Saturday, 4 February 2012, 8:47 PM Toronto Time

ਤਣਾਅ ਨੂੰ ਦੂਰ ਕਰਦਾ ਹੈ ਹਾਸਾ

1 Star2 Stars3 Stars4 Stars5 Stars (No Ratings Yet)
Loading ... Loading ...


Happy_People_8_.26194712

- ਗੁਰਦੇਵ ਸਿੰਘ ਚੀਚਾ
ਅੱਜ ਦੇ ਜ਼ਮਾਨੇ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਹਰ ਇਨਸਾਨ ਤਣਾਅ ਦੀ ਮਾਰ ਹੇਠ ਹੈ। ਪਹਿਲੇ ਸਮਿਆਂ ਵਿੱਚ ਇਕ ਆਦਮੀ ਕਮਾਉਂਦਾ ਸੀ ਤੇ ਸਾਰਾ ਟੱਬਰ ਖਾਂਦਾ ਸੀ। ਉਸ ਸਮੇਂ ਲੋੜਾਂ ਬੜੀਆਂ ਸੀਮਤ ਸਨ। ਸਾਦਾ ਖਾਣਾ-ਪੀਣਾ, ਸਾਦਾ ਰਹਿਣ-ਸਹਿਣ ਤੇ ਸਾਦੀ ਜ਼ਿੰਦਗੀ ਜਿਊਣ ਕਾਰਨ ਲੋਕਾਂ ਦਾ ਗੁਜ਼ਾਰਾ ਸੌਖਾ ਹੋ ਜਾਂਦਾ ਸੀ। ਹੁਣ ਘਰ ਦੇ ਸਾਰੇ ਜੀਅ ਵੀ ਕਮਾਉਂਦੇ ਹਨ ਤਾਂ ਵੀ ਜ਼ਿੰਦਗੀ ਔਖੀ ਹੀ ਲੰਘਦੀ ਹੈ। ਕਾਰਨ ਇਹ ਹੈ ਕਿ ਅਸੀਂ ਆਪਣੀਆਂ ਲੋੜਾਂ ਜ਼ਿਆਦਾ ਵਧਾ ਲਈਆਂ ਹਨ। ਉਨ੍ਹਾਂ ਨੂੰ ਪੂਰਾ ਕਰਨ ਲਈ ਵਧੇਰੇ ਪੈਸੇ ਦੀ ਜ਼ਰੂਰਤ ਹੈ। ਪੈਸਾ ਕਮਾਉਣ ਲਈ ਘਰ ਦੇ ਜ਼ਿਆਦਾ ਜੀਆਂ ਨੂੰ ਕੰਮ ਕਰਨਾ ਪੈਂਦਾ ਹੈ। ਸਾਰੇ ਜੀਅ ਕਮਾ ਕੇ ਵੀ ਪੂਰੀ ਨਹੀਂ ਪੈਂਦੀ ਸਗੋਂ ਤਣਾਅ ਵਧ ਰਿਹਾ ਹੈ।
ਦਿਮਾਗੀ ਕੰਮ ਦੇ ਬੋਝ ਜਾਂ ਚਿੰਤਾ ਕਰਨ ਜਾਂ ਜ਼ਿਆਦਾ ਸੋਚਣ ਨਾਲ ਮਨੁੱਖ ਤਣਾਅਗ੍ਰਸਤ ਹੁੰਦਾ ਹੈ। ਹਰ ਥਾਂ ਕੰਪੀਟੀਸ਼ਨ ਹੈ। ਇਥੋਂ ਤੱਕ ਕਿ ਇਕ ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਵੀ ਅਕਸਰ ਹੀ ਕਹਿ ਦਿੰਦੇ ਹਨ ਕਿ ਉਨ੍ਹਾਂ ਨੂੰ ਬੜੀ ਟੈਨਸ਼ਨ ਹੈ। ਅਜੇ ਹੋਮਵਰਕ ਵੀ ਕਰਨਾ ਹੈ, ਟਿਊਸ਼ਨ ਦਾ ਵੀ ਸਮਾਂ ਹੋ ਰਿਹਾ ਹੈ। ਟਿਊਸ਼ਨ ਵਾਲੀ ਟੀਚਰ ਨੇ ਜੋ ਯਾਦ ਕਰਨ ਲਈ ਦਿੱਤਾ ਸੀ, ਉਹ ਵੀ ਨਹੀਂ ਹੋ ਸਕਿਆ। ਇਸ ਕਰ ਕੇ ਅੱਜ ਦੇ ਬੱਚੇ ਦੀ ਤਣਾਅ ਭਰੀ ਜ਼ਿੰਦਗੀ ਜੀਅ ਰਹੇ ਹਨ।
