ਬਾਬਲੇ ਨੇ ਵਰ ਟੋਲਿਆ
On 2 September 2010 in ਲੇਖ
- ਡਾ. ਹਰਨੇਕ ਸਿੰਘ ਕਲੇਰ
ਪੰਜਾਬੀ ਸਭਿਆਚਾਰ ਵਿੱਚ ਧੀ ਦੇ ਵਿਆਹ ਨੂੰ ਪਵਿੱਤਰ ਕਾਰਜ ਮੰਨਿਆ ਜਾਂਦਾ ਹੈ। ਪਰੰਪਰਾ ਅਨੁਸਾਰ ਘਰ ਵਿੱਚ ਜਨਮ ਲੈਣ ਵਾਲੀ ਧੀ ਨੂੰ ‘ਲੱਛਮੀ ਦਾ ਦਰਜਾ ਦਿੱਤਾ ਜਾਂਦਾ ਹੈ। ਲੱਛਮੀ ਦਾ ਭਾਵ; ਮਾਇਆ ਦੀ ਦੇਵੀ। ਵਿਦਵਾਨ ਲਿਖਦੇ ਹਨ ਕਿ ਧੀ ਨੂੰ ਇਸ ਲਕਬ ਦੀ ਪ੍ਰਾਪਤੀ ਇਸ ਲਈ ਹੋਈ, ਕਿਉਂਕਿ ਉਸ ਨੇ ਸੰਸਾਰ ਨੂੰ ਅੱਗੇ ਵਧਾਉਣਾ ਹੁੰਦਾ ਹੈ। ਉਹ ਮਾਂ ਬਣ ਕੇ ਸੰਸਾਰ ਰੂਪੀ ਮਾਇਆ, ਭਾਵ ਧੀਆਂ-ਪੁੱਤਰਾਂ, ਨੂੰ ਜਨਮ ਦੇ ਕੇ ਪਸਾਰਾ ਪਸਾਰਦੀ ਹੈ। ਇਕ ਸੰਸਾਰਕ ਪਸਾਰੇ ਦੀ ਰੀਤ ਅਨੁਸਾਰ ਹਰ ਬਾਬਲ ਆਪਣੀ ਧੀ ਲਈ ਵਰ ਲੱਭਦਾ ਅਤੇ ਆਪਣੇ ਵੱਲੋਂ ਸਹੇੜੇ ਜਾਂ ਪਸੰਦ ਕੀਤੇ ਵਰ ਨਾਲ ਉਸ ਦੀਆਂ ਲਾਵਾਂ ਪੜ੍ਹਾ ਕੇ ਉਸ ਨੂੰ ਸ਼ਗਨਾਂ ਨਾਲ ਕਿਸੇ ਅਣਡਿੱਠੇ ਪਰਾਏ ਸਥਾਨ ਲਈ ਡੋਲੀ ਵਿੱਚ ਪਾ ਕੇ ਵਿਦਾ ਕਰਦਾ ਹੈ। ਬਾਬਲ ਵੱਲੋਂ ਹੱਥੀਂ ਵਿਆਹ ਦਾ ਕਾਜ ਰਚਾ ਕੇ ਤੋਰੀ ਗਈ ਹਰ ਧੀ ਦੂਸਰੇ ਘਰ ਜਾ ਕੇ ਰਾਣੀ ਬਣਦੀ ਹੈ, ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ, ਕਿਉਂਕਿ ਹਰ ਬਾਬਲ ਆਪਣੀ ਧੀ ਦੀਆਂ ਸੁੱਖ-ਸਹੂਲਤਾਂ ਨੂੰ ਧਿਆਨ ਵਿੱਚ ਰੱਖ ਕੇ ਰਾਜਿਆਂ ਜਿਹਾ ਵਰ ਟੋਲਦਾ ਹੈ। ਕੋਈ ਸਮਾਂ ਸੀ, ਜਦੋਂ ਸਮਾਜ ਵਿੱਚ ਧੀ ਦਾ ਵਰ ਢੂੰਡਣ ਲਈ ਵਿਚੋਲੇ ਦੀ ਮਦਦ ਲਈ ਜਾਂਦੀ ਸੀ, ਪ੍ਰੰਤੂ ਅੱਜ ਦੇ ਪੂੰਜੀਵਾਦੀ ਯੁੱਗ ਵਿੱਚ ਵਿਚੋਲੇ ਦਾ ਕੰਮ ਅਖਬਾਰਾਂ ਕਰ ਰਹੀਆਂ ਹਨ। ਫਿਰ ਵੀ ਜਦੋਂ ਆਪਣੇ ਵੱਲੋਂ ਵਿਚੋਲੇ ਜਾਂ ਅਖਬਾਰਾਂ ਰਾਹੀਂ ਧੀ ਲਈ ਲੱਭੇ ਵਰ ਦਾ ਬਰਾਤ ਦੇ ਰੂਪ ਵਿੱਚ ਸਵਾਗਤ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਸ਼ਬਦਾਂ ਦਾ ਗਾਇਨ ਕਰਕੇ ਸੁਆਗਤ ਕੀਤਾ ਜਾਂਦਾ ਹੈ।
ਇਕ ਸਾਜਨ ਲੱਭਾ ਜੀ, ਸਾਰਾ ਜੱਗ ਢੂੰਡ ਕੇ
ਪਰੰਪਰਾ ਅਨੁਸਾਰ ਇਕ ਬਾਬਲ ਆਪਣੀ ਧੀ ਲਈ ਸੰਸਾਰ ਵਿੱਚੋਂ ਸਭ ਤੋਂ ਸੋਹਣਾ ਤੇ ਲਾਇਕ ਵਰ ਲੱਭਦਾ ਹੈ ਤਾਂ ਜੋ ਉਸ ਦੀ ਰਾਣੀ ਧੀ ਉਸ ਨੂੰ ਕੋਈ ਉਲਾਂਭਾ ਨਾ ਦੇ ਸਕੇ। ਪੰਜਾਬੀ ਲੋਕ ਸਾਹਿਤ ਵਿੱਚ ਦਰਜ ਹੈ ਕਿ ਬਾਬਲ ਵੱਲੋਂ ਲੱਖ ਯਤਨਾਂ ਨਾਲ ਲੱਭੇ ‘ਵਰ’ ਨੂੰ ਵੀ ਕਈ ਵਾਰ ਧੀਆਂ ਪਸੰਦ ਨਹੀਂ ਰੱਖਦੀਆਂ।
ਬਾਬਲੇ ਨੇ ਵਰ ਟੋਲਿਆ
ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ
ਇਕ ਲੰਮੀ ਧੀ ਆਪਣੇ ਲਈ ਕੱਦ ਵਿੱਚ ਛੋਟਾ ਵਰ ਦੇਖ ਕੇ ਸਹਿਜ ਸੁਭਾਅ ਇਹ ਬੋਲ ਬੋਲਦੀ ਹੈ। ਇਹੀ ਨਹੀਂ, ਰੰਗ ਦੀ ਸਾਫ ਗੋਰੀ ਧੀ ਬਾਬਲ ਵੱਲੋਂ ਸਹੇੜੇ ਕਾਲੇ ਰੰਗ ਦੇ ਵਰ ਨੂੰ ਦੇਖ ਕੇ ਕਹਿ ਉਠਦੀ ਹੈ।
ਬਾਬਲੇ ਨੇ ਵਰ ਟੋਲਿਆ
ਮੁੰਡਾ ਰੋਹੀ ਦੇ ਕਿੱਕਰ ਤੋਂ ਕਾਲਾ।
ਜਿਸ ਸਮੇਂ ਧੀ ਵੱਲੋਂ ਬਾਬਲ ਉਸ ਦੇ ਲਈ ਲੱਭੇ ਵਰ ਬਾਰੇ ਇਹ ਲੋਕ ਬੋਲੀਆਂ ਗਿੱਧੀਆਂ ਦੇ ਪਿੜ ਵਿੱਚ ਹੋਂਦ ਵਿੱਚ ਆਈਆਂ, ਉਸ ਸਮੇਂ ਧੀਆਂ ਨੂੰ ਪੜ੍ਹਾਇਆ ਨਹੀਂ ਜਾਂਦਾ ਸੀ। ਉਹ ਜੰਮਦੀਆਂ ਹੀ ਬਾਬਲ ਦੀ ਸਰਪ੍ਰਸਤੀ ਹੇਠ ਆਪਣੀ ਭਾਈਆਂ ਦੀ ਨਿਗਰਾਨੀ ਵਿੱਚ ਪਲਦੀਆਂ ਅਤੇ ਉਨ੍ਹਾਂ ਨੂੰ ਬਿਨਾਂ ਦੱਸੇ ਪੁੱਛੇ ਤੋਂ ਦਿਖਾਏ ਵਰਾਂ ਨਾਲ ਡੋਲੀ ਵਿੱਚ ਪਾ ਕੇ ਪਰਾਏ ਦੇਸ਼ ਜਾਂ ਘਰਾਂ ਨੂੰ ਤੋਰ ਦਿੱਤੀਆਂ ਜਾਂਦੀਆਂ ਸਨ। ਇਸ ਲਈ ਲੋਕ ਸਾਹਿਤ ਵਿੱਚ ਧੀ ਆਪਣੇ ਹਾਣ ਦੇ ਵਰ ਦੀ ਮੰਗ ਕਰਦੀ ਆਪਣੇ ਸਹੁਰੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਧਿਆਨ ਹਿੱਤ ਰੱਖਣ ਦੀ ਬਾਤ ਲੋਕ ਬੋਲੀਆਂ ਵਿੱਚ ਪਾਉਂਦੀ ਹੈ।
ਪੱਕਾ ਘਰ ਲੱਭੀਂ ਬਾਬਲਾ
ਜਿਥੇ ਲਿੱਪਣੇ ਨਾ ਪੈਣ ਬਨੇਰੇ।
ਅਜੇ ਕੁਝ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਇਕ ਧੀ ਲਈ ਪਰੰਪਰਾਗਤ ਢੰਗ ਨਾਲ ਵਰ-ਘਰ ਲੱਭੇ ਜਾਂਦੇ ਸਨ। ਵਿਆਹ ਦੀਆਂ ਰਸਮਾਂ ਮੌਕੇ ਧੀ ਨੂੰ ਸਾਹੇ ਬੰਨ੍ਹਣ ਲਈ ਮਹਿੰਦੀ ਲਾਉਣ ਤੋਂ ਵਿਦਾਇਗੀ ਲਈ ਡੋਲੀ ਵਿੱਚ ਪਾਉਣ ਤੱਕ ਸਾਰੇ ਕਾਰਜਾਂ ਵਿੱਚ ਕਦੇ ਵੀ ਉਸ ਦੀ ਰਾਏ ਨਹੀਂ ਲਈ ਜਾਂਦੀ ਸੀ। ਅਨਪੜ੍ਹ ਜਾਂ ਘੱਟ-ਪੜ੍ਹੇ-ਲਿਖੇ ਰਵਾਇਤੀ ਸਮਾਜ ਵਿੱਚ ਭੋਲੀ-ਭਾਲੀ ਧੀ ਨੂੰ ਆਪਣੇ ਵਿਆਹ ਸਮੇਂ ਦਿੱਤੀਆਂ ਜਾਣ ਵਾਲੀਆਂ ਵਸਤਾਂ, ਜਿਵੇਂ ਕਿ ਖੇਸ, ਵਿਛਾਉਣੇ, ਤਲਾਈਆਂ, ਰਜਾਈਆਂ, ਸਿਰਹਾਣੇ, ਝੋਲੇ, ਨਾਲੇ, ਇੰਨੂੰ, ਬੋਹੀਏ, ਛਾਬੇ, ਟੋਕਰੀਆਂ, ਇਥੋਂ ਤੱਕ ਕਿ ਚੁੰਨੀਆਂ ਨੂੰ ਗੋਟੇ ਅਤੇ ਫੁੱਲ ਬੂਟੀਆਂ ਪਾਉਣੀਆਂ ਤੇ ਰੁਮਾਲ ਆਪ ਕੱਢਣੇ ਪੈਂਦੇ ਸਨ। ਪਹਿਲਾਂ ਕਪਾਹ ਚੁਗਣੀ, ਬੁਲਾਉਣੀ, ਕਰਾਉਣੀ, ਪੂਣੀਆਂ ਵੱਟਣੀਆਂ, ਸੂਤ ਕੱਤਣਾ, ਰੰਗਣਾ ਤੇ ਫੇਰ ਦਰੀਆਂ ਬੁਣਨੀਆਂ ਆਦਿ ਹਰ ਧੀ ਗੀਟੇ ਖੇਡਣ ਦੀ ਉਮਰ ਤੋਂ ਲੈ ਕੇ ਭਰ ਜੁਆਨ ਵਰ ਪ੍ਰਾਪਤ ਹੋਣ ਤੱਕ ਆਪਣੇ ਸਹੁਰੇ ਘਰ ਆਪਣੇ ਨਾਲ ਲਿਜਾਣ ਵਾਲੇ ਸਾਰੇ ਸਮਾਨ ਨੂੰ ਆਪਣੇ ਹੱਥਾਂ ਨਾਲ ਹੀ ਤਿਆਰ ਕਰਦੀ ਸੀ। ਪਿਛਲੇ ਸਮੇਂ ਤਾਂ ਰੰਗਲੀਆਂ ਪੱਖੀਆਂ, ਪੀੜ੍ਹੇ-ਪੀੜ੍ਹੀਆਂ ਅਤੇ ਪਲੰਘ ਵੀ ਸੂਤ ਰੰਗ ਕੇ ਧੀਆਂ ਆਪ ਬੁਣਦੀਆਂ ਸਨ। ਬਾਬਲ ਦੇ ਘਰ ਵਿੱਚ ਰਹਿੰਦਿਆਂ ਧੀਆਂ ਵੱਲੋਂ ਕੀਤਾ ਇਹ ਰਚਨਾਤਮਿਕ ਕਾਰਜ ਉਸ ਦੇ ਸੁ-ਹੁਨਰੀ ਹੋਣ ਅਤੇ ਸੁਘੜ-ਸਿਆਣਪ ਨੂੰ ਪ੍ਰਗਟ ਕਰਦਾ ਸੀ। ਜਦੋਂ ਵਿਆਹ ਕੇ ਗਈ ਧੀ ਵੱਲੋਂ ਸਹੁਰੇ ਘਰ ਜਾ ਕੇ ਆਪਣੇ ਵੱਲੋਂ ਆਪਣੇ ਹੱਥੀਂ ਬਣਾ ਕੇ ਲਿਆਂਦੀਆਂ ਨਿੱਤ ਵਰਤੋਂ ਦੀਆਂ ਵਸਤਾਂ ਦੀ ਵੇਖ-ਵਿਖਾਈ ਕੀਤੀ ਜਾਂਦੀ ਤਾਂ ਉਸ ਦੇ ਕਲਾਵੰਤ ਤੇ ਅਕਲਮੰਦ ਹੋਣ ਦੀਆਂ ਸਿਫਤਾਂ ਘਰ-ਘਰ ਤੁਰ ਪੈਂਦੀਆਂ। ਇਹ ਲੋਕ ਬੋਲੀ ਵੀ ਕਿਸੇ ਕਲਾਵੰਤ ਧੀ ਦੇ ਬੋਲ ਜਾਪਦੇ ਹਨ।
ਰੂਪ ਨਾ ਦੇਖੀਂ, ਰੰਗ ਨਾ ਦੇਖੀਂ
ਢੋਲਣਾ, ਨਖਰਾ ਗੋਰੀ ਦਾ ਨਾ ਦੇਖ,
ਤੇਰੇ ਬਣੂੰਗੀ ਬਰਕਤ ਘਰ ਦੀ ਮੈਂ,
ਮੇਰੇ ਮੱਥੇ ਵੰਨੀ ਦੇਖ।
ਔਰਤ ਬਾਰੇ ਸਿਆਣਿਆਂ ਬਜ਼ੁਰਗਾਂ ਦਾ ਕਥਨ ਹੈ ਕਿ ਬੁਰੀ ‘ਤੇ ਆਈ ਔਰਤ ਸੂਈ ਦੇ ਨੱਕੇ ਨਾਲ ਹੀ ਘਰ ਨੂੰ ਪੁੱਟ ਦਿੰਦੀ ਹੈ, ਪ੍ਰੰਤੂ ਬੰਦਾ ਜੇ ਤੰਗਲੀਆਂ ਨਾਲ ਵੀ ਘਰ ਦੀ ਦੌਲਤ ਉਡਾਉਣ ਲੱਗੇ, ਉਹ ਤਾਂ ਵੀ ਨਹੀਂ ਮੁੱਕਦੀ। ਇਹ ਵੀ ਕਿਹਾ ਗਿਆ ਹੈ ਕਿ ਔਰਤ ਘਰ ਦਾ ਬਾਨ੍ਹਣੂੰ ਹੁੰਦੀ ਹੈ। ਉਸ ਦੇ ਮਸਤਕ ਦੀ ਸੁਲੱਖਣੀ ਜੋਤ ਤੇ ਹੱਥਾਂ ਦੀ ਬਰਕਤ ਘਰ ਨੂੰ ਸਵਰਗ ਬਣਾ ਦਿੰਦੀ ਹੈ। ਇਕ ਲੋਕ ਬੋਲੀ ਵਿੱਚ ਦਰਜ ਹੈ।
ਤੂੰਬਾ ਨਾ ਵੱਜਦਾ ਤਾਰ ਬਿਨਾਂ,
ਘਰ ਨਾ ਸੋਂਹਦਾ ਨਾਰ ਬਿਨਾਂ।
ਇਕ ਸੋਹਣਾ ਸਵਰਗ ਜਿਹਾ ਘਰ ਬਣਾਉਣ ਲਈ ਸਮਾਜ ਵਿੱਚ ਵਿਵਾਹ ਦੀ ਰੀਤ ਹੈ। ਆਪਣੀਆਂ ਹੋਣ ਪਰਾਈਆਂ ਤੇ ਪਰਾਈਆਂ ਅਸੀਂ ਅਪਣਾਈਆਂ। ਰਾਜੇ ਵੀ ਧੀਆਂ ਨੂੰ ਘਰ ਨਹੀਂ ਰੱਖ ਸਕੇ। ਉਨ੍ਹਾਂ ਵੀ ਧੀਆਂ ਦੇ ਸੁਅੰਬਰ ਰਚਾਏ। ਹਰ ਧੀ ਨੂੰ ਤੋਰਨ ਲੱਗਿਆਂ ਬਾਬਲ ਰੋਂਦਾ ਹੈ, ਇਸ ਲਈ ਧੀ ਆਪਣੀ ਮਾਂ ਅੱਗੇ ਪੁਕਾਰ ਕਰਦੀ ਹੈ।
ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ,
ਰਹਾਂ ਬਾਬਲ ਦੀ ਬਣ ਕੇ ਮੈਂ ਗੋਲੀ ਨੀ ਮਾਂ।
ਅਜੋਕੇ ਪੂੰਜੀਵਾਦੀ ਯੁੱਗ ਵਿੱਚ ਸਮੇਂ ਨੇ ਅਜਿਹੀ ਕਰਵਟ ਲਈ ਹੈ ਕਿ ਪਰੰਪਰਾਗਤ ਰੀਤਾਂ ਸਮਾਪਤ ਹੋ ਰਹੀਆਂ ਹਨ। ਵਿਆਹ ਲਈ ਵਿਚੋਲੇ ਦੀ ਲੋੜ ਨਹੀਂ ਰਹੀ। ਇਹ ਕਾਰਜ ਅਖਬਾਰ ਕਰਦਾ ਹੈ ਜਾਂ ਫਿਰ ਧੀਆਂ ਆਪਣੀ ਪਸੰਦ ਦਾ ਵਰ ਆਪ ਚੁਣ ਲੈਂਦੀਆਂ ਹਨ। ਮਾਪੇ ਉਸ ਦੇ ਵਿਆਹ ਦਾ ਪ੍ਰਬੰਧ ਕਰਦੇ ਹਨ। ਆਪੇ ਚੁਣਿਆ ਵਰ ਕਾਲਾ ਹੋਵੇ ਜਾਂ ਮਧਰਾ ਜਾਂ ਉਸ ਦੀ ਆਰਥਿਕ ਸਥਿਤੀ ਜਿਹੋ ਜਿਹੀ ਵੀ ਹੋਵੇ, ਉਸ ਲਈ ਉਹ ਆਪ ਹੀ ਜ਼ਿੰਮੇਵਾਰ ਹੁੰਦੀ ਹੈ। ਪਿਆਰ-ਵਿਆਹਾਂ ਨਾਲ ਇਕਹਿਰੀ ਪਰਿਵਾਰ ਪ੍ਰਣਾਲੀ ਵਿਕਸਿਤ ਹੋ ਰਹੀ ਹੈ। ਇਨ੍ਹਾਂ ਵਿਆਹਾਂ ਦੀਆਂ ਸਮੱਸਿਆਵਾਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਇਨ੍ਹਾਂ ਤੋਂ ਸਪਸ਼ੱਟ ਹੁੰਦਾ ਹੈ ਕਿ ਪ੍ਰਾਚੀਨ ਪਰੰਪਰਾਗਤ ਵਿਆਹ ਪ੍ਰਣਾਲੀਆਂ ਤੋਂ ਉਨ੍ਹਾਂ ਦੀਆਂ ਰੀਤਾਂ, ਜੋ ਸਮਾਜਿਕ ਵਿਆਹ ਪ੍ਰਬੰਧ ਲਈ ਪਰਖ-ਪੜਚੋਲ ਤੋਂ ਬਾਅਦ ਸਥਾਪਤ ਹੋਈਆਂ ਸਨ, ਪੂਰਨ ਰੂਪ ਵਿੱਚ ਲਾਹੇਵੰਦ ਤੇ ਚਿਰ-ਸਥਾਈ ਹਨ। ਇਸ ਕਰਕੇ ਵਿਦੇਸ਼ਾਂ ਵਿੱਚ ਲੋਕ ਭਾਰਤੀ ਵਿਆਹ ਪ੍ਰਬੰਧਾਂ ਜਾਂ ਰੀਤੀ ਰਿਵਾਜ਼ਾਂ ਨੂੰ ਤਰਜੀਹ ਦੇਣ ਦੀ ਹਾਮੀ ਭਰਦੇ ਹੋਏ ਅਜਿਹੇ ਵਿਆਹ ਰਚਾ ਰਹੇ ਹਨ। ਕੋਈ ਸਮਾਂ ਸੀ, ਜਦੋਂ ਸਾਡੀ ਪਰੰਪਰਾਗਤ ਵਿਆਹ ਪ੍ਰਣਾਲੀ ਕਾਰਨ ਲੋਕ ਸਾਹਿਤ ਵਿੱਚ ਅਜਿਹੀਆਂ ਲੋਕ ਬੋਲੀਆਂ ਵੀ ਦਰਜ ਹੋ ਗਈਆਂ।
ਬਾਬਲ ਮੇਰੇ ਕਾਜ ਰਚਾਇਆ,
ਵੀਰਾਂ ਤੋਰੀ ਡੋਲੀ,
ਡੋਲੀ ਵਿੱਚ ਮੈਂ ਗੀਟੇ ਖੇਡਾਂ,
ਭੋਲੀ ਜਿਹੀ ਮਮੋਲੀ।
ਆ ਕੇ ਲੈ ਜਾ ਵੀਰਨਾ,
ਮੈਂ ਨਾ ਸੱਸੜੀ ਦੀ ਗੋਲੀ।
ਆ ਕੇ ਲੈ ਜਾ ਵੀਰਨਾ…
