ਜੀ ਟੀ ਏ ਖ਼ੇਤਰ ਵਿੱਚ ਪੰਜਾਬੀ ਭਵਨ ਬਨਾਉਣ ਦਾ ਆਹਿਦ ਕੀਤਾ ਗਿਆ
On 4 September 2010 in ਕੈਨੇਡਾ
ਬਰੈਂਪਟਨ/ਹੀਰਾ ਰੰਧਾਵਾ – ਬੀਤੇ ਸੋਮਵਾਰ ਪ੍ਰੋ. ਮੋਹਨ ਸਿੰਘ ਯਾਦਗਾਰੀ ਫ਼ਾਊਂਡੇਸ਼ਨ ਟੋਰਾਂਟੋ, ਕੈਨੇਡਾ ਵੱਲੋਂ ਇੱਕ ਸਮਾਗਮ ਫ਼ਾਊਂਡੇਸ਼ਨ ਦੀ ਭਾਰਤ ਦੀ ਇਕਾਈ ਤੋਂ ਜਨਰਲ ਸਕੱਤਰ ਅਤੇ ਪੰਜਾਬੀ ਸਾਹਿੱਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਸ੍ਰੀ ਗੁਰਭਜਨ ਸਿੰਘ ਗਿੱਲ ਦੇ ਮਾਣ ਵਿੱਚ ਮੈਲਿਨੀ ਡਰਾਈਵ ‘ਤੇ ਸਥਿੱਤ ਰਾਇਲ ਸਵੀਟਸ ਐਂਡ ਬੈਂਕੁਅਟ ਹਾਲ ਵਿੱਚ ਰਾਤਰੀ ਭੋਜ ਮੌਕੇ ਕੀਤਾ ਗਿਆ। ਇਸ ਸਮਾਗਮ ਵਿੱਚ ਭਾਈਚਾਰੇ ਦੀਆਂ ਬਹੁਤ ਸਾਰੀਆਂ ਨਾਮੀ ਸ਼ਖ਼ਸ਼ੀਅਤਾਂ ਨੇ ਭਾਗ ਲਿਆ। ਸ੍ਰੀ ਜਗਮੋਹਨ ਸੇਖੋਂ ਨੇ ਆਏ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸ੍ਰੀ ਗਿੱਲ ਨਾਲ ਆਪਣੀ ਕਾਲਜ ਵੇਲੇ ਤੋਂ ਚੱਲਦੀ ਆ ਰਹੀ ਸਾਂਝ ਦੀ ਗੱਲ ਕੀਤੀ। ਉਹਨਾਂ ਪ੍ਰਿੰਸੀਪਲ ਸੰਤ ਸਿੰਘ ਟਰੱਸਟ ਬਨਾਉਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੀ ਸਦੀ ਦੇ ਮਹਾਨ ਲੇਖਕ ਦੇ ਕੀਤੇ ਕਾਰਜ ਦੀ ਸਾਂਭ ਸੰਭਾਲ ਅਤੇ ਉਹਦੀ ਸਦੀਵੀ ਯਾਦ ਲਈ ਕਈ ਉਪਰਾਲੇ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ। ਇਸ ਉਪਰੰਤ ਸੰਸਥਾ ਦੇ ਮੈਂਬਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਆਪਸੀ ਜਾਣ ਪਛਾਣ ਕਰਵਾਈ ਗਈ। ਲੇਖਕ ਸ੍ਰੀ ਤ੍ਰਿਲੋਚਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਭਵਿੱਖ ਵਿੱਚ ਕੋਈ ਖ਼ਤਰਾ ਨਹੀਂ। ਇਸ ਵਿਸ਼ੇ ਵਿੱਚ ਉਹਨਾਂ ਪੋਲੈਂਡ ਦੀ ਜ਼ੁਬਾਨ ਦੀ ਉਦਾਹਰਨ ਦਿੱਤੀ। ਉਹਨਾਂ ਟੋਰਾਂਟੋ ਖ਼ੇਤਰ ਵਿੱਚ ਪੰਜਾਬੀ ਭਵਨ ਦੀ ਉਸਾਰੀ ‘ਤੇ ਜ਼ੋਰ ਦਿੱਤਾ। ਇਸ ਸੰਬੰਧੀ ਸ੍ਰੀ ਗੁਰਭਜਨ ਗਿੱਲ ਨੇ ਕਿਹਾ ਕਿ ਉਹਨਾਂ ਆਪਣੀ 2003 ਵਿੱਚ ਟੋਰਾਂਟੋ ਫੇਰੀ ਮੌਕੇ ਪੰਜਾਬੀ ਭਵਨ ਬਨਾਉਣ ਦੀ ਗੱਲ ਤੋਰੀ ਸੀ ਜਿਸ ਪਾਸੇ ਵੱਲ ਕਦਮ ਅੱਗੇ ਵਧਦੇਪ੍ਰਤੀਤ ਹੋ ਰਹੇ ਹਨ। ਉਹਨਾ ਕਿਹਾ ਕਿ ਆਓ ਅੱਜ ਅਹਿਦ ਕਰੀਏ ਕਿ ਇਸ ਕਾਰਜ ਨੂੰ ਸਿਰੇ ਲਾ ਕੇ ਹੀ ਸਾਹ ਲਵਾਂਗੇ। ਉਹਨਾਂ ਪੰਜਾਬੀ ਭਾਈਚਾਰੇ ਵਿੱਚ ਵਿਚਰ ਰਹੇ ਸਮੂਹ ਨਾਮਵਰ ਵਿਅਕਤੀਆਂ ਨੂੰ ਸਟੇਜ ਤੇ ਸੱਦ ਕੇ ਵਾਅਦਾ ਲਿਆ। ਇਸ ਤੋਂ ਬਾਅਦ ਤੁਰੰਤ ਵਿਰਾਸਤ ਅਕੈਡਮੀ ਵੱਲੋਂ $1100 ਪੰਜਾਬੀ ਭਵਨ ਲਈ ਦੇਣ ਦਾ ਐਲਾਨ ਕੀਤਾ ਗਿਆ ਜਿਸ ਮਗਰੋਂ ਕੋਈ ਅੱਧੀ ਦਰਜਨ ਲੋਕਾਂ ਨੇ $500 ਦੀ ਸੇਵਾ ਪਾਉਣ ਦਾ ਵਾਅਦਾ ਕੀਤਾ ਤੇ ਕੁਝ ਨੇ ਤਾਂ ਮੌਕੇ ਤੇ ਚੈੱਕ ਵੀ ਦੇ ਦਿੱਤੇ। ਸ੍ਰੀ ਗਿੱਲ ਨੇ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਬੜੇ ਮਾਅਰਕੇ ਮਾਰੇ ਹਨ। ਪਰ ਸਾਡੇ ਕੁਝ ਵੀਰ ਇਥੇ ਮਿਹਨਤ ਤਾਂ ਅੰਤਾਂ ਦੀ ਕਰਦੇ ਹਨ ਪਰ ਜਦ ਇੰਡੀਆ ਜਾਂਦੇ ਹਨ ਤਾਂ ਉਥੇ ਉਹਨਾਂ ਨੂੰ ਪੈਸੇ ਖਰਚ ਕਰਦਿਆਂ ਤੱਕ ਨੌਜਵਾਨਾਂ ਵਿੱਚ ਗ਼ਲਤ ਗੱਲ ਜਾਂਦੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ਾਂ ਵਿੱਚ ਡਾਲਰ ਸ਼ਾਇਦ ਕਮਾਉਣੇ ਬਹੁਤ ਸੌਖੇ ਹਨ ਅਤੇ ਉਹ ਸਾਰਾ ਕੁਝ ਵੇਚ ਵੱਟ ਕੇ ਵਿਦੇਸ਼ਾਂ ਵੱਲ ਮੁਹਾਰਾਂ ਮੋੜਨ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਦੇ ਹਨ ਅਤੇ ਬਹੁਤੀ ਵਾਰੀ ਬੜੇ ਹੀ ਭਿਆਨਕ ਸਿੱਟੇ ਸਾਹਮਣੇ ਆਉਂਦੇ ਹਨ। ਮੀਡੀਆਕਾਰ ਇਕਬਾਲ ਮਾਹਲ ਨੇ ਕੈਨੇਡਾ ਭਰ ਵਿੱਚ ਪੰਜਾਬੀ ਜ਼ੁਬਾਨ ਲਈ ਹੋ ਰਹੇ ਯਤਨਾਂ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਪੰਜਾਬੀ ਭਵਨ ਦੇ ਐਲਾਨ ਨੂੰ ਸ਼ੁਭ ਸ਼ਗਨ ਦੱਸਿਆ।
ਇਸ ਸ਼ਾਮ ਨੂੰ ਰੰਗੀਨ ਬਨਾਉਣ ਲਈ ਸੰਜੀਦਾ ਗਾਇਕੀ ਵਿੱਚ ਆਪਣਾ ਸਥਾਨ ਬਣਾ ਰਹੇ ਸਿ਼ਵਰਾਜ ਸੰਨੀ ਨੇ ਇੱਕ ਬਹੁਤ ਹੀ ਪਿਆਰੀ ਗ਼ਜ਼ਲ ਗਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਗਾਇਕ ਜੀਤ ਜਗਜੀਤ ਨੇ ਆਪਣੇ ਦੋ ਗੀਤ ਗਾ ਕੇ ਬਹਿਜਾ ਬਹਿਜਾ ਕਰਵਾ ਦਿੱਤੀ ਜਦ ਕਿ ਕੁਲਵੰਤ ਸੇਖੋਂ ਉਰਫ਼ ਕਤਰਾ ਨੇ ਕੁਝ ਸ਼ੇਅਰਾਂ ਮਗਰੋਂ ਦੋ ਗੀਤ ਗਾ ਕੇ ਵਾਹਵਾ ਵਾਹਵਾ ਲੁੱਟੀ ਤੇ ਨਾਲ ਡਾਲਰ ਵੀ। ਇਸ ਮੌਕੇ ਉਚੇਚੇ ਤੌਰ ‘ਤੇ ਐਮੇਰਿਕਾ ਤੋਂ ਆਏ ਡਾ. ਜਗਜੀਤ ਸਿੰਘ ਮਾਂਗਟ ਅਤੇ ਰਾਜਵੀਰ ਧਾਲੀਵਾਲ ਵੱਲੋਂ ਸ੍ਰੀ ਗੁਰਭਜਨ ਗਿੱਲ ਦਾ ਸਨਮਾਨ ਕੀਤਾ ਗਿਆ। ਨਿਆਗਰਾ ਫਾਲ ਤੋਂ ਆਏ ਮੋਟਲ ਮਾਲਿਕ ਸ੍ਰੀ ਜੌਲੀ ਗਰੇਵਾਲ ਨੇ ਅਗਲੀ ਮੀਟਿੰਗ ਨਿਆਗਰਾ ਫ਼ਾਲ ਵਿਖੇ ਕਰਨ ਦਾ ਸੰਸਥਾ ਨੂੰ ਸੱਦਾ ਦਿੱਤਾ ਗਿਆ। ਇਸ ਮੌਕੇ ਕੁਲ ਮਿਲਾ ਕੇ ਇਹ ਸ਼ਾਮ ਦੀ ਸੰਖੇਪ ਪਰ ਸੰਜੀਦਾ ਮਹਿਫ਼ਲ ਯਾਦਗਾਰੀ ਹੋ ਨਿੱਬੜੀ।



