀ ਸ਼ਾਮਤ ਆਈ ਐ”
ਖੇਡਾਂ ਬੱਚਿਆਂ ਵਿੱਚ ਆਪਸੀ ਮਿਲਵਰਤਣ, ਪਿਆਰ, ਆਦਰ, ਸਤਿਕਾਰ ਪੈਦਾ ਕਰਦੀਆਂ ਹਨ। ਅੱਜ ਜ਼ਮਾਨਾ ਬਦਲ ਚੁੱਕਾ ਹੈ। ਅਜਿਹੀਆਂ ਖੇਡਾਂ ਤੋਂ ਬਚਪਨ ਵਾਂਝਾ ਹੁੰਦਾ ਜਾ ਰਿਹਾ ਹੈ ਅਤੇ ਵਿਰਾਸਤੀ ਖੇਡਾਂ ਖੰਭ ਲਾ ਕੇ ਉੱਡ ਚੁੱਕੀਆਂ ਹਨ। ਇਨ੍ਹਾਂ ਖੇਡਾਂ ਦੀ ਜਾਣਕਾਰੀ ਵਾਲਾ ਕੋਈ ਵਿਰਲਾ ਟਾਵਾਂ ਹੀ ਦਿੱਸਦਾ ਹੈ। ਅੱਜ ਪੜ੍ਹਾਈਆਂ ਦੇ ਬੋਝ, ਟੀ ਵੀ ਦੀ ਚਕਾਚੌਂਧ, ਕਾਰਟੂਨਾਂ, ਫਿਲਮਾਂ ਸੀਰੀਅਲਾਂ ਨੇ ਬੱਚਿਆਂ ਦੀ ਆਜ਼ਾਦੀ ‘ਤੇ ਵੱਡਾ ਡਾਕਾ ਮਾਰਿਆ ਹੈ। ਮੰਨਦੇ ਹਾਂ ਕਿ ਪੜ੍ਹਾਈ ਭਵਿੱਖ ਦਾ ਤੀਰ ਹੈ, ਪ੍ਰੰਤੂ ਸਿਹਤ ਤੋਂ ਵੱਡੀ ਕੋਈ ਗੱਲ ਨਹੀਂ। ਪੜ੍ਹਾਈ ਦੇ ਨਾਲ-ਨਾਲ ਸਰੀਰਕ ਕਸਰਤ ਅਤੇ ਤੰਦਰੁਸਤੀ ਦੀਆਂ ਖੇਡਾਂ ਦਾ ਵੀ ਜੀਵਨ ਵਿੱਚ ਵੱਡਾ ਮਹੱਤਵ ਹੈ ਅਤੇ ਅਲੋਪ ਹੁੰਦੀਆਂ ਖੇਡਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਜ਼ਰੂਰੀ ਹਨ। ਲੋੜ ਹੈ ਅਜਿਹਾ ਸਾਂਝਾਂ ਦਾ ਆਪਸੀ ਮਿਲਵਰਤਣ ਤੇ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਮਾਹੌਲ ਸਿਰਜੇ ਜਾਣ ਦੀ, ਜਿੱਥੇ ਨਿੱਕੀਆਂ ਬਾਲੜੀਆਂ ‘ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜੁਆਈ ਦਾ’ ਖੇਡਦੀਆਂ ਦਿੱਸਣ। ਰੱਬ ਕਰੇ ਖੇਡਣ ਵਾਲੀਆਂ ਚਿੜੀਆਂ ਦੇ ਚੰਬਿਆਂ ਦੀਆਂ ਕਿਲਕਾਰੀਆਂ ਗੂੰਜਦੀਆਂ ਰਹਿਣ ਅਤੇ ਪੰਜਾਬ ਦੀ ਸ਼ਾਨ ਨੂੰ ਲੱਗੀਆਂ ਨਜ਼ਰਾਂ ਚੁੱਲ੍ਹੇ ਵਿੱਚ ਪਾਈਆਂ ਮਿਰਚਾਂ ਦੇ ਧੂੰਏਂ ਵਿੱਚ ਮੱਚ ਜਾਣ।



