ਰੇਖਾ ਹੁਣ ਛੋਟੇ ਪਰਦੇ ‘ਤੇ
On 2 September 2010 in ਫਿਲਮੀਂ
ਬਾਲੀਵੁੱਡ ਦੀ ਸਦਾ ਬਹਾਰ ਅਦਾਕਾਰਾ ਰੇਖਾ ਹੁਣ ਛੋਟੇ ਪਰਦੇ ‘ਤੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਆ ਰਹੀ ਹੈ। ਉਮਰਾਓ ਜਾਨ ਵਰਗੀਆਂ ਕਈ ਖੂਬਸੂਰਤ ਫਿਲਮਾਂ ਵਿੱਚ ਆਪਣੇ ਹੁਨਰ ਦਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਦਰਸ਼ਕ ਇਸ ਖੂਬਸੂਰਤ ਅਭਿਨੇਤਰੀ ਨੂੰ ਫਿਲਮਕਾਰ ਹੈਰੀ ਬਾਵੇਜਾ ਦੇ ਪੇਂਡੂ ਪਿੱਠ ਭੂਮੀ ‘ਤੇ ਆਧਾਰਤ ਲੜੀਵਾਰ ਵਿੱਚ ਦੇਖ ਸਕਣਗੇ, ਜਿਸ ਦੀ ਤਿਆਰੀ ਬੜੇ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ।
ਉਮੀਦ ਕੀਤੀ ਜਾਂਦੀ ਹੈ ਕਿ ਇਸ ਲੜੀਵਾਰ ਦਾ ਪ੍ਰਸਾਰਨ ਸਹਾਰਾ ਵੰਨ ਚੈਨਲ ‘ਤੇ 10 ਅਕਤੂਬਰ ਤੋਂ ਸ਼ੁਰੂ ਹੋਵੇਗਾ। ਸਹਾਰਾ ਵੰਨ ਟੀ ਵੀ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਿਸੇ ਨਾ ਕਿਸੇ ਵੱਡੇ ਪਰਦੇ ਦੇ ਕਲਾਕਾਰਾਂ ਨੂੰ ਛੋਟੇ ਪਰਦੇ ‘ਤੇ ਦਿਖਾਇਆ ਜਾਵੇ। ਇਸ ਤੋਂ ਪਹਿਲਾਂ ਸਹਾਰਾ ਵੰਨ ਵਾਲੇ ਹੇਮਾ ਮਾਲਿਨੀ, ਸ੍ਰੀਦੇਵੀ, ਰਵੀਨਾ ਟੰਡਨ ਅਤੇ ਕਰਿਸ਼ਮਾ ਕਪੂਰ ਨੂੰ ਛੋਟੇ ਪਰਦੇ ‘ਤੇ ਲਿਆਉਣ ਵਿੱਚ ਕਾਮਯਾਬ ਰਹੇ।
ਰੇਖਾ ਖੁਦ ਇਸ ਲੜੀਵਾਰ ਦੀ ਕਹਾਣੀ ਤੋਂ ਬਹੁਤ ਉਤਸ਼ਾਹਤ ਹੈ। ਉਸ ਦਾ ਕਹਿਣਾ ਹੈ ਕਿ ‘ਮੇਰੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਮੈਂ ਇਸ ਲੜੀਵਾਰ ਵਿੱਚ ਵਧੀਆ ਕਿਰਦਾਰ ਨਿਭਾ ਸਕਾਂ। ਇਸ ਲੜੀਵਾਰ ਵਿੱਚ ਮੇਰੇ ਨਾਲ ਕਬੀਰ ਬੇਦੀ ਜਿਹੇ ਵਧੀਆ ਕਲਾਕਾਰ ਵੀ ਕੰਮ ਕਰ ਰਹੇ ਹਨ। ਮੈਂ ਕੋਸ਼ਿਸ਼ ਕਰਾਂਗੀ ਕਿ ਜੋ ਵਿਸ਼ਵਾਸ ਮੇਰੇ ‘ਤੇ ਹੈਰੀ ਬਾਵੇਜਾ ਅਤੇ ਸਹਾਰਾ ਵੰਨ ਨੇ ਬਣਾਇਆ ਹੈ ਮੈਂ ਉਨ੍ਹਾਂ ਦੀ ਕਸੌਟੀ ‘ਤੇ ਪੂਰੀ ਉਤਰ ਸਕਾਂ।’




