ਪਤਝੜ੍ਹ ‘ਚ ਕੈਨੇਡਾ ਚੋਣਾਂ ਸੰਭਵ-ਇਗਨਾਟਿਫ
On 4 September 2010 in ਕੈਨੇਡਾ
ਪੰਜਾਬ ਸਟਾਰ-ਬੀਤੇ ਕੱਲ੍ਹ ਲਿਬਰਲ ਦੇ ਰਾਸ਼ਟਰੀ ਨੇਤਾ ਮਾਈਕਲ ਇਗਨਾਟਿਫ ਨੇ ਆਪਣਾ ਗਰਮ ਰੁੱਤ ਦਾ ਕੈਨੇਡਾ ਭਰ ਦਾ ਬੱਸ ਟੂਰ ਖ਼ਤਮ ਕਰ ਲਿਆ ਹੈ। ਟੂਰ ਦੇ ਅੰਤਮ ਪੜਾਅ ਤੋਂ ਬਾਅਦ ਉਹ ਕਾਕਸ ਮੀਟਿੰਗ ਵਿੱਚ ਰੁੱਝ ਗਏ ਜਿੱਥੇ ਇੱਕ ਹੀ ਮੁੱਦੇ ਤੇ ਗੱਲਬਾਤ ਕੇਂਦਰਿਤ ਹੋਣ ਦੀ ਸੰਭਾਵਨਾ ਸੀ। ਇਹ ਮੁੱਦਾ ਹੈ ਪਤਝੜ੍ਹ ਵਿੱਚ ਚੋਣਾਂ ਕਰਾਉਣ ਦਾ। ਇਹ ਤਿੰਨ ਦਿਨਾਂ ਮਿਲਣੀ ਵਿੱਚ 20 ਸਤੰਬਰ ਤੋਂ ਸ਼ੁਰੂ ਹੋ ਰਹੇ ਪਾਰਲੀਮੈਂਟ ਇਜਲਾਸ ਸਬੰਧੀ ਨੀਤੀ ਬਣਾਈ ਜਾਣੀ ਹੈ ਅਤੇ ਚੋਣਾਂ ਕਰਾਉਣ ਦੀ ਸੰਭਾਵਨਾਂਵਾਂ ਦਾ ਪਤਾ ਲਗਾਇਆ ਜਾਣਾ ਹੈ।
ਸੋਮਵਾਰ ਨੂੰ ਉਹਨਾਂ ਨੇ ਆਪਣੀ ਪਾਰਟੀ ਦੀ ਸਲਾਨਾ ਮੀਟਿੰਗ ਤੋਂ ਪਹਿਲਾਂ ਕੋਈ ਪੱਤਾ ਨਹੀਂ ਖੋਲ੍ਹਿਆ। ਚੋਣਾਂ ਦੇ ਮੁੱਦੇ ਤੇ ਉਹਨਾਂ ਸਿਰਫ ਏਨਾ ਕਿਹਾ ਕਿ ਅਸੀਂ ਸਰਕਾਰ ਦੇ ਮੂੰਹ ਵੱਲ ਵੇਖਾਂਗੇ ਕਿ ਉਹ ਕੀ ਕਰ ਰਹੀ ਹੈ ਅਤੇ ਉਸ ਤੋਂ ਬਾਅਦ ਚੋਣਾਂ ਬਾਰੇ ਸੋਚਾਂਗੇ। ਉਹਨਾਂ ਕਿਹਾ ਕਿ ਅਗਰ ਸਰਕਾਰ ਦੂਸਰੀਆਂ ਪਾਰਟੀਆਂ ਨਾਲ਼ ਮਿਲ ਕੇ ਚੱਲਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਾਨੂੰ ਸਾਡੀ ਜਿ਼ੰਮੇਵਾਰੀ ਸੰਭਾਲਣੀ ਪਵੇਗੀ। ਜਲਦੀ ਹੀ ਉਹਨਾਂ ਇਹ ਵੀ ਕਹਿ ਦਿੱਤਾ ਕਿ ਅਸੀਂ ਕੋਈ ਝਗੜਾ ਨਹੀਂ ਚਾਹੁੰਦੇ। ਪਰ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਇਸ ਤਿੰਨ ਦਿਨਾਂ ਮੀਟਿੰਗ ਵਿੱਚ ਵਿਚਾਰ ਏਹੀ ਕੀਤਾ ਜਾਣਾ ਹੈ ਕਿ ਸਟੀਫਨ ਹਾਰਪਰ ਦੀ ਘੱਟ ਗਿਣਤੀ ਸਰਕਾਰ ਦੀ ਲੱਤ ਕਦੋਂ ਖਿੱਚਣੀ ਹੈ।
ਬਹੁਤ ਸਾਰੇ ਲਿਬਰਲ ਨੀਤੀਘਾੜੇ ਇਸ ਗੱਲ ਦੇ ਹਾਮੀ ਹਨ ਕਿ ਟੋਰੀ ਸਰਕਾਰ ਨੂੰ ਅਗਲੇ ਸਾਲ ਬਹਾਰ ਰੁੱਤ ਤੱਕ ਸਮਾਂ ਦੇ ਦੇਣਾ ਚਾਹੀਦਾ ਹੈ ਕਿਉਂ ਕਿ ਉਦੋਂ ਤੱਕ ਟੋਰੀ ਸਰਕਾਰ ਸਰਕਾਰੀ ਸੇਵਾਵਾਂ ਵਿੱਚ ਕੱਟ ਲਾਵੇਗੀ ਜਿਸਦਾ ਲੋਕਾਂ ਨੂੰ ਦੁਖ ਲੱਗੇਗਾ ਅਤੇ ਬੱਜਟ ਵੀ ਪੇਸ਼ ਹੋ ਜਾਵੇਗਾ।
ਇਗਨਾਟਿਫ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਡੈਨ ਬਰੌਕ ਦਾ ਕਹਿਣਾ ਹੈ ਕਿ ਲਿਬਰਲ ਚਾਹੁੰਦੇ ਹੋਏ ਵੀ ਚੋਣਾਂ ਨਹੀਂ ਕਰਵਾ ਸਕਣਗੇ। ਇੱਕ ਟੀ.ਵੀ ਮੁਲਾਕਾਤ ਵਿੱਚ ਉਹਨਾਂ ਕਿਹਾ ਕਿ ਇਹ ਸਰਕਾਰ ਕਿਸੇ ਵੱਡੇ ਸਕੈਂਡਲ ਵਿੱਚ ਫਸਣ ਤੇ ਹੀ ਡਿੱਗ ਸਕਦੀ ਹੈ ਜੋ ਕਿ ਸਿਆਸਤ ਵਿੱਚ ਕਦੇ ਵੀ ਵਾਪਰ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੂੰ ਡੇਗਣ ਲਈ ਸਾਰੀਆਂ ਤਿੰਨਾਂ ਪਾਰਟੀਆਂ ਦਾ ਇੱਕਜੁੱਟ ਹੋਣਾ ਬਹੁਤ ਲਾਜ਼ਮੀ ਹੈ ਜੋ ਇਸ ਸਮੇਂ ਬਹੁਤ ਹੀ ਮੁਸ਼ਕਿਲ ਲੱਗ ਰਿਹਾ ਹੈ।
ਬਰੌਕ ਦਾ ਮੰਨਣਾ ਹੈ ਕਿ ਅਗਲੀਆਂ ਚੋਣਾਂ ਘੱਟੋ-ਘੱਟ ਡੇਢ ਸਾਲ ਤੱਕ ਹੋਣਗੀਆਂ। ਪਬਲਿਕ ਪੋਲਾਂ ਵਿੱਚ ਲਿਬਰਲ ਪਾਰਟੀ 30 ਫੀਸਦੀ ਤੇ ਚੱਲ ਰਹੀ ਹੈ ਜੋ ਚੋਣਾਂ ਕਰਾਉਣ ਤੱਕ ਤਾਂ ਠੀਕ ਹੈ ਪਰ ਚੋਣ ਕੰਪੇਨ ਵਿੱਚ ਇਸ ਦਾ ਕੋਈ ਜਿ਼ਆਦਾ ਮਾਇਨਾ ਨਹੀਂ ਹੈ। ਲਿਬਰਲ ਨੇ ਪਿਛਲੀ ਬਹਾਰ ਰੁੱਤ ਦੇ 10 ਫੀਸਦੀ ਦੇ ਵਕਫੇ ਨੂੰ ਤੰਗ ਕਰਕੇ 3 ਫੀਸਦੀ ਤੱਕ ਲੈ ਆਂਦਾ ਹੈ। ਪਰ ਟੋਰੀ ਪਾਰਟੀ ਭਾਵੇਂ ਥੋੜ੍ਹਾ ਹੀ ਸਹੀ ਪਰ ਲਿਬਰਲ ਨਾਲੋਂ ਅੱਗੇ ਹੈ।
ਇਗਨਾਟਿਫ ਦਾ ਕਹਿਣਾ ਹੈ ਕਿ ਪਤਝੜ ਸੈਸ਼ਨ ਲਈ ਪਾਰਟੀ ਕੋਲ ਮਜਬੂਤ ਮੁੱਦੇ ਹਨ ਜਿਸ ਲਈ ਉਹ ਸਰਕਾਰ ਤੇ ਦਬਾਅ ਬਣਾਈ ਰੱਖਣਗੇ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਉਹਨਾਂ ਦੀ ਇੱਛਾ ਜਾਂ ਉਹਨਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਇਗਨਾਟਿਫ ਦੇ ਗਰਮ ਰੁੱਤ ਦੇ ਬੱਸ ਟੂਰ ਨੇ ਲਿਬਰਲ ਪਾਰਟੀ ਅਤੇ ਇਸ ਦੀ ਗਰਾਸ ਰੂਟ ਵਿੱਚ ਨਵੀਂ ਰੂਹ ਫੂਕਣ ਵਿੱਚ ਕੁਝ ਸਹਾਇਤਾ ਕੀਤੀ ਹੈ। ਬਰੌਕ ਦਾ ਕਹਿਣਾ ਹੈ ਕਿ ਇਸ ਸਮੇਂ ਆਮ ਸਮਰਥਕ ਨੂੰ ਨਜ਼ਰ ਅੰਦਾਜ਼ ਕਰਨਾ ਬਹੁਤ ਹੀ ਮਹਿੰਗਾ ਪੈ ਸਕਦਾ ਹੈ। ਉਹਨਾਂ ਕਿਹਾ ਕਿ ਏਹੀ ਲੋਕ ਹਨ ਜੋ ਘਰ-ਘਰ ਵੋਟਾਂ ਮੰਗਦੇ ਹਨ, ਏਹੀ ਲੋਕ ਹਨ ਜੋ ਚੋਣਾਂ ਵਾਲੇ ਦਿਨ ਵੋਟਾਂ ਘਰੋਂ ਕੱਢ ਕੇ ਲਿਆਉਂਦੇ ਹਨ। ਬਰੌਕ ਅਨੁਸਾਰ ਇਗਨਾਟਿਫ ਦਾ ਗਰਮ ਰੁੱਤ ਦਾ ਬੱਸ ਟੂਰ ਸਫਲ ਰਿਹਾ ਹੈ। ਉਹਨਾਂ ਕਿਹਾ ਕਿ ਇਗਨਾਟਿਫ ਦੀ ਛਵੀ ਲਈ ਬਹੁਤ ਹੀ ਸਹਾਈ ਹੋਇਆ ਹੈ। ਇਸ ਨਾਲ਼ ਇਹ ਵੀ ਸਾਹਮਣੇ ਆਇਆ ਹੈ ਕਿ ਇਸ 62 ਸਾਲਾ ਵਿਅਕਤੀ ਵਿੱਚ ਕੰਪੇਨ ਕਰਨ ਦੀ ਸਮਰਥਾ ਵੀ ਹੈ।
ਲਿਬਰਲ ਨੇਤਾ ਨੇ ਲਗਪਗ ਸਾਰੀ ਗਰਮ ਰੁੱਤ ਬੱਸ ਵਿੱਚ ਗੁਜ਼ਾਰੀ ਹੈ, ਕੋਈ 40,000 ਕਿਲੋਮੀਟਰ ਦਾ ਸਫਰ ਤੈਅ ਕੀਤਾ ਹੈ, 10 ਸੂਬਿਆਂ ਅਤੇ 2 ਟੈਰੀਟਿਰੀ ਵਿੱਚ 130 ਸਮਾਗਮਾਂ ਵਿੱਚ ਹਿੱਸਾ ਲਿਆ ਹੈ ਅਤੇ ਤਕਰੀਬਨ 11000 ਵੋਟਰਾਂ ਨਾਲ਼ ਹੱਥ ਮਿਲਾਇਆ ਹੈ।
ਇਗਨਾਟਿਫ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਟੂਰ ਦਾ ਬਹੁਤ ਅਨੰਦ ਮਾਣਿਆ ਹੈ ਅਤੇ ਉਹ ਪਤਝੜ੍ਹ ਵਿੱਚ ਵੀ ਇਸ ਨੂੰ ਜਾਰੀ ਰੱਖਣ ਦੇ ਚਾਹਵਾਨ ਹਨ ਅਤੇ ਉਹਨਾਂ ਥਾਵਾਂ ਦਾ ਦੌਰਾ ਕਰਨਾ ਚਾਹੁੰਦੇ ਹਨ ਜਿੱਥੇ ਉਹ ਇਸ ਟਰਿੱਪ ਦਰਮਿਆਨ ਨਹੀਂ ਜਾ ਸਕੇ ਅਤੇ ਆਪਣੇ ਚੋਣ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਸਕਦੇ ਹਨ।