ਪਹਿਲਾਂ ਤਾਂ ਆਮ ਲੋਕ ਜੇਕਰ ਸੈਰ ਵੀ ਨਹੀਂ ਸੀ ਕਰਦੇ ਤਾਂ ਘੱਟੋ ਘੱਟ ਕਾਫੀ ਸਮਾਂ ਪੈਦਲ ਤੁਰ ਕੇ ਹੀ ਗੁਜ਼ਾਰ ਦਿੰਦੇ ਸਨ। ਕੋਈ ਸੌਦਾ ਹੱਟੀ ‘ਤੇ ਲੈਣ ਜਾਣਾ ਹੋਵੇ ਤਾਂ ਉਹ ਪੈਦਲ ਹੀ ਜਾਂਦੇ ਸਨ। ਬਾਹਰ ਖੇਤਰਾਂ ਨੂੰ ਪੈਦਲ ਹੀ ਗੇੜਾ ਮਾਰ ਆਉਣਾ। ਅੱਜ-ਕੱਲ੍ਹ ਬਜ਼ਾਰ ਵੀ ਜਾਣਾ ਹੋਵੇ ਤਾਂ ਸਕੂਟਰ/ਮੋਟਰਸਾਈਕਲ ਕੱਢ ਲੈਂਦੇ ਹਨ। ਪਹਿਲੇ ਸਮਿਆਂ ਵਿੱਚ ਕਿਸੇ ਰਿਸ਼ਤੇਦਾਰੀ ਦੇ ਜਾਣਾ ਹੋਵੇ ਤਾਂ ਲੋਕ ਪੈਦਲ ਹੀ ਚਲੇ ਜਾਂਦੇ ਸਨ ਜਾਂ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਦੀ ਵਰਤੋਂ ਕਰ ਲੈਂਦੇ ਸਨ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਸੀ ਤੇ ਤਣਾਅ ਵਰਗੀ ਕੋਈ ਬਿਮਾਰੀ ਲਾਗੇ ਨਹੀਂ ਸੀ ਲਗਦੀ।
ਹੁਣ ਤਾਂ ਪਿੰਡਾਂ ਦੇ ਲੋਕ ਵੀ ਸੁੱਖ-ਰਹਿਣੇ ਹੋ ਗਏ ਹਨ। ਸਗੋਂ ਸ਼ਹਿਰੀ ਲੋਕਾਂ ਨਾਲੋਂ ਵੀ ਜ਼ਿਆਦਾ ਬਿਮਾਰ ਰਹਿੰਦੇ ਹਨ। ਸ਼ਹਿਰੀ ਲੋਕ ਤਾਂ ਸਵੇਰੇ-ਸ਼ਾਮ ਸੈਰ ਵੀ ਕਰ ਲੈਂਦੇ ਹਨ, ਪਰ ਪਿੰਡਾਂ ਦੇ ਲੋਕ ਓਨਾ ਸਰੀਰ ਹਿਲਾਉਣੋਂ ਵੀ ਹਟਦੇ ਜਾ ਰਹੇ ਹਨ। ਪੇਂਡੂ ਲੋਕ ਹੱਥੀਂ ਕੰਮ ਕਰਨਾ ਭੁੱਲਦੇ ਜਾ ਰਹੇ ਹਨ। ਸਾਰਾ ਕੰਮ ਭਈਆਂ ਤੋਂ ਕਰਵਾਇਆ ਜਾਂਦਾ ਹੈ ਤੇ ਆਪ ਚਿੱਟ ਕੱਪੜੀਏ ਬਾਬੂ ਬਣ ਕੇ ਲਾਗਲੇ ਸ਼ਹਿਰ/ਕਸਬੇ ਗੇੜਾ ਮਾਰ ਜਾਂਦੇ ਹਨ ਜਾਂ ਸ਼ਾਮ ਨੂੰ ਦਾਰੂ ਪੀ ਕੇ ਪੈ ਜਾਂਦੇ ਹਨ। ਪਿੰਡਾਂ ਵਿੱਚ ਨਸ਼ਿਆਂ ਨੇ ਪੇਂਡੂ ਲੋਕਾਂ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਇਸੇ ਕਰ ਕੇ ਹੀ ਉਹ ਤਣਾਅਗ੍ਰਸਤ ਹੋ ਰਹੇ ਹਨ ਤੇ ਬਹੁਤ ਬਿਮਾਰੀਆਂ ਤਣਾਅ ਦੀ ਵਜ੍ਹਾ ਕਰ ਕੇ ਹੁੰਦੀਆਂ ਹਨ। ਇਸ ਤਣਾਅ ਨੂੰ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕੀਤਾ ਸਕਦਾ, ਪਰ ਇਸ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।
ਤਣਾਅ ਖਤਮ ਕਰਨ ਲਈ ਸਭ ਤੋਂ ਸਰਲ ਤਰੀਕਾ ਹੈ ਸੈਰ। ਸੈਰ ਤਾਂ ਭਾਵੇਂ ਕਿਸੇ ਵੇਲੇ ਵੀ ਕੀਤੀ ਜਾ ਸਕਦੀ ਹੈ, ਦੁਪਹਿਰ ਜਾਂ ਸ਼ਾਮ ਨੂੰ ਵੀ, ਘਰ ਸਵੇਰ ਦੀ ਸੈਰ ਦਾ ਅਲੱਗ ਹੀ ਮਜ਼ਾ ਹੈ। ਸਵੇਰ ਵੇਲੇ ਹਵਾ ਤਾਜ਼ੀ ਹੁੰਦੀ ਹੈ, ਉਸ ਵਿੱਚ ਆਕਸੀਜਨ ਦੀ ਮਾਤਰਾ ਵਧੇਰੇ ਹੁੰਦੀ ਹੈ ਤੇ ਹਵਾ ਵਿੱਚ ਠੰਢਕ ਹੁੰਦੀ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਸਵੇਰ ਵੇਲੇ ਪਾਰਕ ਜਾਂ ਕਿਸੇ ਖੁੱਲ੍ਹੀ ਜਗ੍ਹਾ ਲੰਮੇ ਲੰਮੇ ਸਾਹ ਖਿੱਚਣੇ ਚਾਹੀਦੇ ਹਨ। ਜੇ ਹੋ ਸਕੇ ਤਾਂ ਥੋੜਾ ਜਿਹਾ ਦੌੜਿਆ ਵੀ ਜਾ ਸਕਦਾ ਹੈ। ਸਵੇਰ ਦੀ ਸੈਰ ਤੰਦਰੁਸਤੀ ਤੇ ਤਰੋ-ਤਾਜ਼ਗੀ ਬਖਸ਼ਦੀ ਹੈ।
ਸਵੇਰੇ ਉਠਦਿਆਂ ਸਾਰ ਹੀ ਦੋਵਾਂ ਹੱਥਾਂ ਦੀ ਕੜਿੰਗੜੀ ਬਣਾ ਕੇ ਸਰੀਰ ਨੂੰ ਅਕੜਾ ਦਿਓ। ਫਿਰ ਉਸ ਕੜਿੰਗੜੀ ਨੂੰ ਪੈਰਾਂ ਤੱਕ ਲੈ ਕੇ ਆਵੋ। ਇਸ ਅੰਗੜਾਈ ਨਾਲ ਸਰੀਰ ਵਿਚਲਾ ਤਣਾਅ ਖਤਮ ਹੁੰਦਾ ਹੈ। ਇਸ ਨੂੰ ਦਿਨ ਵਿੱਚ 4-5 ਵਾਰ ਕੀਤਾ ਜਾ ਸਕਦਾ ਹੈ।
ਯੋਗਾ ਦਾ ਇਕ ਹੋਰ ਤਰੀਕਾ ਹੈ ਤਣਾਅ ਨੂੰ ਖਤਮ ਕਰਨ ਲਈ। ਇਸ ਵਿੱਚ ਸਾਹ ਨੂੰ ਡੂੰਘਾ ਖਿੱਚ ਕੇ ਅੰਦਰ ਲੈ ਜਾਓ। ਇਸ ਨਾਲ ਪੇਟ ਬਾਹਰ ਨੂੰ ਆਵੇਗਾ। ਸਾਹ ਨੂੰ ਜਿੰਨਾ ਸਮਾਂ ਤੁਸੀਂ ਰੋਕ ਸਕਦੇ ਹੋ ਫੇਫੜਿਆਂ ਵਿੱਚ ਹੀ ਰੋਕ ਕੇ ਰੱਖੋ। ਫਿਰ ਹੌਲੀ ਹੌਲੀ ਸਾਹ ਨੂੰ ਛੱਡ ਦਿਓ ਤੇ ਪੂਰੀ ਤਰ੍ਹਾਂ ਫੇਫੜਿਆਂ ਨੂੰ ਖਾਲੀ ਕਰ ਦਿਓ। ਇਸ ਤਰ੍ਹਾਂ ਕਰਨ ਨਾਲ ਪੇਟ ਅੰਦਰ ਨੂੰ ਪਿਚਕ ਜਾਵੇਗਾ। ਇਸ ਕਿਰਿਆ ਨੂੰ ਵਾਰ ਵਾਰ ਕਰੋ। ਖਾਲੀ ਪੇਟ ਜਾਂ ਸਵੇਰ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਕਿਰਿਆ ਨੂੰ ਕਰਨ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਰੋਟੀ ਖਾਣ ਤੋਂ ਤਿੰਨ-ਚਾਰ ਘੰਟੇ ਬਾਅਦ ਤੱਕ ਇਸ ਕਿਰਿਆ ਨੂੰ ਨਹੀਂ ਕਰਨਾ ਚਾਹੀਦਾ।
ਤਣਾਅ ਮੁਕਤ ਹੋਣ ਲਈ ਹਾਸਾ ਵੀ ਬਹੁਤ ਫਾਇਦੇਮੰਦ ਹੈ। ਜ਼ੋਰ-ਜ਼ੋਰ ਦੀ ਹੱਸਣ ਨਾਲ ਸਰੀਰ ਵਿੱਚ ਜ਼ਿਆਦਾ ਆਕਸੀਜਨ ਜਾਂਦੀ ਹੈ ਤੇ ਲਹੂ ਸੰਚਾਰ ਠੀਕ ਤਰ੍ਹਾਂ ਕੰਮ ਕਰਦਾ ਹੈ। ਬਹੁਤ ਸਾਰੇ ਸ਼ਹਿਰਾਂ ਵਿੱਚ ਲਾਫਿੰਗ ਕਲੱਬਾਂ ਬਣੀਆਂ ਹੋਈਆਂ ਹਨ। ਇਹ ਲੋਕ ਸਵੇਰੇ ਨਿਸ਼ਚਿਤ ਸਮੇਂ ‘ਤੇ ਪਾਰਕ ਜਾਂ ਕਿਸੇ ਖੁੱਲ੍ਹੀ ਜਗ੍ਹਾ ਇਕੱਠੇ ਹੋ ਜਾਂਦੇ ਹਨ ਤੇ ਜ਼ੋਰ ਜ਼ੋਰ ਦੀ ਠਹਾਕੇ ਮਾਰ ਕੇ ਹੱਸਦੇ ਹਨ। ਕਹਿੰਦੇ ਹਨ ਕਿ ਠਹਾਕੇ ਲਾ ਕੇ ਹੱਸਣ ਨਾਲ ਤਣਾਅ ਤੋਂ ਤਾਂ ਛੁਟਕਾਰਾ ਮਿਲਦਾ ਹੀ ਹੈ ਇਸ ਨਾਲ ਸਰੀਰ ਵਿੱਚ ਤਾਜ਼ਗੀ ਆ ਜਾਂਦੀ ਹੈ ਤੇ ਆਦਮੀ ਆਪਣੇ ਨੂੰ ਚੁਸਤ-ਦਰੁਸਤ ਮਹਿਸੂਸ ਕਰਦਾ ਹੈ।

Share and Enjoy:
  • Print
  • Add to favorites
  • email
  • Digg
  • Reddit
  • del.icio.us
  • StumbleUpon
  • SphereIt
  • Technorati
  • Slashdot
  • Tumblr
  • Ping.fm
  • Facebook
  • MySpace
  • LinkedIn
  • Twitter
  • NewsVine
  • Google Bookmarks
  • Yahoo! Bookmarks
  • Yahoo! Buzz
  • Live


Speak Your Mind

Tell us what you're thinking...
and oh, if you want a pic to show with your comment, go get a gravatar!