ਅੱਜ ਅਜਿਹਾ ਕੁਝ ਨਹੀਂ ਹੈ। ਕਾਨੂੰਨ ਅਨੁਸਾਰ ਵਿਆਹ ਦੀ ਉਮਰ ਮਿਥੀ ਹੋਈ ਹੈ। ਧੀਆਂ ਦੇ ਹੱਕਾਂ ਲਈ ਕਈ ਕਾਨੂੰਨ ਹਨ। ਧੀ ਦਾ ਬਾਬਲ ਸਦਾ ਉਸ ਦੀ ਸੁੱਖ ਲੋੜਦਾ ਹੈ। ਉਸ ਨੂੰ ਫੁੱਲ-ਕਲੀਆਂ ਦੀ ਤਰ੍ਹਾਂ ਪਾਲਦਾ ਹੈ। ਉਸ ਨੂੰ ਪੜ੍ਹਾ ਕੇ ਪੈਰਾਂ ‘ਤੇ ਖੜਨ ਯੋਗ ਬਣਾ ਕੇ ਉਸ ਦਾ ਕਾਜ ਰਚਾਉਣ ਦੀ ਗੱਲ ਤੋਰਦਾ ਹੈ। ਉਹ ਸਦਾ ਹੀ ਅਜਿਹਾ ਵਰ ਘਰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਵੱਲੋਂ ਉਸ ਨੂੰ ਠੰਢੀ ਹਵਾ, ਭਾਵ ਸੁਖ ਦੀ ਵਾਅ, ਆਵੇ। ਇਕ ਧੀ ਦੇ ਬਾਬਲ ਦੀਆਂ ਭਾਵਨਾਵਾਂ ਨੂੰ ਲੋਕ ਗੀਤਾਂ ਵਿੱਚ ਇੰਜ ਗਾਇਆ ਗਿਆ ਹੈ।
ਚੰਦ ਸੂਰਜ ਵਰ ਟੋਲਾਂ ਨੀ ਧੀਏ,
ਤੂੰ ਪੱਟ ਹੰਢਾਵੇਂ ਵਰੀਆਂ
ਵਾਅ ਸੁੱਖ ਦੀ ਤੇਰੇ ਵੱਲੋਂ ਸਦਾ ਹੀ ਆਵੇ
ਮੇਰੇ ਮਨ ਦੀਆਂ ਵੇਲਾਂ ਹੋਵਣ ਹਰੀਆਂ।
ਬਾਬਲ ਵਰ ਢੂੰਡਦਾ ਹੈ। ਕਾਜ ਰਚਾਉਂਦਾ ਹੈ। ਉਸ ਦੇ ਘਰ ਦੀਆਂ ਚਾਰੇ ਕੰਧਾਂ ਹਿੱਲ ਜਾਂਦੀਆਂ ਹਨ। ਧੀ ਦੀ ਰਾਣੀ ਮਾਂ ਇਨ੍ਹਾਂ ਹਿੱਲਦੀਆਂ ਕੰਧਾਂ ਦੀ ਸਾਖੀ ਹੁੰਦੀ ਹੈ। ਹਰ ਬਾਬਲ, ਵੀਰ ਤੇ ਮਾਂ ਜਦੋਂ ਆਪਣੇ ਕਾਲਜੇ ਦੇ ਟੁਕੜੇ ਨੂੰ ਸ਼ਗਨਾਂ ਨਾਲ ਘਰੋਂ ਤੋਰਦੇ ਹਨ ਤਾਂ ਉਨ੍ਹਾਂ ਭਾਵਨਾਵਾਂ ਨੂੰ ਲੋਕ ਗੀਤ ਹੀ ਬਿਆਨ ਕਰ ਸਕਦੇ ਹਨ।
ਬਾਬਲ ਤੋਰੀ ਲਾਡੋ,
ਮੈਂ ਤੁਰੀ ਤੈਂ ਹੱਥਾਂ ਨਾਲ ਤੋਰੀ ਵੇ।
ਬੂਹੇ ਖੜੀਆਂ ਭੈਣਾਂ ਤੇ ਸਖੀਆਂ ਰੋਵਣ,
ਮਾਂ ਅੱਖਾਂ ਪੂੰਝੇ ਚੋਰੀ ਵੇ।
ਵੀਰ ਡੋਲੀ ਨੂੰ ਤੋਰਦੇ ਹੁਬਕੀਂ ਰੋਂਦੇ,
ਭਾਬੀਆਂ ਰੋਵਣ ਜ਼ੋਰੋ-ਜ਼ੋਰੀ ਵੇ।




