ਮੇਰੇ ਪਿੰਡਾਂ ਦਿਆਂ ਲੋਕਾਂ ‘ਚ ਰੱਬ ਵਸਦਾ
On 2 September 2010 in ਲੇਖ
- ਅਮਨਪਾਲ ਕੌਰ
ਸਾਡੇ ਪਿੰਡ ਦੇਸ਼ ਦੀ ਰੀੜ੍ਹ ਦੀ ਹੱਡੀ ਹਨ। ਜਿਹੜੇ ਅੰਨ ਦੇ ਗੋਦਾਮਾਂ ਨੂੰ ਭਰਦੇ ਹਨ। ਆਪ ਭਾਵੇਂ ਦੁੱਖ-ਦਰਦ ਕੱਟਣ, ਪਰ ਦੂਸਰਿਆਂ ਦੇ ਜੀਣ-ਥੀਣ ਲਈ ਹੱਡ ਭੰਨਵੀਂ ਮਿਹਨਤ ਕਰਦੇ ਹਨ। ਇਹ ਕਹਿਣਾ ਸੋਲਾਂ ਆਨੇ ਸੱਚ ਹੈ ਕਿ ਪਿੰਡਾਂ ਦੇ ਲੋਕਾਂ ‘ਚ ‘ਰੱਬ’ ਵਸਦਾ ਹੈ। ਜਿੱਥੇ ਖੁੱਲ੍ਹੀ-ਡੁੱਲ੍ਹੀ ਹਵਾ ਹੈ, ਸਾਂਝੀਆਂ ਥਾਵਾਂ ‘ਤੇ ਲੱਗੇ ਨਲਕਿਆਂ ਦਾ ਠੰਢਾ ਪਾਣੀ ਹੈ, ਪਿੱਪਲਾਂ ਤੇ ਬੋਹੜਾਂ ਦੀਆਂ ਮਾਵਾਂ ਵਰਗੀਆਂ ਛਾਵਾਂ ਹਨ, ਦੁੱਖ-ਸੁੱਖ ਵੰਡਣ ਲਈ ਖੁੰਢ ਅਤੇ ਸੱਥਾਂ ਹਨ। ਆਪਣੇ ਨੌਜਵਾਨ ਪੁੱਤਰਾਂ ਨੂੰ ਵਰਜਣ ਲਈ ਬੁੱਢੇ ਮਾਂ-ਬਾਪ ਹਨ। ਆਪਸੀ ਭਾਈਚਾਰਾ, ਮੇਲ-ਮਿਲਾਪ, ਲੋਹੜੇ ਦੀ ਨਿਮਰਤਾ, ਦੂਸਰਿਆਂ ਦੇ ਕੰਮ ਆਉਣ ਦੀ ਭਾਵਨਾ, ਨਿਰਛਲ ਮਨ ਅਤੇ ਰਿਸ਼ਤਿਆਂ ਦੀ ਸੱਚੀ ਸੁੱਚੀ ਸਾਂਝ ਦੇ ਨਜ਼ਾਰੇ ਪਿੰਡਾਂ ‘ਚ ਹੀ ਵੇਖਣ ਨੂੰ ਮਿਲਦੇ ਹਨ। ਇਹੋ ਕਾਰਨ ਹੈ ਕਿ ਪਿੰਡਾਂ ਦੇ ਲੋਕ ਆਪਣੇ ‘ਤੇ ਆਉਂਦੀਆਂ ਲੱਖ ਮੁਸੀਬਤਾਂ ਨੂੰ ਵੀ ਆਪਣੇ ਭਾਈਚਾਰੇ ਤੇ ਸਾਂਝ ਦੇ ਸਿਰ ‘ਤੇ ਹੱ ਸਕੇ ਕੱਟ ਲੈਂਦੇ ਹਨ। ਉਹ ਕਿਸੇ ਦੂਸਰੇ ਦੀ ਮੁਸੀਬਤ ਨੂੰ ਆਪਣੀ ਸਮਝ ਕੇ ਅੱਗੇ ਆਉਂਦੇ ਹਨ। ਪਿੰਡ ਵਿੱਚ ਕਿਸੇ ਘਰ ਵਿੱਚ ਵਿਆਹ ਦੀ ਖੁਸ਼ੀ ਦਾ ਮੌਕਾ ਹੋਵੇ ਜਾਂ ਮਰਗ ਸਮੇਂ ਦੁੱਖ ਦਾ ਸਮਾਂ, ਸਾਰਾ ਪਿੰਡ ਆਪਣੇ ਮਨ-ਮੁਟਾਵ ਭੁਲਾ ਕੇ ਅਗਲੇ ਦੇ ਘਰ ਹਾਜ਼ਰ ਹੁੰਦਾ ਹੈ। ਖੁਸ਼ੀ ਸਮੇਂ ਰਲ ਕੇ ਉਸ ਨੂੰ ਮਾਨਣਾ ਅਤੇ ਦੁੱਖ ਸਮੇਂ ਵੰਡ ਕੇ ਜਰਨਾ ਪਿੰਡਾਂ ਦੇ ਲੋਕਾਂ ਦਾ ਧਰਮ ਹੈ। ਇਸ ਧਰਮ ਸਦਕਾ ਹੀ ਅਜੇ ਸਮਾਜ ਵਿਚਲੇ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਹੈ।
ਪਿੰਡ ਵਿੱਚ ਕਿਸੇ ਦੇ ਘਰ ਮਹਿਮਾਨ ਆ ਜਾਵੇ ਤਾਂ ਗੁਆਂਢੀਆਂ ਨੂੰ ਵੀ ਚਾਅ ਚੜ੍ਹ ਜਾਂਦਾ ਹੈ। ਜੇਕਰ ਉਹ ਮਹਿਮਾਨ ਰਸਤੇ ਵਿੱਚ ਕਿਸੇ ਤੋਂ ਘਰ ਦਾ ਪਤਾ ਟਿਕਾਣਾ ਪੁੱਛ ਲਵੇ ਤਾਂ ਪਿੰਡ ਦਾ ਬੰਦਾ ਆਪਣਾ ਕੰਮ ਉਥੇ ਛੱਢ ਕੇ ਉਸ ਨੂੰ ਘਰ ਛੱਡ ਕੇ ਆਉਂਦਾ ਹੈ। ਮਹਿਮਾਨ ਨੂੰ ਆਂਢ-ਗੁਆਂਢ ਦੇ ਕੰਮ ਆਉਣ ਦੀ ਭਾਵਨਾ ਦੀ ਮਿਸਾਲ ਪਿੰਡਾਂ ਵਿੱਚੋਂ ਅਕਸਰ ਹੀ ਵੇਖਣ ਨੂੰ ਮਿਲਦੀ ਹੈ। ਮੈਨੂੰ ਆਪਣੇ ਪਿੰਡ ਦੀ ਉਹਘਟਨਾ ਚੰਗੀ ਤਰ੍ਹਾਂ ਚੇਤੇ ਹੈ ਜਦ ਸ਼ਹਿਰ ਦਾ ਇਕ ਸ਼ਾਹੂਕਾਰ ਆਪਣੇ ਮਗਰ ਪਏ ਲੁਟੇਰਿਆਂ ਤੋਂ ਬਚਣ ਲਈ ਸਾਡੇ ਪਿੰਡ ਆ ਕੇ ਰਿਹਾ ਅਤੇ ਪਿੰਡ ਦੇ ਕਈ ਪਰਿਵਾਰਾਂ ਨੇ ਰਾਤ ਭਰ ਉਸ ਨੂੰ ਸਹਾਰਾ ਦਿੱਤਾ ਅਤੇ ਅਗਲੇ ਦਿਨ ਰੁਪਇਆਂ ਸਮੇਤ ਸ਼ਹਿਰ ਛੱਡ ਕੇ ਆਏ। ਅੱਜ ਦੇ ਸਮੇਂ ਵਿੱਚ ਇਹ ਘਟਨਾ ਕਿਸੇ ਨੂੰ ਕਾਲਪਨਿਕ ਲੱਗ ਸਕਦੀ ਹੈ, ਪਰ ਸ਼ਹਿਰੀ ਜੀਵਨ ਤੇ ਬਦਲਦੇ ਜ਼ਮਾਨੇ ਦੀ ਲੱਗ-ਲਪੇਟ ਤੋਂ ਦੂਰ ਮਿੱਟੀ-ਘੱਟੇ ਤੇ ਕਦੇ ਕਦਾਈਂ ਬਿਜਲੀ ਦੀ ਝਲਕ ਵੇਖਣ ਵਾਲੇ ਪਿੰਡਾਂ ‘ਚ ਇਹ ਨਜ਼ਾਰੇ ਅੱਜ ਵੀ ਵੇਖੇ ਜਾ ਸਕਦੇ ਹਨ। ਉਂਜ ਇਹ ਪਿੰਡਾਂ ਦੇ ਲੋਕਾਂ ਦੀ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਜਿਸ ਆਸ ਨਾਲ ਕਿਸੇ ਆਪਣੇ ਜਾਂ ਬੇਗਾਨੇ ਨੂੰ ਅੱਗੇ ਵਧਣ ਲਈ ਉਸ ਦੀ ਬਾਂਹ ਬਣਦੇ ਹਨ,ਪਰ ਉਹ ਉਨ੍ਹਾਂ ਨੂੰ ਉਸੇ ਹਾਲਤ ‘ਚ ਛੱਡ ਕੇ ਅੰਬਰੀਂ ਉਡਣ ਲੱਗਦਾ ਹੈ। ਇਹ ਗੱਲ ਪਿੰਡ ਛੱਡ ਕੇ ਸ਼ਹਿਰਾਂ ਨੂੰ ਤੁਰ ਆਏ ਲੋਕਾਂ ਲਈ ਤਾਂ ਢੁੱਕਵੀਂ ਹੀ ਹੈ, ਬਲਕਿ ਉਨ੍ਹਾਂ ਸਿਆਸੀ ਲੋਕਾਂ ‘ਤੇ ਵੀ ਖਰੀ ਉਤਰਦੀ ਹੈ ਜਿਹੜੇ ਹਰ ਪੰਜੀਂ ਸਾਲੀ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਲਾਰਿਆਂ ਤੇ ਝੂਠੇ ਵਾਅਦਿਆਂ ਨਾਲ ਵਰਚਾ ਕੇ ਰਾਜ ਸੱਤਾ ਦਾ ਸੁਖ ਮਾਣਦੇ ਹਨ। ਸਾਡੇ ਪਿੰਡਾਂ ਦੇ ਲੋਕ ਹਨ ਕਿ ਪੰਜੀਂ ਸਾਲੀਂ ਮੁੜ ਫੇਰਾ ਪਾਉਣ ਵਾਲੇ ਇਨ੍ਹਾਂ ਸਿਆਸਤਦਾਨਾਂ ਦੇ ਫਿਰ ਮਗਰ ਲੱਗ ਜਾਂਦੇ ਹਨ।
ਅਜਿਹੀਆਂ ਯਾਦਾਂ ਤਾਂ ਸਾਡੇ ਵਰਗਿਆਂ ਨੂੰ ਸ਼ਹਿਰਾਂ ‘ਚ ਜਾ ਕੇ ਆਉਂਦੀਆਂ ਹਨ ਜਿਥੇ ਮੁਕਾਬਲੇਬਾਜ਼ੀ ਅਤੇ ਅੱਗੇ ਵਧਣ ਦੀ ਦੌੜ ਵਿੱਚ ਬੰਦੇ ਦੀ ਕੋਈ ਕਦਰ ਨਹੀਂ। ਉਥੇ ਆਂਢ-ਗੁਆਂਢ ਤੇ ਭਾਈਚਾਰੇ ਨਾਂ ਦੇ ਸ਼ਬਦ ਲੋਕਾਂ ਦੇ ਜੀਚਨ ਦੀ ਡਿਕਸ਼ਨਰੀ ਵਿੱਚੋਂ ਹੀ ਗਾਇਬ ਹਨ। ਉਥੇ ਸਾਂਝ ਸਿਰਫ ਮਤਲਬ ਤੱਕ ਹੈ, ਖੁਸ਼ੀ ਅਤੇ ਗਮ ਦੀ ਸਾਂਝ ਵੀ ਕਿਸੇ ਸਵਾਰਥ ਲਈ ਹੀ ਹੁੰਦੀ ਹੈ। ਪਿੰਡਾਂ ‘ਚ ਰਹਿਣ ਵਾਲੇ ਜਦ ਸ਼ਹਿਰਾਂ ‘ਚ ਅਜਿਹਾ ਇੱਕਲਤਾ ਭਰਿਆ ਜੀਵਨ ਬਸਰ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਪਿੰਡਾਂ ਦਾ ਜੀਵਨ ਯਾਦ ਆਉਂਦਾ ਹੈ ਅਤੇ ਕਦੇ ਆਪਣੇ ਪੇਂਡੂ ਹੋਣ ‘ਤੇ ਰਸ਼ਕ ਵੀ ਹੁੰਦਾ ਹੈ। ਭਾਵੇਂ ਬਹੁਤੇ ਪਿੰਡਾਂ ਨੂੰ ਹੁਣ ਸ਼ਹਿਰੀ ਜੀਵਨ ਜਾਂਚ ਦੀ ਲਾਗ ਲੱਗ ਗਈ ਹੈ ਅਤੇ ਭਾਈਚਾਰੇ ਵਿੱਚ ਤਰੇੜਾਂ ਨਜ਼ਰ ਆਉਣ ਲੱਗ ਗਈਆਂ ਹਨ। ਖਾਸ ਤੌਰ ‘ਤੇ ਖੁਸ਼ੀ ਅਤੇ ਵਿਆਹ ਵਰਗਿਆਂ ਮੌਕਿਆਂ ਉਤੇ ਮੈਰਿਜ ਪੈਲੇਸਾਂ ਦੀ ਸਹੂਲਤ ਨੇ ਪਿੰਡਾਂ ਦੇ ਵਿਆਹਾਂ ਦੀ ਰੌਣਕ ਤੇ ਖੁਸ਼ੀ ਨੂੰ ਨਿਗਲ ਲਿਆ ਹੈ, ਪਰ ਫਿਰ ਵੀ ਅਜੇ ਪਿੰਡਾਂ ਵਿੱਚ ਬਹੁਤ ਕੁਝ ਅਜਿਹਾ ਬਾਕੀ ਹੈ ਜਿਸ ਵਿੱਚ ਰਿਸ਼ਤਿਆਂ ਦਾ ਨਿੱਘ ਅਤੇ ਨਿਰਸਵਾਰਥ ਖੁਸ਼ੀ ਵੇਖੀ ਜਾ ਸਕਦੀ ਹੈ। ਉਂਜ ਟੀ. ਵੀ. ਚੈਨਲ ਪੇਂਡੂ ਸਭਿਆਚਾਰ ਨੂੰ ਘੁਣ ਵਾਂਗ ਲੱਗ ਗਏ ਹਨ। ਪਿੰਡ ਜੀਵਨ ਦੀ ਬਹਾਰ ਦਾ ਉਹ ਰੰਗ ਹਨ ਜਿਸ ਵਿੱਚ ਮਾਂ ਦੇ ਦੁੱਧ ਵਰਗੀ ਮਿਠਾਸ ਹੈ ਅਤੇ ਬਾਪ ਦੀ ਮਿੱਠੀ ਝਿੜਕ ਵਰਗੀ ਸੇਧ ਹੈ। ਉਥੇ ਸਿਆਲ ਦੀਆਂ ਠੰਢੀਆਂ ਰਾਤਾਂ ਅਤੇ ਗਰਮੀਆਂ ਦੀਆਂ ਲੂੰਹਦੀਆਂ ਦੁਪਹਿਰਾਂ ਵਿੱਚ ਵੀ ਜੀਵਨ ਧੜਕਦਾ ਹੈ ਅਤੇ ਖੁਸ਼ੀ ਦੀ ਫੁਹਾਰ ਉਠਦੀ ਹੈ। ਜੇਕਰ ਪਿੰਡਾਂ ‘ਚੋਂ ਉਠ ਕੇ ਸ਼ਹਿਰੀਂ ਵਸਣ ਵਾਲੇ ਅਤੇ ਪੇਂਡੂਆਂ ਦੀ ਹਮਾਇਤ ਨਾਲ ਹਕੂਮਤ ਕਰਨ ਵਾਲੇ ਜ਼ਰਾ ਗੌਰ ਕਰਨ ਤਾਂ ਪਿੰਡਾਂ ਦੀਆਂ ਮੁਸ਼ਕਲਾਂ ਨੂੰ ਕਾਫੀ ਹੱਦ ਤੱਕ ਦੂਰ ਕੀਤਾ ਜਾ ਸਕਦਾ ਹੈ। ਸਿੱਖਿਆ ਅਤੇ ਸਿਹਤ ਵਰਗੀਆਂ ਲਾਜ਼ਮੀ ਸਹੂਲਤਾਂ ਦੇ ਕੇ ਪਿੰਡਾਂ ਵਿੱਚੋਂ ਵਿਗਿਆਨੀ ਤੇ ਵਿਦਵਾਨ ਪੈਦਾ ਕੀਤੇ ਜਾ ਸਕਦੇ ਹਨ। ਲੋੜ ਹੈ ਪਿੰਡਾਂ ਦੇ ਲੋਕਾਂ ਵਾਂਗ ਉਸ ਸੱਚੀ-ਸੁੱਚੀ ਭਾਵਨਾ ਦੀ ਜਿਹੜੀ ਹਰ ਸਮੇਂ ਦੂਸਰਿਆਂ ਦਾ ਭਲਾ ਲੋਚਦੀ ਹੈ।



